ਕਪਿਲ ਸ਼ਰਮਾ - ਕਾਮੇਡੀਅਨ ਕਪਿਲ ਸ਼ਰਮਾ ਸ਼ਰਾਬ ਕਿਉਂ ਪੀਣ ਲੱਗ ਪਏ ਸਨ

"ਮੈ ਕੰਮ ਤੋਂ ਜ਼ਿਆਦਾ ਦਿਨ ਤੱਕ ਦੂਰ ਨਹੀਂ ਰਹਿ ਸਕਦਾ ਸੀ, ਇਸ ਕਰ ਕੇ ਮੈ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਅਤੇ ਇਹ ਮੇਰੀ ਵੱਡੀ ਗ਼ਲਤੀ ਸੀ"

ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਕਾਮੇਡੀਅਨ ਕਪਿਲ ਸ਼ਰਮਾ ਨੇ ਕਿਹਾ, "ਜੇਕਰ ਇਨਸਾਨ ਨੂੰ ਪਤਾ ਹੋਵੇ ਕਿ ਉਹ ਗ਼ਲਤੀ ਕਰ ਰਿਹਾ ਹੈ ਤਾਂ ਗ਼ਲਤ ਕੰਮ ਕਰੇਗਾ ਹੀ ਨਹੀਂ, ਇਨਸਾਨ ਆਪਣੇ ਅੰਤਿਮ ਸਾਹ ਤੱਕ ਸਿੱਖਦਾ ਹੈ ਅਤੇ ਮੈ ਵੀ ਸਿੱਖ ਰਿਹਾ ਹਾਂ।"

ਕਪਿਲ ਸ਼ਰਮਾ ਨੇ ਦੱਸਿਆ ਕਿ ਸ਼ੋਅ ਬੰਦ ਹੋਣ ਤੋਂ ਬਾਅਦ ਉਨ੍ਹਾਂ ਕੋਲ ਕੰਮ ਨਹੀਂ ਸੀ ਅਤੇ ਉਹ ਕੰਮ ਤੋਂ ਬਿਨਾਂ ਨਹੀਂ ਰਹਿ ਸਕਦੇ ਜਿਸ ਕਰਕੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਜੋਂ ਬਾਅਦ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਅਤੇ ਪਰਿਵਾਰ ਦਾ ਅਹਿਸਾਸ ਹੋਣ ਦੇ ਕਾਰਨ ਆਪਣੀਆਂ ਗ਼ਲਤੀਆਂ ਤੋਂ ਸਬਕ ਲਿਆ ਹੈ ਅਤੇ ਸਾਰੀਆਂ ਗਲਤ ਆਦਤਾਂ ਛੱਡ ਦਿੱਤੀਆਂ ।

ਇਹ ਵੀ ਪੜ੍ਹੋ꞉

ਨਵੇਂ ਸ਼ੋਅ ਰਾਹੀਂ ਵਾਪਸੀ

ਆਪਣੀ ਕਾਮੇਡੀ ਨਾਲ ਲੋਕਾਂ ਦੇ ਦਿਲਾਂ ਉੱਤੇ ਰਾਜ ਕਰਨ ਵਾਲੇ ਕਪਿਲ ਸ਼ਰਮਾ ਬਹੁਤ ਛੇਤੀ ਹੀ ਟੀਵੀ ਉੱਤੇ ਵਾਪਸੀ ਕਰਨ ਜਾ ਰਹੇ ਹਨ।

"ਦਿ ਕਪਿਲ ਸ਼ਰਮਾ ਸ਼ੋਅ" ਦਰਸ਼ਕਾਂ ਵਿੱਚ ਕਾਫ਼ੀ ਮਕਬੂਲ ਹੋ ਗਿਆ ਸੀ ਪਰ ਇੱਕ ਸਮਾਂ ਅਜਿਹਾ ਵੀ ਆਇਆ ਕਿ ਇਹ ਸ਼ੋਅ ਕੁਝ ਕਾਰਨਾਂ ਕਰ ਕੇ ਬੰਦ ਹੋ ਗਿਆ ਅਤੇ ਕਪਿਲ ਸ਼ਰਮਾ ਵੀ ਗ਼ਾਇਬ ਹੋ ਗਏ।

"ਦਿ ਕਪਿਲ ਸ਼ਰਮਾ ਸ਼ੋਅ" ਵਿੱਚ ਗੁੱਥੀ ਅਤੇ ਡਾਕਟਰ ਗੁਲਾਟੀ ਦਾ ਕਿਰਦਾਰ ਨਿਭਾਉਣ ਵਾਲੇ ਸੁਨੀਲ ਗਰੋਵਰ ਅਤੇ ਕਪਿਲ ਦੀ ਆਪਸੀ ਕਹਾ-ਸੁਣੀ ਸ਼ੋਅ ਲਈ ਵੱਡੀ ਦਿੱਕਤ ਬਣ ਗਈ ਸੀ।

ਕਪਿਲ ਦਾ ਪੂਰਾ ਵੀਡੀਓ ਇੰਟਰਵਿਊ

ਸੁਨੀਲ ਗਰੋਵਰ ਨੇ ਸ਼ੋਅ ਤੋਂ ਕਿਨਾਰਾ ਕਰ ਲਿਆ। ਹਾਲਾਂਕਿ ਕਪਿਲ ਨੇ ਸੁਨੀਲ ਦੀ ਥਾਂ ਕੁਝ ਨਵੇਂ ਕਿਰਦਾਰ ਵੀ ਸ਼ੋਅ ਵਿਚ ਲਿਆਂਦੇ ਪਰ ਉਹ ਗੱਲ ਨਹੀਂ ਬਣ ਸਕੀ।

ਕੀ ਹੋਵੇਗਾ ਨਵੇਂ ਸ਼ੋਅ ਵਿੱਚ

ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਕਪਿਲ ਨੇ ਦੱਸਿਆ ਕਿ ਉਹ ਅਗਲੇ ਮਹੀਨੇ ਤੋਂ 'ਦਿ ਕਪਿਲ ਸ਼ਰਮਾ ਸ਼ੋਅ 2' ਰਾਹੀਂ ਸੋਨੀ ਟੀਵੀ ਉੱਤੇ ਵਾਪਸੀ ਕਰਨ ਵਾਲੇ ਹਨ।

ਕਪਿਲ ਨੇ ਦੱਸਿਆ ਕਿ ਉਸ ਨੂੰ ਦਰਸ਼ਕਾਂ ਦੇ ਸੋਸ਼ਲ ਮੀਡੀਆ ਰਾਹੀਂ ਸ਼ੋਅ ਸਬੰਧੀ ਬਹੁਤ ਸੁਨੇਹੇ ਆ ਰਹੇ ਹਨ।

ਸੁਨੀਲ ਗਰੋਵਰ ਦੇ ਨਵੇਂ ਸ਼ੋਅ ਦਾ ਹਿੱਸਾ ਹੋਣ ਬਾਰੇ ਕਪਿਲ ਨੇ ਦੱਸਿਆ ਕਿ ਸੁਨੀਲ ਇਸ ਸਮੇਂ ਹੋਰ ਪ੍ਰੋਜੈਕਟਾਂ ਵਿੱਚ ਮੁਸਰੂਫ਼ ਹੈ ਅਤੇ ਜੇਕਰ ਉਹ ਵਾਪਸੀ ਕਰਦੇ ਹਨ ਤਾਂ ਕਾਫ਼ੀ ਚੰਗਾ ਹੋਵੇਗਾ।

ਤਨੂਸ਼੍ਰੀ ਵਿਵਾਦ ਬਾਰੇ ਕਪਿਲ ਦੀ ਰਾਇ

ਤਨੂਸ਼੍ਰੀ ਅਤੇ ਨਾਨਾ ਪਾਟੇਕਰ ਵਿਵਾਦ ਉਨ੍ਹਾਂ ਦਾ ਕਹਿਣਾ ਸੀ "ਤਨੂਸ਼੍ਰੀ ਅਤੇ ਨਾਨਾ ਪਾਟੇਕਰ ਫ਼ਿਲਮ ਇੰਡਸਟਰੀ ਦੇ ਵੱਡੇ ਚਿਹਰੇ ਹਨ ਅਤੇ ਵਿਵਾਦ ਬਾਰੇ ਅਧੂਰੀ ਜਾਣਕਾਰੀ ਨਾਲ ਕੋਈ ਟਿੱਪਣੀ ਕਰਨਾ ਮੇਰੀ ਵੱਡੀ ਬੇਵਕੂਫ਼ੀ ਹੋਵੇਗੀ।"

ਕੁਝ ਸਮਾਂ ਪਹਿਲਾਂ ਇੱਕ ਰਿਪੋਰਟਰ ਨਾਲ ਹੋਏ ਵਿਵਾਦ ਕਾਰਨ ਕਪਿਲ ਸ਼ਰਮਾ ਚਰਚਾ ਵਿਚ ਆਏ ਸਨ। ਇਸ ਵਿਵਾਦ ਸਬੰਧੀ ਕਪਿਲ ਸ਼ਰਮਾ ਨੇ ਕੁਝ ਜ਼ਿਆਦਾ ਟਿੱਪਣੀ ਤਾਂ ਨਹੀਂ ਕੀਤੀ ਪਰ ਇੰਨਾ ਜ਼ਰੂਰ ਕਿਹਾ ਕਿ ਇਹ ਖ਼ਬਰ ਬਕਵਾਸ ਸੀ ਅਤੇ ਛਾਪਣ ਸਮੇਂ ਸੂਤਰਾਂ ਦਾ ਹਵਾਲਾ ਦਿੱਤਾ ਗਿਆ ਸੀ ਅਤੇ ਇਸੇ ਹਵਾਲੇ ਨਾਲ ਖ਼ਬਰ ਅੱਗੇ ਤੋਂ ਅੱਗੇ ਛਪਦੀ ਗਈ।

ਇਹ ਵੀ ਪੜ੍ਹੋ꞉

ਕਦੋਂ ਹੋਵੇਗਾ ਕਪਿਲ ਦਾ ਵਿਆਹ

ਵਿਆਹ ਸਬੰਧੀ ਚੱਲ ਰਹੀਆਂ ਚਰਚਾਵਾਂ ਦੇ ਬਾਰੇ ਕਪਿਲ ਸ਼ਰਮਾ ਨੇ ਆਖਿਆ ਕਿ ਕਾਫ਼ੀ ਸਮੇਂ ਤੋਂ ਅਜਿਹੀਆਂ ਅਫ਼ਵਾਹਾਂ ਚੱਲ ਰਹੀਆਂ ਹਨ, ਇਹਨਾਂ ਪਿੱਛੇ ਕੋਣ ਹੈ ਇਸ ਬਾਰੇ ਉਨ੍ਹਾਂ ਨੂੰ ਵੀ ਨਹੀਂ ਪਤਾ।

ਉਨ੍ਹਾਂ ਦੱਸਿਆ ਕਿ ਫ਼ਿਲਹਾਲ ਉਨ੍ਹਾਂ "ਸੰਨ ਆਫ਼ ਮਨਜੀਤ ਸਿੰਘ" ਫ਼ਿਲਮ ਦਾ ਨਿਰਮਾਣ ਕੀਤਾ ਹੈ ਅਤੇ ਛੇਤੀ ਹੀ ਉਹ ਟੀਵੀ ਉੱਤੇ ਵਾਪਸੀ ਕਰਨ ਜਾ ਰਹੇ ਹਨ ਉਸ ਤੋਂ ਬਾਅਦ ਉਹ ਵਿਆਹ ਸਬੰਧੀ ਬਕਾਇਦਾ ਐਲਾਨ ਕਰਨਗੇ।

ਕਪਿਲ ਮੁਤਾਬਕ ਉਹ ਜਲੰਧਰ ਨਿਵਾਸੀ ਗਿੰਨੀ ਨਾਲ ਹੀ ਵਿਆਹ ਕਰਵਾਉਣਗੇ ਪਰ ਕਦੋਂ ਇਸ ਦਾ ਅਜੇ ਫ਼ੈਸਲਾ ਨਹੀਂ ਹੋਇਆ।

ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)