#MeToo: '3,000 ਸਾਲ ਜੇ ਔਰਤਾਂ ਡਰੀਆਂ ਤਾਂ ਦੋ ਸਦੀ ਮਰਦ ਵੀ ਭੁਗਤ ਲੈਣ'

    • ਲੇਖਕ, ਤਾਹਿਰਾ ਭਸੀਨ
    • ਰੋਲ, ਬੀਬੀਸੀ ਪੱਤਰਕਾਰ

ਭਾਰਤ ਵਿੱਚ #MeToo ਮੂਵਮੈਂਟ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਹੌਲੀ ਹੌਲੀ ਇਹ ਵੱਡਾ ਹੋ ਰਿਹਾ ਹੈ। ਕਈ ਔਰਤਾਂ ਅੱਗੇ ਆਕੇ ਸੋਸ਼ਲ ਮੀਡੀਆ ਰਾਹੀਂ ਦੱਸ ਰਹੀਆਂ ਹਨ ਕਿ ਉਨ੍ਹਾਂ ਨਾਲ ਸ਼ੋਸ਼ਣ ਕੀਤਾ ਗਿਆ।

ਇਸ ਮੂਵਮੈਂਟ ਦੇ ਚੱਲਦੇ ਆਮ ਮੁੰਡਿਆਂ ਵਿੱਚ ਵੀ ਇੱਕ ਚਰਚਾ ਛਿੜ ਗਈ ਹੈ। ਮਰਦਾਂ ਨੂੰ ਲੱਗ ਰਿਹਾ ਹੈ ਕਿ ਉਨ੍ਹਾਂ ਦੀ ਭਰੋਸਗੀ 'ਤੇ ਸਵਾਲ ਚੁੱਕੇ ਜਾ ਰਹੇ ਹਨ।

ਇਸ ਬਾਰੇ ਅਸੀਂ ਰਾਜਨੀਤੀ ਸ਼ਾਸਤਰ ਦੀ ਪ੍ਰੋਫੈਸਰ ਜਾਨਕੀ ਸ੍ਰੀਨਿਵਾਸਨ ਨਾਲ ਗੱਲ ਕੀਤੀ ਕਿ, ਕੀ ਮੁੰਡਿਆਂ ਨੂੰ ਆਪਣੇ ਵਤੀਰੇ ਵਿੱਚ ਬਦਲਾਅ ਕਰਨ ਦੀ ਲੋੜ ਹੈ?

ਜਾਨਕੀ ਨੇ ਕਿਹਾ, ''ਮੁੰਡਿਆਂ ਨੂੰ ਬਿਲਕੁਲ ਬਦਲਣਾ ਹੋਵੇਗਾ, ਜੋ ਹਰਕਤਾਂ ਉਨ੍ਹਾਂ ਮੁਤਾਬਕ ਆਮ ਹਨ, ਉਹ ਅਸਲ ਵਿੱਚ ਗੁਨਾਹ ਹਨ।''

''ਇਹ ਇਸ ਲਈ ਹੈ ਕਿਉਂਕਿ ਮਰਦ ਹੋਣਾ ਉਨ੍ਹਾਂ ਲਈ ਇੱਕ ਇਨਸਾਨ ਹੋਣ ਤੋਂ ਵੱਖਰਾ ਹੈ।''

ਇਹ ਵੀ ਪੜ੍ਹੋ:

ਇਸ ਮੂਵਮੈਂਟ ਤੋਂ ਬਾਅਦ ਮੁੰਡਿਆਂ ਦੇ ਮਨ ਵਿੱਚ ਡਰ ਵਾਲੀ ਗੱਲ ਜਾਨਕੀ ਨੂੰ ਬੇਬੁਨੀਆਦ ਲੱਗਦੀ ਹੈ। ਉਨ੍ਹਾਂ ਕਿਹਾ, ''ਜੇ ਮੁੰਡਿਆਂ ਨੂੰ ਪਤਾ ਹੈ ਕਿ ਉਹ ਕੁਝ ਗਲਤ ਕਰ ਰਹੇ ਹਨ ਤੇ ਉਨ੍ਹਾਂ ਦੀ ਹਰਕਤ ਕਿਸੇ ਨੂੰ ਬਿਹਤਰ ਜ਼ਿੰਦਗੀ ਜੀਣ ਤੋਂ ਰੋਕ ਰਹੀ ਹੈ, ਤਾਂ ਉਨ੍ਹਾਂ ਨੂੰ ਡਰਨਾ ਨਹੀਂ ਚਾਹੀਦਾ ਬਲਕਿ ਪ੍ਰੇਸ਼ਾਨ ਹੋਣਾ ਚਾਹੀਦਾ ਹੈ।''

''ਮੈਂ ਨਹੀਂ ਮੰਨਦੀ ਕਿ ਮੁੰਡਿਆਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਉਹ ਗਲਤ ਹਨ, ਕਿਸੇ ਨੂੰ ਗਲਤ ਤਰੀਕੇ ਨਾਲ ਛੂਹਣਾ, ਮਨਾਂ ਕਰਨ 'ਤੇ ਵੀ ਪਿੱਛੇ ਨਾ ਹੱਟਣਾ, ਉਹ ਜਾਣਦੇ ਹਨ ਕਿ ਇਹ ਗਲਤ ਹੈ ਪਰ ਇਸ ਲਈ ਕਰਦੇ ਹਨ ਕਿਉਂਕਿ ਕਰਕੇ ਬੱਚ ਸਕਦੇ ਹਨ।''

''ਅਸੀਂ ਇਨ੍ਹਾਂ ਮਸਲਿਆਂ ਬਾਰੇ ਸੋਚ ਵੀ ਕਿਉਂ ਰਹੇ ਹਾਂ, ਬਹੁਤ ਗੰਭੀਰ ਇਲਜ਼ਾਮ ਲੱਗੇ ਹਨ। ਉਸ ਬਾਰੇ ਮਰਦਾਂ ਨੂੰ ਚਿੰਤਾ ਕਿਉਂ ਨਹੀਂ ਹੁੰਦੀ?''

ਕੁੜੀਆਂ ਕਿਉਂ ਨਾ ਬੋਲਣ?

ਲੇਖਕ ਅਮਨ ਸੰਧੂ ਵੀ ਜਾਨਕੀ ਨਾਲ ਇਸ 'ਤੇ ਸਹਿਮਤ ਨਜ਼ਰ ਆਏ। ਉਨ੍ਹਾਂ ਕਿਹਾ, ''ਮਰਦਾਂ ਦੀ ਸੋਚ ਪਿਤਾ ਪੁਰਖੀ ਹੈ, ਇਸ ਵਿੱਚ ਸਮਾਜਿਕ ਹਿੰਸਾ ਹੈ ਤੇ ਉਹ ਸਮਝਦੇ ਹਨ ਕਿ ਹਰ ਚੀਜ਼ 'ਤੇ ਉਨ੍ਹਾਂ ਦਾ ਹੱਕ ਹੈ। ਜਦੋਂ ਤੱਕ ਇਹ ਨਹੀਂ ਬਦਲੇਗਾ, ਸਮਾਜ ਵਿੱਚ ਬਰਾਬਰਤਾ ਨਹੀਂ ਆਵੇਗੀ।''

''ਸਾਡੇ ਕੋਲ ਮਰਦਾਨਗੀ ਦਾ ਸੱਚਾ ਤੇ ਚੰਗਾ ਉਦਾਹਰਣ ਨਹੀਂ ਹੈ, ਤੇ ਉਨ੍ਹਾਂ ਨੂੰ ਪਤਾ ਹੀ ਨਹੀਂ ਕਿ ਕਿਸ ਤਰ੍ਹਾਂ ਦਾ ਬਣਨਾ ਹੈ। ਪਰ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਔਰਤਾਂ ਨੂੰ ਦਬਾਈਏ ਜਾਂ ਉਨ੍ਹਾਂ ਦੀਆਂ ਗੱਲਾਂ ਨਾ ਸੁਣੀਏ। ਹਰ ਇਨਸਾਨ ਨੂੰ ਆਪਣੀ ਗੱਲ ਰੱਖਣ ਦਾ ਹੱਕ ਹੈ।''

ਪਰ ਤੈਅ ਕਿਵੇਂ ਹੋਵੇਗਾ ਕਿ ਕੀ ਸਹੀ ਹੈ ਤੇ ਕੀ ਗਲਤ?

ਅਮਨ ਨੇ ਕਿਹਾ, ''ਗੱਲਾਂ ਬਹੁਤ ਤਰ੍ਹਾਂ ਦੀਆਂ ਆਉਣਗੀਆਂ, ਜਦੋਂ ਟੂਟੀਆਂ ਖੁੱਲ੍ਹਦੀਆਂ ਹਨ ਤਾਂ ਹਰ ਤਰ੍ਹਾਂ ਦਾ ਪਾਣੀ ਆਉਂਦਾ ਹੈ। ਮਨ ਨੂੰ ਸੂਕਸ਼ਮ ਕਰਕੇ ਸੋਚਣਾ ਪਵੇਗਾ ਕਿ ਕਿਹੜੀਆਂ ਗੱਲਾਂ ਵਿੱਚ ਤੱਥ ਹੈ, ਤੇ ਕਿਹੜੀਆਂ ਵਿੱਚ ਨਹੀਂ।''

ਮੁੰਡਿਆਂ ਦੇ ਡਰ ਨੂੰ ਲੈ ਕੇ ਉਨ੍ਹਾਂ ਕਿਹਾ, ''ਜੇ ਬੰਦੇ ਡਰ ਰਹੇ ਹਨ ਤਾਂ ਕੋਈ ਗੱਲ ਨਹੀਂ, ਤਿੰਨ ਹਜ਼ਾਰ ਸਾਲ ਔਰਤਾਂ ਨੇ ਭੁਗਤਿਆ ਹੈ ਜੇ ਦੋ ਸਦੀਆਂ ਬੰਦੇ ਵੀ ਭੁਗਤ ਲੈਣਗੇ ਤਾਂ ਕੋਈ ਗੱਲ ਨਹੀਂ।''

''ਪਰ ਜਿੱਥੇ ਪਰਦੇ ਫਾਸ਼ ਹੋ ਰਹੇ ਹਨ ਤੇ ਖਾਮੋਸ਼ੀ ਟੁੱਟ ਰਹੀ ਹੈ, ਬਦਲਾਅ ਲਈ ਇਨ੍ਹਾਂ ਚੀਜ਼ਾਂ ਦਾ ਸਾਥ ਦੇਣ ਦੀ ਲੋੜ ਹੈ।''

ਸੋਸ਼ਲ ਮੀਡੀਆ 'ਤੇ ਬਹਿਸ

ਰਾਹੀਲ ਖੁਰਸ਼ੀਦ ਨੇ ਟਵੀਟ ਕੀਤਾ, ''ਜੋ ਮਰਦ ਇਸ ਮੂਵਮੈਂਟ ਦੀ ਬੁਰਾਈ ਕਰਨਾ ਚਾਹ ਰਹੇ ਹਨ, ਉਹ ਅਜਿਹਾ ਨਾ ਕਰਨ। ਇਸਨੂੰ ਆਪਣੇ ਬਾਰੇ ਨਾ ਬਣਾਉ।''

ਇਸ ਦੇ ਜਵਾਬ ਵਿੱਚ ਇੱਕ ਯੂਜ਼ਰ ਨੇ ਲਿਖਿਆ, ''ਅਸੀਂ #MeToo ਦੇ ਖਿਲਾਫ਼ ਨਹੀਂ ਹਨ ਪਰ ਮਰਦਾਂ ਦੀ ਪ੍ਰੇਸ਼ਾਨੀ ਵੀ ਅਸਲੀ ਹੈ। ਕਾਨੂੰਨ ਦੋਹਾਂ ਲਈ ਬਰਾਬਰ ਨਹੀਂ ਹੈ, ਮੀਡੀਆ ਇੱਕ ਦੀ ਪ੍ਰੇਸ਼ਾਨੀ ਨੂੰ ਵਧਾ ਚੜ੍ਹਾ ਕੇ ਵਿਖਾਉਂਦਾ ਹੈ, ਦੂਜੇ ਦੀ ਨਹੀਂ?''

ਕੁਝ ਲੋਕਾਂ ਨੇ ਟਵਿੱਟਰ 'ਤੇ ਦੱਸਿਆ ਵੀ ਕਿ ਜਿਨਸੀ ਸ਼ੋਸ਼ਣ ਅਤੇ ਹਲਕੀ ਫੁਲਕੀ ਗੱਲਬਾਤ ਜਾਂ ਅੱਖ ਮਟੱਕੇ ਵਿੱਚ ਫ਼ਰਕ ਹੁੰਦਾ ਹੈ।

ਅਦਾਕਾਰਾ ਸ਼ਰੂਤੀ ਸੇਠ ਨੇ ਲਿਖਿਆ, ''ਮਰਦ ਤੇ ਔਰਤ ਅੱਖ ਮਟੱਕਾ ਕਰਨਗੇ, ਇਹ ਸੁਭਾਅ ਹੈ ਪਰ ਜੇ ਉਹ ਤੁਹਾਡੇ ਮਨ੍ਹਾਂ ਕਰਨ 'ਤੇ ਵੀ ਨਹੀਂ ਹੱਟਦੇ ਤਾਂ ਉਹ ਸ਼ੋਸ਼ਣ ਹੈ।''

ਸਿੱਧਾਰਥ ਨੇ ਲਿਖਿਆ, ''ਕੀ ਕਿਸੇ ਔਰਤ ਨੂੰ ਪੁੱਛਣਾ ਕਿ ਉਹ ਤੁਹਾਡੇ ਵਿੱਚ ਦਿਲਚਸਪੀ ਰੱਖਦੀ ਹੈ ਜਾਂ ਨਹੀਂ ਸ਼ੋਸ਼ਣ ਹੈ, ਫੇਰ ਉਹ ਵਿਆਹੁਤਾ ਹੈ ਜਾਂ ਨਹੀਂ। ਕੀ ਅਸੀਂ ਅਡਲਟ੍ਰੀ ਨੂੰ ਸ਼ੋਸ਼ਣ ਨਾਲ ਜੋੜ ਰਹੇ ਹਾਂ?''

ਫਿਲਹਾਲ ਇਸ ਮੂਵਮੈਂਟ ਵਿੱਚ ਕਈ ਔਰਤਾਂ ਬਾਲੀਵੁੱਡ ਅਤੇ ਗਲੈਮਰ ਇੰਡਸਟ੍ਰੀ ਨਾਲ ਜੁੜੇ ਮਰਦਾਂ ਦੇ ਕਿੱਸਿਆਂ ਬਾਰੇ ਖੁਲਾਸਾ ਕਰ ਰਹੀਆਂ ਹਨ।

ਮੁੱਦੇ ਨਾਲ ਜੁੜਿਆ ਇੱਕ ਵੀਡੀਓ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)