You’re viewing a text-only version of this website that uses less data. View the main version of the website including all images and videos.
ਐਮ ਜੇ ਅਕਬਰ: ਮੋਦੀ ਦੇ ਮੰਤਰੀ #MeToo ਦੇ ਦੋਸ਼ਾਂ ਦੇ ਘੇਰੇ 'ਚ
ਭਾਰਤ 'ਚ ਚੱਲ ਰਹੇ #MeToo ਅਭਿਆਨ 'ਚ ਸਭ ਤੋਂ ਨਵਾਂ ਨਾਂ ਸਾਹਮਣੇ ਆਇਆ ਹੈ ਜਾਣ-ਪਛਾਣੇ ਸੰਪਾਦਕ ਅਤੇ ਮੌਜੂਦਾ ਸਰਕਾਰ 'ਚ ਵਿਦੇਸ਼ ਰਾਜ ਮੰਤਰੀ ਐਮ ਜੇ ਅਕਬਰ ਦਾ।
ਐਮ ਜੇ ਅਕਬਰ 'ਤੇ 'ਪ੍ਰੀਡੇਟਰੀ ਬਿਹੇਵੀਅਰ' ਦਾ ਇਲਜ਼ਾਮ ਹੈ, ਜਿਸ 'ਚ ਜਵਾਨ ਔਰਤਾਂ ਨੂੰ ਮੀਟਿੰਗ ਦੇ ਨਾਂ 'ਤੇ ਹੋਟਲ ਦੇ ਕਮਰੇ 'ਚ ਸੱਦਣਾ ਸ਼ਾਮਿਲ ਹੈ।
ਨਾ ਤਾਂ ਐਮ ਜੇ ਅਕਬਰ ਅਤੇ ਨਾ ਹੀ ਵਿਦੇਸ਼ ਮੰਤਰਾਲੇ ਨੇ ਇਨ੍ਹਾਂ ਇਲਜ਼ਾਮਾਂ 'ਤੇ ਕੋਈ ਪ੍ਰਤੀਕਿਰਿਆ ਦਿੱਤੀ ਹੈ।
ਪਰ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਨੇ ਕਿਹਾ ਕਿ ਸਿਆਸਤਦਾਨਾਂ 'ਤੇ ਲੱਗੇ ਇਲਜ਼ਾਮਾਂ ਸਣੇ, ਸਾਰੇ ਇਲਜ਼ਾਮਾਂ ਦੀ ਜਾਂਚ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ:
ਪਿਛਲੇ ਕੁਝ ਦਿਨਾਂ 'ਚ ਜਿੰਨੇ ਅਦਾਕਾਰਾਂ, ਪੱਤਰਕਾਰਾਂ, ਲੇਖਕਾਂ ਅਤੇ ਫ਼ਿਲਮਸਾਜ਼ਾਂ 'ਤੇ ਇਲਜ਼ਾਮ ਲੱਗੇ ਹਨ, ਉਨ੍ਹਾਂ ਵਿੱਚ ਐਮ ਜੇ ਅਕਬਰ ਸਭ ਤੋਂ ਵੱਡੇ ਰੁਤਬੇ ਵਾਲੇ ਵਿਅਕਤੀ ਹਨ।
ਦੇਸ਼ ਦੇ ਸਭ ਤੋਂ ਪ੍ਰਭਾਵਸ਼ਾਲੀ ਸੰਪਾਦਕਾਂ ਵਿੱਚੋਂ ਇੱਕ ਰਹੇ ਐਮ ਜੇ ਅਕਬਰ, ਦਿ ਟੈਲੀਗ੍ਰਾਫ਼, ਦਿ ਏਸ਼ੀਅਨ ਏਜ ਦੇ ਸੰਪਾਦਕ ਅਤੇ ਇੰਡੀਆ ਟੁਡੇ ਦੇ ਐਡੀਟੋਰੀਅਲ ਡਾਇਰੈਕਟਰ ਰਹਿ ਚੁੱਕੇ ਹਨ।
ਸਭ ਤੋਂ ਪਹਿਲਾਂ ਉਨ੍ਹਾਂ ਦਾ ਨਾਂ ਸੋਮਵਾਰ ਨੂੰ ਸੀਨੀਅਰ ਪੱਤਰਕਾਰ ਪ੍ਰਿਆ ਰਮਾਨੀ ਨੇ ਲਿਆ ਸੀ। ਉਨ੍ਹਾਂ ਨੇ ਇੱਕ ਸਾਲ ਪਹਿਲਾਂ ਵੋਗ ਇੰਡੀਆ ਲਈ 'ਟੂ ਦਿ ਹਾਰਵੇ ਵਾਈਂਸਟੀਂਸ ਆਫ਼ ਦਿ ਵਰਲਡ' ਨਾਂ ਨਾਲ ਲਿਖੇ ਆਪਣੇ ਲੇਖ ਨੂੰ ਰੀਟਵੀਟ ਕਰਦੇ ਹੋਏ ਦਫ਼ਤਰ 'ਚ ਹੋਏ ਜਿਨਸੀ ਸ਼ੋਸ਼ਣ ਦੇ ਪਹਿਲੇ ਤਜ਼ਰਬੇ ਨੂੰ ਸਾਂਝਾ ਕੀਤਾ।
ਰਮਾਨੀ ਨੇ ਆਪਣੇ ਮੂਲ ਲੇਖ 'ਚ ਐਮ ਜੇ ਅਕਬਰ ਦਾ ਕਿਤੇ ਵੀ ਨਾਂ ਨਹੀਂ ਲਿਆ ਸੀ, ਪਰ ਸੋਮਵਾਰ ਨੂੰ ਉਨ੍ਹਾਂ ਨੇ ਟਵੀਟ ਕੀਤਾ ਕਿ ਉਹ ਲੇਖ ਐਮ ਜੇ ਅਕਬਰ ਬਾਰੇ ਸੀ।
ਇਸ ਤੋਂ ਬਾਅਦ ਪੰਜ ਹੋਰ ਮਹਿਲਾਵਾਂ ਨੇ ਵੀ ਐਮ ਜੇ ਅਕਬਰ ਨਾਲ ਜੁੜੇ ਆਪਣੇ ਅਨੁਭਵ ਸਾਂਝੇ ਕੀਤੇ ਹਨ।
ਇਹ ਵੀ ਪੜ੍ਹੋ:
ਅਕਬਰ ਤੋਂ ਇਲਾਵਾ ਐਕਟਰ ਆਲੋਕ ਨਾਥ ਅਤੇ ਫ਼ਿਲਮ ਨਿਰਦੇਸ਼ਕ ਵਿਕਾਸ ਬਹਿਤ 'ਤੇ ਵੀ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਲੱਗੇ ਹਨ।
ਆਲੋਕ ਨਾਥ ਨੇ ਉਨ੍ਹਾਂ 'ਤੇ ਲੱਗੇ ਇਲਜ਼ਾਮਾਂ ਨੂੰ ਰੱਦ ਕੀਤਾ ਹੈ ਪਰ ਵਿਕਾਸ ਬਹਿਲ ਨੇ ਹੁਣ ਤੱਕ ਕੋਈ ਪ੍ਰਤਿਕਿਰਿਆ ਨਹੀਂ ਦਿੱਤੀ ਹੈ।
ਕੌਣ ਹਨ ਐਮ ਜੇ ਅਕਬਰ?
ਸੀਨੀਅਰ ਪੱਤਰਕਾਰ ਐਮ ਜੇ ਅਕਬਰ 2014 ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ (ਭਾਜਪਾ) 'ਚ ਸ਼ਾਮਿਲ ਹੋਏ ਸਨ।
2015 'ਚ ਐਮ ਜੇ ਅਕਬਰ ਝਾਰਖੰਡ ਤੋਂ ਰਾਜਸਭਾ ਦੇ ਲਈ ਚੁਣੇ ਗਏ।
ਕਿਸੇ ਸਮੇਂ ਰਾਜੀਵ ਗਾਂਧੀ ਦੇ ਬੇਹੱਦ ਖ਼ਾਸ ਰਹੇ ਐਮ ਜੇ ਅਕਬਰ 1989 'ਚ ਬਿਹਾਰ ਦੀ ਕਿਸ਼ਨਗੰਜ ਲੋਕਸਭਾ ਸੀਟ ਤੋਂ ਕਾਂਗਰਸ ਦੀ ਟਿਕਟ 'ਤੇ ਸੰਸਦ ਮੈਂਬਰ ਚੁਣੇ ਗਏ ਸਨ।
ਰਾਜੀਵ ਗਾਂਧੀ ਦੇ ਪ੍ਰਧਾਨ ਮੰਤਰੀ ਰਹਿੰਦੇ ਹੋਏ ਐਮ ਜੇ ਅਕਬਰ ਉਨ੍ਹਾਂ ਦੇ ਬੁਲਾਰੇ ਸਨ।
ਮੁੜ 1991 'ਚ ਉਹ ਫ਼ਿਰ ਤੋਂ ਚੋਣ ਮੈਦਾਨ 'ਚ ਉੱਤਰੇ ਪਰ ਜਿੱਤ ਨਹੀਂ ਸਕੇ।
ਇਸ ਹਾਰ ਤੋਂ ਬਾਅਦ ਅਕਬਰ ਮੁੜ ਤੋਂ ਪੱਤਰਕਾਰੀ ਖ਼ੇਤਰ 'ਚ ਆ ਗਏ।
ਤੁਹਾਨੂੰ ਇਹ ਵੀਡੀਓ ਵੀ ਵਧੀਆ ਲੱਗ ਸਕਦੇ ਹਨ꞉