You’re viewing a text-only version of this website that uses less data. View the main version of the website including all images and videos.
#HisChoice: ਆਪਣਾ ਸ਼ੁਕਰਾਣੂ ਵੇਚਣ ਵਾਲੇ ਸਟੂਡੈਂਟ ਦੀ ਕਹਾਣੀ
''ਵਿੱਕੀ ਡੋਨਰ'' ਵਿੱਚ ਤਾਂ ਅਸ਼ਲੀਲ ਤਸਵੀਰਾਂ ਲੱਗੀਆਂ ਦਿਖਾਈ ਦਿੱਤੀਆਂ ਸਨ ਪਰ ਅਸਲ ਵਿੱਚ ਤਾਂ ਇੱਕ ਬਾਥਰੂਮ ਸੀ ਜਿੱਥੇ ਕੰਧ, ਟਾਇਲਟ ਸੀਟ, ਟੂਟੀਆਂ ਅਤੇ ਵਾਸ਼ਬੇਸਿਨ ਸਨ।
ਮੈਂ ਕਾਫ਼ੀ ਅਸਹਿਜ ਮਹਿਸੂਸ ਕਰ ਰਿਹਾ ਸੀ। ਆਪਣੇ ਘਰ ਦੀ ਚਾਰਦੀਵਾਰੀ ਵਿੱਚ ਆਪਣੇ ਖਿਆਲਾਂ ਵਿੱਚ ਡੁੱਬ ਕੇ ਕਰਨਾ ਅਤੇ ਇੱਕ ਵਾਸ਼ਰੂਮ ਵਿੱਚ ਕਰਨਾ ਮੁਸ਼ਕਿਲ ਭਰਿਆ ਸੀ।
ਬਾਥਰੂਮ ਵਿੱਚ ਇੱਕ ਪਲਾਸਟਿਕ ਦੇ ਕੰਟੇਨਰ 'ਤੇ ਮੇਰਾ ਨਾਮ ਲਿਖਿਆ ਸੀ। ਮੈਂ ਹੱਥਰਸੀ ਕਰਨ ਤੋਂ ਬਾਅਦ ਉਸ ਨੂੰ ਬਾਥਰੂਮ ਵਿੱਚ ਛੱਡ ਦਿੱਤਾ। ਮੈਨੂੰ ਇਸਦੇ ਬਦਲੇ ਵਿੱਚ 400 ਰੁਪਏ ਦਿੱਤੇ ਗਏ।
ਇਹ ਵੀ ਪੜ੍ਹੋ:
ਮੇਰੀ ਉਮਰ 22 ਸਾਲ ਹੈ ਅਤੇ ਮੈਂ ਇੰਜੀਨੀਅਰਿੰਗ ਦਾ ਵਿਦਿਆਰਥੀ ਹਾਂ।
ਮੇਰੀ ਉਮਰ ਵਿੱਚ ਗਰਲਫਰੈਂਡ ਦੀ ਇੱਛਾ ਹੋਣਾ ਅਤੇ ਕਿਸੇ ਪ੍ਰਤੀ ਸੈਕਸ ਆਕਰਸ਼ਣ ਹੋਣਾ ਇੱਕ ਆਮ ਗੱਲ ਹੈ।
ਪਰ ਇਸਦਾ ਮਤਲਬ ਇਹ ਨਹੀਂ ਕਿ ਤੁਸੀਂ ਕਿਸੇ ਦੇ ਨਾਲ ਵੀ ਸਰੀਰਕ ਸਬੰਧ ਬਣਾ ਲਵੋਗੇ।
ਮੈਂ ਜਿਸ ਛੋਟੇ ਸ਼ਹਿਰ ਤੋਂ ਹਾਂ ਉੱਥੇ ਵਿਆਹ ਤੋਂ ਪਹਿਲਾਂ ਸਰੀਰਕ ਸਬੰਧ ਬਣਾਉਣਾ ਐਨਾ ਸੌਖਾ ਨਹੀਂ ਹੁੰਦਾ।
ਮੈਨੂੰ ਲਗਦਾ ਹੈ ਇਹੀ ਸਥਿਤੀ ਕੁੜੀਆਂ ਦੀ ਵੀ ਹੁੰਦੀ ਹੈ।
-----------------------------------------------------------------------------------------------------------------------------
ਬੀਬੀਸੀ ਦੀ ਖ਼ਾਸ ਸੀਰੀਜ਼ #HisChoice 10 ਭਾਰਤੀ ਮਰਦਾਂ ਦੇ ਜੀਵਨ ਦੀਆਂ ਸੱਚੀ ਕਹਾਣੀਆਂ ਦੀ ਖ਼ਾਸ ਲੜੀ ਹੈ।
ਇਹ ਕਹਾਣੀਆਂ ਆਧੁਨਿਕ ਭਾਰਤੀ ਮਰਦਾਂ ਦੇ ਵਿਚਾਰ ਅਤੇ ਉਨ੍ਹਾਂ ਸਾਹਮਣੇ ਮੌਜੂਦ ਵਿਕਲਪ, ਉਨ੍ਹਾਂ ਦੀਆਂ ਇੱਛਾਵਾਂ ਅਤੇ ਮੁੱਢਲੀਆਂ ਜ਼ਰੂਰਤਾਂ ਨੂੰ ਪੇਸ਼ ਕਰਦੀਆਂ ਹਨ।
-----------------------------------------------------------------------------------------------------------------------------
ਅਜਿਹੇ ਵਿੱਚ ਮੁੰਡਿਆਂ ਲਈ ਹੱਥਰਸੀ ਇੱਕ ਬਦਲ ਹੁੰਦਾ ਹੈ ਫਿਰ ਵੀ ਪਹਿਲੇ ਦਿਨ ਸ਼ੁਕਰਾਣੂ ਸੈਂਟਰ ਦੇ ਵਾਸ਼ਰੂਮ ਵਿੱਚ ਮੈਨੂੰ ਅਸਹਿਜ ਲੱਗਿਆ।
ਸ਼ੁਕਰਾਣੂ ਦਾਨ ਬਾਰੇ ਮੈਂ ਅਖ਼ਬਾਰ ਵਿੱਚ ਪੜ੍ਹਿਆ ਸੀ।
ਇਸ ਤੋਂ ਪਹਿਲਾਂ ਮੈਂ ਖ਼ੂਨ ਦਾਨ ਤਾਂ ਸੁਣਿਆ ਸੀ, ਪਰ ਸ਼ਕਰਾਣੂ ਦਾਨ ਸ਼ਬਦ ਸ਼ਾਇਦ ਪਹਿਲੀ ਵਾਰ ਪੜ੍ਹਿਆ ਸੀ।
ਮੈਂ ਜਾਣਨ ਦੀ ਇੱਛਾ ਹੋਰ ਵਧੀ ਅਤੇ ਮੈਂ ਉਸ ਰਿਪੋਰਟ ਨੂੰ ਪੂਰਾ ਪੜ੍ਹਿਆ। ਰਿਪੋਰਟ ਪੜ੍ਹੀ ਤਾਂ ਪਤਾ ਲੱਗਾ ਕਿ ਸਾਡੇ ਦੇਸ ਵਿੱਚ ਅਜਿਹੇ ਲੱਖਾਂ ਜੋੜੇ ਹਨ ਜਿਹੜੇ ਸਪਰਮ ਦੀ ਗੁਣਵੱਤਾ ਦੀ ਕਮੀ ਕਾਰਨ ਬੱਚਾ ਪੈਦਾ ਨਹੀਂ ਕਰ ਸਕਦੇ ਅਤੇ ਇਸੇ ਕਾਰਨ ਸ਼ਕਰਾਣੂ ਦਾਨ ਕਰਨ ਦਾ ਦਾਇਰਾ ਤੇਜ਼ੀ ਨਾਲ ਵੱਧ ਰਿਹਾ ਹੈ।
'ਮੇਰਾ ਸਪਰਮ ਕਿਸੇ ਨੂੰ ਮਾਂ ਬਣਾ ਸਕਦਾ ਹੈ'
ਮੈਨੂੰ ਇਹ ਪਤਾ ਲੱਗਿਆ ਕਿ ਦਿੱਲੀ ਦੇ ਜਿਸ ਇਲਾਕੇ ਵਿੱਚ ਮੈਂ ਰਹਿੰਦਾ ਹਾਂ ਉੱਥੇ ਹੀ ਮੇਰੇ ਘਰ ਦੇ ਕੋਲ ਸ਼ੁਕਰਾਣੂ ਦਾਨ ਕਰਨ ਵਾਲਾ ਸੈਂਟਰ ਹੈ। ਮੇਰੇ ਮਨ ਵਿੱਚ ਖਿਆਲ ਆਇਆ ਕਿ ਕਿਉਂ ਨਾ ਜਾ ਕੇ ਦੇਖਿਆ ਜਾਵੇ।
ਮੈਂ ਗੋਰਾ ਹਾਂ, ਮੇਰਾ ਕੱਦ ਵੀ ਚੰਗਾ ਹੈ ਅਤੇ ਬਾਸਕਟਬਾਲ ਵੀ ਖੇਡਦਾ ਹਾਂ।
ਮੈਂ ਜਦੋਂ ਸ਼ੁਕਰਾਣੂ ਕੁਲੈਕਸ਼ਨ ਸੈਂਟਰ ਜਾ ਕੇ ਸਪਰਮ ਦੇਣ ਦਾ ਪ੍ਰਸਤਾਵ ਰੱਖਿਆ ਤਾਂ ਉੱਥੇ ਬੈਠੀ ਡਾਕਟਕ ਮੈਨੂੰ ਦੇਖ ਕੇ ਹੱਸਣ ਲੱਗੀ।
ਉਹ ਮੇਰੀ ਪਰਸਨੈਲਿਟੀ ਤੋਂ ਖੁਸ਼ ਵਿਖਾਈ ਦਿੱਤੀ ਅਤੇ ਡਾਕਟਰ ਦੀ ਇਹ ਪ੍ਰਤੀਕਿਰਿਆ ਦੇਖ ਕੇ ਮੇਰੀ ਖੁਸ਼ੀ ਦਾ ਠਿਕਾਣਾ ਨਹੀਂ ਰਿਹਾ।
ਪਰ ਇੱਥੇ ਮਸਲਾ ਸਿਰਫ਼ ਮੇਰੀ ਦਿਖ ਦਾ ਨਹੀਂ ਸੀ।
ਮੈਂ ਆਪਣੇ ਸ਼ੁਕਰਾਣੂ ਵੇਚ ਰਿਹਾ ਸੀ ਅਤੇ ਇਸਦੇ ਲਈ ਮੈਂ ਇਹ ਸਾਬਿਤ ਕਰਨਾ ਸੀ ਕਿ ਮੈਂ ਬਾਹਰੋਂ ਜਿੰਨਾ ਮਜ਼ਬੂਤ ਹਾਂ, ਅੰਦਰ ਤੋਂ ਵੀ ਓਨਾ ਹੀ ਤੰਦਰੁਸਤ ਹਾਂ।
ਡਾਕਟਰ ਨੇ ਮੈਨੂੰ ਕਿਹਾ ਕਿ ਤੈਨੂੰ ਜਾਂਚ ਕਰਵਾਉਣੀ ਪੇਵਗੀ।
ਮੇਰੇ ਖ਼ੂਨ ਦਾ ਸੈਂਪਲ ਲਿਆ ਗਿਆ। ਇਸਦੇ ਜ਼ਰੀਏ ਐਚਆਈਵੀ, ਡਾਇਬਟੀਜ਼ ਅਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੀ ਜਾਂਚ ਕੀਤੀ ਗਈ।
ਸਭ ਕੁਝ ਸਹੀ ਸੀ ਤੇ ਜਾਂਚ ਤੋਂ ਤਿੰਨ ਦਿਨ ਬਾਅਦ ਮੈਨੂੰ ਸਵੇਰੇ 9 ਵਜੇ ਬੁਲਾਇਆ ਗਿਆ।
ਮੇਰੇ ਤੋਂ ਇੱਕ ਫਾਰਮ ਭਰਵਾਇਆ ਗਿਆ, ਜਿਸ ਵਿੱਚ ਨਿੱਜਤਾ ਦੀਆਂ ਸ਼ਰਤਾਂ ਦਿੱਤੀਆਂ ਗਈਆਂ ਸਨ। ਇਸ ਤੋਂ ਬਾਅਦ ਮੈਨੂੰ ਪਲਾਸਟਿਕ ਦਾ ਇੱਕ ਛੋਟਾ ਜਿਹਾ ਕੰਟੇਨਰ ਦਿੱਤਾ ਗਿਆ ਅਤੇ ਬਾਥਰੂਮ ਦਾ ਰਸਤਾ ਦਿਖਾਇਆ ਗਿਆ।
ਹੁਣ ਇਹ ਸਿਲਸਿਲਾ ਚੱਲ ਪਿਆ ਸੀ। ਮੈਂ ਆਪਣੇ ਨਾਮ ਵਾਲਾ ਪਲਾਸਟਿਕ ਦਾ ਕੰਟੇਨਰ ਬਾਥਰੂਮ ਵਿੱਚ ਛੱਡਦਾ ਅਤੇ ਪੈਸੇ ਲੈ ਕੇ ਨਿਕਲ ਜਾਂਦਾ।
ਇਸ ਖਿਆਲ ਨਾਲ ਮੈਨੂੰ ਤਸੱਲੀ ਹੁੰਦੀ ਕਿ ਮੇਰੇ ਸ਼ੁਕਰਾਣੂ ਦਾਨ ਕਰਨ ਨਾਲ ਕੋਈ ਔਰਤ ਮਾਂ ਬਣ ਸਕਦੀ ਹੈ।
ਗਰਲਫਰੈਂਡ ਨੂੰ ਦੱਸਣ 'ਚ ਕੋਈ ਦਿੱਕਤ ਨਹੀਂ
ਮੈਨੂੰ ਇਹ ਵੀ ਦੱਸਿਆ ਗਿਆ ਕਿ ਸ਼ੁਕਰਾਣੂ ਦਾਨ ਕਰਨ ਵਿੱਚ ਤਿੰਨ ਦਿਨ ਦਾ ਸਮਾਂ ਹੋਣਾ ਚਾਹੀਦਾ ਹੈ ਯਾਨਿ ਪਹਿਲੇ ਦਿਨ ਸ਼ੁਕਰਾਣੂ ਦਾਨ ਕਰਨ ਤੋਂ ਬਾਅਦ ਅਗਲੀ ਵਾਰ ਘੱਟੋ-ਘੱਟ 72 ਘੰਟੇ ਬਾਅਦ ਹੀ ਸ਼ੁਕਰਾਣੂ ਦਾਨ ਕੀਤਾ ਜਾ ਸਕਦਾ ਹੈ।
ਪਰ ਜੇਕਰ ਜ਼ਿਆਦਾ ਸਮਾਂ ਲੰਘ ਜਾਂਦਾ ਹੈ ਤਾਂ ਸ਼ਕਰਾਣੂ ਡੈਡ ਹੋ ਜਾਂਦੇ ਹਨ।
ਕੁਝ ਸਮਾਂ ਬਾਅਦ ਮੇਰੇ ਮਨ ਵਿੱਚ ਇਹ ਖਿਆਲ ਆਉਣ ਲੱਗਾ ਕਿ ਕੀ ਮੈਨੂੰ ਇਸ ਕੰਮ ਲਈ ਮਿਲ ਰਹੇ ਪੈਸੇ ਕਾਫ਼ੀ ਹਨ।
'ਵਿੱਕੀ ਡੋਨਰ' ਫ਼ਿਲਮ ਵਿੱਚ ਤਾਂ ਹੀਰੋ ਇਸ ਕੰਮ ਜ਼ਰੀਏ ਅਮੀਰ ਹੋ ਜਾਂਦਾ ਹੈ ਅਤੇ ਮੈਨੂੰ ਇੱਕ ਵਾਰ ਦਾਨ ਕਰਨ 'ਤੇ ਸਿਰਫ਼ 400 ਰੁਪਏ ਮਿਲ ਰਹੇ ਸਨ।
#HisChoiceਸੀਰੀਜ਼ ਦੀਆਂ ਹੋਰ ਕਹਾਣੀਆਂ ਵੀ ਪੜ੍ਹੋ:
ਮਤਲਬ ਹਫ਼ਤੇ ਵਿੱਚ ਦੋ ਵਾਰ ਸ਼ਕਰਾਣੂ ਦਾਨ ਕੀਤਾ ਤਾਂ 800 ਰੁਪਏ ਮਿਲਦੇ ਅਤੇ ਮਹੀਨੇ ਵਿੱਚ 3200 ਰੁਪਏ।
ਮੈਂ ਖ਼ੁਦ ਨੂੰ ਠੱਗਿਆ ਜਿਹਾ ਮਹਿਸੂਸ ਕਰ ਰਿਹਾ ਸੀ।
ਮੈਂ ਸ਼ੁਕਰਾਣੂ ਸੈਂਟਰ ਜਾ ਕੇ ਫ਼ਿਲਮ ਦਾ ਹਵਾਲਾ ਦਿੱਤਾ ਅਤੇ ਪੈਸੇ ਘੱਟ ਹੋਣ 'ਤੇ ਨਾਰਾਜ਼ਗੀ ਜ਼ਾਹਰ ਕੀਤੀ।
ਪਰ ਮੇਰੇ ਗੋਰੇ ਰੰਗ ਅਤੇ ਮਜ਼ਬੂਤ ਸਰੀਰ ਦਾ ਗ਼ਰੂਰ ਉਦੋਂ ਟੁੱਟ ਗਿਆ ਜਦੋਂ ਸੈਂਟਰ ਨੇ ਮੈਨੂੰ ਕੰਪਿਊਟਰ 'ਤੇ ਉਹ ਸਾਰੇ ਮੇਲ ਦਿਖਾਏ, ਜਿੱਥੇ ਲੋਕ ਆਪਣਾ ਸ਼ੁਕਰਾਣੂ ਵੇਚਣ ਲਈ ਲਾਈਨ ਵਿੱਚ ਲੱਗੇ ਹੋਏ ਹਨ।
ਖ਼ੈਰ, ਮੈਂ ਵੀ ਖ਼ੁਦ ਨੂੰ ਉਹ ਕਹਿ ਕੇ ਸ਼ਾਂਤ ਕਰ ਲਿਆ ਕਿ ਮੈਂ ਕੋਈ ਆਇਯੂਸ਼ਮਾਨ ਖੁਰਾਨਾ ਤਾਂ ਨਹੀਂ ਹਾਂ। ਸ਼ਾਇਦ ਐਨੇ ਘੱਟ ਪੈਸੇ ਕਾਰਨ ਹੀ ਸਾਡੇ ਵਰਗੇ ਲੋਕਾਂ ਨੂੰ ਡੋਨਰ ਕਿਹਾ ਜਾਂਦਾ ਹੈ ਨਾ ਕਿ ਸੈਲਰ।
ਭਾਵੇਂ ਪੈਸੇ ਘੱਟ ਹੋਣ ਪਰ ਮੇਰੀ ਜ਼ਿੰਦਗੀ 'ਤੇ ਇਸਦਾ ਇੱਕ ਸਕਾਰਾਤਮਕ ਅਸਰ ਪਿਆ ਹੈ। ਹੁਣ ਲਗਦਾ ਹੈ ਕਿ ਸ਼ੁਕਰਾਣੂਆਂ ਨੂੰ ਇੰਝ ਹੀ ਬਰਬਾਦ ਨਹੀਂ ਕਰਨਾ ਚਾਹੀਦਾ।
ਹੱਥਰਸੀ ਤੇ ਸ਼ਕਰਾਣੂ ਦਾਨ ਕਰਨਾ ਸ਼ਰਮਨਾਕ ਨਹੀਂ
ਦੂਜਾ ਇਹ ਕਿ ਘਰ ਵਿੱਚ ਪਹਿਲਾਂ ਦੀ ਤਰ੍ਹਾਂ ਹਰ ਦਿਨ ਹੱਥਰਸੀ ਕਰਨ ਦੀ ਆਦਤ ਛੁੱਟ ਗਈ ਹੈ।
ਮੈਨੂੰ ਇਹ ਵੀ ਪਤਾ ਹੈ ਕਿ ਮੈਂ ਕੋਈ ਗ਼ਲਤ ਕੰਮ ਨਹੀਂ ਕਰ ਰਿਹਾ ਪਰ ਮੈਂ ਇਸ ਬਾਰੇ ਸਭ ਨੂੰ ਨਹੀਂ ਦੱਸ ਸਕਦਾ। ਇਸਦਾ ਮਤਲਬ ਇਹ ਨਹੀਂ ਕਿ ਮੈਂ ਕਿਸੇ ਕੋਲ ਡਰਦਾ ਹਾਂ। ਪਰ ਮੈਨੂੰ ਨਹੀਂ ਲਗਦਾ ਕਿ ਸਮਾਜ ਐਨਾ ਖੁੱਲ੍ਹੇ ਖਿਆਲਾ ਵਾਲਾ ਹੈ ਕਿ ਉਹ ਇਸ ਗੱਲ ਨੂੰ ਸਮਝੇ। ਜੇਕਰ ਲੋਕਾਂ ਨੂੰ ਇਸ ਬਾਰੇ ਪਤਾ ਲੱਗੇਗਾ ਤਾਂ ਪਤਾ ਨਹੀਂ ਉਹ ਮੇਰੇ ਬਾਰੇ ਕੀ-ਕੀ ਸੋਚਣਗੇ।
ਮੈਂ ਇਸ ਬਾਰੇ ਆਪਣੇ ਘਰ ਵੀ ਕਿਸੇ ਨੂੰ ਨਹੀਂ ਦੱਸ ਸਕਦਾ ਕਿਉਂਕਿ ਮੇਰੇ ਮਾਤਾ-ਪਿਤਾ ਨੂੰ ਇਸ ਗੱਲ ਨਾਲ ਝਟਕਾ ਲੱਗੇਗਾ। ਹਾਲਾਂਕਿ ਦੋਸਤਾਂ ਵਿਚਾਲੇ ਇਹ ਮੁੱਦਾ ਟੈਬੂ ਨਹੀਂ ਹੈ ਅਤੇ ਮੇਰੇ ਦੋਸਤਾਂ ਵਿੱਚ ਹੁਣ ਇਹ ਗੱਲ ਆਮ ਹੈ।
ਦਿੱਕਤ ਪਰਿਵਾਰ ਅਤੇ ਰਿਸ਼ਤੇਦਾਰਾਂ ਵਿਚਾਲੇ ਹੈ।
ਮੈਨੂੰ ਆਪਣੀ ਗਰਲਫਰੈਂਡ ਨੂੰ ਵੀ ਦੱਸਣ ਵਿੱਚ ਕੋਈ ਦਿੱਕਤ ਨਹੀਂ ਹੈ।
ਉਂਝ ਅਜੇ ਮੇਰੀ ਕੋਈ ਗਰਲਫਰੈਂਡ ਨਹੀਂ ਹੈ। ਪਹਿਲਾਂ ਸੀ ਪਰ ਮੇਰੀ ਜਿਹੜੀ ਵੀ ਗਰਲਫਰੈਂਡ ਹੋਵੇਗੀ ਉਹ ਪੜ੍ਹੀ-ਲਿਖੀ ਹੋਵੇਗੀ ਅਤੇ ਮੈਨੂੰ ਲਗਦਾ ਹੈ ਕਿ ਉਹ ਇਸ ਨੂੰ ਸਹੀ ਸੋਚ ਨਾਲ ਹੀ ਦੇਖੇਗੀ।
ਇਹ ਵੀ ਪੜ੍ਹੋ:
ਮੈਨੂੰ ਲਗਦਾ ਹੈ ਕਿ ਪਤਨੀਆਂ ਜ਼ਿਆਦਾ ਹੱਕ ਜਮਾਉਂਦੀਆਂ ਹਨ ਅਤੇ ਉਹ ਨਹੀਂ ਚਾਹੁਣਗੀਆਂ ਕਿ ਉਨ੍ਹਾਂ ਦਾ ਪਤੀ ਸ਼ੌਕ ਨਾਲ ਜਾ ਕੇ ਕਿਸੇ ਨੂੰ ਸਪਰਮ ਦੇਵੇ। ਮੈਂ ਆਪਣੀ ਪਤਨੀ ਨੂੰ ਇਹ ਗੱਲ ਨਹੀਂ ਦੱਸਣਾ ਚਾਹਾਂਗਾ।
ਉਂਝ ਵੀ ਸ਼ੁਕਰਾਣੂ ਖਰੀਦਣ ਵਾਲੇ ਕੁਆਰੇ ਮੁੰਡਿਆਂ ਨੂੰ ਪਹਿਲ ਦਿੰਦੇ ਹਨ ਅਤੇ 25 ਸਾਲ ਤੱਕ ਦੀ ਉਮਰ ਨੂੰ ਹੀ ਇਸਦੇ ਲਾਇਕ ਮੰਨਦੇ ਹਨ।
ਮੈਨੂੰ ਪਤਾ ਹੈ ਕਿ ਸ਼ੁਕਰਾਣੂ ਦਾਨ ਕਰਨ ਦੀ ਮੇਰੀ ਪਛਾਣ ਉਮਰ ਭਰ ਨਾਲ ਨਹੀਂ ਰਹੇਗੀ ਕਿਉਂਕਿ ਉਮਰ ਭਰ ਸ਼ਕਰਾਣੂ ਵੀ ਨਹੀਂ ਰਹਿਣਗੇ । ਮੈਨੂੰ ਪਤਾ ਹੈ ਕਿ ਇਹ ਪਛਾਣ ਮੇਰੀ ਮਾਂ ਲਈ ਸ਼ਰਮਿੰਦਗੀ ਦਾ ਕਾਰਨ ਹੋਵੇਗੀ ਅਤੇ ਕੋਈ ਵੀ ਕੁੜੀ ਵਿਆਹ ਕਰਨ ਤੋਂ ਨਾਂਹ ਕਰ ਸਕਦੀ ਹੈ।
ਪਰ ਕੀ ਮੇਰੀ ਮਾਂ ਜਾਂ ਮੇਰੀ ਹੋਣ ਵਾਲੀ ਪਤਨੀ ਨੂੰ ਇਹ ਪਤਾ ਨਹੀਂ ਹੋਵੇਗਾ ਕਿ ਇਸ ਉਮਰ ਦੇ ਮੁੰਡੇ ਹੱਥਰਸੀ ਵੀ ਕਰਦੇ ਹਨ। ਜੇਕਰ ਸ਼ੁਕਰਾਣੂ ਦਾਨ ਨੂੰ ਸ਼ਰਮਨਾਕ ਸਮਝਿਆ ਜਾਂਦਾ ਹੈ ਤਾਂ ਹੱਥਰਸੀ ਵੀ ਸ਼ਰਮਨਾਕ ਹੈ। ਪਰ ਮੈਂ ਮੰਨਦਾ ਹਾਂ ਕਿ ਦੋਵਾਂ ਵਿੱਚੋਂ ਕੁਝ ਵੀ ਸ਼ਰਮਨਾਕ ਨਹੀਂ ਹੈ।
(ਇਹ ਕਹਾਣੀ #HisChoice ਸੀਰੀਜ਼ ਦੀ ਛੇਵੀਂ ਕਹਾਣੀ ਹੈ। ਇਸ ਸੀਰੀਜ਼ ਦੀ ਪ੍ਰੋਡਿਊਸਰ ਸੁਸ਼ੀਲਾ ਸਿੰਘ ਹੈ)