ਦੁਨੀਆਂ ਦੀ ਸਭ ਤੋਂ ਲੰਬੀ ਉਡਾਣ ਚ ਕੀ ਕੁਝ ਹੈ ਖਾਸ

    • ਲੇਖਕ, ਸਾਰਾਹ ਪੋਰਟਰ
    • ਰੋਲ, ਬੀਬੀਸੀ ਨਿਊਜ਼, ਸਿੰਗਾਪੁਰ

ਦੁਨੀਆਂ ਦੀ ਸਭ ਤੋਂ ਲੰਬੀ ਸਿੰਗਾਪੁਰ ਏਅਰਲਾਈਨਜ਼ ਦੀ ਉਡਾਣ ਬਿਨਾਂ ਕਿਤੇ ਰੁਕੇ ਸਿੰਗਾਪੁਰ ਤੋਂ ਸਿੱਧੀ ਨਿਊਯਾਰਕ ਲਈ ਵੀਰਵਾਰ ਨੂੰ ਰਵਾਨਾ ਹੋ ਗਈ।

ਸਿੰਗਾਪੁਰ ਏਅਰਲਾਈਨਜ਼ ਨੇ ਪੰਜ ਸਾਲ ਬਾਅਦ ਇਹ ਫਲਾਇਟ ਮੁੜ ਚਾਲੂ ਕੀਤੀ ਹੈ ਕਿਉਂਕਿ 5 ਸਾਲ ਪਹਿਲਾਂ ਇਹ ਕਾਫੀ ਮਹਿੰਗੀ ਉਡਾਣ ਪੈਂਦੀ ਸੀ।

ਇਹ 15 ਹਜ਼ਾਰ ਕਿਲੋਮੀਟਰ ਤੋਂ ਵੱਧ ਦੂਰੀ ਤੈਅ ਕਰਨ ਲਈ 19 ਘੰਟੇ ਲਵੇਗੀ।

ਇਸ ਤੋਂ ਪਹਿਲਾਂ ਇਸ ਸਾਲ ਕੁਆਂਟਸ ਨੇ ਪਰਥ ਤੋਂ ਲੰਡਨ ਲਈ ਸਿੱਧੀ 17 ਘੰਟਿਆਂ ਦੀ ਹਵਾਈ ਸੇਵਾ ਸ਼ੁਰੂ ਕੀਤੀ ਸੀ, ਉੱਥੇ ਕਤਰ ਨੇ ਔਕਲੈਂਡ ਅਤੇ ਦੋਹਾ ਵਿਚਾਲੇ ਸਿੱਧੀ ਸਾਢੇ 17 ਘੰਟੇ ਦੀ ਸੇਵਾ ਦੀ ਸ਼ੁਰੂਆਤ ਕੀਤੀ ਸੀ।

ਇਹ ਵੀ ਪੜ੍ਹੋ:

ਕੀ ਯਾਤਰੀਆਂ 'ਚ ਲੱਗੀ ਟਿਕਟ ਦੀ ਹੋੜ?

ਉਹ ਫਲਾਈਟ ਛਾਂਗੀ ਏਅਰਪੋਰਟ ਤੋਂ ਨੇਵਾਰਕ ਦੇ ਕੌਮਾਂਤਰੀ ਹਵਾਈ ਅੱਡੇ 'ਤੇ ਬੜੀ ਧੂਮਧਾਮ ਨਾਲ ਉਤੇਰਗੀ ਅਤੇ ਇਸ ਦੀਆਂ ਸਾਰੀਆਂ ਸੀਟਾਂ ਪਹਿਲਾਂ ਹੀ ਬੁੱਕ ਹੋ ਗਈਆਂ ਹਨ।

ਸਿੰਗਾਪੁਰ ਏਅਰਲਾਈਨਜ਼ ਦਾ ਕਹਿਣਾ ਹੈ ਕਿ ਯਾਤਰੀਆਂ ਵੱਲੋਂ ਸਿੱਧੀ ਉਡਾਣ ਦੀ ਮੰਗ ਸੀ, ਤਾਂ ਜੋ ਰਾਹ 'ਚ ਰੁਕਣ ਵਾਲੀਆਂ ਫਲਾਈਟਾਂ ਦੇ ਮੁਕਾਬਲੇ ਸਮੇਂ ਦੀ ਬੱਚਤ ਹੋ ਸਕੇ।

ਇਕੋਨਮੀ ਕਲਾਸ ਨਹੀਂ

ਏਅਰਲਾਈਨ ਨੇ ਬੀਬੀਸੀ ਨੂੰ ਦੱਸਿਆ ਕਿ ਫਲਾਈਟ ਦੀਆਂ ਬਿਜ਼ਨਸ ਕਲਾਸ ਦੀਆਂ ਸਾਰੀਆਂ ਸੀਟਾਂ ਬੁੱਕ ਹਨ।

ਹਾਲਾਂਕਿ ਕੁਝ ਪ੍ਰੀਮੀਅਮ ਇਕੋਨਮੀ ਕਲਾਸ ਦੀਆਂ "ਬੇਹੱਦ ਸੀਮਤ ਸੀਟਾਂ" 'ਚੋਂ ਕੁਝ ਬਚੀਆਂ ਹਨ।

ਏਅਰਲਾਈਨ ਇਸ 'ਚ ਕਿਸੇ ਤਰ੍ਹਾਂ ਦੀ ਇਕੋਨਮੀ ਬੁਕਿੰਗ ਨਾ ਲੈਣ ਦੀ ਕੋਸ਼ਿਸ਼ ਕਰ ਰਹੀ ਹੈ।

ਬਿਜ਼ਨਸ ਕਲਾਸ ਵਾਲਿਆਂ ਨੂੰ ਦੋ ਵਾਰ ਖਾਣਾ ਮਿਲੇਗਾ ਅਤੇ ਇਹ ਉਨ੍ਹਾਂ 'ਤੇ ਨਿਰਭਰ ਕਰੇਗਾ ਕਿ ਉਹ ਕਦੋਂ ਖਾਣਾ ਚਾਹੁੰਦੇ ਹਨ। ਇਸ ਦੇ ਨਾਲ ਹੀ ਵਿੱਚ-ਵਿੱਚ ਉਨ੍ਹਾਂ ਨੂੰ ਰਿਫ੍ਰੈਸ਼ਮੈਂਟ ਵੀ ਦਿੱਤੀ ਜਾਵੇਗੀ ਅਤੇ ਸੌਣ ਲਈ ਬਿਸਤਰਾ ਵੀ ਮਿਲੇਗਾ।

ਉੱਥੇ ਹੀ ਪ੍ਰੀਮੀਅਮ ਇਕੋਨਮੀ ਕਲਾਸ ਦੇ ਯਾਤਰੀਆਂ ਨੂੰ ਤੈਅ ਸਮੇਂ 'ਤੇ ਤਿੰਨ ਵੇਲੇ ਖਾਣਾ ਦਿੱਤਾ ਜਾਵੇਗਾ ਅਤੇ ਇਸ ਵਿਚਾਲੇ ਵੀ ਖਾਣ-ਪੀਣ ਨੂੰ ਵੀ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ:

ਕੀ ਲੋਕ 19 ਘੰਟੇ ਦੀ ਸਿੱਧੀ ਉਡਾਣ ਲੈਣਾ ਚਾਹੁੰਦੇ ਹਨ?

161 ਸੀਟਾਂ ਵਾਲੇ ਇਸ ਜਹਾਜ਼ ਵਿੱਚ 67 ਬਿਜ਼ਨਸ ਕਲਾਸ ਦੀਆਂ ਸੀਟਾਂ ਅਤੇ 94 ਪ੍ਰੀਮੀਅਮ ਇਕੋਨਮੀ ਸੀਟਾਂ ਹਨ।

ਜਹਾਜ਼ 'ਚ ਬੈਠਣ ਵਾਲੇ ਏਵੀਏਸ਼ਨ ਮਾਹਿਰ ਜਿਓਫਰੀ ਥੋਮਸ ਦਾ ਕਹਿਣਾ ਹੈ, "ਇਸ ਉਡਾਣ ਪਿੱਛੇ ਸੋਚ ਇਹ ਹੈ ਕਿ ਉਹ ਆਪਣੇ ਯਾਤਰੀਆਂ ਨੂੰ ਕੁਝ ਖ਼ਾਸ ਦੇ ਰਹੇ ਹਨ।"

"ਇਹ ਰੂਟ ਦੋ ਵੱਡੇ ਵਿੱਤੀ ਸ਼ਹਿਰਾਂ ਵਿੱਚ ਲੰਘਦਾ ਹੈ। ਇਸ ਲਈ ਉਹ ਇਹ ਜਹਾਜ਼ ਸਿਰਫ਼ ਵਪਾਰੀਆਂ ਅਤੇ ਉੱਚ ਤਬਕੇ ਦੇ ਉਨ੍ਹਾਂ ਲੋਕਾਂ ਨਾਲ ਹੀ ਭਰਨਗੇ ਜੋ ਸਿੱਧੀ ਉਡਾਣ ਸੁਵਿਧਾ ਚਾਹੁੰਦੇ ਹਨ।"

"ਜਿਸ ਤਰ੍ਹਾਂ ਦੀ ਸੀਟਾਂ ਦੀ ਬੁਕਿੰਗ ਹੋਈ ਹੈ, ਉਸ ਤੋਂ ਸਾਫ਼ ਹੋ ਜਾਂਦਾ ਹੈ ਕਿ ਸਿੱਧੀ ਉਡਾਣ ਸ਼ੁਰੂ ਹੋ ਜਾਣ ਨਾਲ ਇਸ ਰੂਟ 'ਤੇ ਜਾਣ ਵਾਲਿਆਂ ਦੀ ਗਿਣਤੀ ਵਿੱਚ ਤਿੰਨ ਗੁਣਾ ਵਾਧਾ ਹੋਇਆ ਹੈ।"

ਏਅਰਲਾਈਨਰੇਟਿੰਗਜ਼.ਕਾਮ ਦੇ ਸੰਪਾਦਕ ਥਾਮਸ ਪਹਿਲਾਂ ਵੀ ਕਈ ਜਹਾਜ਼ਾਂ ਦੇ ਉਦਘਾਟਨੀ ਸਮਾਗਮ ਵਿਚ ਸ਼ਾਮਿਲ ਹੋ ਚੁੱਕੇ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਇੱਕ ਬੇਹੱਦ ਇਤਿਹਾਸਕ ਘੜੀ ਹੋਵੇਗੀ।

ਜਹਾਜ਼ ਕਿਹੜਾ ਰੂਟ ਅਖ਼ਤਿਆਰ ਕਰੇਗੀ?

ਇਹ ਉਡਾਣ ਦੋ ਰੂਟ ਲੈ ਸਕਦੀ ਹੈ, ਜਿਸ ਬਾਰੇ ਏਅਰਲਾਈਨਜ਼ ਨੇ ਪਹਿਲਾਂ ਆਪਣੇ ਯਾਤਰੀਆਂ ਨੂੰ ਦੱਸਿਆ ਹੈ ਕਿ ਉਹ ਨੇਵਾਰਕ ਲਈ ਐਨਓਪੀਏਸੀ ਜਾਂ ਉੱਤਰੀ ਪ੍ਰਸ਼ਾਂਤ ਮਹਾਸਾਗਰ ਰੂਟ ਲੈ ਸਕਦੀ ਹੈ।

ਥਾਮਸ ਮੁਤਾਬਕ 16341 ਕਿਲੋਮੀਟਰ ਪਰ ਗ਼ੈਰ-ਏਵੀਏਸ਼ਨ ਮਾਹਿਰਾਂ ਦਾ ਕਹਿਣਾ ਹੈ ਕਿ ਦੂਰੀ ਤਾਂ ਉਹੀ ਰਹਿੰਦਾ ਹੈ ਪਰ ਫਲਾਈਟ ਦਾ ਸਮਾਂ ਹਵਾ ਦੇ ਰੁਖ ਅਤੇ ਮੌਸਮ 'ਤੇ ਨਿਰਭਰ ਕਰਦੀ ਹੈ।

ਲੰਬੀਆਂ ਯਾਤਰਾਵਾਂ ਦੀ ਸ਼ੁਰੂਆਤ?

A350-900 ULR (ਅਲਟ੍ਰਾ ਲਾਂਗ ਰੇਂਜ) ਵੀਰਵਾਰ ਨੂੰ ਸਿੰਗਾਪੁਰ ਤੋਂ ਨੇਵਾਰਕ ਲਈ ਉਡਾਣ ਭਰੇਗਾ। ਇਹ ਦੋ ਇੰਜਨ ਵਾਲਾ ਜਹਾਜ਼ ਹੈ।

ਇਸ ਜਾਹਾਜ਼ ਨੂੰ ਪੁਰਾਣੇ ਬੋਇੰਗ 777 ਸੀਰੀਜ਼ 'ਚ ਬਦਲਾਅ ਕਰਨ ਲਈ ਤਿਆਰ ਕੀਤਾ ਗਿਆ ਹੈ। ਇਸ ਦੀ ਖ਼ਾਸੀਅਤ ਇਹ ਵੀ ਹੈ ਕਿ ਇਸ ਵਿੱਚ ਤੇਲ ਦੀ ਖਪਤ 20 ਤੋਂ 30 ਫੀਸਦੀ ਘੱਟ ਹੁੰਦੀ ਹੈ, ਜੋ ਕਿ ਨਿਸ਼ਚਿਤ ਤੌਰ 'ਤੇ ਬਿਹਤਰ ਬਦਲ ਹੈ ਅਤੇ ਉਹ ਉਦੋਂ ਜਦੋਂ ਤੇਲ ਦੀਆਂ ਕੀਮਤਾਂ ਵਧ ਰਹੀਆਂ ਹੋਣ।

ਸਿੰਗਾਪੁਰ ਏਅਰਲਾਈਨਜ਼ ਨੇ ਸਾਲ 2004 'ਚ ਇਸ ਤੋਂ ਪਹਿਲਾਂ ਵੀ ਛਾਂਗੀ ਤੋਂ ਨੇਵਾਰਕ ਵਿਚਾਲੇ ਸਿੱਧੀ ਉਡਾਣ ਸ਼ੁਰੂ ਕੀਤੀ ਸੀ ਪਰ ਸਾਲ 2013 'ਚ ਉਸ ਨੂੰ ਬੰਦ ਕਰਨਾ ਪਿਆ। A340-500 ਨੂੰ ਇਸ ਵੇਲੇ ਇਸ ਰੂਟ ਲਈ ਵਰਤਿਆ ਜਾਂਦਾ ਸੀ ਪਰ ਇਸ ਵਿੱਚ ਤੇਲ ਦੀ ਖਪਤ ਵਧੇਰੇ ਹੁੰਦੀ ਸੀ ਅਤੇ ਉਹ ਮਹਿੰਗਾ ਵੀ ਪੈਂਦਾ ਸੀ।

ਸਿੰਗਾਪੁਰ ਏਅਰਲਾਈਨਜ਼ ਤੋਂ ਇਲਾਵਾ ਬਹੁਤ ਸਾਰੀਆਂ ਸੇਵਾਵਾਂ ਲੰਬੇ ਰੂਟਸ ਲਈ ਨਵੇਂ A350-900 ਦੀ ਵਰਤੋਂ ਕਰਦੀਆਂ ਹਨ।

ਇਨ੍ਹਾਂ ਜਹਾਜ਼ਾਂ ਦੀ ਛੱਤ ਕਾਫੀ ਉੱਚੀ ਹੁੰਦੀ ਹੈ, ਖਿੜਕੀਆਂ ਲੰਬੀਆਂ ਅਤੇ ਚੌੜੀਆਂ ਹੁੰਦੀਆਂ ਹਨ।

ਥਾਮਸ ਕਹਿੰਦੇ ਹਨ ਕਿ ਇਸ ਜਹਾਜ਼ ਦੇ ਨਾਲ ਹੀ ਅਸੀਂ ਯਾਤਰਾਵਾਂ ਦੇ ਇੱਕ ਨਵੇਂ ਦੌਰ 'ਚ ਪ੍ਰਵੇਸ਼ ਕਰ ਰਹੇ ਹਾਂ।

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀ ਪਸੰਦ ਆ ਸਕਦਾ ਹੈ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)