ਤੁਹਾਡੇ ਬੱਚੇ ਨੂੰ 'ਜੀਨੀਅਸ' ਬਣਾ ਸਕਦੇ ਨੇ ਇਹ ਟਿਪਸ

ਸਾਲ 1968 ਦੀ ਗੱਲ ਹੈ, ਜਦੋਂ ਸਾਈਕੋਮੈਟ੍ਰਿਕਸ ਦੇ ਪ੍ਰੋਫ਼ੈਸਰ ਜੂਲੀਅਨ ਸਟਾਨਲੀ ਨੇ 12 ਸਾਲ ਦੇ ਇੱਕ ਰੌਸ਼ਨ ਦਿਮਾਗ ਬੱਚੇ ਨੂੰ ਦੇਖਿਆ, ਇਹ ਬੱਚਾ ਅਮਰੀਕਾ ਦੀ ਜੋਨਜ਼ ਹੋਪਕਿੰਜ਼ ਯੂਨੀਵਰਸਿਟੀ ਵਿੱਚ ਕੰਪਿਊਟਰ-ਸਾਇੰਸ ਦਾ ਕੋਰਸ ਕਰ ਰਿਹਾ ਸੀ।

ਇਹ ਬੱਚਾ ਜੋਸੇਫ਼ ਬੇਟਸ ਹੋਣਹਾਰ ਤਾਂ ਸੀ, ਪਰ ਬੋਰਿੰਗ ਸੀ। ਉਹ ਆਪਣੀ ਉਮਰ ਦੇ ਕਈ ਵਿਦਿਆਰਥੀਆਂ ਤੋਂ ਕਾਫ਼ੀ ਅੱਗੇ ਸੀ।

12 ਸਾਲ ਦੇ ਜੋਸੇਫ਼ ਬੇਟਸ ਦੀ ਵਿਲੱਖਣਤਾ ਤੋਂ ਪ੍ਰੇਰਿਤ ਹੋਏ ਸਟਾਨਲੀ ਨੇ ਇੱਕ ਲੰਬਾ ਅਧਿਐਨ ਸ਼ੁਰੂ ਕੀਤਾ, ਜੋ 45 ਸਾਲ ਤੱਕ ਚੱਲਿਆ।

ਇਹ ਵੀ ਪੜ੍ਹੋ:

ਇਸ ਅਧਿਐਨ ਰਾਹੀਂ ਪ੍ਰਤਿਭਾਸ਼ਾਲੀ ਬੱਚਿਆਂ ਦੇ ਵਿਕਾਸ 'ਤੇ ਨਜ਼ਰ ਰੱਖੀ ਗਈ, ਇਨ੍ਹਾਂ ਵਿੱਚ ਫੇਸਬੁੱਕ ਦੇ ਸੰਸਥਾਪਕ ਮਾਰਕ ਜ਼ਕਰਬਰਗ ਅਤੇ ਅਮਰੀਕੀ ਗਾਇਕਾ ਲੇਡੀ ਗਾਗਾ ਵੀ ਸ਼ਾਮਿਲ ਹਨ।

ਸੋ ਜੋਸੇਫ਼ ਬੇਟਸ ਦਾ ਕੀ ਬਣਿਆ?

''ਉਸ ਨੇ ਬਹੁਤ ਚੰਗਾ ਕੀਤਾ। ਉਸ ਨੇ ਅੱਗੇ ਹੋਰ ਪੜ੍ਹਾਈ ਕੀਤੀ ਅਤੇ ਡਾਕਟਰੇਟ ਦੀ ਡਿਗਰੀ ਹਾਸਿਲ ਕੀਤੀ, ਇੱਕ ਯੂਨੀਵਰਸਿਟੀ 'ਚ ਪੜ੍ਹਾਇਆ ਅਤੇ ਹੁਣ ''ਆਰਟੀਫ਼ੀਸ਼ੀਅਲ ਇੰਟੈਲੀਜੇਂਸ 'ਚ ਉੱਚਕੋਟੀ ਦਾ ਮਾਹਰ'' ਬਣ ਗਿਆ ਹੈ।''

ਪ੍ਰੋਫ਼ੈਸਰ ਸਟਾਨਲੀ ਨੇ ਜੋਨਜ਼ ਹੋਪਕਿੰਜ਼ ਯੂਨੀਵਰਸਿਟੀ ਦੇ ਸੈਂਟਰ ਫ਼ਾਰ ਟੈਲੇਂਟੇਡ ਯੂਥ, ਬਲਟੀਮੋਰ ਵਿੱਚ ਇੱਕ ਪ੍ਰੋਗਰਾਮ ਸ਼ੁਰੂ ਕੀਤਾ, ਜਿਸ ਨੂੰ ਸਟੱਡੀ ਆਫ਼ ਮੈਥੇਮੈਟਿਕਲੀ ਪਰੀਕੋਸ਼ੀਅਸ ਯੂਥ (SMPY) ਦੇ ਤੌਰ 'ਤੇ ਜਾਣਿਆ ਜਾਂਦਾ ਹੈ।

ਇਸ ਅਧੀਨ ਉਨ੍ਹਾਂ 5 ਹਜ਼ਾਰ ਬੱਚਿਆਂ ਦੀ ਜ਼ਿੰਦਗੀ ਦਾ ਅਧਿਐਨ ਕੀਤਾ ਗਿਆ, ਜਿਨ੍ਹਾਂ ਨੇ ਇੰਟੈਲੀਜੈਂਸ 'ਚ ਪਹਿਲੇ ਇੱਕ ਫੀਸਦ ਵਿੱਚ ਆਪਣਾ ਨਾਂ ਬਣਾਇਆ।

ਇਸ ਕੋਰਸ ਰਾਹੀਂ ਸਟਾਨਲੀ ਨੇ ਕੁਝ ਹੈਰਾਨ ਕਰਨ ਵਾਲੇ ਤੱਥਾਂ ਨੂੰ ਲੱਭਿਆ।

ਸਟਾਨਲੀ ਦਾ ਇਹ ਅਧਿਐਨ ਪੁਰਾਣੀ ਕਹਾਵਤ ''ਅਭਿਆਸ ਮਨੁੱਖ ਨੂੰ ਸੰਪੂਰਨ ਬਣਾਉਂਦਾ ਹੈ'' ਦੇ ਵਿਰੁੱਧ ਜਾਂਦਾ ਹੈ - ਭਾਵ ਤੁਸੀਂ ਕਿਸੇ ਇੱਕ ਚੀਜ਼ ਵਿੱਚ ਮਾਹਰ ਬਣ ਸਕਦੇ ਹੋ, ਜਿੰਨਾ ਚਿਰ ਤੁਸੀਂ ਸਖ਼ਤ ਮਿਹਨਤ ਅਤੇ ਧਿਆਨ ਲਗਾਉਂਦੇ ਹੋ।

ਇਸ ਦੀ ਥਾਂ, ਸਟੱਡੀ ਆਫ਼ ਮੈਥੇਮੈਟਿਕਲੀ ਪਰੀਕੋਸ਼ੀਅਸ ਯੂਥ (SMPY) ਦੱਸਦੀ ਹੈ ਕਿ ਸ਼ੁਰੂਆਤੀ ਬੌਧਿਕ ਯੋਗਤਾ (ਸਮੱਸਿਆਵਾਂ ਨੂੰ ਕਿਵੇਂ ਹੱਲ ਕਰਨਾ ਹੈ ਅਤੇ ਸਹੀ ਫ਼ੈਸਲੇ ਕਿਵੇਂ ਕਰਨੇ ਹਨ) ਅਭਿਆਸ ਜਾਂ ਵਿਅਕਤੀ ਦੇ ਸਮਾਜਕ-ਆਰਥਿਕ ਰੁਤਬੇ ਤੋਂ ਇਲਾਵਾ ਪ੍ਰਾਪਤੀ ਤੇ ਵਧੇਰੇ ਪ੍ਰਭਾਵ ਪਾਉਂਦੀ ਹੈ।

ਇਸ ਲਈ ਇਹ ਜ਼ਰੂਰੀ ਹੈ ਕਿ ਤੁਹਾਡੇ ਹੋਣਹਾਰ ਬੱਚੇ ਦੀ ਯੋਗਤਾ ਨੂੰ ਸ਼ੁਰੂਆਤ 'ਚ ਹੀ ਹੋਰ ਬਿਹਤਰ ਕੀਤਾ ਜਾਵੇ।

ਵਿੱਦਿਅਕ ਮਾਹਰਾਂ ਮੁਤਾਬਕ ਬੱਚਿਆਂ ਉੱਤੇ ਪ੍ਰਤਿਭਾਸ਼ਾਲੀ ਬਣਨ ਲਈ ਜ਼ੋਰ ਨਾ ਦਿਓ ਕਿਉਂਕਿ ਇਸ ਨਾਲ ''ਹਰ ਕਿਸਮ ਦੀਆਂ ਸਮਾਜਿਕ ਅਤੇ ਭਾਵਨਾਤਮਕ ਸਮੱਸਿਆਵਾਂ'' ਪੈਦਾ ਹੋ ਸਕਦੀਆਂ ਹਨ।

ਇਹ ਵੀ ਪੜ੍ਹੋ:

ਪਰ ਜੇ ਤੁਸੀਂ ਆਪਣੇ ਹੋਣਹਾਰ ਬੱਚੇ ਦਾ ਪਾਲਣ ਪੋਸ਼ਣ ਕਰਨਾ ਚਾਹੁੰਦੇ ਹੋ ਅਤੇ ਉਨ੍ਹਾਂ ਨੂੰ ਖ਼ੁਸ਼ ਰੱਖਣਾ ਚਾਹੁੰਦੇ ਹੋ, ਤਾਂ ਇਹ ਨੇ ਕੁਝ ਉਹ ਜ਼ਰੂਰੀ ਗੱਲਾਂ ਜਿਨ੍ਹਾਂ ਨੂੰ ਅਪਣਾ ਸਕਦੇ ਹੋ:

1) ਆਪਣੇ ਬੱਚੇ ਨੂੰ ਵੱਖ-ਵੱਖ ਤਜ਼ਰਬਿਆਂ ਬਾਰੇ ਦੱਸੋ

ਵੱਧ ਇੰਟੈਲੀਜੈਂਸ ਵਾਲੇ ਬੱਚਿਆਂ ਨੂੰ ਪ੍ਰੇਰਣਾ ਵਿੱਚ ਬਣੇ ਰਹਿਣ ਲਈ ਨਵੇਂ-ਨਵੇਂ ਗੁਣਾਂ ਦੀ ਲੋੜ ਹੁੰਦੀ ਹੈ।

ਜੀਵਨ ਦੇ ਅਨੁਭਵ ਬੱਚਿਆਂ ਨੂੰ ਦੁਨੀਆਂ ਨਾਲ ਨਜਿੱਠਣ ਲਈ ਆਤਮ ਵਿਸ਼ਵਾਸ ਵਿਕਸਿਤ ਕਰਨ ਵਿੱਚ ਮਦਦ ਕਰਨਗੇ।

ਮਨੋਵਿਗਿਆਨੀ ਕਹਿੰਦੇ ਹਨ ਕਿ ਸਹਿਜਤਾ ਜਾਣੇ-ਪਛਾਣੇ ਲੋਕਾਂ ਨਾਲ ਬਣੇ ਰਹਿਣ ਨਾਲ ਆਉਂਦੀ ਹੈ; ਕੁਝ ਵੱਖਰਾ ਕਰਨ ਲਈ ਹਿੰਮਤ ਦੀ ਲੋੜ ਹੈ।

2) ਉਨ੍ਹਾਂ ਦੇ ਹੁਨਰ ਅਤੇ ਰੂਚੀਆਂ 'ਤੇ ਕੰਮ ਕਰੋ

ਭਾਵੇਂ ਨਵੀਂ ਖੇਡ ਹੋਵੇ, ਸਾਜ਼ ਜਾਂ ਡਰਾਮਾ ਕਲਾਸ ਹੋਵੇ, ਆਪਣੇ ਬੱਚਿਆਂ ਨੂੰ ਸ਼ੁਰੂਆਤ ਵਿੱਚ ਹੀ ਵੱਖ-ਵੱਖ ਹੁਨਰ ਨੂੰ ਅਹਿਮੀਅਤ ਦੇਣ ਨਾਲ ਉਨ੍ਹਾਂ ਨੂੰ ਅਹਿਮ ਹੁਨਰ ਪੈਦਾ ਕਰਨ ਵਿੱਚ ਮਦਦ ਮਿਲੇਗੀ।

ਉਨ੍ਹਾਂ ਨੂੰ ''ਕੁਝ ਬਣਨ'' ਲਈ ਮਜਬੂਰ ਨਾ ਕਰੋ, ਜੋ ਉਹ ਨਹੀਂ ਹਨ।

3) ਆਪਣੇ ਬੱਚੇ ਦੀਆਂ ਬੌਧਿਕ ਅਤੇ ਜਜ਼ਬਾਤੀ ਲੋੜਾਂ ਦਾ ਸਮਰਥਨ ਕਰੋ

ਉਤਸੁਕਤਾ ਸਾਰੀਆਂ ਸਿਖਿਆਵਾਂ ਦਾ ਦਿਲ ਹੈ।

ਬੱਚਿਆਂ ਨੂੰ ਸਕੂਲ ਸ਼ੁਰੂ ਕਰਨ ਤੋਂ ਪਹਿਲਾਂ ਹੀ ਬਹੁਤ ਸਾਰੇ ਸਵਾਲ ਪੁੱਛੇ ਜਾ ਸਕਦੇ ਹਨ, ਅਤੇ ਉਨ੍ਹਾਂ ਬੱਚਿਆਂ ਦੇ ਸਾਰੇ ਸਵਾਲਾਂ ਦੇ ਜਵਾਬ ਦੇਣ ਲਈ ਤੁਹਾਡਾ ਧੀਰਜ ਪਰਖਿਆ ਜਾਵੇਗਾ, ਜੋ ਬੱਚਿਆਂ ਦੇ ਵਿਕਾਸ ਲਈ ਬਹੁਤ ਮਹਤੱਵਪੂਰਨ ਹੈ।

ਜਿੰਨੇ ਜ਼ਿਆਦਾ ''ਕਿਉਂ'' ਅਤੇ '''ਕਿਵੇਂ'' ਉਹ ਪੁੱਛਣਗੇ, ਉਨ੍ਹਾਂ ਹੀ ਵਧੀਆ ਉਹ ਆਪਣੇ ਸਕੂਲ ਵਿੱਚ ਪਰਫ਼ੋਰਮ ਕਰਨਗੇ।

4) ਮਿਹਨਤ ਦੀ ਸ਼ਲਾਘਾ ਕਰੋ, ਸਮਰੱਥਾ ਦੀ ਨਹੀਂ

ਅਸਲ ਨਤੀਜੇ ਦੀ ਥਾਂ ਸਿਖਲਾਈ ਦਾ ਜਸ਼ਨ ਮਨਾ ਕੇ ਬੱਚਿਆਂ ਨੂੰ "ਮਾਨਸਿਕਤਾ ਦੇ ਵਿਕਾਸ" ਲਈ ਮਦਦ ਕਰੋ।

ਬੱਚੇ ਆਪਣੇ ਮਾਪਿਆਂ ਰਾਹੀਂ ਚੀਜ਼ਾਂ 'ਤੇ ਪ੍ਰਤੀਕ੍ਰਿਆ ਕਰਨ ਬਾਰੇ ਸਿੱਖਦੇ ਹਨ।

ਭਾਵੇਂ ਨਵੀਂ ਭਾਸ਼ਾ ਬੋਲਣਾ ਸਿੱਖਣਾ ਹੋਵੇ ਜਾਂ ਆਪਣੀ ਪਹਿਲੀ ਸਾਈਕਲ ਚਲਾਉਣਾ ਸਿੱਖਣਾ ਹੋਵੇ, ਸਿੱਖਣ ਦੀ ਇੱਛਾ ਇੱਕ ਸਕਾਰਾਤਮਕ ਹੁਨਰ ਹੈ, ਜਿਸ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ।

5) ਅਸਫ਼ਲਤਾ ਅਜਿਹੀ ਚੀਜ਼ ਨਹੀਂ ਕਿ ਡਰਿਆ ਜਾਵੇ

ਗ਼ਲਤੀਆਂ ਨੂੰ ਸਿੱਖਣ ਲਈ ਸਕਾਰਾਤਕ ਤੌਰ ਤੇ ਦੇਖਿਆ ਜਾਵੇ।

ਗ਼ਲਤੀਆਂ ਤੋਂ ਸਿੱਖਣ ਨੂੰ ਅੱਗੇ ਵਧਣ ਦਾ ਮੌਕਾ ਸਮਝਿਆ ਜਾਣਾ ਚਾਹੀਦਾ ਹੈ ਕਿਉਂਕਿ ਬੱਚਿਆਂ ਨੂੰ ਇਹ ਸਮਝਣ ਵਿੱਚ ਮਦਦ ਕਰੇਗਾ ਕਿ ਉਹ ਅਗਲੀ ਵਾਰ ਸਮੱਸਿਆ ਨਾਲ ਵਧੀਆ ਤਰੀਕੇ ਨਾਲ ਕਿਵੇਂ ਨਜਿੱਠ ਸਕਦੇ ਹਨ।

6) ਲੇਬਲਜ਼ ਤੋਂ ਸਾਵਧਾਨ ਰਹੋ

ਲੇਬਲਜ਼ ਸਿਰਫ਼ ਤੁਹਾਡੇ ਬੱਚਿਆਂ ਨੂੰ ਦੂਜੇ ਬੱਚਿਆਂ ਤੋਂ ਵੱਖਰਾ ਕਰਨਗੇ।

ਇਹ ਉਨ੍ਹਾਂ ਨਾਲ ਨਾ ਸਿਰਫ਼ ਧੱਕੇਸ਼ਾਹੀ ਦਾ ਸਬੱਬ ਬਣਨਗੇ, ਸਗੋਂ ਨਿਰਾਸ਼ਾ ਹੋਣ ਦੇ ਬੇਅੰਤ ਦਬਾਅ ਨੂੰ ਵੀ ਜੋੜ ਸਕਦੇ ਹਨ।

7) ਆਪਣੇ ਬੱਚੇ ਦੀਆਂ ਲੋੜਾਂ ਪੂਰੀਆਂ ਕਰਨ ਲਈ ਅਧਿਆਪਕਾਂ ਦੇ ਨਾਲ ਕੰਮ ਕਰੋ

ਬੁੱਧੀਮਾਨ ਵਿਦਿਆਰਥੀਆਂ ਨੂੰ ਅਕਸਰ ਆਪਣੀ ਸਮਰੱਥਾ ਤੋਂ ਵੱਧ ਚੁਣੌਤੀਪੂਰਨ ਸਮੱਗਰੀ, ਵਾਧੂ ਮਦਦ ਜਾਂ ਆਜ਼ਾਦੀ ਦੀ ਲੋੜ ਹੁੰਦੀ ਹੈ।

ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਮੌਜੂਦਾ ਸਿੱਖਿਆ ਪ੍ਰਣਾਲੀ ਦੇ ਆਲੇ-ਦੁਆਲੇ ਕੰਮ ਕਰਨਾ ਬਹੁਤ ਅਹਿਮ ਹੈ।

8) ਆਪਣੇ ਬੱਚੇ ਦੀ ਕਾਬਲੀਅਤ ਦਾ ਪਰੀਖਣ ਕਰੋ

ਇਸ ਨਾਲ ਅਗਾਊਂ ਕੰਮ ਲਈ ਮਾਪਿਆਂ ਦੀਆਂ ਦਲੀਲਾਂ ਨੂੰ ਸਮਰਥਨ ਮਿਲ ਸਕਦਾ ਹੈ। ਇਸ ਦੇ ਨਾਲ ਹੀ ਡਿਸਲੈਕਸੀਆ (ਸਿੱਖਣ 'ਚ ਮੁਸ਼ਕਿਲ ਆਉਣਾ), ਅਟੈਂਸ਼ਨ ਡੈਫ਼ਿਸਿਟ ਹਾਈਪਰਐਕਟੀਵਿਟੀ ਡਿਸਆਰਡਰ (ਵਤੀਰਾ, ਘੱਟ ਧਿਆਨ) ਜਾਂ ਸਮਾਜਕ ਅਤੇ ਭਾਵਨਾਤਮਕ ਚੁਣੌਤੀਆਂ ਵਰਗੇ ਮੁੱਦਿਆਂ ਨੂੰ ਪ੍ਰਗਟ ਕਰ ਸਕਦਾ ਹੈ।

ਪਰ ਤੁਸੀਂ ਕਿਵੇਂ ਜਾਣੋਗੇ ਕਿ ਤੁਹਾਡੇ ਬੱਚੇ ਚ ਕੋਈ ਹੁਨਰ ਹੈ?

ਉੱਚ ਆਈਕਿਊ ਸੁਸਾਇਟੀ ਮੇਨਸਾ ਵੱਲੋਂ ਮੁਹੱਈਆ ਕਰਵਾਏ ਗਏ ਕੁਝ ਚਿੰਨ੍ਹ ਇਸ ਤਰ੍ਹਾਂ ਹਨ:

  • ਅਸਾਧਾਰਨ ਯਾਦਦਾਸ਼ਤ (An unusual memory)
  • ਛੇਤੀ ਪੜ੍ਹਨਾ (Reading early)
  • ਅਸਾਧਾਰਣ ਸ਼ੌਕ ਜਾਂ ਦਿਲਚਸਪੀਆਂ ਜਾਂ ਕੁਝ ਵਿਸ਼ਿਆਂ ਦਾ ਗਹਿਰਾਈ-ਪੱਧਰ ਦਾ ਗਿਆਨ
  • ਸੰਸਾਰਕ ਘਟਨਾਵਾਂ ਬਾਰੇ ਜਾਗਰੁਕਤਾ
  • ਹਰ ਸਮੇਂ ਸਵਾਲ ਪੁੱਛਣਾ
  • ਵਿਕਸਿਤ ਹਾਜ਼ਰ ਜਵਾਬੀ
  • ਸੰਗੀਤਕ
  • ਨਿਯੰਤਰਣ ਵਿੱਚ ਰਹਿਣਾ ਪਸੰਦ ਕਰਨਾ
  • ਖੇਡਾਂ ਦੇ ਵਾਧੂ ਨਿਯਮ ਬਣਾਉਣਾ

ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)