ਟਾਈਪ 2 ਪੋਲੀਓ ਵਾਇਰਸ ਵਾਲੇ ਟੀਕੇ ਕਾਰਨ ਕਿੰਨਾ ਖਤਰਾ

ਭਾਰਤ ਨੂੰ 2014 ਵਿੱਚ ਪੋਲੀਓ-ਮੁਕਤ ਦੇਸ ਐਲਾਨ ਦਿੱਤਾ ਗਿਆ ਸੀ। ਭਾਰਤ ਤਿੰਨੋਂ ਤਰ੍ਹਾਂ ਦੇ ਪੋਲੀਓ ਵਾਇਰਸ ਵਿਰੁੱਧ ਚੌਕਸ ਹੈ। ਆਖਿਰੀ ਪੋਲੀਓ ਦਾ ਮਾਮਲਾ 13 ਜਨਵਰੀ, 2011 ਨੂੰ ਸਾਹਮਣੇ ਆਇਆ ਸੀ।

ਇਹ ਬਿਆਨ 3 ਅਕਤੂਬਰ ਨੂੰ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤਾ ਗਿਆ। ਦਰਅਸਲ ਮੀਡੀਆ ਵਿੱਚ ਇਹ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਕਿ ਇੱਕ ਫਾਰਮਾਸਿਊਟੀਕਲ ਕੰਪਨੀ ਦੇ ਟੀਕੇ ਵਿੱਚ ਟਾਈਪ 2 ਪੋਲੀਓ ਵਾਇਰਸ ਪਾਇਆ ਜਾਂਦਾ ਹੈ, ਵਿਭਾਗ ਨੇ ਬਿਆਨ ਜਾਰੀ ਕਰਕੇ ਸਪਸ਼ਟੀਕਰਨ ਦਿੱਤਾ ਹੈ।

ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ ਦਾਅਵਾ ਕੀਤਾ ਹੈ ਕਿ ਇਹ ਖਬਰਾਂ ਆਉਣ ਤੋਂ ਤੁਰੰਤ ਬਾਅਦ ਜਾਂਚ ਪੂਰੀ ਹੋਣ ਤੱਕ ਇਸ ਟੀਕੇ ਦੀ ਵਰਤੋਂ ਬੰਦ ਕਰ ਦਿੱਤੀ ਗਈ ਹੈ। 'ਬਾਈਵੈਲੰਟ ਓਰਲ ਪੋਲੀਓ ਵੈਕਸੀਨ' (ਬੀਓਪੀਵੀ) ਦੇ ਸੈਂਪਲ ਤੁਰੰਤ ਜਾਂਚ ਲਈ ਕਸੌਲੀ ਲੈਬੋਰੇਟਰੀ ਵਿੱਚ ਭੇਜ ਦਿੱਤੇ ਗਏ ਹਨ।

ਇਹ ਵੀ ਪੜ੍ਹੋ:

ਕੰਪਨੀ ਖਿਲਾਫ਼ ਮਾਮਲਾ ਦਰਜ

'ਡਰਗਜ਼ ਕੰਟਰੋਲਰ ਜਨਰਲ ਆਫ਼ ਇੰਡੀਆ' ਨੇ ਤੁਰੰਤ ਐਫ਼ਆਈਆਰ ਦਰਜ ਕੀਤੀ ਅਤੇ ਕੰਪਨੀ ਨੂੰ ਨੋਟਿਸ ਜਾਰੀ ਕਰਕੇ ਇਸ ਦਾ ਨਿਰਮਾਣ ਅਤੇ ਸਪਲਾਈ ਬੰਦ ਕਰਨ ਲਈ ਕਿਹਾ ਗਿਆ ਹੈ। ਕੰਪਨੀ ਦੇ ਐਮਡੀ ਨੂੰ ਤੁਰੰਤ ਹਿਰਾਸਤ ਵਿੱਚ ਲੈ ਲਿਆ ਗਿਆ।

ਇਸ ਬਿਆਨ ਦੌਰਾਨ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਟਾਈਪ 2 ਪੋਲੀਓ ਵਾਇਰਸ ਇੱਕ ਕਮਜ਼ੋਰ ਪੋਲੀਓ ਵਾਇਰਸ ਹੈ ਅਤੇ ਇਸ ਨਾਲ ਲਕਵਾ ਨਹੀਂ ਹੁੰਦਾ। 2016 ਤੱਕ ਇਸ ਦੀ ਵਰਤੋਂ ਬਾਈਵੈਲੰਟ ਓਰਲ ਪੋਲੀਓ ਵੈਕਸੀਨ (ਬੀਓਪੀਵੀ) ਵਿੱਚ ਕੀਤੀ ਜਾਂਦੀ ਰਹੀ ਹੈ।

ਜਿਨ੍ਹਾਂ ਦੇ ਇਹ ਟੀਕੇ ਲੱਗ ਚੁੱਕੇ ਹਨ ਇਹ ਵਾਇਰਸ ਆਮ ਤੌਰ 'ਤੇ 4-6 ਹਫ਼ਤਿਆਂ ਵਿੱਚ ਸ਼ੌਚ ਰਾਹੀਂ ਨਿਕਲ ਜਾਵੇਗਾ ਅਤੇ ਇਹ ਖ਼ਤਮ ਹੋ ਜਾਵੇਗਾ।

ਇਹ ਵੀ ਪੜ੍ਹੋ:

ਛੋਟੇ ਖੇਤਰਾਂ ਵਿੱਚ ਜਿੱਥੇ ਅਜਿਹੀਆਂ ਸ਼ੀਸ਼ੀਆਂ ਦੀ ਵਰਤੋਂ ਕੀਤੀ ਗਈ ਸੀ, ਸਿਹਤ ਮਹਿਕਮੇ ਵੱਲੋਂ ਪੋਲੀਓ ਦੇ ਮਾਮਲਿਆਂ ਦੀ ਨਿਗਰਾਨੀ ਅਤੇ ਮਲ ਦੇ ਸੈਂਪਲ ਲਏ ਜਾ ਰਹੇ ਹਨ। ਵਿਸ਼ਵ ਸਿਹਤ ਸੰਗਠਨ ਅਤੇ ਸਹਿਯੋਗੀਆਂ ਦੀ ਮਦਦ ਨਾਲ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।

ਵਾਇਰਸ ਵਾਲੇ ਟੀਕੇ ਕਾਰਨ ਕਿੰਨਾ ਖਤਰਾ?

ਵਿਸ਼ਵ ਸਿਹਤ ਸੰਗਠ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਪੋਲੀਓ ਵਾਇਰਸ ਕਾਰਨ ਬੱਚਿਆਂ ਨੂੰ ਘੱਟ ਤੋਂ ਘੱਟ ਖਤਰਾ ਹੈ।

ਪਰ ਇਸ ਮਾਮਲੇ ਨੇ ਜਿਸ ਕਾਰਨ ਹਜ਼ਾਰਾਂ ਬੱਚੇ ਪ੍ਰਭਾਵਿਤ ਹੋਣ ਦਾ ਖਦਸ਼ਾ ਹੈ, ਭਾਰਤ ਵਿੱਚ ਦਵਾਈਆਂ (ਫਾਰਮਾਸਿਊਟੀਕਲ) ਦੀ ਗੁਣਵੱਤਾ ਪ੍ਰਕਿਰਿਆ 'ਤੇ ਸਵਾਲ ਜ਼ਰੂਰ ਖੜ੍ਹੇ ਕਰ ਦਿੱਤੇ ਹਨ।

ਖ਼ਬਰ ਏਜੰਸੀ ਰਾਇਟਰਜ਼ ਮੁਤਾਬਕ ਹਾਲ ਹੀ ਵਿੱਚ ਨਿੱਜੀ ਕੰਪਨੀ ਬਾਇਓ-ਮੈਡ ਪ੍ਰਾਈਵੇਟ ਲਿਮੀਟੇਡ ਵੱਲੋਂ ਬਣਾਏ ਜਾਂਦੇ ਟੀਕੇ ਕਾਰਨ ਚਿੰਤਾ ਹੋ ਰਹੀ ਹੈ ਜਿਸ ਵਿੱਚ ਉਹ ਵਾਇਰਸ ਪਾਇਆ ਗਿਆ ਹੈ ਜੋ ਦੁਨੀਆਂ ਵਿੱਚੋਂ ਖਤਮ ਹੋ ਚੁੱਕਾ ਹੈ ਅਤੇ ਟੀਕਿਆਂ ਵਿੱਚ ਵੀ ਵਰਤੋਂ ਕਰਨ ਉੱਤੇ ਪਾਬੰਦੀ ਹੈ। ਇਹ ਟੀਕੇ ਸਰਕਾਰ ਦੀ ਪੋਲੀਓ-ਮੁਕਤ ਮੁਹਿੰਮ ਦੌਰਾਨ ਮੁਫਤ ਵੰਡੇ ਜਾ ਰਹੇ ਸਨ।

ਵਿਸ਼ਵ ਸਿਹਤ ਸੰਗਠਨ ਦੀ ਤਰਜ਼ਮਾਨ ਸ਼ਮੀਲਾ ਸ਼ਰਮਾ ਨੇ ਕਿਹਾ, "ਭਾਰਤ ਵਿੱਚ ਪੋਲੀਓ ਟੀਕਾਕਰਨ ਕਾਰਨ ਬੱਚਿਆਂ ਨੂੰ ਖਤਰਾਂ ਬਿਲਕੁਲ ਘੱਟ ਹੈ।"

ਭਾਰਤ ਸਰਕਾਰ ਨੇ 2016 ਵਿੱਚ ਇਸ ਤਰ੍ਹਾਂ ਦੇ ਟੀਕੇ ਉੱਤੇ ਪਾਬੰਦੀ ਲਾ ਦਿੱਤੀ ਸੀ। ਹੁਣ ਜਾਂਚ ਕੀਤੀ ਜਾ ਰਹੀ ਹੈ ਕਿ ਪਾਬੰਦੀ ਦੇ ਬਾਵਜੂਦ ਇਹ ਟੀਕੇ ਕਿਸ ਤਰ੍ਹਾਂ ਬਣਾਏ ਜਾ ਰਹੇ ਸਨ।

ਰੁਟੀਨ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਕੰਪਨੀ ਨੇ 1, 50, 000 ਓਰਲ ਪੋਲੀਓ ਟੀਕੇ ਬਣਾਏ ਅਤੇ ਸਪਲਾਈ ਕਰ ਦਿੱਤੇ ਸਨ ਜਿਸ ਵਿੱਚ ਟਾਈਪ 2 ਪੋਲੀਓ ਵਾਇਰਸ ਪਾਇਆ ਜਾਂਦਾ ਹੈ।

ਦਿੱਲੀ ਸਥਿਤ ਅਬਜ਼ਰਵਰ ਰਿਸਰਚ ਫਾਊਂਡੇਸ਼ਨ ਦੇ ਸਰਵੇਖਣਕਰਤਾ ਓਮੰਨ ਕੁਰੀਅਨ ਦਾ ਕਹਿਣਾ ਹੈ, "ਭਾਰਤ ਵਿੱਚ ਦਵਾਈਆਂ ਦੀਆਂ ਕੰਪਨੀਆਂ 'ਤੇ ਕਾਬੂ ਕਰਨ ਦਾ ਕੋਈ ਚੰਗਾ ਤਰੀਕਾ ਨਹੀਂ ਹੈ।"

ਡਾਕਟਰ ਕੀ ਕਹਿੰਦੇ ਹਨ?

ਇਸ ਮਾਮਲੇ ਬਾਰੇ ਜਦੋਂ ਡਾਕਟਰ ਪਿਆਰਾ ਲਾਲ ਗਰਗ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਦੋ ਸਾਲ ਪਹਿਲਾਂ ਹੀ ਜਿਸ ਵਾਇਰਸ ਦੇ ਖਾਤਮੇ ਦਾ ਐਲਾਨ ਕਰ ਦਿੱਤਾ ਗਿਆ ਸੀ ਇੱਕ ਕੰਪਨੀ ਭਾਰਤ ਵਿੱਚ ਹਾਲੇ ਵੀ ਕਿਵੇਂ ਇਹ ਜਾਰੀ ਰੱਖ ਸਕਦੀ ਹੈ।

ਇਹ ਵੀ ਪੜ੍ਹੋ:

"ਵਿਸ਼ਵ ਸਿਹਤ ਸੰਗਠਨ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਕਿ ਘੱਟੋ-ਘੱਟ ਅਸਰ ਦੀ ਪਰਿਭਾਸ਼ਾ ਕੀ ਹੈ। ਵਿਗਿਆਨ ਵਿੱਚ ਅੰਕੜੇ ਦੇਣੇ ਚਾਹੀਦੇ ਹਨ। ਵਿਸ਼ਵ ਸਿਹਤ ਸੰਗਠਨ ਨੇ ਹੀ ਕਿਹਾ ਸੀ ਕਿ ਮੂੰਹ ਰਾਹੀਂ ਪੋਲੀਓ ਬੂੰਦਾਂ ਦਿੱਤੇ ਜਾਣ ਦੇ ਬਾਵਜੂਦ ਪੋਲੀਓ ਹੁੰਦਾ ਹੈ ਇਸ ਲਈ ਉਨ੍ਹਾਂ ਨੇ ਪੰਜਾਬ ਵਿੱਚ ਪੋਲੀਓ ਟੀਕਾ ਲਾਉਣਾ ਸ਼ੁਰੂ ਕਰਵਾਇਆ। ਅਜਿਹੀ ਕੌਮਾਂਤਰੀ ਸੰਸਥਾ ਨੂੰ ਜ਼ਿੰਮੇਵਾਰੀ ਨਾਲ ਜਵਾਬ ਦੇਣਾ ਚਾਹੀਦਾ ਹੈ। ਵਿਸ਼ਵ ਸਿਹਤ ਸੰਗਠਨ ਦੱਸੇ ਕਿ ਟਾਈਪ 2 ਟੀਕਾ ਕਿੰਨਿਆਂ ਨੂੰ ਦਿੱਤਾ ਗਿਆ ਹੈ ਅਤੇ ਇਸ ਨਾਲ ਕਿੰਨਿਆਂ ਨੂੰ ਪੋਲੀਓ ਹੋਣ ਦੀ ਸੰਭਾਵਨਾ ਹੈ।"

ਉਨ੍ਹਾਂ ਅੱਗੇ ਕਿਹਾ, " ਸਿਹਤ ਮਹਿਕਮੇ ਦਾ ਇਹ ਕਹਿਣਾ ਕਿ ਇਸ ਕਾਰਨ ਅਪੰਗਤਾ ਨਹੀਂ ਹੋ ਸਕਦੀ ਤਾਂ ਫਿਰ ਉਨ੍ਹਾਂ ਨੇ ਟੀਕਾ ਕਿਉਂ ਸ਼ੁਰੂ ਕਰਵਾਇਆ ਸੀ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)