ਗੰਗਾ ਲਈ 111 ਦਿਨ ਲੰਬਾ ਮਰਨ ਵਰਤ ਰੱਖਕੇ ਜਾਨ ਵਾਰਨ ਵਾਲੇ ਕੌਣ ਸਨ ਜੀਡੀ ਅਗਰਵਾਲ

"ਉਨ੍ਹਾਂ ਨੇ ਕਿਹਾ ਸੀ ਕਿ ਮੈਂ ਗੰਗਾ ਜੀ ਨੂੰ ਮਰਦੇ ਹੋਏ ਨਹੀਂ ਦੇਖਣਾ ਚਾਹੁੰਦਾ ਹਾਂ ਅਤੇ ਗੰਗਾ ਨੂੰ ਮਰਦੇ ਦੇਖਣ ਤੋਂ ਪਹਿਲਾਂ ਮੈਂ ਆਪਣੀ ਜਾਨ ਦੇਣਾ ਚਾਹੁੰਦਾ ਹਾਂ।"

ਉਤਰਾਖੰਡ ਦੇ ਪੱਤਰਕਾਰ ਸੁਨੀਲ ਦੱਤ ਪਾਂਡੇ ਵਾਤਾਵਰਨ ਕਾਰਕੁਨ ਜੀਡੀ ਅਗਰਵਾਲ ਨੂੰ ਯਾਦ ਕਰਦੇ ਹੋਏ ਕਹਿ ਰਹੇ ਸਨ। ਉਤਰਾਖੰਡ ਦੇ ਰਿਸ਼ੀਕੇਸ਼ ਵਿੱਚ ਜੀਡੀ ਅਗਰਵਾਲ ਨੇ ਵੀਰਵਾਰ ਨੂੰ ਆਖਰੀ ਸਾਹ ਲਏ।

ਸੁਨੀਲ ਨੇ ਦੱਸਿਆ ਕਿ ਮੰਗਲਵਾਰ ਦੁਪਹਿਰ ਤੋਂ ਬਾਅਦ ਉਨ੍ਹਾਂ ਨੇ ਪਾਣੀ ਪੀਣਾ ਵੀ ਛੱਡ ਦਿੱਤਾ ਸੀ। ਜੀਡੀ ਅਗਰਵਾਲ ਗੰਗਾ ਦੀ ਸਫ਼ਾਈ ਲਈ 111 ਦਿਨਾਂ ਤੋਂ ਮਰਨ ਵਰਤ 'ਤੇ ਬੈਠੇ ਸਨ। 86 ਸਾਲਾਂ ਦੇ ਅਗਰਵਾਲ 22 ਜੂਨ ਤੋਂ ਭੁੱਖ-ਹੜਤਾਲ 'ਤੇ ਸਨ।

ਇਹ ਵੀ ਪੜ੍ਹੋ:

ਉਹ ਗੰਗਾ ਦੀ ਗੈਰ-ਕਾਨੂੰਨੀ ਖੁਦਾਈ, ਬੰਨ੍ਹ ਦੀ ਉਸਾਰੀ ਨੂੰ ਰੋਕਣ ਅਤੇ ਉਸ ਦੀ ਸਫਾਈ ਲਈ ਲੰਬੇ ਸਮੇਂ ਤੋਂ ਆਵਾਜ਼ ਚੁੱਕਦੇ ਰਹੇ ਸਨ।

ਪ੍ਰਧਾਨ ਮੰਤਰੀ ਨੂੰ ਲਿਖੀ ਸੀ ਚਿੱਠੀ

ਇਸ ਲਈ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਇਸੇ ਸਾਲ ਫਰਵਰੀ ਵਿੱਚ ਪੱਤਰ ਵੀ ਲਿਖਿਆ ਸੀ।

ਉਨ੍ਹਾਂ ਨੇ ਪਿਛਲੇ ਹਫ਼ਤੇ ਹੀ ਐਲਾਨ ਕੀਤਾ ਸੀ ਕਿ ਜੇ 9 ਅਕਤੂਬਰ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਉਹ ਪਾਣੀ ਵੀ ਛੱਡ ਦੇਣਗੇ।

ਫਿਲਹਾਲ ਤਾਂ ਜੀਡੀ ਅਗਰਵਾਲ ਇੱਕ ਸੰਨਿਆਸੀ ਦਾ ਜੀਵਨ ਜੀ ਰਹੇ ਸਨ। ਉਨ੍ਹਾਂ ਨੂੰ ਸਵਾਮੀ ਗਿਆਨ ਸਵਰੂਪਸਾਨੰਦ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੀ।

ਪਰ ਉਹ ਆਈਆਈਟੀ ਵਿੱਚ ਪ੍ਰੋਫੈਸਰ ਰਹਿ ਚੁੱਕੇ ਸਨ ਅਤੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਦੀ ਜ਼ਿੰਮੇਵਾਰੀ ਵੀ ਉਨ੍ਹਾਂ ਨੇ ਨਿਭਾਈ।

ਕੀ ਚਾਹੁੰਦੇ ਸਨ ਪ੍ਰੋਫੈਸਰ ਜੀਡੀ ਅਗਰਵਾਲ

ਗੰਗਾ ਦੀ ਸਫ਼ਾਈ ਲਈ ਕਾਨੂੰਨ ਬਣਾਉਣ ਲਈ ਜੀਡੀ ਅਗਰਵਾਲ ਨੇ ਕੇਂਦਰ ਸਰਕਾਰ ਨੂੰ ਇੱਕ ਸਮਝੌਤਾ ਵੀ ਭੇਜਿਆ ਸੀ।

ਉਨ੍ਹਾਂ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਨੇ ਕਾਨੂੰਨ ਵਿੱਚ ਗੰਗਾ ਦੀ ਪੂਰੀ ਸਫ਼ਾਈ ਦੀ ਜ਼ਿੰਮੇਵਾਰੀ ਸਰਕਾਰੀ ਅਧਿਕਾਰੀਆਂ ਨੂੰ ਦਿੱਤੀ ਗਈ ਹੈ ਪਰ ਸਿਰਫ਼ ਉਨ੍ਹਾਂ ਦੇ ਸਹਾਰੇ ਹੀ ਗੰਗਾ ਦੀ ਸਾਫ਼ ਨਹੀਂ ਹੋ ਸਕੇਗੀ।

ਉਹ ਚਾਹੁੰਦੇ ਸਨ ਕਿ ਗੰਗਾ ਨੂੰ ਲੈ ਕੇ ਜੋ ਵੀ ਕਮੇਟੀ ਬਣੇ ਉਸ ਵਿੱਚ ਲੋਕਾਂ ਦੀ ਹਿੱਸੇਦਾਰੀ ਹੋਵੇ। ਪਰ ਕਿਤੇ ਨਾ ਕਿਤੇ ਕੇਂਦਰ ਸਰਕਾਰ ਅਤੇ ਉਨ੍ਹਾਂ ਵਿਚਾਲੇ ਉਨ੍ਹਾਂ ਦੇ ਮੁੱਦੇ 'ਤੇ ਸਹਿਮਤੀ ਨਹੀਂ ਬਣੀ।

ਪੱਤਰਕਾਰ ਸੁਨੀਲ ਦੱਤ ਪਾਂਡੇ ਦੱਸਦੇ ਹਨ ਕਿ ਉਨ੍ਹਾਂ ਦੀ ਭੁੱਖ-ਹੜਤਾਲ 'ਤੇ ਬੈਠਣ ਤੋਂ ਬਾਅਦ ਕੇਂਦਰ ਸਰਕਾਰ ਹਰਿਦਵਾਰ ਦੇ ਐਮਪੀ ਨੂੰ ਉਨ੍ਹਾਂ ਨੂੰ ਮਨਾਉਣ ਲਈ ਭੇਜਿਆ ਸੀ ਪਰ ਆਪਣੇ ਨਾਲ ਜੋ ਮਤੇ ਲੈ ਕੇ ਆਏ ਸਨ ਜੀਡੀ ਅਗਰਵਾਲ ਨੇ ਉਸ ਨੂੰ ਮਨਜ਼ੂਰ ਨਹੀਂ ਕੀਤਾ।

ਉਨ੍ਹਾਂ ਦੀ ਭੁੱਖ-ਹੜਤਾਲ ਦੇ 19ਵੇਂ ਦਿਨ ਪੁਲਿਸ ਨੇ ਉਨ੍ਹਾਂ ਨੂੰ ਮਰਨ ਵਰਤ ਦੀ ਥਾਂ ਤੋਂ ਜ਼ਬਰਦਤੀ ਹਟਾ ਦਿੱਤਾ ਸੀ। ਮਰਨ ਵਰਤ ਤੋਂ ਪਹਿਲਾਂ ਉਨ੍ਹਾਂ ਨੇ ਦੋ ਵਾਰੀ ਪ੍ਰਧਾਨ ਮੰਤਰੀ ਨੂੰ ਚਿੱਠੀ ਵੀ ਲਿਖੀ ਪਰ ਜਵਾਬ ਨਹੀਂ ਮਿਲਿਆ।

ਪਹਿਲਾ ਵੀ ਕੀਤੀ ਸੀ ਭੁੱਖ-ਹੜਤਾਲ

ਬਹਿਰਹਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਉਨ੍ਹਾਂ ਦੇ ਦੇਹਾਂਤ 'ਤੇ ਦੁੱਖ ਜਤਾਇਆ ਹੈ। ਉਨ੍ਹਾਂ ਨੇ ਟਵੀਟ ਕੀਤਾ, "ਸਿੱਖਿਆ, ਵਾਤਾਵਰਨ ਦੀ ਸੁਰੱਖਿਆ, ਖਾਸ ਕਰਕੇ ਗੰਗਾ ਸਫ਼ਾਈ ਨੂੰ ਲੈ ਕੇ ਉਨ੍ਹਾਂ ਦੇ ਜਜ਼ਬੇ ਨੂੰ ਯਾਦ ਕੀਤਾ ਜਾਵੇਗਾ।"

ਪਰ ਉਨ੍ਹਾਂ ਦੇ ਟਵੀਟ 'ਤੇ ਲੋਕ ਉਨ੍ਹਾਂ ਤੋਂ ਜਵਾਬ ਮੰਗ ਰਹੇ ਹਨ ਕਿ ਜੀਡੀ ਅਗਰਵਾਲ ਦੀਆਂ ਮੰਗਾਂ ਕਦੋਂ ਮੰਨੀਆਂ ਜਾਣਗੀਆਂ।

ਇੱਕ ਟਵਿੱਟਰ ਯੂਜ਼ਰ ਮੁਗਧਾ ਨੇ ਪੁੱਛਿਆ ਹੈ ਕਿ ਕੀ ਨਮਾਮੀ ਗੰਗੇ ਦੇ ਲਈ ਦਿੱਤਾ ਗਿਆ ਪੈਸਾ ਇਸਤੇਮਾਲ ਹੋਇਆ? ਕੀ ਸਰਕਾਰ ਦਿਖਾ ਸਕਦੀ ਹੈ ਕਿ ਗੰਗਾ ਲਈ ਹਾਲੇ ਤੱਕ ਕੀ-ਕੀ ਕੰਮ ਕੀਤਾ ਗਿਆ ਹੈ?

ਇੱਕ ਟਵਿੱਟਰ ਯੂਜ਼ਰ ਨੇ ਉਨ੍ਹਾਂ ਨੂੰ ਭੁੱਖ ਹੜਤਾਲ ਤੋਂ ਹਟਾਉਣ ਲਈ ਪੁਲਿਸ ਕਾਰਵਾਈ ਦੀ ਫੋਟੋ ਵੀ ਟਵੀਟ ਕੀਤੀ ਹੈ।

ਟਵਿੱਟਰ ਯੂਜ਼ਰ ਧਰੁਵ ਰਾਠੀ ਨੇ ਪ੍ਰਧਾਨ ਮੰਤਰੀ ਦੇ ਟਵੀਟ ਦੇ ਜਵਾਬ ਵਿੱਚ ਲਿਖਿਆ ਹੈ ਕਿ ਯਾਦ ਕਰਨਾ ਬੰਦ ਕਰੋ ਅਤੇ ਕੰਮ ਕਰਨਾ ਸ਼ੁਰੂ ਕਰੋ। ਪ੍ਰੋਫੈੱਸਰ ਜੀਡੀ ਅਗਰਵਾਲ ਗੰਗਾ ਪ੍ਰੋਟੈਕਸ਼ਨ ਮੈਨੇਜਮੈਂਟ ਐਕਟ ਲਾਗੂ ਕਰਵਾਉਣਾ ਚਾਹੁੰਦੇ ਸਨ ਅਤੇ ਗੰਗਾ ਦੇ ਕੰਢਿਆ ਤੇ ਹਾਈਡਰੋਇਲੈਕਟ੍ਰਿਕ ਪ੍ਰੋਜੈਕਟ ਬੰਦ ਕਰਵਾਉਣਾ ਚਾਹੁੰਦੇ ਸੀ।

ਜੀਡੀ ਅਗਰਵਾਲ ਨੇ ਪੰਜ ਸਾਲ ਪਹਿਲਾਂ ਵੀ ਹਰਿਦਵਾਰ ਵਿੱਚ ਭੁੱਖ-ਹੜਤਾਲ ਕੀਤੀ ਸੀ।

ਉਸ ਵੇਲੇ ਤਤਕਾਲੀ ਕੇਂਦਰ ਸਰਕਾਰ ਨੇ ਉੱਤਰਕਾਸ਼ੀ ਵਿੱਚ ਬਣ ਰਹੀਆਂ ਤਿੰਨ ਜਲ ਬਿਜਲੀ ਯੋਜਨਾਵਾਂ 'ਤੇ ਕੰਮ ਬੰਦ ਕਰ ਦਿੱਤਾ ਸੀ।

ਉਦੋਂ ਉਨ੍ਹਾਂ ਨੂੰ ਮਨਾਉਣ ਲਈ ਕੇਂਦਰੀ ਮੰਤਰੀ ਜੈਰਾਮ ਰਮੇਸ਼ ਆਏ ਸੀ ਅਤੇ ਸਰਕਾਰ ਨੇ ਉਨ੍ਹਾਂ ਦੀ ਗੱਲ ਮੰਨ ਲਈ ਸੀ।

ਸੁਨੀਲ ਦੱਤ ਪਾਂਡੇ ਕਹਿੰਦੇ ਹਨ, "ਪਰ ਇਸ ਵਾਰੀ ਜਦੋਂ ਉਹ ਭੁੱਖ-ਹੜਤਾਲ 'ਤੇ ਬੈਠੇ ਤਾਂ ਉਨ੍ਹਾਂ ਦੀ ਕੇਂਦਰ ਸਰਕਾਰ ਨਾਲ ਗੱਲਬਾਤ ਨਹੀਂ ਬਣ ਸਕੀ। ਕੇਂਦਰ ਸਰਕਾਰ ਉਨ੍ਹਾਂ ਤੋਂ ਆਪਣੀਆਂ ਸ਼ਰਤਾਂ ਮਨਵਾਉਣਾ ਚਾਹੁੰਦੀ ਸੀ।"

ਦਿ ਪ੍ਰਿੰਟ ਮੁਤਾਬਕ ਨਮਾਮੀ ਗੰਗੇ ਪ੍ਰੋਜੈਕਟ ਭਾਜਪਾ ਸਰਕਾਰ ਨੇ ਤਿੰਨ ਸਾਲ ਪਹਿਲਾਂ ਸ਼ੁਰੂ ਕੀਤਾ ਸੀ ਪਰ ਸੀਵਰੇਜ ਪ੍ਰੋਜੈਕਟ ਲਈ ਦਿੱਤੇ ਗਏ ਪ੍ਰੋਜੈਕਟ ਲਈ ਦਿੱਤੇ ਗਏ ਬਜਟ ਦਾ ਹੁਣ ਤੱਕ 3.32 ਫੀਸਦੀ ਹੀ ਖਰਚ ਹੋ ਸਕਿਆ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)