You’re viewing a text-only version of this website that uses less data. View the main version of the website including all images and videos.
ਮੈਨੂੰ ਖੌਫ਼ਜਦਾ ਕਰਨ ਲਈ ਤਸ਼ੱਦਦ ਕਰਨ ਤੋਂ ਬਾਅਦ ਉਹ ਟਾਰਚਰ ਦਾ ਸਮਾਨ ਮੇਜ਼ 'ਤੇ ਹੀ ਛੱਡ ਜਾਂਦੇ - ਵੀਗਰ ਚੀਨੀ ਮੁਸਲਮਾਨ
ਸਦੀਆਂ ਤੋਂ ਚੀਨ ਦੇ ਸ਼ਿਨਜਿਆਂਗ ਵਿੱਚ ਰਹਿ ਰਹੇ ਮੁਸਲਮਾਨਾਂ ਨੂੰ ਹੁਣ ਆਪਣੇ ਧਰਮ 'ਤੇ ਕਾਇਮ ਰਹਿਣਾ ਕਾਫੀ ਮੁਸ਼ਕਿਲ ਹੋ ਗਿਆ ਹੈ।
ਚੀਨ ਦੀ ਕਮਿਊਨਿਸਟ ਸਰਕਾਰ ਦਾ ਕਹਿਣਾ ਹੈ ਕਿ ਹਲਾਲ ਦੀ ਪ੍ਰਥਾ ਧਰਮ ਨਿਰਪੱਖਤਾ ਲਈ ਖ਼ਤਰਾ ਹੈ।
ਚੀਨ ਨੇ ਮੁਸਲਮਾਨਾਂ ਦੇ ਬਹੁਗਿਣਤੀ ਵਾਲੇ ਸੂਬੇ ਸ਼ਿਨਜਿਆਂਗ ਵਿੱਚ ਹਲਾਲ ਦੇ ਉਤਪਾਦਾਂ ਖਿਲਾਫ਼ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਹੈ।
ਇਸ ਨੂੰ ਦੇਸ ਦੇ ਪੱਛਮ ਹਿੱਸੇ ਵਿੱਚ ਰਹਿਣ ਵਾਲੇ ਵੀਗਰ ਭਾਈਚਾਰੇ ਨੇ ਮੁਸਲਮਾਨਾਂ ਦੀ ਜ਼ਿੰਦਗੀ ਨੂੰ ਬਦਲਣ ਦੀ ਕੋਸ਼ਿਸ਼ ਦੱਸਿਆ ਜਾ ਰਿਹਾ ਹੈ।
ਨਾਲ ਹੀ ਚੀਨ ਨੇ ਪਹਿਲੀ ਵਾਰ ਇਹ ਮੰਨਿਆ ਹੈ ਕਿ ਉਹ ਸ਼ਿਨਜਿਆਂਗ ਸੂਬੇ ਵਿੱਚ ਲੋਕਾਂ ਨੂੰ ਸਿੱਖਿਆ ਦੇਣ ਲਈ ਕੈਂਪ ਚਲਾ ਰਿਹਾ ਹੈ।
ਇਹ ਵੀ ਪੜ੍ਹੋ:
ਇਨ੍ਹਾਂ ਕੈਂਪਾਂ ਦਾ ਮਕਸਦ ਹੈ, ਸੂਬੇ ਦੇ ਲੋਕਾਂ ਦੀ ਵਿਚਾਰਧਾਰਾ ਬਦਲਣਾ ਹੈ। ਚੀਨ ਅਨੁਸਾਰ ਉਹ ਇੱਥੇ ਇਸਲਾਮ ਦੇ ਕੱਟੜਪੰਥ ਨਾਲ ਜੰਗ ਕਰ ਰਿਹਾ ਹੈ।
ਸ਼ਿਨਜਿਆਂਗ ਦੀ ਰਾਜਧਾਨੀ ਉਰੂਮਚੀ ਵਿੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਹਲਾਲ ਚੀਜ਼ਾਂ ਦੇ ਇਸਤੇਮਾਲ ਵਿੱਚ ਕਮੀ ਲਿਆਉਣਾ ਚਾਹੁੰਦੇ ਹਨ ਕਿਉਂਕਿ ਹਲਾਲ ਨਾਲ ਧਾਰਮਿਕ ਅਤੇ ਧਰਮ ਨਿਰਪੱਖ ਜ਼ਿੰਦਗੀ ਵਿਚਾਲੇ ਫਾਸਲਾ ਧੁੰਦਲਾ ਹੋ ਜਾਂਦਾ ਹੈ।
ਸੋਮਵਾਰ ਨੂੰ ਹੋਈ ਇੱਕ ਮੀਟਿੰਗ ਤੋਂ ਬਾਅਦ ਸੂਬੇ ਦੀ ਕਮਿਊਨਿਸਟ ਲੀਡਰਸ਼ਿਪ ਨੇ ਇਹ ਸਹੁੰ ਚੁੱਕੀ ਕਿ ਉਹ ਸ਼ਿਨਜਿਆਂਗ ਵਿੱਚ ਹਲਾਲ ਦੇ ਖਿਲਾਫ਼ ਜੰਗ ਸ਼ੁਰੂ ਕਰਨਗੇ।
ਇਸ ਸਹੁੰ ਦੀ ਜਾਣਕਾਰੀ ਉਰੂਮਚੀ ਪ੍ਰਸ਼ਾਸਨ ਨੇ ਆਪਣੇ ਵੀਚੈਟ ਅਕਾਊਂਟ 'ਤੇ ਦਿੱਤੀ ਹੈ।
ਚੀਨ ਦੇ ਸਰਕਾਰੀ ਅਖ਼ਬਾਰ ਗਲੋਬਲ ਟਾਈਮਜ਼ ਨੇ ਬੁੱਧਵਾਰ ਨੂੰ ਲਿਖਿਆ, "ਹਲਾਲ ਉਤਪਾਦਾਂ ਦੀ ਮੰਗ ਕਾਰਨ ਦਿੱਕਤਾਂ ਪੇਸ਼ ਆ ਰਹੀਆਂ ਹਨ। ਇਸ ਦੇ ਕਾਰਨ ਇਸਲਾਮ ਦਾ ਧਰਮ ਨਿਰਪੱਖ ਜੀਵਨ ਵਿੱਚ ਦਖਲ ਵਧ ਰਿਹਾ ਹੈ।''
ਸੂਬੇ ਦੇ ਇੱਕ ਸਥਾਨਕ ਅਧਿਕਾਰੀ ਇਲਸ਼ਾਤ ਓਸਮਾਨ ਨੇ ਇੱਕ ਲੇਖ ਲਿਖਿਆ ਹੈ, ਜਿਸ ਵਿੱਚ ਉਨ੍ਹਾਂ ਨੇ ਕਿਹਾ ਹੈ, "ਮਿੱਤਰੋਂ ਤੁਹਾਨੂੰ ਹਮੇਸ਼ਾ ਹਲਾਲ ਰੈਸਤਰਾਂ ਖੋਜਣ ਦੀ ਲੋੜ ਨਹੀਂ ਹੈ।''
ਹਲਾਲ ਦੀ ਪਰਵਾਹ ਨਾ ਕਰੋ
ਸਰਕਾਰ ਅਨੁਸਾਰ ਅਧਿਕਾਰੀਆਂ ਨੂੰ ਹਲਾਲ ਦੀ ਪਰਵਾਹ ਕਰੇ, ਬਗੈਰ ਹਰ ਕਿਸਮ ਦੇ ਖਾਣੇ ਦਾ ਸਵਾਦ ਲੈਣ ਲਈ ਕਿਹਾ ਗਿਆ ਹੈ।
ਸਥਾਨਕ ਕਮਿਊਨਿਸਟ ਲੀਡਰਸ਼ਿਪ ਨੇ ਇਹ ਸਾਫ਼ ਕੀਤਾ ਹੈ ਕਿ ਉਹ ਚਾਹੁੰਦੇ ਹਨ ਕਿ ਸ਼ਿਨਜਿਆਂਗ ਵਿੱਚ ਸਾਰੇ ਮਾਰਕਸਵਾਦ-ਲੈਨਿਨਵਾਦ 'ਤੇ ਭਰੋਸਾ ਕਰਨ ਨਾ ਕਿ ਕਿਸੇ ਧਰਮ 'ਤੇ।
ਇਸਦੇ ਨਾਲ ਹੀ ਸਾਰੇ ਲੋਕ ਜਨਤਕ ਥਾਂਵਾਂ 'ਤੇ ਚੀਨੀ ਭਾਸ਼ਾ ਬੋਲਣ।
ਉਂਝ ਤਾਂ ਚੀਨ ਵਿੱਚ ਸਾਰੇ ਲੋਕਾਂ ਨੂੰ ਆਪਣੇ ਧਰਮ ਦਾ ਪਾਲਣ ਕਰਨ ਦੀ ਇਜਾਜ਼ਤ ਹੈ ਪਰ ਹਾਲ ਦੇ ਮਹੀਨਿਆਂ ਵਿੱਚ ਲੋਕਾਂ ਦੀ ਧਾਰਮਿਕ ਆਸਥਾ ਤੇ ਸਰਕਾਰ ਦੀ ਨਿਗਰਾਨੀ ਵਧੀ ਹੈ।
ਇਸਲਾਮੀ ਕੱਟੜਪੰਥ ਖਿਲਾਫ਼ ਜੰਗ
ਚੀਨ ਦਾ ਕਹਿਣਾ ਹੈ ਕਿ ਉਹ ਸ਼ਿਨਜਿਆਂਗ ਵਿੱਚ ਇਸਲਾਮੀ ਕੱਟੜਪੰਥ ਖਿਲਾਫ਼ ਜੰਗ ਲੜ ਰਿਹਾ ਹੈ, ਅਜਿਹੀਆਂ ਖ਼ਬਰਾਂ ਆਈਆਂ ਹਨ ਕਿ ਇੱਥੇ ਲੱਖਾਂ ਲੋਕਾਂ ਨੂੰ ਇੱਕ ਖ਼ਾਸ ਤਰੀਕੇ ਦੇ ਕੈਂਪ ਵਿੱਚ ਰੱਖਿਆ ਗਿਆ ਹੈ।
ਇਨ੍ਹਾਂ ਕੈਂਪਾਂ ਵਿੱਚ ਲੋਕਾਂ ਨੂੰ ਨਵੇਂ ਜ਼ਮਾਨੇ ਦੀ ਸਿੱਖਿਆ ਦਿੱਤੀ ਜਾ ਰਹੀ ਹੈ।
ਹੁਣ ਚੀਨ ਨੇ ਸਾਫ਼ ਕਰ ਦਿੱਤਾ ਹੈ ਕਿ ਇਹ ਕੈਂਪ ਲੋਕਾਂ ਨੂੰ ਮੁੜ ਸਿੱਖਿਆ ਦੇਣ ਦੇ ਵਿਚਾਰ ਨਾਲ ਖੋਲ੍ਹੇ ਗਏ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਕੈਂਪ ਉਨ੍ਹਾਂ ਲੋਕਾਂ ਨੂੰ ਬਦਲਣ ਲਈ ਹਨ ਜੋ ਧਾਰਮਿਕ ਕੱਟੜਪੰਥ ਤੋਂ ਪ੍ਰਭਾਵਿਤ ਹਨ।
ਨਵੇਂ ਦੌਰ ਦੀ ਸਿੱਖਿਆ
ਸ਼ਿਨਜਿਆਂਗ ਵਿੱਚ ਵੀਗਰ ਮੁਸਲਮਾਨ ਨੌਜਵਾਨਾਂ ਦੇ ਲਾਪਤਾ ਹੋਣ ਦੇ ਮੁੱਦੇ 'ਤੇ ਪੂਰੀ ਦੁਨੀਆਂ ਵਿੱਚ ਚਿੰਤਾ ਜ਼ਾਹਿਰ ਕੀਤੀ ਜਾ ਰਹੀ ਹੈ।
ਹਾਲ ਵਿੱਚ ਹੀ ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰਾਂ ਦੇ ਮਾਮਲਿਆਂ ਦੀ ਕਮੇਟੀ ਦੇ ਸਾਹਮਣੇ ਕਿਹਾ ਗਿਆ ਕਿ ਚੀਨ ਵਿੱਚ ਕਰੀਬ ਦਸ ਲੱਖ ਵੀਗਰ ਮੁਸਲਮਾਨ ਮੁੜ ਤੋਂ ਸਿੱਖਿਆ ਕੈਂਪਾਂ ਵਿੱਚ ਹਨ।
ਇਹ ਵੀ ਪੜ੍ਹੋ:
ਸ਼ਿਨਜਿਆਂਗ ਦੀ ਸਰਕਾਰ ਵੱਲੋਂ ਲਿਆਏ ਗਏ ਬਿੱਲ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਕੈਂਪਾਂ ਦਾ ਮਕਸਦ ਪੇਸ਼ੇਵਰ ਟਰੇਨਿੰਗ ਦੇਣ ਤੋਂ ਇਲਾਵਾ ਵਤੀਰੇ ਨੂੰ ਸਹੀ ਕਰਨਾ ਅਤੇ ਪ੍ਰੈਕਟਿਕਲ ਸਿੱਖਿਆ ਦੇਣਾ ਵੀ ਹੈ। ਇਹ ਇਸ ਖੇਤਰ ਵਿੱਚ ਧਰਮ ਵਿੱਚ ਚੀਨ ਦੇ ਦਖਲ ਦਾ ਪੁਖ਼ਤਾ ਸਬੂਤ ਹਨ।
ਦੁਨੀਆਂ ਦੀ ਸਭ ਤੋਂ ਵੱਡੀ ਜੇਲ੍ਹ?
ਅਗਸਤ ਵਿੱਚ ਇੱਕ ਸੰਯੁਕਤ ਰਾਸ਼ਟਰ ਦੀ ਕਮੇਟੀ ਨੂੰ ਦੱਸਿਆ ਗਿਆ ਸੀ ਕਿ ਸ਼ਿਨਜਿਆਂਗ ਵਿੱਚ ਕਰੀਬ ਦਸ ਲੱਖ ਮੁਸਲਮਾਨਾਂ ਨੂੰ ਇੱਕ ਤਰੀਕੇ ਨਾਲ ਹਿਰਾਸਤ ਵਿੱਚ ਰੱਖਿਆ ਗਿਆ ਹੈ। ਉੱਥੇ ਉਨ੍ਹਾਂ ਨੂੰ ਮੁੜ ਸਿੱਖਿਆ ਦਿੱਤੀ ਜਾ ਰਹੀ ਹੈ।
ਚੀਨ ਇਨ੍ਹਾਂ ਖਬਰਾਂ ਦਾ ਖੰਡਨ ਕਰਦਾ ਹੈ ਪਰ ਇਸ ਦੌਰਾਨ ਸ਼ਿਨਜਿਆਂਗ ਵਿੱਚ ਲੋਕਾਂ 'ਤੇ ਨਿਗਰਾਨੀ ਰੱਖਣ ਦੇ ਕਈ ਸਬੂਤ ਸਾਹਮਣੇ ਆਏ ਹਨ।
ਸ਼ਿਨਜਿਆਂਗ ਤੋਂ ਸਿੱਧੀਆਂ ਖ਼ਬਰਾਂ ਆਉਣਾ ਮੁਸ਼ਕਿਲ ਹੈ। ਉੱਥੇ ਮੀਡੀਆ 'ਤੇ ਪਾਬੰਦੀ ਹੈ ਪਰ ਬੀਬੀਸੀ ਨੇ ਕਈ ਵਾਰ ਇਸ ਖੇਤਰ ਤੋਂ ਰਿਪੋਰਟਜ਼ ਇਕੱਠੀਆਂ ਕੀਤੀਆਂ ਹਨ ਅਤੇ ਖੁਦ ਇਨ੍ਹਾਂ ਕੈਂਪਾਂ ਦੇ ਸਬੂਤ ਦੇਖੇ ਹਨ।
ਬੀਬੀਸੀ ਦੇ ਪ੍ਰੋਗਰਾਮ ਨਿਊਜ਼ਨਾਈਟ ਨੇ ਕਈ ਅਜਿਹੇ ਲੋਕਾਂ ਨਾਲ ਗੱਲਬਾਤ ਕੀਤੀ ਹੈ ਜੋ ਇਨ੍ਹਾਂ ਜੇਲ੍ਹਾਂ ਵਿੱਚ ਰਹਿ ਚੁੱਕੇ ਹਨ। ਅਜਿਹੇ ਇੱਕ ਸ਼ਖਸ ਹਨ ਆਮਿਰ।
ਆਮਿਰ ਨੇ ਬੀਬੀਸੀ ਨੂੰ ਦੱਸਿਆ, "ਉਹ ਮੈਨੂੰ ਸੌਣ ਨਹੀਂ ਦਿੰਦੇ ਹਨ। ਮੈਨੂੰ ਕਈ ਘੰਟਿਆਂ ਤੱਕ ਲਟਕਾ ਕੇ ਰੱਖਿਆ ਜਾਂਦਾ ਸੀ। ਮੇਰੀ ਚਮੜੀ ਵਿੱਚ ਸੂਈਆਂ ਚੁਭਾਈਆਂ ਜਾਂਦੀਆਂ ਸਨ। ਪਲਾਸ ਨਾਲ ਮੇਰੇ ਨੂੰਹ ਖਿੱਚੇ ਜਾਂਦੇ ਸਨ।''
"ਤਸ਼ੱਦਦ ਦਾ ਸਾਰਾ ਸਾਮਾਨ ਮੇਰੇ ਟੇਬਲ 'ਤੇ ਹੀ ਰੱਖਿਆ ਜਾਂਦਾ ਸੀ ਤਾਂ ਜੋ ਮੈਂ ਖੌਫ਼ਜ਼ਦਾ ਰਹਾਂ। ਮੈਨੂੰ ਦੂਜੇ ਲੋਕਾਂ ਦੇ ਚੀਕਣ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਸਨ।''
ਕਿੱਥੇ ਹੈ ਸ਼ਿਨਜਿਆਂਗ?
ਸ਼ਿਨਜਿਆਂਗ ਚੀਨ ਦੇ ਪੱਛਮ ਵਿੱਚ ਦੇਸ ਦਾ ਸਭ ਤੋਂ ਵੱਡਾ ਸੂਬਾ ਹੈ। ਇਸ ਦੀਆਂ ਸਰਹੱਦਾਂ ਭਾਰਤ, ਅਫਗਾਨਿਸਤਾਨ ਅਤੇ ਮੰਗੋਲੀਆ ਵਰਗੇ ਦੇਸਾਂ ਨਾਲ ਮਿਲਦੀਆਂ ਹਨ।
ਕਹਿਣ ਨੂੰ ਤਾਂ ਇਹ ਵੀ ਤਿੱਬਤ ਵਾਂਗ ਹੀ ਇੱਕ ਖੁਦ ਮੁਖਤਿਆਰ ਖੇਤਰ ਹੈ ਪਰ ਇੱਥੋਂ ਦੀ ਸਰਕਾਰ ਦੀ ਡੋਰ ਬੀਜਿੰਗ ਦੇ ਹੱਥਾਂ ਵਿੱਚ ਹੀ ਹੈ।
ਇਹ ਵੀ ਪੜ੍ਹੋ:
ਸਦੀਆਂ ਤੋਂ ਇਸ ਸੂਬੇ ਦੀ ਅਰਥਵਿਵਸਥਾ ਖੇਤੀ ਅਤੇ ਵਪਾਰ ਤੇ ਕੇਂਦਰਿਤ ਰਹੀ ਹੈ। ਇਤਿਹਾਸਕ ਸਿਲਕ ਰੂਟ ਕਾਰਨ ਇੱਥੇ ਖੁਸ਼ਹਾਲੀ ਰਹੀ ਹੈ।
ਵੀਹਵੀਂ ਸਦੀ ਦੀ ਸ਼ੁਰੂਆਤ ਵਿੱਚ ਵੀਗਰ ਭਾਈਚਾਰੇ ਨੇ ਥੋੜ੍ਹੇ ਵਕਤ ਲਈ ਹੀ ਸਹੀ ਸ਼ਿਨਜਿਆਂਗ ਨੂੰ ਆਜ਼ਾਦ ਐਲਾਨ ਦਿੱਤਾ ਗਿਆ ਸੀ। 1949 ਦੀ ਕਮਿਨਿਊਸਟ ਕ੍ਰਾਂਤੀ ਤੋਂ ਬਾਅਦ ਇਹ ਸੂਬਾ ਚੀਨ ਦਾ ਹਿੱਸਾ ਬਣ ਗਿਆ।