#MeToo ਪੰਜਾਬ 'ਚ ਕੁੜੀਆਂ ਦੀ ਚੁੱਪ : ਸੱਚ ਬੋਲਣ 'ਤੇ ਸ਼ੱਕ ਹਮੇਸ਼ਾ ਕੁੜੀਆਂ 'ਤੇ ਹੁੰਦਾ ਹੈ

    • ਲੇਖਕ, ਨਿਧੀ ਭਾਰਤੀ
    • ਰੋਲ, ਬੀਬੀਸੀ ਪੰਜਾਬੀ

#MeToo ਲਹਿਰ ਨੇ ਦੁਨੀਆਂ ਭਰ ਦੀਆਂ ਔਰਤਾਂ ਨੂੰ ਇੱਕ ਮੰਚ ਦਿੱਤਾ ਹੈ, ਜਿਸ ਦੀ ਵਰਤੋਂ ਕਰ ਉਹ ਆਪਣੇ ਨਾਲ ਹੋਏ ਜਿਨਸੀ ਸੋਸ਼ਣ ਦੀ ਦਾਸਤਾਂ ਸਾਂਝੀ ਕਰ ਰਹੀਆਂ ਹਨ।

ਇਹ ਲਹਿਰ ਬਾਲੀਵੁਡ ਜਗਤ ਦੀਆਂ ਸ਼ਖਸੀਅਤਾਂ, ਸਿਆਸਤਦਾਨਾਂ ਅਤੇ ਮੀਡੀਆ ਦੇ ਮੈਂਬਰਾਂ ਨੂੰ ਵੀ ਆਪਣੇ ਲਪੇਟੇ ਵਿਚ ਲੈ ਚੁੱਕੀ ਹੈ। ਕੇਂਦਰੀ ਵਿਦੇਸ਼ ਰਾਜ ਮੰਤਰੀ ਐਮਜੇ ਅਕਬਰ ਨੂੰ ਆਪਣੇ ਉੱਤੇ ਲੱਗੇ ਇਲਜ਼ਾਮਾਂ ਕਰਕੇ ਅਸਤੀਫ਼ਾ ਦੇਣਾ ਪੈ ਗਿਆ ਹੈ।

ਸੋਸ਼ਲ ਮੀਡੀਆ ਤੋਂ ਉੱਠ ਕੇ ਕਾਨੂੰਨੀ ਕਾਰਵਾਈ ਤੱਕ ਪਹੁੰਚ ਕਰ ਰਹੀ ਇਸ ਲਹਿਰ ਦਾ ਅਸਰ ਪੰਜਾਬ ਅਤੇ ਆਸ ਪਾਸ ਦੇ ਇਲਾਕਿਆਂ ਵਿਚ ਘੱਟ ਹੀ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ ਦੇ ਲੋਕ ਇਸ ਮੁਹਿੰਮ ਵਿਚ ਸ਼ਾਮਲ ਹੋਕੇ ਆਪਣੇ ਨਾਲ ਵਾਪਰੀਆਂ ਜਿਨਸੀ ਸ਼ੋਸ਼ਣ ਦੀਆਂ ਘਟਨਾਵਾਂ ਦਾ ਖੁਲਾਸਾ ਨਹੀਂ ਕਰ ਰਹੇ।

ਲਹਿਰਾਂ ਅਤੇ ਸੰਘਰਸ਼ਾਂ ਵਿਚ ਹਮੇਸ਼ਾਂ ਮੋਹਰੀ ਰਹਿੰਦੇ ਪੰਜਾਬ ਦੀਆਂ ਔਰਤਾਂ ਇਸ ਮੁਹਿੰਮ ਵਿਚ ਪੱਛੜੀਆਂ ਕਿਉਂ ਦਿਖ ਰਹੀਆਂ ਹਨ। ਕੀ ਹੋ ਸਕਦੇ ਹਨ ਇਸਦੇ ਕਾਰਨ, ਪੰਜਾਬ ਨਾਲ ਜੁੜੇ ਲੋਕਾਂ ਨੇ ਇਸ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਹਨ।

ਇਹ ਵੀ ਪੜ੍ਹੋ:

'ਬੋਲਣ ਤੋਂ ਬਾਅਦ ਕੀ ਦੋਸ਼ੀ ਨੂੰ ਮਿਲੇਗੀ ਸਜ਼ਾ?'

ਪੰਜਾਬੀ ਮੀਡੀਆ ਵਿਚ ਪੱਤਰਕਾਰ ਅਤੇ ਐਂਕਰ ਰਜਿੰਦਰ ਕੌਰ ਆਖਦੇ ਹਨ ਕਿ, "ਘੱਟ ਪੜ੍ਹਿਆ ਲਿਖਿਆ ਤਬਕਾ ਆਪਣੇ ਨਾਲ ਹੋਏ ਸੋਸ਼ਣ ਬਾਰੇ ਗੱਲ ਘੱਟ ਹੀ ਕਰਦਾ ਹੈ।

ਪੜ੍ਹੀਆਂ-ਲਿਖੀਆਂ ਅਤੇ ਜਾਗਰੁਕ ਮਹਿਲਾਵਾਂ ਇਸ ਬਾਰੇ ਅਕਸਰ ਅਵਾਜ਼ ਉਠਾਉਂਦੀਆਂ ਹਨ। ਹਾਲਾਂਕਿ ਮੈਨੂੰ ਹਸੇਸ਼ਾ ਚੰਗੇ ਲੋਕਾਂ ਦਾ ਸਾਥ ਮਿਲਿਆ ਹੈ, ਜਿਸ ਲਈ ਮੈਂ ਖੁਦ ਨੂੰ ਖੁਸ਼ਕਿਸਮਤ ਸਮਝਦੀ ਹਾਂ, ਪਰ ਸੋਸ਼ਣ ਸਮਾਜ ਵਿਚ ਹਰ ਥਾਂ 'ਤੇ ਪਾਇਆ ਜਾ ਸਕਦਾ ਹੈ।"

"ਜੇਕਰ ਪੂਰੀ ਸਥਿਤੀ ਨੂੰ ਮੁਕੰਮਲ ਤੌਰ 'ਤੇ ਦੇਖਿਆ ਜਾਵੇ ਤਾਂ ਸਵਾਲ ਇਹ ਉੱਠਦਾ ਹੈ ਕਿ ਖ਼ੁਦ ਨਾਲ ਬੀਤੀ ਜਗ-ਜ਼ਾਹਿਰ ਕਰਨ ਤੋਂ ਬਾਅਦ ਵੀ ਇਸਦਾ ਕੋਈ ਫ਼ਾਇਦਾ ਹੋਵੇਗਾ? ਕੀ ਦੋਸ਼ੀ ਨੂੰ ਸਜ਼ਾ ਮਿਲੇਗੀ? ਕੀ ਇਸ ਨਾਲ ਕਿਸੇ ਦੀ ਸੋਚ ਬਦਲੇਗੀ?"

ਉਨ੍ਹਾਂ ਮੁਤਾਬਕ ਇਹ ਸਵਾਲ ਸ਼ਾਇਦ ਮਹਿਲਾਵਾਂ ਨੂੰ ਤੰਗ ਕਰਦੇ ਹਨ, ਦੋਸ਼ੀ ਖਿਲਾਫ਼ ਕਾਰਵਾਈ ਨਾ ਹੋਣ ਦਾ ਡਰ ਉਨ੍ਹਾਂ ਦੀ ਚੁੱਪੀ ਦਾ ਕਾਰਨ ਹੋ ਸਕਦਾ ਹੈ, ਅਤੇ ਇਹੀ ਚੁੱਪੀ ਅਖ਼ੀਰ ਵਿਚ ਚੁੱਪ ਰਹਿਣ ਦੀ ਆਦਤ ਵਿਚ ਤਬਦੀਲ ਹੋ ਜਾਂਦੀ ਹੈ, ਜਦੋਂ ਸ਼ੋਸ਼ਣ ਨੂੰ ਸਹਿਣਾ ਮਹਿਲਾਵਾਂ ਲਈ ਆਮ ਬਣ ਜਾਂਦਾ ਹੈ।"

'ਕਾਨੂੰਨ ਦੀ ਦੁਰਵਰਤੋਂ ਵੀ ਕਰ ਸਕਦੀ ਹੀ ਵਾਰ-ਵਾਰ ਸੋਸ਼ਣ'

ਵਕੀਲ ਅਤੇ ਸਮਾਜਿਕ ਕਾਰਕੁਨ ਸਿਮਰਨਜੀਤ ਕੌਰ ਗਿੱਲ ਦਾ ਮੰਨਣਾ ਹੈ , " ਕਿਸੇ ਵੀ ਕਿਸਮ ਦੇ ਜਿਨਸੀ ਸ਼ੋਸ਼ਣ 'ਤੇ ਔਰਤਾਂ ਦੇ ਨਾ ਬੋਲਣ ਦਾ ਸਭ ਤੋ ਵੱਡਾ ਕਾਰਨ ਹੈ ਪੰਜਾਬ ਵਿੱਚ ਕਿਸੇ ਦਰਖਾਸਤ 'ਤੇ ਸੁਣਵਾਈ ਦਾ ਨਾ ਜਾਂ ਨਾਂਹ ਦੇ ਬਰਾਬਰ ਹੋਣਾ ਅਤੇ ਸਮਾਜਿਕ ਮਾਨਸਿਕਤਾ ।

ਜਦੋ ਕੋਈ ਕੁੜੀ ਕਿਸੇ ਜਿਨਸੀ ਸੋਸ਼ਣ ਖਿਲਾਫ ਅੱਗੇ ਆਉਦੀ ਤੇ ਬੋਲਦੀ ਹੈ ਪਹਿਲਾ ਤਾਂ ਸਮਾਜਿਕ ਮਾਨਸਿਕਤਾ ਉਸਦੇ ਦਰਦ ਨੂੰ ਨਜ਼ਰਅੰਦਾਜ਼ ਕਰਕੇ, ਉਸੇ ਦੇ ਕਿਰਦਾਰ ਤੇ ਸਵਾਲੀਆ ਨਿਸ਼ਾਨ ਲਗਾ ਦਿੰਦੀ ਹੈ।"

"ਜਿਸ ਕਰਕੇ ਬਹੁਤੀਆ ਕੁੜੀਆ ਉਸ ਦਰਦ ਨੂੰ ਅੰਦਰੋ ਅੰਦਰ ਆਪਣੇ ਦਰਦ ਪੀਕੇ ਵਾਰ ਵਾਰ ਉਸ ਚੀਜ ਦਾ ਸ਼ਿਕਾਰ ਹੁੰਦੀਆਂ ਰਹਿੰਦੀਆਂ ਹਨ ਅਤੇ ਜੇ ਕੋਈ ਕੁੜੀ ਸਮਾਜ ਦੀ ਮਾਨਸਿਕਤਾ ਨੂੰ ਨਜ਼ਰਅਦੰਦਾਜ ਕਰਕੇ ਬੋਲਦੀ ਜਾਂ ਅੱਗੇ ਵੱਧਦੀ ਹੈ ਫਿਰ ਕਾਨੂੰਨੀ ਕਾਰਵਾਈ ਉਸਦਾ ਵਾਰ ਵਾਰ ਸ਼ੋਸ਼ਣ ਕਰਦੀ ਹੈ, ਜਿਸ ਵਿੱਚ ਪੁਲਿਸ ਦੀ ਤਫਤੀਸ਼ ਤੋਂ ਲੇਕੇ ਨਿਆਇਕ ਤਫਤੀਸ਼ ਤੱਕ ਉਹ ਉਸ ਸ਼ੋਸ਼ਣ ਵਿੱਚੋਂ ਗੁਜ਼ਰਦੀ ਹੈ।"

ਉਹ ਕਹਿੰਦੇ ਹਨ ਕਿ ਇੱਕ ਜਿਨਸੀ ਸੋਸ਼ਣ ਦਾ ਸ਼ਿਕਾਰ ਔਰਤ ਦਾ ਅਸਲ 'ਚ ਸੋਸ਼ਣ ਇੱਕ ਵਾਰ ਹੋਇਆ ਹੁੰਦੀ ਹੈ ਪਰ ਕਾਨੂੰਨੀ ਤਫਤੀਸ਼ ਦੌਰਾਨ ਉਹ ਉਸ ਸ਼ੋਸ਼ਣ ਨੂੰ ਵਾਰ ਵਾਰ ਹਰ ਵਾਰ ਸਹਿੰਦੀ ਹੈ, ਇਹੋ ਕਾਰਨ ਹੈ ਕਿ ਪੰਜਾਬ ਤੇ ਸਾਰੇ ਭਾਰਤ ਵਿੱਚ ਇੱਹ ਅੰਦਲੋਨ ਚੱਲ ਨਹੀ ਸਕਿਆ।

ਇੱਕ ਕਾਰਨ ਜਿਨਸੀ ਸ਼ੋਸ਼ਣ ਅਤੇ ਬਲਾਤਕਾਰ ਸੰਬੰਧੀ ਕਾਨੂੰਨ ਦੀ ਕੁੱਝ ਗਲਤ ਔਰਤਾਂ ਵਲੋਂ ਦੁਰਵਰਤੋਂ ਵੀ ਕੀਤੀ ਜਾਂਦੀ ਹੈ।"

'ਅਜਿਹੀਆਂ ਘਟਨਾਵਾਂ ਬਾਰੇ ਗੱਲ ਕਰਨਾ, ਆਤਮ ਵਿਸ਼ਵਾਸ ਦਾ ਹੈ ਵਿਸ਼ਾ'

ਆਈਪੀਐਸ ਗੁਰਪ੍ਰੀਤ ਕੌਰ ਦਿਓ ਦਾ ਕਹਿਣਾ ਹੈ, "#MeToo ਬਾਰੇ ਗੱਲ ਕਰਨਾ ਜਾਂ ਨਾ ਕਰਨਾ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਇਸ ਤਰ੍ਹਾਂ ਦੀ ਘਟਨਾਵਾਂ ਬਾਰੇ ਖੁਲ੍ਹ ਕੇ ਬੋਲਣ ਲਈ ਤੁਹਾਡੇ ਵਿਚ ਕਿੰਨ੍ਹਾ ਆਤਮ ਵਿਸ਼ਵਾਸ ਹੈ। ਜ਼ਿਆਦਾਤਰ ਕੇਸ ਮੀਡੀਆ ਅਤੇ ਫ਼ਿਲਮੀ ਜਗਤ ਤੋਂ ਸਾਹਮਣੇ ਆ ਰਹੇ ਹਨ।"

"ਇੱਥੇ ਇਹ ਕਿੱਤੇ ਅਜੇ ਉੱਭਰ ਰਹੇ ਹਨ, ਮੈਨੂੰ ਯਕੀਨ ਹੈ ਕਿ ਜੇ ਇੱਥੇ ਕਿਸੇ ਨੂੰ ਸਮੱਸਿਆ ਹੋਵੇਗੀ ਤਾਂ ਉਹ ਜ਼ਰੂਰ ਬੋਲਣਗੇ।"

"ਜੇਕਰ ਸਵਾਲ ਇਹ ਉੱਠਦਾ ਹੈ ਕਿ ਕੀ ਪੰਜਾਬ ਦੀਆਂ ਮਹਿਲਾਵਾਂ ਬੋਲਣ ਤੋਂ ਡਰਦੀਆਂ ਹਨ, ਤਾਂ ਇਸ ਪਿੱਛੇ ਦੋ ਕਾਰਨ ਹੋ ਸਕਦੇ ਹਨ, ਜਾਂ ਤਾਂ ਪੰਜਾਬ ਵਿਚ ਜਿਨਸੀ ਸੋਸ਼ਣ ਦੀਆਂ ਸਮੱਸਿਆਵਾਂ ਘੱਟ ਹਨ, ਜਾਂ ਫਿਰ ਲੋਕੀ ਇਸ ਬਾਰੇ ਬੋਲਣ ਵਿਚ ਸੰਕੋਚ ਕਰ ਰਹੇ ਹਨ, ਪਰ ਪੀੜਤ ਦੀ ਸਮੱਸਿਆ ਦੀ ਗਹਿਰਾਈ ਬਾਰੇ ਜਾਣੇ ਬਿਨ੍ਹਾਂ ਇਸ 'ਤੇ ਟਿੱਪਣੀ ਨਹੀਂ ਕੀਤੀ ਜਾ ਸਕਦੀ।"

'ਦੁੱਖ ਹੋਵੇਗਾ ਜੇਕਰ ਪੰਜਾਬੀ ਫ਼ਿਲਮ ਜਗਤ ਤੋਂ ਅਜਿਹਾ ਕੁਝ ਸਾਹਮਣੇ ਆਉਂਦਾ ਹੈ'

ਪੰਜਾਬ ਤੋਂ ਫ਼ਿਲਮ ਡਾਇਰੈਕਟਰ ਓਜਸਵੀ ਸ਼ਰਮਾ ਆਖਦੇ ਹਨ , "ਆਪਣੇ ਕਿੱਤੇ ਵਿਚ ਅੱਗੇ ਵੱਧ ਕੇ ਸਫ਼ਲਤਾ ਹਾਸਿਲ ਕਰਨ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ।

#MeToo ਬਾਰੇ ਨਾ ਬੋਲਣ ਦਾ ਇੱਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਸੋਸ਼ਲ ਮੀਡੀਆ 'ਤੇ ਇਸ ਬਾਰੇ ਗੱਲ ਕਰਕੇ ਤੁਸੀਂ ਦੋ-ਚਾਰ ਦਿਨਾਂ ਲਈ ਸੁਰਖੀਆਂ ਵਿਚ ਆ ਜਾਓ,

ਪਰ ਇਸ ਤੋਂ ਬਾਅਦ ਸਮਾਜ ਦੀ ਰੂੜੀਵਾਦੀ ਸੋਚ ਕਾਰਨ ਤੁਸੀਂ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨ ਤੋਂ ਬਾਅਦ ਕਮਾਇਆ ਗਿਆ ਅਹੁਦਾ, ਰੁਤਬਾ ਅਤੇ ਕੰਮ ਗੁਆ ਬੈਠੋ।"

"ਪੰਜਾਬੀ ਸਿਨੇਮਾ ਅਜੇ ਉੱਭਰ ਰਿਹਾ ਹੈ, ਇੱਕ ਨਵ-ਜਨਮੇ ਬੱਚੇ ਦੀ ਤਰ੍ਹਾਂ ਹੈ। ਜੇਕਰ ਪੰਜਾਬੀ ਸਿਨੇਮਾ ਤੋਂ ਇਸ ਤਰ੍ਹਾ ਦਾ ਕੋਈ ਵਾਕਿਆ ਸਾਹਮਣੇ ਆਉਂਦਾ ਹੈ ਤਾਂ ਮੈਨੂੰ ਬਹੁਤ ਦੁੱਖ ਹੋਵੇਗਾ,

ਕਿਉਂਕਿ ਇਸ ਨੇ ਤਾਂ ਅਜੇ ਆਪਣੀ ਉਡਾਣ ਭਰਨੀ ਹੈ, ਮੈਂ ਪੰਜਾਬੀ ਫ਼ਿਲਮ ਜਗਤ ਤੋਂ ਸ਼ੋਸ਼ਣ ਦੀ ਉਮੀਦ ਨਹੀਂ ਕਰਦਾ।"

ਇਹ ਵੀ ਪੜ੍ਹੋ:

'ਸਹੀ ਹੋਣ 'ਤੇ ਵੀ ਹਮੇਸ਼ਾ ਲਈ ਚਰਿੱਤਰ 'ਤੇ 'ਟੈਗ' ਲੱਗ ਜਾਂਦਾ ਹੈ'

ਪੰਜਾਬੀ ਮੀਡੀਆ ਤੋਂ ਪੱਤਰਕਾਰ ਮਨਪ੍ਰੀਤ ਕੌਰ ਦਾ ਮੰਨਣਾ ਹੈ ਕਿ, "ਸਿਰਫ਼ ਵੱਡੇ ਸ਼ਹਿਰਾਂ ਵਿਚ ਹੀ ਨਹੀਂ ਪੰਜਾਬ ਅਤੇ ਚੰਡੀਗੜ੍ਹ ਵਰਗੀਆਂ ਥਾਵਾਂ ਤੇ ਵੀ ਮਹਿਲਾਵਾਂ ਦਾ ਜਿਨਸੀ ਸੋਸ਼ਣ ਹੁੰਦਾ ਹੈ, ਪਰ ਇੱਥੇ 'ਅੰਡਰ ਦੀ ਕਾਰਪੇਟ' ਹੁੰਦਾ ਹੈ। ਲੋਕਾਂ ਦੀ ਛੋਟੀ ਸੋਚ ਇੱਕ ਬਹੁਤ ਵੱਡਾ ਕਾਰਨ ਹੈ ਕਿ ਮਹਿਲਾਵਾਂ ਇਸ ਬਾਰੇ ਨਹੀਂ ਬੋਲ ਰਹੀਆਂ।"

ਮਨਪ੍ਰੀਤ ਕਹਿੰਦੀ ਹੈ ਕਿ ਕਿਉਂਕਿ ਸੱਚ ਬੋਲਣ 'ਤੇ ਵੀ ਸ਼ੱਕ ਹਮੇਸ਼ਾ ਲੜਕੀ 'ਤੇ ਹੀ ਕੀਤਾ ਜਾਂਦਾ ਹੈ ਕਿ ਲੜਕੀ ਕਿਹੜਾ ਚਰਿੱਤਰ ਦੀ ਬਿਲਕੁਲ ਸਾਫ਼ ਹੋਵੇਗੀ। ਕਿਸੇ ਹੋਰ ਦੀ ਗਲਤੀ ਜਾਂ ਫਿਰ ਗੰਦੀ ਨੀਅਤ ਕਾਰਨ ਇੱਕ ਸਾਫ਼ ਚਰਿੱਤਰ ਦੀ ਲੜਕੀ ਤੇ ਲੱਗਿਆ ਦਾਗ਼ ਹਮੇਸ਼ਾ ਲਈ ਰਹਿ ਜਾਂਦਾ ਹੈ।

ਲੜਕੀ ਨੂੰ ਦਿੱਤਾ ਗਿਆ ਇਹ ਟੈਗ ਕਦੀ ਨਹੀਂ ਮਿਟਦਾ। ਹਾਲਾਂਕਿ ਕਈ ਮਾਮਲਿਆਂ ਵਿਚ ਸੋਸ਼ਣ ਦਾ ਸ਼ਿਕਾਰ ਹੋਣ ਤੋਂ ਪਹਿਲਾਂ ਬਹੁਤ ਗੱਲਾਂ ਅਤੇ ਬਹੁਤ ਚੀਜ਼ਾਂ ਲੜਕੀ 'ਤੇ ਵੀ ਨਿਰਭਰ ਕਰਦੀਆਂ ਹਨ।

ਲੜਕੀ ਨੂੰ ਆਪਣੀ ਛਵੀ ਕੜੀ ਬਣਾਉਣੀ ਚਾਹਿਦੀ ਹੈ, ਤਾਂ ਜੋ ਕੋਈ ਵਿਅਕਤੀ ਉਸਨੂੰ ਆਪਣਾ ਆਸਾਨ ਨਿਸ਼ਾਨਾ ਨਾ ਸਮਝੇ ਅਤੇ ਉਸਦਾ ਆਦਰ ਕਰੇ।"

'ਹੌਲੀ-ਹੌਲੀ ਇਹ ਲਹਿਰ ਖੇਤਰ ਵਿਚ ਫੜੇਗੀ ਤੂਲ'

ਵਕੀਲ ਸ਼ਸ਼ੀ ਘੁੰਮਨ ਚਲ ਰਹੀ #MeToo ਦੀ ਲਹਿਰ ਨੂੰ ਆਪਣਾ ਸਮਰਥਨ ਦਿੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ, "ਇਹ ਲਿਹਰ ਬਾਹਰ ਦੇ ਮੁਲਕਾਂ ਤੋਂ ਸ਼ੁਰੂ ਹੋਕੇ ਹੌਲੀ ਹੌਲੀ ਭਾਰਤ ਵਿਚ ਪੁੱਜੀ ਹੈ। ਇਹ ਹੌਲੀ ਹੌਲੀ ਤੂਲ ਫੜ੍ਹ ਰਹੀ ਹੈ।

ਸਮਾਂ ਲੱਗੇਗਾ ਪਰ ਮੈਨੂੰ ਉਮੀਦ ਹੈ ਕਿ ਇਹ ਲਹਿਰ ਇਸ ਖੇਤਰ ਵਿਚ ਵੀ ਪਹੁੰਚੇਗੀ। ਮੌਜੂਦਾ ਹਾਲਾਤਾਂ ਵਿਚ ਪੀਤੜ ਤੇ ਸ਼ੱਕ ਜ਼ਿਆਦਾ ਕੀਤਾ ਜਾ ਰਿਹਾ ਹੈ, ਅਤੇ ਉਸ ਉੱਤੇ ਯਕੀਨ ਘੱਟ ਕੀਤਾ ਜਾ ਰਿਹਾ ਹੈ।"

"ਉਸ ਨੂੰ ਸ਼ੱਕ ਭਰੀਆਂ ਨਿਗਾਹਾਂ ਨਾਲ ਦੇਖਿਆ ਜਾ ਰਿਹਾ ਹੈ। ਇਹ ਇੱਕ ਵੱਡਾ ਕਾਰਨ ਹੋ ਸਕਦਾ ਹੈ। ਪਰ ਜਿਵੇਂ ਹੀ ਚੰਗੇ ਲੋਕ ਜ਼ਿਆਦਾ ਗਿਣਤੀ ਵਿਚ ਸਾਹਮਣੇ ਆਕੇ ਪੀੜਤਾਂ ਦਾ ਸਮਰਥਨ ਕਰਨਗੇ ਤਾਂ ਇਹ ਆਵਾਜ਼ ਹੋਰ ਬੁਲੰਦ ਹੋਵੇਗੀ।

ਸੋਸ਼ਣ ਬਾਰੇ ਬੋਲਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਨਾਲ ਗੁਨਾਹਗਾਰ ਨੂੰ ਦੀ ਗਲਤੀ ਸਾਹਮਣੇ ਆਵੇਗੀ ਅਤੇ ਇਸ ਨਾਲ ਸਮਾਜ ਵਿਚ ਬਦਲਾਅ ਦਾ ਰਸਤਾ ਵੀ ਤਹਿ ਹੋ ਸਕਦਾ ਹੈ।"

'ਪਿਤਰਸੱਤਾ ਅਤੇ ਰੂੜੀਵਾਦੀ ਸੋਚ ਨੂੰ ਤੋੜਨ ਲਈ #MeToo ਨਹੀਂ ਹੈ ਕਾਫ਼ੀ'

ਪੰਜਾਬੀ ਯੂਨੀਵਰਸਿਟੀ ਦੀ ਵਿਦਿਆਰਥੀ ਆਗੂ ਹਸਨਪ੍ਰੀਤ ਕੌਰ ਦਾ ਕਹਿਣਾ ਹੈ ਕਿ, "ਮੈਨੂੰ ਦੁੱਖ ਹੈ ਕਿ ਦੇਸ਼ ਵਿਚ ਇੰਨੀ ਗਿਣਤੀ ਵਿਚ ਮਹਿਲਾਵਾਂ ਸੋਸ਼ਣ ਦਾ ਸ਼ਿਕਾਰ ਹੋਈਆਂ ਹਨ, ਪਰ ਕਿਉਂਕਿ ਇਹ ਲਹਿਰ ਅਜੇ 'ਐਲੀਟ' ਅਤੇ 'ਅਰਬਨ' ਖੇਤਰਾਂ ਵੱਲ ਹੀ ਕੇਂਦਰਿਤ ਹੈ, ਤਾਂ ਪੰਜਾਬ ਵਿਚ ਅਤੇ ਤੂਲ ਨਹੀਂ ਫ਼ੜ੍ਹ ਰਹੀ। ਰਸੋਈ ਤੋਂ ਲੈਕੇ ਖੇਤਾਂ ਤੱਕ, ਪੰਜਾਬ ਵਿਚ ਔਰਤਾਂ ਨੂੰ ਬਹੁਤ ਰੂੜੀਵਾਦੀ ਸੋਚ ਤੋਂ ਗੁਜ਼ਰਨਾ ਪੈਂਦਾ ਹੈ।"

"ਆਪਣੇ ਵਰਗੇ ਖੇਤਰਾਂ ਵਿਚ ਰੂੜੀਵਾਦੀ ਸੋਚ ਅਤੇ ਪਿਤਰਸੱਤਾ ਨੂੰ ਖਤਮ ਕਰਨ ਲਈ ਸਿਰਫ਼ #MeToo ਮੁਹਿੰਮ ਕਾਫ਼ੀ ਨਹੀਂ ਹੈ, ਇਹੀ ਕਾਰਨ ਹੈ ਕਿ ਇੱਥੇ ਮਹਿਲਾਵਾਂ ਖੁਦ ਨੂੰ ਇਸ ਤਰ੍ਹਾਂ ਦੇ ਵਿਸ਼ਿਆ 'ਤੇ ਗੱਲ ਕਰਨ ਲਈ ਸਮਾਜਿਕ ਤੌਰ ਤੇ ਸੁਰੱਖਿਅਤ ਮਹਿਸੂਸ ਨਹੀਂ ਕਰਦੀਆਂ।"

ਪੰਜਾਬ ਅਤੇ ਹਰਿਆਣਾ ਉਹ ਥਾਵਾਂ ਜਿੱਥੇ ਅਣਖ਼ ਖਾਤਰ ਹੁੰਦੇ ਹਨ ਕਤਲ'

ਪੰਜਾਬੀ ਦੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਦਾ ਕਹਿਣਾ ਹੈ, "ਰਵਾਇਤੀ ਤੌਰ 'ਤੇ ਜੇਕਰ ਗੱਲ ਕੀਤੀ ਜਾਵੇ ਤਾਂ, ਇਹ ਸੋਚ ਜ਼ਰੂਰ ਸਾਹਮਣੇ ਆਉਂਦੀ ਹੈ ਕਿ ਜੇਕਰ ਤੁਸੀਂ ਕਿਸੇ ਹੋਰ ਨੂੰ ਐਕਸਪੋਜ਼ ਕਰਦੇ ਹੋ ਤਾਂ ਖੁਦ 'ਤੇ ਵੀ ਗੱਲਾਂ ਆਉਣਗੀਆਂ। ਪੰਜਾਬ ਅਤੇ ਹਰਿਆਣਾ ਅਜਿਹੇ ਖੇਤਰ ਹਨ, ਜਿੱਥੇ 'ਅਣਖ਼' ਖਾਤਰ ਲੋਕ ਕਤਲ ਵੀ ਕਰ ਦਿੰਦੇ ਹਨ।"

"ਅਜਿਹਾ ਨਹੀਂ ਕਿ ਪੰਜਾਬ ਅਤੇ ਹਰਿਆਣਾ ਵਰਗੇ ਖੇਤਰਾਂ ਵਿਚ ਜਿਨਸੀ ਸ਼ੋਸ਼ਣ ਦੀਆਂ ਘਟਨਾਵਾਂ ਨਹੀਂ ਵਾਪਰਦੀਆਂ। ਪੰਜਾਬ ਦੀਆਂ ਔਰਤਾਂ ਜੇਕਰ ਨਹੀਂ ਬੋਲ ਰਹੀਆਂ ਤਾਂ ਇਸਦਾ ਇੱਕ ਕਾਰਨ ਇਹ ਵੀ ਹੈ ਕਿ ਉਹ ਖੁਦ ਨੂੰ ਇਸ ਤਰ੍ਹਾਂ ਦੀ ਚੀਜ਼ ਤੋਂ ਵੱਖ ਕਰਨਾ ਚਾਹੁੰਦੀਆਂ ਹਨ, ਤਾਂ ਜੋ ਉਨ੍ਹਾਂ ਬਾਰੇ ਕੋਈ ਗਲਤ ਨਾ ਸੋਚੇ।"

ਉਨ੍ਹਾਂ ਦਾ ਕਹਿਣਾ ਹੈ, " ਇਸ ਖੇਤਰ ਦੇ ਲੋਕਾਂ ਦੇ ਸੁਭਾਅ ਵਿਚ ਅਣਖ 'ਤੇ ਇੱਜ਼ਤ ਇਸ ਕਦਰ ਹੈ ਕਿ ਉਹ ਆਪਣੇ ਉੱਤੇ ਕੋਈ ਦਾਗ ਨਹੀਂ ਆਉਣ ਦੇਣਾ ਚਾਹੁੰਦੇ । ਪੰਜਾਬ ਦੇ ਇਲਾਕੇ ਅਜੇ ਇੰਨੇ ਐਡਵਾਂਸ ਨਹੀਂ ਹਨ ਕਿ ਇਨ੍ਹਾਂ ਗੱਲਾਂ ਨੂੰ ਸਕਾਰਾਤਮਕ ਰੂਪ ਵਿਚ ਦੇਖਣ।"

"ਸ਼ੋਸ਼ਣ ਹਰ ਤਰ੍ਹਾਂ ਦੇ ਕਿੱਤੇ ਅਤੇ ਤਬਕੇ ਵਿਚ ਹੋ ਸਕਦਾ ਹੈ। ਜ਼ਰੂਰਤ ਹੈ ਇੱਕ ਇਸ ਤਰ੍ਹਾਂ ਦਾ ਮਹੌਲ ਦੇਣ ਦੀ ਜਿੱਥੇ ਔਰਤਾਂ ਇਸ ਬਾਰੇ ਖੁਲ੍ਹ ਕੇ ਗੱਲ ਕਰਨ। ਉਮੀਦ ਹੈ ਕਿ ਇਹ ਜਾਗਰੂਕਤਾ ਜਲਦੀ ਹੀ ਆਵੇਗੀ।"

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀ ਪਸੰਦ ਆ ਸਕਦਾ ਹੈ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)