ਉਹ ਸ਼ਹਿਰ ਜਿੱਥੇ ਹਿੰਦੂ ਵੀ ਮੁਹੱਰਮ ਮਨਾਉਂਦੇ ਨੇ

    • ਲੇਖਕ, ਸ਼ੁਮਾਇਲਾ ਜਾਫਰੀ
    • ਰੋਲ, ਬੀਬੀਸੀ ਪੱਤਰਕਾਰ

ਮੁਕੇਸ਼ ਮਾਮਾ ਮੁਹੱਰਮ ਦੇ ਜਲੂਸ ਲਈ ਘੋੜੇ ਨੂੰ ਸਜਾ ਰਹੇ ਹਨ। ਇਹ ਮੰਨਿਆ ਜਾਂਦਾ ਸੀ ਕਿ 14 ਸ਼ਤਾਬਦੀਆਂ ਪਹਿਲਾਂ ਪੈਗੰਬਰ ਮੁਹੰਮਦ ਦੇ ਦੋਹਤੇ ਹੁਸੈਨ ਨੇ ਕਰਬਲਾ ਦੀ ਜੰਗ ਘੋੜੇ 'ਤੇ ਸਵਾਰ ਹੋ ਕੇ ਲੜੀ ਸੀ।

ਵਧੇਰੇ ਸ਼ੀਆ ਮੁਸਲਮਾਨ ਹੀ ਹੁਸੈਨ ਅਤੇ ਉਨ੍ਹਾਂ ਦੇ ਪਰਿਵਾਰ ਦੀ ਮੌਤ ਦਾ ਮਾਤਮ ਮਨਾਉਂਦੇ ਹਨ। ਇਹ ਮਾਤਮ ਮੁਹੱਰਮ ਵਜੋਂ ਇਸਲਾਮਿਕ ਕੈਲੰਡਰ ਦੇ ਪਹਿਲੇ ਮਹੀਨੇ ਵਿੱਚ ਮਨਾਇਆ ਜਾਂਦਾ ਹੈ। ਮੁਕੇਸ਼ ਹਿੰਦੂ ਹੋ ਕੇ ਵੀ ਮੁਹੱਰਮ ਮਨਾਉਂਦੇ ਹਨ।

ਮੁਕੇਸ਼ ਨੇ ਘੋੜੇ ਨੂੰ ਸਜਾਉਂਦੇ ਹੋਏ ਦੱਸਿਆ, "ਅਸੀਂ ਹੁਸੈਨ ਨੂੰ ਪਿਆਰ ਕਰਦੇ ਹਾਂ। ਅਸੀਂ ਉਨ੍ਹਾਂ ਦਾ ਬਹੁਤ ਸਤਿਕਾਰ ਕਰਦੇ ਹਾਂ। ਹੁਸੈਨ ਸਿਰਫ਼ ਮੁਸਲਮਾਨਾਂ ਦੇ ਰਹਿਨੁਮਾ ਨਹੀਂ ਸਨ। ਉਨ੍ਹਾਂ ਨੇ ਸਾਰਿਆਂ ਨੂੰ ਪਿਆਰ ਤੇ ਮਨੁੱਖਤਾ ਦਾ ਸੰਦੇਸ਼ ਦਿੱਤਾ ਸੀ।''

ਇਹ ਵੀ ਪੜ੍ਹੋ:

"ਅਸੀਂ ਹੁਸੈਨ ਦੀ ਮੌਤ ਦੇ ਮਾਤਮ ਦੇ ਜਲੂਸ ਵਿੱਚ ਸ਼ਾਮਿਲ ਹੁੰਦੇ ਹਾਂ ਅਤੇ ਜਲੂਸ ਵਿੱਚ ਸ਼ਾਮਿਲ ਲੋਕਾਂ ਲਈ ਖਾਣੇ ਤੇ ਪਾਣੀ ਦਾ ਇੰਤਜ਼ਾਮ ਕਰਦੇ ਹਾਂ।''

ਮਿੱਠੀ ਪਾਕਿਸਤਾਨ ਦੇ ਸਿੰਧ ਸੂਬੇ ਦਾ ਛੋਟਾ ਜਿਹਾ ਸ਼ਹਿਰ ਹੈ। ਮਿੱਠੀ ਨੂੰ ਸੂਫੀ ਸੰਤਾਂ ਲਈ ਜਾਣਿਆ ਜਾਂਦਾ ਹੈ।

ਮਿੱਠੀ ਵਿੱਚ ਹਿੰਦੂ ਬਹੁਗਿਣਤੀ ਵਿੱਚ ਹਨ ਪਰ ਉਹ ਮੁਸਲਮਾਨਾਂ ਦੀਆਂ ਸਾਰੀਆਂ ਰਵਾਇਤਾਂ ਵਿੱਚ ਹਿੱਸਾ ਲੈਂਦੇ ਹਨ ਅਤੇ ਹੁਸੈਨ ਤੇ ਪੈਗੰਬਰ ਮੁਹੰਮਦ ਲਈ ਆਪਣੇ ਪਿਆਰ ਦਾ ਪ੍ਰਗਟਾਵਾ ਕਰਦੇ ਹਨ।

ਮੁਕੇਸ਼ ਦੇ ਘਰ ਤੋਂ ਕਰੀਬ ਇੱਕ ਕਿਲੋਮੀਟਰ ਦੂਰ ਦਰਜਨਾਂ ਹਿੰਦੂ ਇਮਾਮ ਬਰਗਾਹ ਮਲੂਕ ਸ਼ਾਹ 'ਤੇ ਇਕੱਠੇ ਹੋਏ ਹਨ। ਧੁੱਪ ਕਾਫੀ ਤੇਜ਼ ਹੈ ਅਤੇ ਫਰਸ਼ ਕਾਫੀ ਗਰਮ ਹੈ। ਪਰ ਸਾਰਿਆਂ ਨੇ ਸਤਿਕਾਰ ਵਜੋਂ ਇਮਾਰਤ ਵਿੱਚ ਦਾਖਿਲ ਹੋਣ ਤੋਂ ਪਹਿਲਾਂ ਆਪਣੇ ਜੁੱਤੇ ਉਤਾਰ ਦਿੱਤੇ।

ਵੱਡੇ ਜਿਹੇ ਵਿਹੜੇ ਦੇ ਇੱਕ ਕੋਨੇ ਵਿੱਚ ਤਾਜ਼ੀਆ ਰੱਖਿਆ ਹੋਇਆ ਸੀ। ਵੱਡੇ-ਵੱਡੇ ਘਗਰੇ ਪਹਿਨੀ ਹਿੰਦੂ ਔਰਤਾਂ ਆਲਮ (ਲਾਲ ਝੰਡੇ) ਨੂੰ ਆਪਣਾ ਸਤਿਕਾਰ ਪੇਸ਼ ਕਰ ਰਹੀਆਂ ਸਨ ਅਤੇ ਅਗਰਬੱਤੀਆਂ ਬਾਲ ਰਹੀਆਂ ਸਨ।

ਫਿਰ ਉਹ ਤਾਜ਼ੀਆ ਵੱਲ ਗਈਆਂ ਅਤੇ ਪ੍ਰਾਰਥਨਾ ਕੀਤੀ। ਨਾਲ ਵਾਲੇ ਕਮਰੇ ਵਿੱਚ ਪੰਜ ਮਰਦਾਂ ਦੇ ਇੱਕ ਗਰੁੱਪ ਨੇ ਹੁਸੈਨ ਦੀ ਮੌਤ ਦੇ ਸੋਗ ਗੀਤ ਗਾਣੇ ਸ਼ੁਰੂ ਕੀਤੇ।

ਈਸ਼ਵਰ ਲਾਲ ਇਸ ਗਰੁੱਪ ਦੀ ਅਗਵਾਈ ਕਰ ਰਹੇ ਸਨ। ਈਸ਼ਵਰ ਇੱਕ ਲੋਕ ਗਾਇਕ ਹਨ। ਉਨ੍ਹਾਂ ਕਾਲੀ ਸਲਵਾਰ-ਕਮੀਜ਼ ਪਹਿਨੀ ਹੋਈ ਸੀ। ਉਹ ਹੌਲੀ-ਹੌਲੀ ਹੱਥਾਂ ਨਾਲ ਆਪਣੀ ਛਾਤੀ ਕੁੱਟ ਰਹੇ ਸਨ। ਉਨ੍ਹਾਂ ਦੀਆਂ ਅੱਖਾਂ ਵਿੱਚ ਹੰਝੂ ਸਨ। ਤਕਰੀਬਨ 40 ਮਰਦ ਉਨ੍ਹਾਂ ਨੂੰ ਪੁਰੀ ਸ਼ਰਧਾ ਨਾਲ ਸੁਣ ਰਹੇ ਸਨ।

ਈਸ਼ਵਰ ਲਾਲ ਨੇ ਕਿਹਾ, "ਕੋਈ ਇਤਰਾਜ਼ ਨਹੀਂ ਕਰਦਾ ਹੈ, ਨਾ ਹਿੰਦੂ ਅਤੇ ਨਾ ਹੀ ਮੁਸਲਮਾਨ

ਹਿੰਦੂ ਸ਼ੀਆ ਮਸਜਿਦਾਂ ਵਿੱਚ ਜਾਂਦੇ ਹਨ ਅਤੇ ਸਤਿਕਾਰ ਵਜੋਂ ਕਾਲੇ ਕੱਪੜੇ ਪਾਉਂਦੇ ਹਨ। ਜੇ ਕੋਈ ਇਤਰਾਜ਼ ਚੁੱਕਦਾ ਹੈ ਤਾਂ ਅਸੀਂ ਪ੍ਰਵਾਹ ਨਹੀਂ ਕਰਦੇ ਹਾਂ।''

ਮਾਤਮ ਵਿੱਚ ਹਿੱਸਾ ਲੈਣ ਪਹੁੰਚੇ ਲੋਕਾਂ ਨੂੰ 10 ਦਿਨਾਂ ਤੱਕ ਮੁਫ਼ਤ ਖਾਣਾ ਖਿਲਾਇਆ ਜਾਂਦਾ ਹੈ। ਹਿੰਦੂ ਦੁਕਾਨਦਾਰ ਇਸ ਦਾ ਸਾਰਾ ਇੰਤਜ਼ਾਮ ਕਰਦੇ ਹਨ।

ਮੁਹੱਰਮ ਦੇ ਨੌਵੇਂ ਦਿਨ ਹਿੰਦੂ ਤੇ ਮੁਸਲਮਾਨ ਸੋਗ ਵਜੋਂ ਤਾਜ਼ੀਆ ਚੁੱਕ ਲੈਂਦੇ ਹਨ ਅਤੇ ਸ਼ਹਿਰ ਵਿੱਚ ਜਲੂਸ ਕੱਢਦੇ ਹਨ।

ਉਹ ਆਪਣੀ ਛਾਤੀ ਕੁੱਟਦੇ ਹਨ, ਸੋਗ ਪ੍ਰਗਟ ਕਰਦੇ ਹਨ ਅਤੇ ਕਰਬਲਾ ਦੀ ਜੰਗ ਨੂੰ ਯਾਦ ਕਰਦੇ ਹਨ ਜਿੱਥੇ ਪੈਂਗਬਰ ਮੁਹੰਮਦ ਦੇ ਦੋਹਤੇ ਹੁਸੈਨ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਤਸ਼ੱਦਦ ਸਹਿਣ ਪਏ ਸਨ। ਉਨ੍ਹਾਂ ਦੀ ਬਹਾਦੁਰੀ ਨੂੰ ਯਾਦ ਕਰਦਿਆਂ ਗੀਤ ਗਾਏ ਜਾਂਦੇ ਹਨ।

ਸਵੇਰ ਤੱਕ ਸੜਕਾਂ 'ਤੇ ਜਲੂਸ ਕੱਢਿਆ ਗਿਆ ਅਤੇ ਦਰਗਾਹ ਕਾਸਿਮ ਸ਼ਾਹ 'ਤੇ ਕੁਝ ਦੇਰ ਲਈ ਰੁਕਿਆ।

ਦਰਗਾਹ ਦੀ ਸਾਂਭ ਸੰਭਾਲ ਕਰਨ ਵਾਲੇ ਮੋਹਨ ਲਾਲ ਨੇ ਦਰਗਾਹ ਨੂੰ ਸਾਫ ਕਰਨਾ ਸ਼ੁਰੂ ਕੀਤਾ ਤਾਂ ਜੋ ਉਹ ਜਲੂਸ ਦਾ ਸਵਾਗਤ ਕਰ ਸਕਣ। ਤਕਰੀਬਨ ਦਰਜਨ ਮਰਦ ਤੇ ਬੱਚੇ ਸਬਜ਼ੀਆਂ ਕੱਟ ਰਹੇ ਸਨ।

ਮੋਹਨ ਲਾਲ ਖਾਣਾ ਬਣਾ ਰਹੇ ਸਨ। ਉਨ੍ਹਾਂ ਕਿਹਾ, "ਜਲੂਸ ਵਿੱਚ ਸ਼ਾਮਿਲ ਹੋਣ ਵਾਲੇ ਲੋਕਾਂ ਨੂੰ ਖਾਣਾ ਖਿਲਾਉਣਾ ਸਾਡੇ ਲਈ ਮਾਣ ਦੀ ਗੱਲ ਹੈ ਅਤੇ ਅਸੀਂ ਸਾਲਾਂ ਤੋਂ ਇਹ ਰਵਾਇਤ ਨਿਭਾ ਰਹੇ ਹਾਂ।''

ਮੋਹਨ ਨੇ ਕਿਹਾ, "ਅਸੀਂ ਸ਼ਾਮ ਤੱਕ ਖਾਣਾ ਬਣਾਵਾਂਗੇ ਅਤੇ ਸਾਰਾ ਦਿਨ ਖਾਣਾ ਵਰਤਾਵਾਂਗੇ। ਸਾਡੇ ਦਿਲਾਂ ਵਿੱਚ ਇਸ ਧਾਰਮਿਕ ਰਵਾਇਤ ਲਈ ਕਾਫੀ ਸ਼ਰਧਾ ਹੈ।''

ਜਲੂਸ ਫਿਰ ਚੱਲਣਾ ਸ਼ੁਰੂ ਹੋ ਗਿਆ। ਮੋਹਨ ਲਾਲ ਹੀ ਹਿੰਦੂ ਨਹੀਂ ਸਨ, ਰਾਹ ਵਿੱਚ ਕਈ ਹਿੰਦੂ ਮਰਦਾਂ ਤੇ ਔਰਤਾਂ ਦੇ ਖਾਣਾ ਅਤੇ ਪਾਣੀ ਵਰਤਾਇਆ।

ਜਲੂਸ ਸ਼ਾਮ ਨੂੰ ਸਮਾਪਤ ਹੋਇਆ। ਇਮਾਮ ਮਲੂਕ ਸ਼ਾਹ ਵਿਖੇ ਸਾਰੇ ਇਕੱਠਾ ਹੋਏ ਅਤੇ ਹੁਸੈਨ ਦੇ ਕਾਤਲਾਂ ਨੂੰ ਲਾਹਨਤਾਂ ਪਾਈਆਂ।

ਆਖਰੀ ਮਜਲਿਸ ਨਾਲ ਮੁਹੱਰਮ ਦੀ ਆਖਰੀ ਰਸਮ ਵੀ ਸਮਾਪਤ ਹੋਈ ਪਰ ਹਿੰਦੂ ਤੇ ਮੁਸਲਮਾਨਾਂ ਵਿਚਾਲੇ ਭਾਈਚਾਰਾ ਪੂਰੇ ਸਾਲ ਜਾਰੀ ਰਹੇਗਾ।

ਇਹ ਪਿਆਰ ਇੱਕਤਰਫਾ ਨਹੀਂ ਹੈ। ਮਿੱਠੀ ਵਿੱਚ ਜਿੱਥੇ ਮੁਸਲਮਾਨ ਹਿੰਦੂਆਂ ਦਾ ਮਸਜਿਦ ਵਿੱਚ ਸਵਾਗਤ ਕਰਦੇ ਹਨ ਉੱਥੇ ਹੀ ਉਨ੍ਹਾਂ ਦੇ ਧਾਰਮਿਕ ਤਿਉਹਾਰਾਂ ਵਿੱਚ ਵੀ ਸ਼ਿਰਕਤ ਕਰਦੇ ਹਨ।

ਸਹਿਨਸ਼ੀਲਤਾ ਤੇ ਆਪਸੀ ਭਾਈਚਾਰਾ ਸੂਫ਼ੀਅਤ ਦੇ ਥੰਮ੍ਹ ਹਨ ਅਤੇ ਇੱਥੇ ਇਹ ਮਜ਼ਬੂਤੀ ਨਾਲ ਖੜ੍ਹੇ ਹਨ।

ਤੁਹਾਨੂੰ ਇਹ ਵੀ ਪਸੰਦ ਆ ਸਕਦਾ ਹੈ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)