ਪ੍ਰਿਥਵੀ ਸ਼ਾਅ: 4 ਸਾਲ ਦੀ ਉਮਰ 'ਚ ਮਾਂ ਨੂੰ ਗੁਆਉਣ ਵਾਲਾ ਮੁੰਡਾ ਬਣਿਆ ਮਿਸਾਲ

ਪ੍ਰਿਥਵੀ ਸ਼ਾਅ ਦੇ ਪਹਿਲੇ ਟੈਸਟ ਮੈਚ 'ਚ ਉਤਰਣ ਤੋਂ ਪਹਿਲਾਂ ਹੀ ਉਨ੍ਹਾਂ ਦੀ ਚੰਗੀ ਚਰਚਾ ਹੋ ਰਹੀ ਸੀ। ਉਨ੍ਹਾਂ ਨੇ ਆਪਣੀ ਪਹਿਲੀ ਹੀ ਟੈਸਟ ਪਾਰੀ 'ਚ ਇਹ ਦਿਖਾ ਦਿੱਤਾ ਕਿ ਉਹ ਚਰਚਾ ਇੰਝ ਹੀ ਨਹੀਂ ਸੀ। ਰਾਜਕੋਟ 'ਚ ਵੈਸਟਇੰਡੀਜ਼ ਦੇ ਖ਼ਿਲਾਫ਼ ਭਾਰਤ ਦੇ 293ਵੇਂ ਟੈਸਟ ਕ੍ਰਿਕਟਰ ਬਣੇ ਪ੍ਰਿਥਵੀ ਸ਼ਾਅ ਨੇ ਆਪਣੀ ਪਹਿਲੀ ਹੀ ਪਾਰੀ 'ਚ ਟੈਸਟ ਸੈਂਕੜਾ ਜੜ੍ਹ ਦਿੱਤਾ।

ਉਨ੍ਹਾਂ ਨੂੰ ਸਾਥੀ ਖਿਡਾਰੀ ਅਜਿੰਕੇਯ ਰਹਾਣੇ ਅਤੇ ਕੋਚ ਰਵੀ ਸ਼ਾਸਤਰੀ ਨੇ ਸਲਾਹ ਦਿੱਤੀ ਸੀ ਕਿ ਆਪਣੇ ਖੇਡ ਅਤੇ ਸਟਾਈਲ 'ਚ ਬਦਲਾਅ ਦੀ ਲੋੜ ਨਹੀਂ ਹੈ ਅਤੇ ਸ਼ਾਅ ਨੇ ਬਿਲਕੁਲ ਉਸ ਤਰ੍ਹਾਂ ਹੀ ਕੀਤਾ।

ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਲਈ ਉੱਤਰੀ ਭਾਰਤੀ ਟੀਮ ਦੀ ਪਾਰੀ ਦਾ ਆਗਾਜ਼ ਕਰਨ ਲਈ ਕਰੀਜ਼ 'ਤੇ ਆਏ ਪ੍ਰਿਥਵੀ ਸ਼ਾਅ।

ਉਨ੍ਹਾਂ ਜਿਸ ਬਹਾਦਰ ਅੰਦਾਜ਼ 'ਚ ਬੱਲੇਬਾਜ਼ੀ ਕੀਤੀ ਉਸ ਨੂੰ ਦੇਖ ਕੇ ਇਹ ਕਿਤੇ ਵੀ ਨਹੀਂ ਲੱਗ ਰਿਹਾ ਸੀ ਕਿ ਸਿਰਫ਼ 18 ਸਾਲ ਦੇ ਇਸ ਕ੍ਰਿਕਟਰ ਦਾ ਇਹ ਪਹਿਲਾ ਟੈਸਟ ਮੈਚ ਹੈ।

ਇਹ ਵੀ ਪੜ੍ਹੋ:

ਉਨ੍ਹਾਂ ਦੇ ਬੱਲੇ ਤੋਂ ਸਭ ਤੋਂ ਪਹਿਲਾਂ ਤਿੰਨ ਦੌੜਾਂ ਨਿਕਲੀਆਂ। ਫ਼ਿਰ ਤਾਂ ਉਨ੍ਹਾਂ ਚੌਕਿਆਂ ਦੀ ਬਰਸਾਤ ਕਰ ਦਿੱਤੀ ਅਤੇ ਇਸ ਦੌਰਾਨ ਪ੍ਰਿਥਵੀ ਸ਼ਾਅ ਦੀ ਬੱਲੇਬਾਜ਼ੀ 'ਚ ਸਟ੍ਰੇਟ ਡਰਾਈਵ, ਕਵਰ ਡਰਾਈਵ, ਆਫ਼ ਡਰਾਈਵ, ਸਕਵੇਅਰ ਕਟ, ਲੇਗ ਗਲਾਂਸ, ਕਟ, ਪੁਲ, ਸਵੀਪ, ਰਿਸਟ ਵਰਕ ਵਰਗੇ ਕਈ ਸ਼ਾਟਸ ਨਿਕਲੇ।

ਪਹਿਲੇ ਟੈਸਟ 'ਚ ਸੈਂਕੜਾ

ਪ੍ਰਿਥਵੀ ਸ਼ਾਅ ਨੇ ਸਿਰਫ਼ 56 ਗੇਂਦਾਂ 'ਚ ਅੱਧਾ ਸੈਂਕੜਾ ਮਾਰਿਆ। ਉਹ ਇੱਥੇ ਹੀ ਨਹੀਂ ਰੁਕੇ।

ਇਸ ਤੋਂ ਬਾਅਦ ਉਨ੍ਹਾਂ ਨੇ ਸੰਭਲਦੇ ਹੋਏ ਬੱਲੇਬਾਜ਼ੀ ਕਰਨੀ ਸ਼ੁਰੂ ਕੀਤੀ ਅਤੇ ਫ਼ਿਰ ਪਹਿਲੇ ਹੀ ਟੈਸਟ 'ਚ ਸੈਂਕੜੇ ਦਾ ਰਿਕਾਰਡ ਬਣਾ ਦਿੱਤਾ।

ਪ੍ਰਿਥਵੀ ਸ਼ਾਅ, ਪਹਿਲੇ ਟੈਸਟ 'ਚ ਸੈਂਕੜਾ ਮਾਰਨ ਵਾਲੇ ਦੁਨੀਆਂ ਦੇ 104ਵੇਂ ਅਤੇ ਭਾਰਤ ਦੇ 15ਵੇਂ ਕ੍ਰਿਕਟਰ ਹਨ।

ਆਪਣੇ ਪਹਿਲੇ ਟੈਸਟ 'ਚ ਸੈਂਕੜਾ ਮਾਰਨ ਵਾਲੇ ਪਹਿਲੇ ਭਾਰਤੀ ਬੱਲੇਬਾਜ਼ ਲਾਲਾ ਅਮਰਨਾਥ ਸਨ ਜਿਨ੍ਹਾਂ ਨੇ 1933 'ਚ ਇੰਗਲੈਂਡ ਖ਼ਿਲਾਫ਼ 118 ਦੌੜਾਂ ਦੀ ਪਾਰੀ ਖੇਡੀ ਸੀ।

ਕੌਣ ਹਨ ਪ੍ਰਿਥਵੀ ਸ਼ਾਅ?

ਚਾਰ ਸਾਲ ਦੀ ਉਮਰ 'ਚ ਆਪਣੀ ਮਾਂ ਨੂੰ ਗੁਆਉਣ ਵਾਲੇ ਪ੍ਰਿਥਵੀ ਸ਼ਾਅ ਮੁੰਬਈ ਦੇ ਬਾਹਰੀ ਇਲਾਕੇ ਵਿਰਾਰ 'ਚ ਵੱਡੇ ਹੋਏ।

ਅੱਠ ਸਾਲ ਦੀ ਉਮਰ 'ਚ ਉਨ੍ਹਾਂ ਦਾ ਬਾਂਦਰਾ ਦੇ ਰਿਜ਼ਵੀ ਸਕੂਲ 'ਚ ਦਾਖ਼ਲਾ ਕਰਵਾਇਆ ਗਿਆ ਤਾਂ ਜੋ ਕ੍ਰਿਕਟ 'ਚ ਕਰੀਅਰ ਬਣਾ ਸਕਨ।

ਸਕੂਲ ਆਉਣ-ਜਾਣ ਲਈ ਉਨ੍ਹਾਂ ਨੂੰ 90 ਮਿੰਟਾਂ ਦਾ ਸਮਾਂ ਲਗਦਾ ਸੀ ਅਤੇ ਇਹ ਸਮਾਂ ਉਹ ਆਪਣੇ ਪਿਤਾ ਨਾਲ ਤੈਅ ਕਰਦੇ ਸਨ।

ਇਹ ਵੀ ਪੜ੍ਹੋ:

14 ਸਾਲ ਦੀ ਉਮਰ 'ਚ ਕਾਂਗਾ ਲੀਗ ਦੀ 'ਏ' ਡਿਵੀਜ਼ਨ 'ਚ ਸੈਂਕੜਾ ਮਾਰਨ ਵਾਲੇ ਸਭ ਤੋਂ ਘੱਟ ਉਮਰ ਦੇ ਕ੍ਰਿਕਟਰ ਬਣੇ।

ਦਸੰਬਰ 2014 'ਚ ਆਪਣੇ ਸਕੂਲ ਦੇ ਲਈ 546 ਦੌੜਾਂ ਦਾ ਰਿਕਾਰਡ ਬਣਾਇਆ।

ਪ੍ਰਿਥਵੀ ਮੁੰਬਈ ਦੀ ਅੰਡਰ-16 ਟੀਮ ਦੀ ਕਪਤਾਨੀ ਕਰ ਚੁੱਕੇ ਹਨ ਅਤੇ ਉਨ੍ਹਾਂ ਨੇ ਨਿਊਜ਼ੀਲੈਂਡ 'ਚ ਬਤੌਰ ਕਪਤਾਨ ਭਾਰਤ ਨੂੰ ਅੰਡਰ-19 ਵਰਲਡ ਕੱਪ ਵੀ ਦਿਵਾਇਆ ਹੈ।

ਕੀ ਕਹਿੰਦੇ ਹਨ ਦ੍ਰਵਿੜ?

ਪ੍ਰਿਥਵੀ ਸ਼ਾਅ ਦੇ ਅੰਡਰ-19 ਦੇ ਕੋਚ ਰਾਹੁਲ ਦ੍ਰਵਿੜ ਉਨ੍ਹਾਂ ਦੀ ਮਾਨਸਿਕਤਾ ਤੋਂ ਬਹੁਤ ਪ੍ਰਭਾਵਿਤ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰਿਥਵੀ ਨੇ ਆਪਣੇ ਕ੍ਰਿਕਟ 'ਚ ਲਗਾਤਾਰ ਸੁਧਾਰ ਕੀਤਾ ਹੈ।

ਪ੍ਰਿਥਵੀ ਦੇ ਸੈਂਕੜੇ 'ਤੇ ਪ੍ਰਤਿਕਿਰਿਆਵਾਂ

ਜਿਵੇਂ ਹੀ ਪ੍ਰਿਥਵੀ ਸ਼ਾਅ ਨੇ ਸੈਂਕੜਾ ਜੜ੍ਹਿਆ ਤਾਂ ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੀਆਂ ਪ੍ਰਤਿਕਿਰਿਆਵਾਂ ਦੀ ਝੜੀ ਲੱਗ ਗਈ।

ਸਚਿਨ ਤੇਂਦੂਲਕਰ ਨੇ ਟਵੀਟ ਕੀਤਾ, ''ਪ੍ਰਿਥਵੀ ਸ਼ਾਅ ਤੁਹਾਡੀ ਪਹਿਲੀ ਪਾਰੀ ਦੇਖ ਕੇ ਚੰਗਾ ਲੱਗਿਆ।''

ਸਾਬਕਾ ਕ੍ਰਿਕਟਰ ਵਿਰੇਂਦਰ ਸਹਿਵਾਗ ਨੇ ਲਿਖਿਆ, ''ਅਜੇ ਤਾਂ ਬਸ ਸ਼ੁਰੂਆਤ ਹੈ, ਮੁੰਡੇ 'ਚ ਬਹੁਤ ਦਮ ਹੈ।''

ਸਾਬਕਾ ਕ੍ਰਿਕਟਰ ਵੀਵੀਐਸ ਲਕਸ਼ਮਣ ਨੇ ਲਿਖਿਆ, ''18 ਸਾਲ ਦੇ ਮੁੰਡੇ ਨੂੰ ਮੈਦਾਨ 'ਚ ਉਤਰਦੇ ਹੀ ਨੈਚੁਰਲ ਗੇਮ ਖੇਡਦੇ ਦੇਖਣਾ ਚੰਗਾ ਲੱਗਿਆ।''

ਸੰਜੇ ਮਾਂਜਰੇਕਰ ਨੇ ਲਿਖਿਆ, ''ਪ੍ਰਿਥਵੀ ਸ਼ਾਅ ਨੂੰ ਡੇਬਿਊ ਮੈਚ 'ਚ ਸੈਂਕੜਾ ਬਣਾਉਣ 'ਤੇ ਵਧਾਈ।''

ਮਾਂਜਰੇਕਰ ਨੇ ਸ਼ਾਅ ਦੀ 100 ਦੇ ਸਟ੍ਰਾਈਕ ਰੇਟ ਨਾਲ ਦੌੜਾਂ ਬਣਾਉਣ ਦੀ ਸ਼ਲਾਘਾ ਕੀਤੀ।

ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)