ਗੰਗਾ ਦੇ ਕੰਢੇ ਵਰਤ ਰੱਖਣ ਵਾਲੀ ਮਹਿਲਾ ਨਾਲ ਬਲਾਤਕਾਰ - ਗਰਾਊਂਡ ਰਿਪੋਰਟ

    • ਲੇਖਕ, ਨੀਰਜ ਪ੍ਰਿਅਦਰਸ਼ੀ
    • ਰੋਲ, ਪਟਨਾ ਤੋਂ ਬੀਬੀਸੀ ਲਈ

ਪਟਨਾ ਦੇ ਹੜ੍ਹ ਪ੍ਰਭਾਵਿਤ ਖ਼ੇਤਰ ਤੋਂ ਲੰਘਣ ਵਾਲੇ ਨੈਸ਼ਨਲ ਹਾਈਵੇਅ-31 ਤੋਂ ਸਿਰਫ਼ 250 ਮੀਟਰ ਦੀ ਦੂਰੀ 'ਤੇ ਸਥਿਤ ਹੈ ਜਲਗੋਵਿੰਦ ਪਿੰਡ। ਇਸ ਪਿੰਡ ਦੇ ਇੱਕ ਘਾਟ 'ਤੇ ਇਸ਼ਨਾਨ ਕਰਨ ਲਈ ਆਈ ਮਹਿਲਾ ਦੇ ਨਾਲ ਦੋ ਜਣਿਆਂ ਨੇ ਬਲਾਤਕਾਰ ਕੀਤਾ।

ਇੰਨਾ ਹੀ ਨਹੀਂ, ਉਨ੍ਹਾਂ ਨੇ ਇਸ ਬਲਾਤਕਾਰ ਦਾ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਪਾ ਦਿੱਤਾ।

ਜਲਗੋਵਿੰਦ ਗੰਗਾ ਦੇ ਕੰਢੇ 'ਤੇ ਵਸਿਆ ਪਿੰਡ ਹੈ। ਗੰਗਾ ਦਾ ਘਾਟ ਪਿੰਡ ਤੋਂ ਕਰੀਬ 100 ਮੀਟਰ ਦੂਰੀ 'ਤੇ ਹੈ। ਇਸ ਘਾਟ 'ਤੇ ਦਹਯੌਰਾ ਅਤੇ ਜਲਗੋਵਿੰਦ ਪਿੰਡ ਦੀਆਂ ਮਹਿਲਾਵਾਂ ਛਠ, ਤੁਲਸੀ ਪੂਜਾ, ਜਿਤਿਆ ਤੋਂ ਲੈ ਕੇ ਕਾਰਤਿਕ ਪੂਰਣੀਮਾ ਤੱਕ, ਲਗਭਗ ਸਾਰੇ ਖ਼ਾਸ ਮੌਕਿਆਂ 'ਤੇ ਇਸ਼ਨਾਨ ਕਰਨ ਲਈ ਆਉਂਦੀਆਂ ਹਨ।

ਇਹ ਵੀ ਪੜ੍ਹੋ:

ਘਾਟ 'ਤੇ ਸੇਮਲ ਦਾ ਇੱਕ ਵੱਡਾ ਦਰਖ਼ਤ ਹੈ ਜੋ ਉਸ ਇਲਾਕੇ ਦੇ ਗੰਗਾ ਘਾਟਾਂ ਵਿੱਚੋਂ ਜਲਗੋਵਿੰਦ ਘਾਟ ਨੂੰ ਇੱਕ ਵੱਖਰੀ ਪਛਾਣ ਦਿੰਦਾ ਹੈ।

ਉੱਥੇ ਇੱਕ ਪਿੱਪਲ ਦਾ ਦਰਖ਼ਤ ਵੀ ਹੈ ਜਿਸਦੇ ਤਣੇ 'ਤੇ ਅਜੇ ਤੱਕ ਸਿੰਦੂਰ ਅਤੇ ਰੋਲੀ ਲਿਪਟੀ ਹੋਈ ਹੈ।

ਕੁਝ ਲੋਕ ਇਸ ਦਰਖ਼ਤ ਵੱਲ ਇਸ਼ਾਰਾ ਕਰਦੇ ਹੋਏ ਦੱਸਦੇ ਹਨ ਕਿ ਪਿੰਡ ਦੀਆਂ ਮਹਿਲਾਵਾਂ ਨੇ ਇੱਥੇ ਹੀ ਜਿਤਿਆ ਦਾ ਵਰਤ ਰੱਖਿਆ ਸੀ। ਬਿਹਾਰ 'ਚ ਮਹਿਲਾਵਾਂ ਪੁੱਤਰ ਦੀ ਲੰਬੀ ਉਮਰ ਦੇ ਲਈ ਇਹ ਵਰਤ ਰੱਖਦੀਆਂ ਹਨ।

ਪਿੰਡ ਦੇ ਇੰਨੇ ਨੇੜੇ ਅਤੇ ਮਸਰੂਫ਼ ਰਹਿਣ ਵਾਲੇ ਘਾਟ 'ਤੇ ਅਜਿਹਾ ਹੋਇਆ ਹੋਵੇ ਅਤੇ ਕਿਸੇ ਨੇ ਇਹ ਸਭ ਹੁੰਦੇ ਨਹੀਂ ਦੇਖਿਆ?

ਬੁੱਧਵਾਰ ਦੁਪਹਿਰ ਜਲਗੋਵਿੰਦ ਘਾਟ 'ਤੇ ਆਪਣੀਆਂ ਮੱਝਾਂ ਚਰਵਾਉਣ ਆਏ ਪਿੰਡ ਦੇ ਹੀ ਪ੍ਰਦੀਪ ਰਾਏ ਇਸ ਸਵਾਲ ਦਾ ਜਵਾਬ ਦੇਣ ਲਈ ਪਹਿਲਾਂ ਤਾਂ ਰਾਜ਼ੀ ਹੋ ਗਏ।

ਪਰ ਕੈਮਰਾ ਕੱਢਦੇ ਹੀ ਉਨ੍ਹਾਂ ਨੇ ਕੁਝ ਬੋਲਣ ਤੋਂ ਇਨਕਾਰ ਕਰ ਦਿੱਤਾ।

ਉਨ੍ਹਾਂ ਨੇ ਕਿਹਾ, ''ਇੰਝ ਪੁੱਛਣਾ ਹੈ ਤਾਂ ਪੁੱਛੋ, ਭਾਵੇਂ ਲਿਖ ਲਵੋ। ਅਸੀਂ ਸਾਰੀ ਗੱਲ ਦੱਸਾਂਗੇ ਪਰ ਸਾਡੀ ਤਸਵੀਰ ਨਾ ਲਵੋ, ਸਾਨੂੰ ਇਸ ਸਭ ਵਿੱਚ ਸ਼ਾਮਿਲ ਨਾ ਕਰੋ।''

ਪ੍ਰਦੀਪ ਤੋਂ ਜਦੋਂ ਅਸੀਂ ਪੁੱਛਿਆ ਕਿ ਤੁਸੀਂ ਤਾ ਰੋਜ਼ ਆਪਣੀਆਂ ਮੱਝਾਂ ਨੂੰ ਲੈ ਕੇ ਚਰਵਾਉਣ ਆਉਂਦੇ ਹੋ, ਕੀ ਉਸ ਦਿਨ ਨਹੀਂ ਆਏ ਸੀ?

ਇਸ 'ਤੇ ਗੰਗਾ 'ਚ ਨਹਾ ਰਹੀਆਂ ਆਪਣੀਆਂ ਮੱਝਾਂ ਵੱਲ ਇਸ਼ਾਰਾ ਕਰਦੇ ਹੋਏ ਪ੍ਰਦੀਪ ਰਾਏ ਨੇ ਕਿਹਾ, ''ਨਹੀਂ, ਅਸੀਂ ਨਹੀਂ ਸੀ ਪਰ ਇਸ ਵੇਲੇ ਜਿੱਥੇ ਮੱਝਾਂ ਨਹਾ ਰਹੀਆਂ ਹਨ, ਉੱਥੇ ਹੀ ਘਟਨਾ ਹੋਈ ਸੀ। ਉਹ ਹੋਣਾ ਸੀ, ਹੋ ਗਿਆ ਪਰ ਉਸ ਨਾਲ ਕੋਈ ਖ਼ਾਸ ਫ਼ਰਕ ਨਹੀਂ ਪਿਆ...ਉਸ ਤੋਂ ਬਾਅਦ ਇੱਥੇ ਪੂਜਾ ਹੋਈ, ਦੇਖੋ ਤੁਲਸੀ ਜੀ ਦੀ ਜੜ੍ਹ 'ਤੇ ਕਿੰਨੇ ਫੁੱਲ ਚੜ੍ਹੇ ਹਨ।''

ਪ੍ਰਦੀਪ ਨਾਲ ਕੁਝ ਦੇਰ ਹੀ ਗੱਲ ਹੋਈ ਸੀ ਕਿ ਪਿੰਡ ਦੇ ਕੁਝ ਹੋਰ ਲੋਕ ਵੀ ਘਾਟ ਦੇ ਨੇੜੇ ਆ ਗਏ। ਇਨ੍ਹਾਂ ਵਿੱਚੋਂ ਕੁਝ ਲੋਕ ਸਾਡੇ ਕੋਲ ਆਏ।

ਪਿੰਡ ਦੇ ਲੋਕ ਇੰਨੇ ਧਾਰਮਿਕ ਹਨ, ਘਾਟ 'ਤੇ ਇੰਨੇ ਲੋਕ ਪੂਜਾ-ਪਾਠ ਕਰਨ ਲਈ ਆਉਂਦੇ ਹਨ। ਬਾਵਜੂਦ ਇਸਦੇ, ਇਹ ਹੋ ਕਿਵੇਂ ਗਿਆ? ਇਸਦਾ ਜਵਾਬ ਲੋਕਾਂ ਦੇ ਕੋਲ ਨਹੀਂ ਹੈ।

ਇਹ ਵੀ ਪੜ੍ਹੋ:

ਉਸ ਘਾਟ 'ਤੇ ਹੀ ਇਸ਼ਨਾਨ ਅਤੇ ਪੂਜਾ ਦੇ ਲਈ ਪਿੰਡ ਦੀਆਂ ਸਾਰੀਆਂ ਮਹਿਲਾਵਾਂ ਵੀ ਆਉਂਦੀਆਂ ਹਨ ਅਤੇ ਘਾਟ 'ਤੇ ਕੱਪੜੇ ਬਦਲਣ ਦਾ ਕੋਈ ਇੰਤਜ਼ਾਮ ਨਹੀਂ ਹੈ।

ਕੀ ਇਸ ਲਈ ਹੋਇਆ ਮਹਿਲਾ ਦਾ ਬਲਾਤਕਾਰ

ਜਲਗੋਵਿੰਦ ਘਾਟ 'ਤੇ ਪਿੰਡ ਵਾਲਿਆਂ ਨਾਲ ਸਾਡੀ ਗੱਲਬਾਤ ਜਾਰੀ ਸੀ।

ਇਸ ਦੌਰਾਨ ਕਿਸੇ ਨੇ ਘਾਟ ਦੇ ਉੱਪਰ ਜਿੱਥੇ ਸੇਮਲ ਦੀਆਂ ਜੜ੍ਹਾਂ ਜ਼ਮੀਨ 'ਚੋਂ ਨਿਕਲੀਆਂ ਦਿਖ ਰਹੀਆਂ ਸਨ, ਉਸ ਵੱਲ ਇਸ਼ਾਰਾ ਕਰਦੇ ਹੋਏ ਕਿਹਾ, "ਦੇਖੋ, ਉਹ ਲੋਕ ਉੱਥੇ ਬੈਠੇ ਸਨ। ਜਿੱਥੇ ਦੇਸੀ ਸ਼ਰਾਬ ਦਾ ਪਾਉਚ ਦਿਖ ਰਿਹਾ ਹੈ। ਕਾਂਡ ਕਰਨ ਵਾਲੇ ਮੁੰਡੇ ਵੀ ਤਾਂ ਪਿੰਡ ਦੇ ਹੀ ਸਨ। ਇੱਥੇ ਆ ਕੇ ਹੀ ਸ਼ਰਾਬ ਪੀ ਰਹੇ ਸਨ ਤਾਂ ਉਹ ਨਹਾਉਣ ਲਈ ਆ ਗਈ। ਨਸ਼ੇ 'ਚ ਕਿੱਥੇ ਕਿਸੇ ਨੂੰ ਗ਼ਲਤ-ਸਹੀ ਦਿਖਦਾ ਹੈ।"

ਸ਼ਰਾਬਬੰਦੀ ਵਾਲੇ ਸੂਬੇ ਬਿਹਾਰ 'ਚ, ਜ਼ਮੀਨ 'ਤੇ ਪਿਆ ਪਾਉਚ ਝਾਰਖੰਡ 'ਚ ਬਣੇ ਦੇਸੀ ਸ਼ਰਾਬ ਦਾ ਪਾਉਚ ਸੀ। ਤਾਸ਼ ਦੇ ਪੱਤੇ, ਕਾਗਜ਼ 'ਤੇ ਨਮਕੀਨ ਦੇ ਲਈ ਲੂਣ-ਮਿਰਚ ਅਤੇ ਚਾਰੋ ਪਾਸੇ ਗੁਟਖੇ ਦੀਆਂ ਥੁੱਕਾਂ ਸਨ।

ਪਿੰਡ ਵਾਲਿਆਂ ਅਨੁਸਾਰ ਮਹਿਲਾ ਦੇ ਨਾਲ ਬਲਾਤਕਾਰ ਕਰਨ ਵਾਲੇ ਨਸ਼ੇ ਵਿੱਚ ਸਨ।

ਪਰ ਜਦੋਂ ਮਾਮਲੇ ਦੀ ਜਾਂਚ ਕਰ ਰਹੀ ਪਟਨਾ ਪੁਲਿਸ ਦੇ ਐਸਐਸਪੀ ਮਨੁ ਮਹਾਰਾਜ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਗ੍ਰਿਫ਼ਤਾਰ ਲੋਕਾਂ ਦੇ ਨਸ਼ੇ ਵਿੱਚ ਹੋਣ ਦੀ ਗੱਲ 'ਤੇ ਟਿੱਪਣੀ ਨਹੀਂ ਕੀਤੀ।

ਉਨ੍ਹਾਂ ਨੇ ਕਿਹਾ, ''ਅਜੇ ਤੱਕ ਸ਼ਰਾਬ ਪੀਣ ਦੀ ਗੱਲ ਸਾਹਮਣੇ ਨਹੀਂ ਆਈ ਹੈ। ਪਟਨਾ ਪੁਲਿਸ ਮਾਮਲੇ ਦੇ ਹਰ ਇੱਕ ਪਹਿਲੂ 'ਤੇ ਘੋਖ ਕਰ ਰਹੀ ਹੈ। ਪਰ ਘਟਨਾ ਵਾਲੀ ਥਾਂ 'ਤੇ ਦੇਸੀ ਸ਼ਰਾਬ ਦੇ ਪਾਉਚ ਮਿਲੇ ਹਨ ਅਤੇ ਸ਼ੱਕੀਆਂ ਦੀ ਮੈਡੀਕਲ ਰਿਪੋਰਟ 'ਚ ਇਹ ਗੱਲ ਸਾਹਮਣੇ ਆਉਂਦੀ ਹੈ, ਤਾਂ ਇਹ ਕਿਹਾ ਜਾ ਸਕਦਾ ਹੈ ਕਿ ਸ਼ਰਾਬ ਦੇ ਨਸ਼ੇ 'ਚ ਉਨ੍ਹਾਂ ਨੇ ਅਜਿਹਾ ਕੀਤਾ।''

ਵੀਡੀਓ ਨਹੀਂ ਆਉਂਦਾ ਤਾਂ ਮਾਮਲਾ ਵੀ ਦਰਜ ਨਹੀਂ ਹੁੰਦਾ

ਜਿੰਨੇ ਵੀ ਪਿੰਡ ਵਾਲਿਆਂ ਨੇ ਬੀਬੀਸੀ ਨਾਲ ਗੱਲ ਕੀਤੀ, ਸਾਰਿਆਂ ਨੇ ਕਿਹਾ ਕਿ ਉਨ੍ਹਾਂ ਨੂੰ ਘਟਨਾ ਦੀ ਜਾਣਕਾਰੀ ਦੋ ਦਿਨਾਂ ਬਾਅਦ ਯਾਨਿ ਮੰਗਲਵਾਰ ਨੂੰ ਮਿਲੀ।

ਉਹ ਵੀ ਉਦੋਂ ਜਦੋਂ ਪੁਲਿਸ ਦੀ ਟੀਮ ਸ਼ੱਕੀਆਂ ਦੀ ਪਛਾਣ ਕਰਨ ਲਈ ਪਿੰਡ 'ਚ ਆਈ।

ਪੁਲਿਸ ਦੇ ਕੋਲ ਵੀ ਪੀੜਤ ਮਹਿਲਾ ਜਾਂ ਉਸਦੇ ਪਰਿਵਾਰ ਵਾਲੇ ਸ਼ਿਕਾਇਤ ਲੈ ਕੇ ਕੇਸ ਦਰਜ ਕਰਵਾਉਣ ਨਹੀਂ ਗਏ ਸਨ, ਸਗੋਂ ਵਾਇਰਲ ਵੀਡੀਓ ਦਾ ਕਲਿਪ ਬਾੜ ਦੇ ਥਾਣਾ ਪ੍ਰਭਾਰੀ ਅਬਰਾਰ ਅਹਿਮਦ ਖ਼ਾਨ ਦੇ ਕੋਲ ਪਹੁੰਚਿਆ ਸੀ।

ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਇੰਸਪੈਕਟਰ ਅਬਰਾਰ ਕਹਿੰਦੇ ਹਨ, ''ਅਸੀਂ ਦੋਵਾਂ ਸ਼ੱਕੀਆਂ ਤੋਂ ਪੁੱਛਗਿੱਛ ਕਰ ਰਹੇ ਹਾਂ। ਹੁਣ ਤੱਕ ਦੀ ਪੜਤਾਲ 'ਚ ਇਹ ਗੱਲ ਸਾਹਮਣੇ ਆਈਆ ਹੈ ਕਿ ਦੂਜਾ ਸ਼ੱਕੀ ਵਿਸ਼ਾਲ ਉਸ ਵੀਡੀਓ ਨੂੰ ਰਿਕਾਰਡ ਕਰ ਰਿਹਾ ਸੀ। ਉਸ ਨੇ ਹੀ ਵੀਡੀਓ ਵਾਇਰਲ ਕੀਤਾ। ਪਿੰਡ ਦੇ ਲੋਕਾਂ ਦੇ ਜ਼ਰੀਏ ਹੀ 2 ਅਕਤੂਬਰ ਦੀ ਦੁਪਹਿਰ ਨੂੰ ਪੁਲਿਸ ਨੂੰ ਪਤਾ ਲੱਗਿਆ ਕਿ ਵੀਡੀਓ 'ਚ ਦਿਖ ਰਹੀ ਘਟਨਾ ਵਾਲੀ ਥਾਂ ਜਲਗੋਵਿੰਦ ਘਾਟ ਹੈ।'

''ਵੀਡੀਓ 'ਚ ਮਹਿਲਾ ਦੇ ਨਾਲ ਬਲਾਤਕਾਰ ਕਰਨ ਵਾਲੇ ਦੀ ਪਛਾਣ ਸ਼ਿਵ ਪੂਜਨ ਮਹਤੋ ਦੇ ਤੌਰ 'ਤੇ ਹੋਈ ਹੈ। ਪੁਲਿਸ ਜਦੋਂ ਪਿੰਡ ਪਹੁੰਚੀ ਅਤੇ ਲੋਕਾਂ ਦੀ ਪਛਾਣ ਕਰਵਾਈ ਗਈ, ਤਾਂ ਮਾਮਲੇ ਦਾ ਪਤਾ ਲੱਗਿਆ ਅਤੇ ਸ਼ੱਕੀਆਂ ਦੀ ਗ੍ਰਿਫ਼ਤਾਰੀ ਹੋ ਸਕੀ।''

ਪੁਲਿਸ ਦੀ ਜਾਂਚ ਵਿੱਚ ਇਹ ਗੱਲ ਸਪੱਸ਼ਟ ਹੋ ਚੁੱਕੀ ਹੈ ਕਿ ਘਟਨਾ ਐਤਵਾਰ ਸਵੇਰ ਦੀ ਹੈ ਪਰ ਇਸਦੀ ਰਿਪੋਰਟ ਮੰਗਲਵਾਰ ਨੂੰ ਦਰਜ ਕੀਤੀ ਗਈ।

ਉਹ ਵੀ ਪੀੜਤ ਨੇ ਖ਼ੁਦ ਸ਼ਿਕਾਇਤ ਨਹੀਂ ਕੀਤੀ ਸਗੋਂ ਪੁਲਿਸ ਨੇ ਵੀਡੀਓ ਆਉਣ ਤੋਂ ਬਾਅਦ ਖ਼ੁਦ ਮਾਮਲਾ ਦਰਜ ਕੀਤਾ। ਪਰ ਅਜਿਹਾ ਕਿਉਂ ਹੋਇਆ?

ਪੀੜਤ ਮਹਿਲਾ ਦੇ ਪਤੀ ਦਿੱਲੀ 'ਚ ਕੰਮ ਕਰਦੇ ਹਨ। ਮਹਿਲਾ ਆਪਣੀ ਧੀਆਂ ਅਤੇ ਇੱਕ ਪੁੱਤਰ ਨਾਲ ਪਿੰਡ 'ਚ ਰਹਿ ਕੇ ਘਰ ਸੰਭਾਲਦੇ ਹਨ।

ਇਹ ਵੀ ਪੜ੍ਹੋ:

ਜਲਗੋਵਿੰਦ ਪਿੰਡ ਦੇ ਮਹਤੋ ਭਾਈਚਾਰੇ ਦੇ ਲੋਕਾਂ 'ਚ ਪੀੜਤ ਦਾ ਘਰ ਹੈ। ਘਰ ਦੇ ਦਰਵਾਜ਼ੇ ਬੰਦ ਸਨ ਪਰ ਦੋ ਤਿੰਨ ਵਾਰ ਖੜਕਾਉਣ 'ਤੇ ਇੱਕ ਛੋਟੀ ਬੱਚੀ ਨੇ ਦਰਵਾਜ਼ਾ ਖੋਲ੍ਹਿਆ।

ਇਹ ਪੀੜਤ ਮਹਿਲੀ ਦੀ ਧੀ ਸੀ ਜੋ 8ਵੀਂ ਜਮਾਤ 'ਚ ਪੜ੍ਹਦੀ ਹੈ। ਉਸਨੇ ਪੁੱਛਣ 'ਤੇ ਦੱਸਿਆ ਕਿ ਮਾਂ ਅਤੇ ਵੱਡੀ ਭੈਣ ਪੁਲਿਸ ਵਾਲਿਆਂ ਦੇ ਨਾਲ ਗਏ ਹਨ। ਉਹ ਛੋਟੇ ਭਰਾ ਦੇ ਨਾਲ ਘਰ 'ਚ ਹੈ।

ਪੀੜਤ ਮਹਿਲਾ ਦਾ ਪੁੱਤਰ ਅਜੇ ਕਾਫ਼ੀ ਛੋਟਾ ਹੈ। ਉਨ੍ਹਾਂ ਦੀ ਧੀ ਨੇ ਦੱਸਿਆ, ''ਜਿਸ ਦਿਨ ਘਟਨਾ ਹੋਈ ਸੀ, ਉਸ ਦਿਨ ਸਾਨੂੰ ਧਮਕੀ ਦਿੱਤੀ ਗਈ ਸੀ ਕਿ ਜੇ ਜ਼ੁਬਾਨ ਖੋਲ੍ਹੀ ਤਾਂ ਉਹ ਸਾਨੂੰ ਮਾਰ ਦੇਣਗੇ, ਪਰ ਹੁਣ ਤਾਂ ਸਭ ਕੁਝ ਬਾਹਰ ਆ ਗਿਆ ਹੈ। ਹੁਣ ਇਸ ਤੋਂ ਬਾਅਦ ਕੀ ਬੋਲੀਏ, ਅਸੀਂ ਡਰ ਦੇ ਕਾਰਨ ਕਿਸੇ ਨੂੰ ਕੁਝ ਨਹੀਂ ਕਹਿ ਰਹੇ ਸੀ।''

ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)