ਅਮਰੀਕਾ: 1972 ਤੋਂ ਬਾਅਦ ਕੋਈ ਚੰਨ 'ਤੇ ਕਿਉਂ ਨਹੀਂ ਗਿਆ?

    • ਲੇਖਕ, ਬੀਬੀਸੀ ਵਰਲਡ
    • ਰੋਲ, ਬੀਬੀਸੀ ਮੁੰਡੋ

ਨੀਲ ਆਰਮਸਟ੍ਰਾਂਗ ਨੇ ਚੰਦ 'ਤੇ ਪੈਰ ਰੱਖਦਿਆਂ ਕਿਹਾ ਸੀ ਕਿ ਇਹ ਬੰਦੇ ਲਈ ਭਾਵੇਂ ਨਿੱਕਾ ਜਿਹਾ ਕਦਮ ਹੋਵੇ ਪਰ ਇਨਸਾਨੀਅਤ ਲਈ ਇਹ ਇੱਕ ਵੱਡੀ ਪੁਲਾਂਘ ਸੀ।

21 ਜੁਲਾਈ 1969 ਨੂੰ ਪਹਿਲੇ ਇਨਸਾਨ ਆਰਮਸਟ੍ਰਾਂਗ ਨੇ ਚੰਨ ਤੇ ਪੈਰ ਰਖਿਆ। ਇਸ ਖ਼ਬਰ ਨੇ ਦੁਨੀਆਂ ਹਿੱਲਾ ਦਿੱਤੀ।

ਇਸ ਮਗਰੋਂ ਦਸੰਬਰ 1972 ਤੱਕ ਪੰਜ ਹੋਰ ਅਮਰੀਕੀ ਮਿਸ਼ਨ ਚੰਦ 'ਤੇ ਗਏ ਜਿਸ ਦੇ ਬਾਅਦ ਯੂਜੀਨ ਸਰਨੰਨ ਨੇ ਚੰਨ ਦੇ ਮਿਸ਼ਨਾਂ 'ਤੇ ਰੋਕ ਲਾ ਦਿੱਤੀ।

ਉਸ ਮਗਰੋਂ 45 ਤੋਂ ਵੀ ਵੱਧ ਸਾਲਾਂ ਤੱਕ ਕੋਈ ਇਨਸਾਨ ਧਰਤੀ ਦੇ ਇਸ ਕੁਦਰਤੀ ਉਪ ਗ੍ਰਹਿ 'ਤੇ ਵਾਪਸ ਨਹੀਂ ਮੁੜਿਆ।

ਚੀਨ, ਰੂਸ ਤੇ ਨਾ ਅਮਰੀਕਾ꞉ ਹੁਣ ਪੁਲਾੜ ਦਾ ਲੀਡਰ ਕੌਣ ਹੈ?

ਇਸ ਬਾਰੇ ਕਈ ਉਂਗਲਾਂ ਉੱਠੀਆਂ ਕਿ ਚੰਦ ਤੇ ਉਤਾਰਾ ਤਾਂ ਕਦੇ ਹੋਇਆ ਹੀ ਨਹੀਂ। ਜੋ ਕੁੱਝ ਟੈਲੀਵਿਜ਼ਨ ਤੇ ਪ੍ਰਸਾਰਿਤ ਕੀਤਾ ਗਿਆ ਉਹ ਤਾਂ ਸਭ ਸਟੂਡੀਓ ਵਿੱਚ ਫ਼ਿਲਮਾਇਆ ਗਿਆ ਸੀ।

ਹੁਣ ਕੋਈ ਅੱਧੀ ਸਦੀ ਮਗਰੋਂ ਅਮਰੀਕਾ ਨੇ ਐਲਾਨ ਕੀਤਾ ਹੈ ਕਿ ਉਹ ਜਲਦ ਹੀ ਦੁਬਾਰਾ ਚੰਨ ਤੇ ਮਿਸ਼ਨ ਭੇਜੇਗਾ ਜੋ ਮੰਗਲ ਫ਼ਤਹਿ ਵੱਲ ਇੱਕ ਕਦਮ ਹੋਵੇਗਾ।

ਰਾਸ਼ਟਰਪਤੀ ਡੌਨਲਡ ਟਰੰਪ ਨੇ ਹੁਣ ਅਮਰੀਕ ਦੀ ਪੁਲਾੜ ਨੀਤੀ-1 'ਤੇ ਸਹੀ ਪਾਈ ਹੈ। ਇਸ ਮੁਤਾਬਕ ਨਾਸਾ ਨੂੰ ਚੰਨ ਤੇ ਇਨਸਾਨ ਭੇਜਣ ਦੇ ਹੁਕਮ ਦਿੱਤੇ ਗਏ ਹਨ।

ਅਖੀਰ ਕਿਉਂ ਅਮਰੀਕਾ ਜਾਂ ਕਿਸੇ ਹੋਰ ਮੁਲਕ ਨੇ ਅੱਧੀ ਸਦੀ ਤੱਕ ਚੰਦ 'ਤੇ ਮਿਸ਼ਨ ਨਹੀਂ ਭੇਜਿਆ ?

ਕੀ ਸਵਾਲ ਪੈਸੇ ਦਾ ਹੈ?

ਸੂਵੀਅਤ ਯੂਨੀਅਨ ਨੇ ਇੱਕ ਵਾਰ ਇੱਕ ਕੁੱਤਾ ਤੇ ਇੱਕ ਬਾਂਦਰ ਪੁਲਾੜ ਵੱਲ ਭੇਜਿਆ ਸੀ। ਉਹ ਵੀ ਇਸ ਪਾਸੇ ਕੋਈ ਮਾਅਰਕਾ ਨਹੀਂ ਮਾਰ ਸਕਿਆ।

ਇਨਸਾਨ ਨੂੰ ਚੰਨ 'ਤੇ ਭੇਜਣਾ ਕਾਫ਼ੀ ਖਰਚੀਲੀ ਮੁਹਿੰਮ ਸੀ।

ਕੈਲੀਫ਼ੋਰਨੀਆ ਯੂਨੀਵਰਸਿਟੀ ਵਿੱਚ ਖਗੋਲ ਵਿਗਿਆਨ ਦੇ ਪ੍ਰੋਫ਼ੈਸਰ ਮਿਸ਼ੇਲ ਰਿੱਚ ਨੇ ਬੀਬੀਸੀ ਨੂੰ ਦੱਸਿਆ, "ਇਨਸਾਨ ਨੂੰ ਚੰਦ 'ਤੇ ਭੇਜਣਾ ਕਾਫ਼ੀ ਖਰਚੀਲੀ ਮੁਹਿੰਮ ਸੀ ਅਤੇ ਇਸ ਨੂੰ ਜਾਰੀ ਰੱਖਣ ਲਈ ਕੋਈ ਵਿਗਿਆਨਕ ਵਿਆਖਿਆ ਨਹੀਂ ਸੀ।"

ਮਾਹਿਰ ਮੁਤਾਬਕ ਵਿਗਿਆਨ ਰੁਚੀ ਤੋਂ ਵੀ ਵੱਧ ਕੇ ਇਨ੍ਹਾਂ ਮਿਸ਼ਨਾਂ ਪਿੱਛੇ ਸਿਆਸੀ ਕਾਰਨ ਸਨ। ਖ਼ਾਸ ਕਰਕੇ ਪੁਲਾੜ 'ਤੇ ਦਬਦਬਾ ਬਣਾਉਣ ਦੀ ਹੋੜ।

ਸਾਲਾਂ ਤੱਕ ਚੰਦ ਤੇ ਅਮਰੀਕੀ ਝੰਡਾ ਲਹਿਰਾ ਰਿਹਾ ਸੀ ਇਸ ਲਈ ਇਸ ਵੱਲ ਮੁੜਨ ਦਾ ਕੋਈ ਸਿਆਸੀ ਜਾਂ ਵਿਗਿਆਨਕ ਤਰਕ ਨਹੀਂ ਸੀ।

2004 ਵਿੱਚ ਜਾਰਜ ਬੁਸ਼ ਨੇ ਟਰੰਪ ਵਰਗੀ ਹੀ ਤਜਵੀਜ਼ ਰੱਖੀ ਕਿ ਚੰਨ ਵੱਲ ਇਨਸਾਨ ਭੇਜ ਕੇ ਉੱਥੋਂ ਮੰਗਲ ਲਈ ਰਾਹ ਖੋਲੇ ਜਾਣ।

ਰਿੱਚ ਮੁਤਾਬਕ ਪ੍ਰੋਜੈਕਟ ਵਾਪਸ ਲੈ ਲਿਆ ਗਿਆ। ਕਾਰਨ ਉਹੀ, ਖਰਚਾ।

ਬੁਸ਼ ਤੋਂ ਮਗਰੋਂ ਓਬਾਮਾ ਸਰਕਾਰ ਵੀ ਚੰਨ ਤੇ ਇਨਸਾਨੀ ਪਾਰਸਲ ਭੇਜਣ 'ਤੇ 104,000 ਮਿਲੀਅਨ ਅਮਰੀਕੀ ਡਾਲਰ ਖਰਚਣਾ ਨਹੀਂ ਚਾਹੁੰਦੀ ਸੀ।

ਹੁਣ ਕੋਈ ਸੀਤ ਯੁੱਧ ਵਾਂਗ ਚੰਦ 'ਤੇ ਕਿਉਂ ਨਹੀਂ ਜਾਣਾ ਚਾਹੁੰਦਾ?

ਉਨ੍ਹਾਂ ਦਾ ਕਹਿਣਾ ਹੈ, "ਅਮਲੀ ਰੂਪ ਚੰਦ ਤੇ ਜਾਣ ਲਈ ਵਿਗਿਆਨਕ ਨਜ਼ਰੀਏ ਦਾ ਅਣਹੋਂਦ ਵਿੱਚ ਸੰਸਦ ਨੂੰ ਐਨੇ ਵੱਡੇ ਖਰਚ ਲਈ ਰਾਜੀ ਕਰਨਾ ਬਹੁਤ ਮੁਸ਼ਕਿਲ ਹੈ।"

ਅਪੋਲੋ ਪ੍ਰੋਜੈਕਟ ਵਧੀਆ ਸੀ ਪਰ "ਵਿਗਿਆਨਕ ਤੌਰ ਤੇ ਫ਼ਾਇਦੇ ਮੰਦ ਨਹੀਂ ਸੀ।"

ਪ੍ਰੋਜੈਕਟ ਦੌਰਾਨ ਅਮਰੀਕੀ ਸਰਕਾਰ ਨੇ ਕੁੱਲ ਸੰਘੀ ਬਜਟ ਦਾ ਲਗਭਗ 5 ਫ਼ੀਸਦੀ ਨਾਸਾ ਦੀਆਂ ਯੋਜਨਾਵਾਂ ਲਈ ਦਿੱਤਾ। ਹੁਣ ਇਹ ਇੱਕ ਫ਼ੀਸਦੀ ਤੋਂ ਵੀ ਘੱਟ ਹੈ।

ਉਨ੍ਹਾਂ ਦਾ ਕਹਿਣਾ ਹੈ, "ਉਨ੍ਹਾਂ ਸਾਲਾਂ ਵਿੱਚ ਅਮਰੀਕੀਆਂ ਨੂੰ ਲਗਦਾ ਸੀ ਕਿ ਅਜਿਹੇ ਪ੍ਰੋਜੈਕਟਾਂ ਲਈ ਇਤਨੀ ਰਕਮ ਰਾਖਵੀਂ ਰੱਖਣੀ ਜ਼ਰੂਰੀ ਸੀ। ਮੈਨੂੰ ਨਹੀਂ ਲਗਦਾ ਹੁਣ ਲੋਕ ਮੰਨਣਗੇ ਕਿ ਉਨ੍ਹਾਂ ਦੇ ਟੈਕਸਾਂ ਦਾ ਪੈਸਾ ਚੰਨ 'ਤੇ ਤੁਰਨ ਲਈ ਵਰਤਿਆ ਜਾਵੇ।"

ਉਨ੍ਹਾਂ ਮੁਤਾਬਕ ਇੱਕ ਹੋਰ ਕਾਰਨ ਇਹ ਵੀ ਇਸ ਸਮੇਂ ਦੌਰਾਨ ਨਾਸਾ ਹੋਰ ਵਧੇਰੇ ਅਹਿਮ ਕੰਮਾਂ ਵਿੱਚ ਲੱਗੀ ਹੋਈ ਸੀ ਜਿਵੇਂ ਨਵੇਂ ਉਪ ਗ੍ਰਹਿ, ਬ੍ਰਹਿਸਪਤੀ ਦੀ ਪੜਤਾਲ, ਕੌਮਾਂਤਰੀ ਪੁਲਾੜ ਸਟੇਸ਼ਨ ਔਰਬਿਟ ਵਿੱਚ ਛੱਡਣਾ ਨਵੇਂ ਗ੍ਰਹਿਆਂ ਤੇ ਗਲੈਕਸੀਆਂ ਦੀ ਖੋਜ। ਇਨ੍ਹਾਂ ਸਭ ਦੀ ਚੰਦ ਤੇ ਜਾਣ ਨਾਲੋਂ ਜਿਆਦਾ ਵਿਗਿਆਨਕ ਅਹਿਮੀਅਤ ਸੀ।

ਨਵਾਂ ਰੁਝਾਨ

ਪਿਛਲੇ ਸਾਲਾਂ ਦੌਰਾਨ ਚੰਨ ਤੇ ਫ਼ੇਰੀਆਂ ਲਾਉਣ ਵੱਲ ਰੁਚੀ ਵਧੀ ਹੈ।

ਇਨ੍ਹਾਂ ਵਿੱਚ ਚੰਦ ਤੇ ਜਾਣਾ ਹੀ ਨਹੀਂ ਬਲਕਿ ਪਿੰਡ ਵਸਾਉਣ ਵਰਗੀਆਂ ਦਿਲਚਸਪ ਯੋਜਨਾਵਾਂ ਵੀ ਹਨ।

ਇਨ੍ਹਾਂ ਵਿੱਚੋਂ ਬਹੁਤਿਆਂ ਦਾ ਆਧਾਰ ਦਿਨੋਂ ਦਿਨ ਹੁੰਦਾ ਤਕਨੀਕੀ ਵਿਕਾਸ ਤੇ ਇਸ ਸਦਕਾ ਉਪਗ੍ਰਹਿਆਂ ਦਾ ਸਸਤਾ ਹੁੰਦਾ ਨਿਰਮਾਣ ਹੈ।

ਮਿਸਾਲ ਵਜੋਂ ਚੀਨ 2018 ਵਿੱਚ ਤੇ ਰੂਸ ਨੇ 2031 ਤੱਕ ਉੱਥੇ ਉਤਰਨ ਦਾ ਐਲਾਨ ਕੀਤਾ ਹੋਇਆ ਹੈ।

ਇਸੇ ਦੌਰਾਨ ਕਈ ਵਪਾਰੀ ਚੰਨ ਤੇ ਖੁਦਾਈ ਕਰਕੇ ਉਸਦੀ ਮਿੱਟੀ ਦੇ ਟੁਕੜੇ ਕੀਮਤੀ ਨਗਾਂ ਵਾਂਗ ਵੇਚਣਾ ਚਾਹੁੰਦੇ ਹਨ।

ਜ਼ਾਹਿਰ ਹੈ ਅਮਰੀਕਾ ਪਿੱਛੇ ਨਹੀਂ ਰਹਿਣਾ ਚਾਹੁੰਦਾ। ਨਾਸਾ ਨੇ ਕਈ ਵਾਰ ਕਿਹਾ ਹੈ ਕਿ ਚੰਨ ਤੇ ਵਾਪਸ ਜਾਣ ਦੇ ਕਈ ਕਾਰਨ ਹਨ।

ਨਾਸਾ ਦਾ ਮੰਨਣਾ ਹੈ ਕਿ ਇਸ ਨਾਲ ਚੰਨ ਬਾਰੇ ਵਿਗਿਆਨਕ ਸੂਝ ਵਿੱਚ ਵਾਧਾ ਹੋਵੇਗਾ। ਇਸ ਵਿੱਚ ਤਕਨੀਕੀ ਵਰਤੋਂ ਵਿੱਚ ਫ਼ਾਇਦਾ ਹੋਵੇਗਾ।

ਇਸਦੇ ਇਲਾਵਾ ਨਾਸਾ ਦੀ ਲੌਰਾ ਕਸੀਲੋ ਨੇ ਬੀਬੀਸੀ ਮੁੰਡੋ ਨੂੰ ਭਰੋਸਾ ਦਿੱਤਾ ਕਿ ਏਜੰਸੀ ਇਸ ਪਾਸੇ ਲੱਗੀ ਹੋਈ ਹੈ।

ਇਸ ਵਕਤ ਸਾਡੇ ਕੋਲ ਲੂਨਰ ਰੀਕੋਨੇਸੈਂਸ ਓਰਬਿਟ (ਚੰਨ ਦੀ ਖੋਜ ਲਈ 2009 ਵਿੱਚ ਭੇਜਿਆ ਗਿਆ ਅਮਰੀਕੀ ਮਿਸ਼ਨ) ਹੈ ਇਹ ਵਧੀਆ ਕੰਮ ਕਰ ਰਿਹਾ ਹੈ।

ਜੇ ਤੁਸੀਂ ਤਕਨੀਕੀ ਵਿਕਾਸ ਵੱਲ ਨਜ਼ਰ ਮਾਰੋਂ ਤਾਂ ਲਗਦਾ ਹੈ ਕਿ ਕੀ ਨਵੀਂ ਤਕਨੀਕ ਪਰਖਣ ਲਈ ਹਾਲੇ ਵੀ ਚੰਨ ਤੇ ਮਿਸ਼ਨ ਭੇਜਣ ਦੀ ਜ਼ਰੂਰਤ ਹੈ।

ਤਾਂ ਤੁਹਾਡੇ ਸਮਝ ਆਉਂਦੀ ਹੈ ਕਿ ਪੁਲਾੜ ਵੱਲ ਮੁੜਨ ਦੇ ਕਾਰਨ ਮਹਿਜ ਵਿਗਿਆਨਕ ਨਹੀਂ ਹਨ।

ਪ੍ਰੋਫ਼ੈਸਰ ਰਿੱਚ ਲਈ ਟਰੰਪ ਦੇ ਐਲਾਨ ਦੇ ਸਿਆਸੀ ਮਾਇਨੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ "ਮੈਨੂੰ ਲਗਦਾ ਹੈ ਟਰੰਪ ਇਹ ਦੱਸਣਾ ਚਾਹੁੰਦੇ ਹਨ ਕਿ ਅਮਰੀਕਾ ਇਸ ਨਵੀਂ ਪੁਲਾੜੀ ਦੌੜ ਵਿੱਚ ਪਿੱਛੇ ਨਹੀਂ ਰਹੇਗਾ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)