You’re viewing a text-only version of this website that uses less data. View the main version of the website including all images and videos.
ਰਾਮਪਾਲ ਬਾਬਾ: ਸਤਿਸੰਗ ਘਰ ਤੋਂ ਸਾਮਰਾਜ ਇੰਝ ਬਣਿਆ ਸੀ ਸਤਲੋਕ
- ਲੇਖਕ, ਸ਼ਸ਼ੀ ਕਾਂਤਾ
- ਰੋਲ, ਹਿਸਾਰ ਤੋਂ ਬੀਬੀਸੀ ਪੰਜਾਬੀ ਲਈ
ਹਰਿਆਣਾ 'ਚ ਸਤਲੋਕ ਆਸ਼ਰਮ ਨਾਂ ਦੇ ਧਾਰਮਿਕ ਡੇਰੇ ਦੇ ਮੁਖੀ ਰਾਮਪਾਲ ਨੂੰ ਹਿਸਾਰ ਦੀ ਇੱਕ ਅਦਾਲਤ ਨੇ ਕਤਲ ਦੇ ਦੋ ਮਾਮਲਿਆਂ 'ਚ ਦੋਸ਼ੀ ਕਰਾਰ ਦਿੱਤਾ ਹੈ।
ਅਦਾਲਤ ਇਸ ਮਾਮਲੇ ਵਿਚ ਸਜ਼ਾ ਦਾ ਐਲਾਨ 16-17 ਅਕਤੂਬਰ ਨੂੰ ਕਰੇਗੀ।
ਜਿੰਨ੍ਹਾਂ ਕੇਸਾਂ ਵਿਚ ਰਾਮਪਾਲ ਨੂੰ ਦੋਸ਼ੀ ਮੰਨਿਆ ਗਿਆ ਹੈ ਉਹ 2014 'ਚ ਪੁਲਿਸ ਵੱਲੋਂ ਉਸ ਦੇ ਆਸ਼ਰਮ ਉੱਪਰ ਹੋਈ ਕਾਰਵਾਈ ਦੌਰਾਨ ਅੰਦਰ ਸਮਰਥਕਾਂ ਦੀ ਮੌਤ ਲਈ ਦਰਜ ਹੋਏ ਸਨ।
ਫਿਲਹਾਲ ਰਾਮਪਾਲ ਹਿਸਾਰ 'ਚ ਹੀ ਜੇਲ੍ਹ 'ਚ ਬੰਦ ਹੈ।
ਇਹ ਵੀ ਪੜ੍ਹੋ
ਕੌਣ ਹੈ ਰਾਮਪਾਲ?
ਡੇਰੇ ਦੇ ਅਧਿਕਾਰੀਆਂ ਮੁਤਾਬਕ ਰਾਮਪਾਲ ਦਾਸ ਦਾ ਜਨਮ ਸੋਨੀਪਤ ਦੀ ਗੋਹਾਨਾ ਤਹਿਸੀਲ 'ਚ ਪੈਂਦੇ ਧਨਾਨਾ ਪਿੰਡ ’ਚ 1970 ਦੇ ਦਹਾਕੇ 'ਚ ਹੋਇਆ।
ਪੜ੍ਹਾਈ ਪੂਰੀ ਕਰਕੇ ਉਹ ਹਰਿਆਣਾ ਦੇ ਸਿੰਚਾਈ ਵਿਭਾਗ 'ਚ ਜੂਨੀਅਰ ਇੰਜੀਨਿਅਰ ਵਜੋਂ ਨੌਕਰੀ ਕਰਨ ਲੱਗਾ।
ਇਸੇ ਦੌਰਾਨ ਉਸ ਦੀ ਮੁਲਾਕਾਤ ਕਬੀਰਪੰਥੀ ਧਾਰਮਿਕ ਪ੍ਰਚਾਰਕ ਰਾਮਦੇਵਾਨੰਦ ਨਾਲ ਹੋਈ ਜਿਸ ਦਾ ਉਹ ਚੇਲਾ ਬਣ ਗਿਆ।
21 ਮਈ 1995 ਨੂੰ ਰਾਮਪਾਲ ਨੇ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ ਤੇ ਪੂਰੀ ਤਰ੍ਹਾਂ ਸਤਸੰਗ 'ਚ ਲੱਗ ਗਿਆ।
ਉਸ ਦੇ ਸ਼ਰਧਾਲੂ ਵੱਧਦੇ ਗਏ ਤੇ ਕਮਲਾ ਦੇਵੀ ਨਾਂ ਦੀ ਔਰਤ ਨੇ ਉਸ ਨੂੰ ਕਰੌਂਥਾ ਪਿੰਡ 'ਚ ਆਸ਼ਰਮ ਬਣਾਉਣ ਲਈ ਜ਼ਮੀਨ ਦੇ ਦਿੱਤੀ।
ਸਾਲ 1999 'ਚ ਬੰਦੀ ਛੋੜ ਟਰੱਸਟ ਨਾਂ ਦੇ ਸਮਾਜਿਕ ਸੰਗਠਨ ਦੀ ਮਦਦ ਨਾਲ ਰਾਮਪਾਲ ਨੇ ਸਤਲੋਕ ਆਸ਼ਰਮ ਦੀ ਨੀਂਹ ਰੱਖੀ।
ਪਹਿਲਾ ਵਿਵਾਦ
ਰਾਮਪਾਲ ਨੇ 2006 'ਚ ਆਰੀਆ ਸਮਾਜ ਦੇ ਮੋਢੀ ਸਵਾਮੀ ਦਿਆਨੰਦ ਦੀ ਇੱਕ ਕਿਤਾਬ ਉੱਪਰ ਇੱਕ ਟਿੱਪਣੀ ਕਰ ਦਿੱਤੀ। ਜਿਸ ਨਾਲ ਆਰੀਆ ਸਮਾਜ ਨੂੰ ਮੰਨਣ ਵਾਲਿਆਂ 'ਚ ਭਾਰੀ ਰੋਸ ਪੈਦਾ ਹੋਇਆ।
ਰਾਮਪਾਲ ਦੇ ਸ਼ਰਧਾਲੂਆਂ ਤੇ ਆਰੀਆ ਸਮਾਜੀਆਂ ਵਿਚਕਾਰ ਕੁੱਟਮਾਰ ਵੀ ਹੋਈ, ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ।
ਸਥਾਨਕ ਐੱਸਡੀਐੱਮ ਨੇ 13 ਜੁਲਾਈ 2006 ਨੂੰ ਆਸ਼ਰਮ ਆਪਣੇ ਕਬਜ਼ੇ 'ਚ ਲੈ ਲਿਆ।
ਇਹ ਵੀ ਪੜ੍ਹੋ
ਰਾਮਪਾਲ ਦੇ ਉਸ ਦੇ 24 ਸਮਰਥਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਬਾਅਦ 'ਚ ਉਸ ਨੂੰ ਜ਼ਮਾਨਤ ਮਿਲ ਗਈ ਅਤੇ ਤਿੰਨ ਸਾਲਾਂ ਬਾਅਦ ਆਸ਼ਰਮ ਵਾਪਸ ਮਿਲ ਗਿਆ।
ਕੁਝ ਆਰੀਆ ਸਮਾਜੀ ਸੁਪਰੀਮ ਕੋਰਟ ਗਏ ਪਰ ਉਨ੍ਹਾਂ ਦੀ ਪਟੀਸ਼ਨ ਮਨਜ਼ੂਰ ਨਹੀਂ ਹੋਈ।
ਹਾਈ ਕੋਰਟ ਦਾ ਗੁੱਸਾ
ਮਾਮਲਾ ਭਖਦਾ ਰਿਹਾ ਤੇ ਰਾਮਪਾਲ ਦੇ ਭਗਤਾਂ ਅਤੇ ਆਰੀਆ ਸਮਾਜੀਆਂ ਵਿਚਾਲੇ 12 ਮਈ 2013 ਨੂੰ ਮੁੜ ਹਿੰਸਕ ਝੜਪ ਹੋਈ। ਜਿਸ 'ਚ ਤਿੰਨ ਮੌਤਾਂ ਹੋਈਆਂ ਤੇ 100 ਲੋਕ ਜ਼ਖਮੀ ਹੋ ਗਏ।
5 ਨਵੰਬਰ ਨੂੰ ਪੰਜਾਬ-ਹਰਿਆਣਾ ਹਾਈ ਕੋਰਟ ਨੇ ਰਾਮਪਾਲ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ। 10 ਨਵੰਬਰ ਨੂੰ ਉਸ ਨੇ ਪੇਸ਼ ਹੋਣਾ ਸੀ ਪਰ ਉਸ ਨੂੰ ਬਿਮਾਰ ਦੱਸ ਕੇ ਸਮਰਥਕਾਂ ਨੇ ਆਦੇਸ਼ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ।
ਇਹ ਵੀ ਪੜ੍ਹੋ
ਅਗਲਾ ਵਾਰੰਟ 17 ਨਵੰਬਰ ਲਈ ਜਾਰੀ ਹੋਇਆ ਤੇ ਕੋਰਟ ਨੇ ਪੁਲਿਸ ਤੇ ਪ੍ਰਸ਼ਾਸਨ ਨੂੰ ਕਾਫੀ ਫਟਕਾਰਿਆ।
ਕੀ ਸੀ ਪੁਲਿਸ ਆਪ੍ਰੇਸ਼ਨ
ਪੁਲਿਸ ਨੇ 16 ਨਵੰਬਰ ਨੂੰ ਉਸ ਨੂੰ ਆਸ਼ਰਮ ਤੋਂ ਗ੍ਰਿਫ਼ਤਾਰ ਕਰਨ ਲਈ ਕਾਰਵਾਈ ਸ਼ੁਰੂ ਕੀਤੀ ਤਾਂ ਉਸ ਦੇ ਸ਼ਰਧਾਲੂਆਂ ਦੀ ਫੌਜ ਨੇ ਰਾਹ ਰੋਕ ਲਿਆ। ਪੁਲਿਸ ਨੂੰ ਵੱਡਾ ਬੰਦੋਬਸਤ ਕਰਨ ਪਿਆ ਅਤੇ ਹਿੰਸਾ ਵੀ ਹੋਈ।
ਤਿੰਨ ਦਿਨਾਂ ਤੱਕ ਆਸ਼ਰਮ ਤੋਂ ਪੁਲਿਸ ਉੱਪਰ ਹਮਲਾ ਹੁੰਦਾ ਰਿਹਾ।
ਪੁਲਿਸ 19 ਨਵੰਬਰ 2013 ਨੂੰ ਆਖ਼ਿਰ ਅੰਦਰ ਪਹੁੰਚੀ ਤੇ ਰਾਮਪਾਲ ਨੂੰ ਗ੍ਰਿਫ਼ਤਾਰ ਕੀਤਾ।
ਆਸ਼ਰਮ ਦੇ ਅੰਦਰੋਂ 15 ਹਾਜ਼ਰ ਲੋਕਾਂ ਨੂੰ ਬਾਹਰ ਕੱਢਿਆ ਗਿਆ ਤੇ ਆਸ਼ਰਮ ਸੀਲ ਕਰ ਦਿੱਤਾ ਗਿਆ।
ਇਸ ਕਾਰਵਾਈ ਦੌਰਾਨ ਆਸ਼ਰਮ ਦੇ ਅੰਦਰ 4 ਸ਼ਰਧਾਲੂਆਂ ਦੀ ਮੌਤ ਹੋਈ ਜਿਸ ਲਈ ਰਾਮਪਾਲ ਨੂੰ ਦੋਸ਼ੀ ਮੰਨਿਆ ਗਿਆ।
ਚਾਰਜਸ਼ੀਟ ਮੁਤਾਬਕ...
ਹਿਸਾਰ ਦੀ ਅਦਾਲਤ 'ਚ ਦਾਖ਼ਲ ਚਾਰਜਸ਼ੀਟ ਮੁਤਾਬਕ ਆਸ਼ਰਮ ਦੇ ਸਮਰਥਕ ਘਟਨਾ ਦੌਰਾਨ ਆਤਮਘਾਤੀ ਹਮਲੇ ਦੀ ਯੋਜਨਾ ਬਣਾ ਰਹੇ ਸਨ।
ਇਲਜ਼ਾਮ ਸੀ ਕਿ ਉਸ ਨੇ ਆਪਣੇ ਇੱਕ ਚੇਲੇ ਨੂੰ ਆਖਿਆ ਸੀ ਕਿ ਜੇ ਪੁਲਿਸ ਅੰਦਰ ਆ ਜਾਵੇ ਤਾਂ ਉਹ ਆਪਣੇ ਉੱਪਰ ਤੇਲ ਛਿੜਕ ਕੇ ਅੱਗ ਲਗਾ ਲਵੇ ਤੇ ਪੁਲਿਸ ਦੇ ਉੱਤੇ ਛਾਲ ਮਾਰ ਦੇਵੇ।
ਗੌਰਤਲਬ ਹੈ ਕਿ ਚੇਲੇ ਚਾਂਦੀ ਰਾਮ ਨੇ ਵਾਕਈ 16 ਨਵੰਬਰ ਨੂੰ ਪੁਲਿਸ ਕਾਰਵਾਈ ਸ਼ੁਰੂ ਹੋਣ ਤੋਂ ਬਾਅਦ ਹੀ ਆਤਮਦਾਹ ਦੀ ਕੋਸ਼ਿਸ਼ ਕੀਤੀ ਸੀ।
ਬਰਵਾਲਾ ਪੁਲਿਸ ਦੀ ਇਸ ਚਾਰਜਸ਼ੀਟ 'ਚ ਮਹਿਲਾ ਸ਼ਰਧਾਲੂ, ਬਬੀਤਾ ਉਰਫ਼ ਬੇਬੀ, ਦੇ ਬਿਆਨ ਵੀ ਦਰਜ ਹਨ ਜਿਨ੍ਹਾਂ ਮੁਤਾਬਕ ਰਾਮਪਾਲ ਨੇ ਆਦੇਸ਼ ਦਿੱਤੇ ਸਨ ਕਿ ਔਰਤਾਂ ਤੇ ਬੱਚੇ ਢਾਲ ਵਾਂਗ ਪੁਲਿਸ ਨੂੰ ਅੰਦਰ ਵੜਨੋਂ ਰੋਕਣਗੇ। ਅਜਿਹਾ ਕੀਤਾ ਵੀ ਗਿਆ, ਜਿਸ ਕਰਕੇ ਪੁਲਿਸ ਨੂੰ ਬਹੁਤ ਮੁਸ਼ਕਲਾਂ ਵੀ ਆਈਆਂ।
ਪੁਲਿਸ ਨੇ ਹੱਤਿਆ ਤੋਂ ਇਲਾਵਾ ਦੇਸ਼ਧਰੋਹ ਦਾ ਇਲਜ਼ਾਮ ਵੀ ਲਗਾਇਆ ਸੀ। ਵੱਖ-ਵੱਖ ਮਾਮਲੇ ਦਰਜ ਕਰਕੇ 939 ਵਿਅਕਤੀ ਨਾਮਜ਼ਦ ਕੀਤੇ ਗਏ ਸਨ।
ਆਸ਼ਰਮ ਦੇ ਅੰਦਰ ਲਾਇਸੈਂਸੀ ਹਥਿਆਰ ਤੇ ਗੈਰ-ਕਾਨੂੰਨੀ ਗੈਸ ਸਿਲੰਡਰ ਵੀ ਮਿਲੇ ਸਨ।