100 ਸਾਲਾਂ 'ਚ ਅਮਰੀਕਾ ਦਾ ਸਭ ਤੋਂ ਖ਼ਤਰਨਾਕ ਤੂਫ਼ਾਨ

ਤੂਫ਼ਾਨ 'ਹਰੀਕੇਨ ਮਾਈਕਲ' ਅਮਰੀਕਾ ਦੇ ਫਲੋਰੀਡਾ ਤਕ ਪਹੁੰਚ ਗਿਆ ਹੈ। ਤੂਫ਼ਾਨ ਕਾਰਨ ਸ਼ਹਿਰ ਅਤੇ ਘਰ ਪਾਣੀ ਨਾਲ ਭਰ ਗਏ ਹਨ। ਇਸ ਤੂਫ਼ਾਨ ਦੀ ਰਫਤਾਰ 200 ਕਿਲੋਮੀਟਰ ਪ੍ਰਤੀ ਘੰਟਾ ਸੀ।

ਫਲੋਰੀਡੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਦਰਖਤ ਦੇ ਡਿੱਗਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ।

ਤੂਫਾਨ ਦੇ ਡਰ ਤੋਂ 3 ਲੱਖ 70 ਹਜ਼ਾਰ ਲੋਕਾਂ ਨੂੰ ਇੱਥੋਂ ਦੂਰ ਉੱਚੀਆਂ ਥਾਂਵਾਂ 'ਤੇ ਜਾਣ ਦੇ ਆਦੇਸ਼ ਜਾਰੀ ਕੀਤੇ ਗਏ ਸਨ।

ਕਰੀਬ 5 ਲੱਖ ਲੋਕ ਬਿਨਾਂ ਬਿਜਲੀ ਦੇ ਰਹਿ ਰਹੇ ਹਨ।

ਮੱਧ ਅਮਰੀਕੀ ਮਹਾਂਦੀਪ ਵਿੱਚ ਇਸੇ ਸਮੁੰਦਰੀ ਤੂਫ਼ਾਨ ਦੀ ਵਜ੍ਹਾ ਨਾਲ 13 ਵਿਅਕਤੀਆਂ ਦੀ ਮੌਤ ਹੋ ਗਈ ਹੈ।

ਸਵੇਰੇ ਤੂਫ਼ਾਨੀ ਹਵਾਵਾਂ 200 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਚੱਲ ਰਹੀਆਂ ਸਨ। ਦੁਪਹਿਰ ਵੇਲੇ (ਭਾਰਤੀ ਸਮੇਂ ਅਨੁਸਾਰ ਰਾਤ 9.30) ਇਹ ਤੂਫ਼ਾਨ ਸਮੁੰਦਰ ਤੋਂ ਜ਼ਮੀਨ 'ਤੇ ਪਹੁੰਚ ਗਿਆ ਹੈ ਤਾਂ ਗਤੀ 230 ਕਿਲੋਮੀਟਰ ਤੋਂ ਵੀ ਜ਼ਿਆਦਾ ਹੋ ਗਈ ਹੈ।

ਅਮਰੀਕੀ ਮਹਾਂਦੀਪ ਨੂੰ ਅਜਿਹੇ ਤੂਫ਼ਾਨਾਂ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਹੈ।

ਇਹ ਵੀ ਪੜ੍ਹੋ:-

ਇਸ ਤੋਂ ਪਹਿਲਾਂ ਅਮਰੀਕਾ ਦੇ ਇਸੇ ਦੱਖਣ-ਪੂਰਬੀ ਇਲਾਕੇ ਨੂੰ ਹਰੀਕੇਨ ਫਲੌਰੈਂਸ ਦਾ ਸਾਹਮਣਾ ਕਰਨਾ ਪਿਆ ਸੀ। ਅਮਰੀਕਾ ਵਿੱਚ ਪਿਛਲੇ ਕੁਝ ਸਾਲਾਂ 'ਚ ਹਰੀਕੇਨ ਆਇਰੀਨ, ਕੈਟਰੀਨਾ ਤੇ ਹਰੀਕੇਨ ਲੀਅ ਦਾ ਵੀ ਸਾਹਮਣਾ ਕਰਨਾ ਪਿਆ ਹੈ।

ਕਿਵੇਂ ਰੱਖੇ ਜਾਂਦੇ ਹਨ ਨਾਂ?

ਇਨ੍ਹਾਂ ਤੂਫ਼ਾਨਾਂ ਨੂੰ ਕਿਸੇ ਨੰਬਰ ਜਾਂ ਕਿਸੇ ਤਕਨੀਕੀ ਨਾਂ ਦੀ ਥਾਂ ਇਨਸਾਨਾਂ ਵਰਗੇ ਨਾਂ ਦੇਣ ਦਾ ਕੀ ਕਾਰਣ ਹੈ? ਇਹ ਨਾਂ ਰੱਖਦਾ ਕੌਣ ਹੈ?

ਅਫਵਾਹਾਂ ਦੇ ਵਿਪਰੀਤ ਇਸ ਪ੍ਰਥਾ ਦਾ ਕਿਸੇ ਸਿਆਸੀ ਬੰਦੇ ਜਾਂ ਟਾਈਟੈਨਿਕ ਹਾਦਸੇ 'ਚ ਡੁੱਬੇ ਲੋਕਾਂ ਨਾਲ ਕੋਈ ਸੰਬੰਧ ਨਹੀਂ ਹੈ।

ਅਟਲਾਂਟਿਕ ਮਹਾਂਸਾਗਰ ਤੋਂ ਉੱਠਣ ਵਾਲੇ ਇਨ੍ਹਾਂ ਤੂਫ਼ਾਨਾਂ ਦੇ ਨਾਂ ਰੱਖਣ ਦੀ ਇਹ ਪ੍ਰਥਾ ਰਸਮੀ ਤੌਰ 'ਤੇ 1953 ਵਿੱਚ ਅਮਰੀਕਾ ਦੇ ਨੈਸ਼ਨਲ ਹਰੀਕੇਨ ਸੈਂਟਰ ਨੇ ਸ਼ੁਰੂ ਕੀਤੀ।

ਹੁਣ ਇਹ ਕੰਮ ਸੰਯੁਕਤ ਰਾਸ਼ਟਰ ਹੇਠਾਂ ਕੰਮ ਕਰਦੀ ਵਿਸ਼ਵ ਮੌਸਮ ਵਿਗਿਆਨ ਸੰਸਥਾ ਕਰਦੀ ਹੈ। ਇਸ ਸੰਸਥਾ ਦੀਆਂ ਅੱਗੇ ਪੰਜ ਖੇਤਰੀ ਕਮੇਟੀਆਂ ਹਨ ਜੋਕਿ ਸਾਲਾਨਾ ਮੀਟਿੰਗ ਕਰਕੇ ਨਾਂਵਾਂ ਦੀਆਂ ਸੂਚੀਆਂ ਤਿਆਰ ਕਰਦੀਆਂ ਹਨ।

ਸੂਚੀਆਂ ਅੰਗਰੇਜ਼ੀ ਵਰਣਮਾਲਾ ਦੇ ਹਿਸਾਬ ਨਾਲ ਚਲਦੀਆਂ ਹਨ — ਇਸੇ ਲਈ 2011 ਦੇ ਪਹਿਲੇ ਤੂਫ਼ਾਨ ਦਾ ਨਾਂ ਆਰਲੀਨ ਸੀ, ਦੂਜੇ ਦਾ ਬ੍ਰੈੱਟ।

ਔਰਤਾਂ ਦੇ ਨਾਂ ਕਿਉਂ?

ਵਿਸ਼ਵ ਮੌਸਮ ਵਿਗਿਆਨ ਸੰਸਥਾ ਦੇ ਅਧਿਕਾਰੀ ਕੋਜੀ ਕੁਰੋਏਵਾ ਨੇ 2011 'ਚ ਬੀਬੀਸੀ ਨੂੰ ਦੱਸਿਆ ਕਿ ਅਮਰੀਕੀ ਸੈਨਾ ਤਾਂ ਦੂਜੇ ਵਿਸ਼ਵ ਯੁੱਧ ਵੇਲੇ ਹੀ ਤੂਫ਼ਾਨਾਂ ਦੇ ਨਾਂ ਰੱਖਣ ਲੱਗੀ ਸੀ। "ਉਹ ਜ਼ਿਆਦਾਤਰ ਆਪਣੀਆਂ ਸੰਗਣਾਂ ਜਾਂ ਪਤਨੀਆਂ ਦੇ ਨਾਂ ਉੱਤੇ ਹੀ ਤੂਫ਼ਾਨਾਂ ਦੇ ਨਾਂ ਰੱਖ ਦਿੰਦੇ ਸਨ। ਇਸੇ ਲਈ ਜ਼ਿਆਦਾਤਰ ਮਹਿਲਾਵਾਂ ਦੇ ਨਾਂ ਤੂਫਾਨਾਂ ਨੂੰ ਦਿੱਤੇ ਹੁੰਦੇ ਸਨ।"

ਨਾਮਕਰਨ ਦੀ ਪ੍ਰਥਾ ਨੂੰ ਰਸਮੀ ਬਾਣਾ 1953 'ਚ ਪਹਿਨਾਇਆ ਗਿਆ ਪਰ ਮਰਦਾਨਾ ਨਾਂ 1970 ਦੇ ਦਹਾਕੇ 'ਚ ਹੀ ਰੱਖਣੇ ਸ਼ੁਰੂ ਹੋਏ।

ਅਜਿਹੇ ਨਾਵਾਂ ਦਾ ਮੁੱਖ ਕਾਰਨ ਹੈ ਕਿ ਲੋਕਾਂ ਨੂੰ ਚਿਤਾਵਨੀਆਂ ਤੇ ਹੋਰ ਸੂਚਨਾਵਾਂ ਸਮਝਣ 'ਚ ਸੌਖ ਹੋਵੇ।

ਇਹ ਵੀ ਪੜ੍ਹੋ:-

ਲੋਕ ਸੁਝਾਅ ਵੀ ਦਿੰਦੇ ਹਨ।

ਅਧਿਕਾਰੀ ਨੇ ਦੱਸਿਆ, "ਸਾਨੂੰ ਹਰ ਸਾਲ ਹੀ ਕਈ ਲੋਕ ਬੇਨਤੀ ਕਰਦੇ ਹਨ ਕਿ ਅਸੀਂ ਤੂਫ਼ਾਨਾਂ ਦਾ ਨਾਂ ਉਨ੍ਹਾਂ ਦੀ ਪਤਨੀ ਜਾਂ ਧੀ ਦੇ ਨਾਂ 'ਤੇ ਰੱਖ ਦੇਈਏ।"

ਸਿਆਸਤਦਾਨਾਂ ਦਾ ਮਜ਼ਾਕ ਵੀ...

ਕਈ ਤੂਫ਼ਾਨਾਂ ਦੇ ਨਾਂ ਥਾਵਾਂ ਉੱਪਰ ਵੀ ਰੱਖੇ ਗਏ ਹਨ।

19ਵੀ ਸਦੀ ਦੇ ਆਸਟਰੇਲਿਆਈ ਮੌਸਮ ਵਿਗਿਆਨੀ ਕਲੈਮੈਂਟ ਰੈਗੇ ਨੇ ਤਾਂ ਆਪਣੇ ਮਜ਼ੇ ਲਈ ਕਈ ਬਦਨਾਮ ਸਿਆਸਤਦਾਨਾਂ ਦੇ ਨਾਂ ਵੀ ਤੂਫ਼ਾਨਾਂ ਲਈ ਵਰਤੇ।

ਅੱਜਕਲ੍ਹ ਦੁਨੀਆਂ ਦੇ ਹਰ ਕੋਨੇ 'ਚ ਇਲਾਕਿਆਂ ਅਨੁਸਾਰ ਇਹ ਨਾਮਕਰਨ ਦਿ ਪ੍ਰਥਾ ਬਦਲਦੀ ਹੈ।

ਵਰਣਮਾਲਾ ਦੇ ਪੰਜ ਅੱਖਰ — Q, U, X, Y ਤੇ Z — ਅਟਲਾਂਟਿਕ ਮਹਾਂਸਾਗਰ ਵਾਲੀ ਸੂਚੀ 'ਚ ਨਹੀਂ ਵਰਤੇ ਜਾਂਦੇ, ਕਿਉਂਕਿ ਇਨ੍ਹਾਂ ਉੱਪਰ ਨਾਂ ਹੀ ਬਹੁਤ ਘੱਟ ਹਨ।

ਇਸ ਲਈ ਹਰ ਸਾਲ ਵੱਧ ਤੋਂ ਵੱਧ 21 ਨਾਂ ਹੀ ਉਪਲਬਧ ਹੁੰਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)