ਨਜ਼ਰੀਆ: ਆਸਾਰਾਮ ਵਰਗੇ ਬਾਬੇ ਭਗਤਾਂ ਲਈ ਰੱਬ ਕਿਉਂ ਬਣ ਜਾਂਦੇ ਹਨ?

    • ਲੇਖਕ, ਸ਼ਿਵ ਵਿਸ਼ਵਨਾਥਨ
    • ਰੋਲ, ਸਮਾਜ ਸ਼ਾਸਤਰੀ

ਭਾਰਤ ਦਲਾਲਾਂ ਅਤੇ ਬਿਚੌਲੀਆਂ ਦਾ ਮੁਲਕ ਹੈ। ਇੱਕ ਅਕਲਮੰਦ ਇਨਸਾਨ ਨੇ ਸਹੀ ਕਿਹਾ ਸੀ ਕਿ ਇਹ ਲੋਕ ਆਮ ਜਨਤਾ ਦੀ ਜ਼ਿੰਦਗੀ ਸੌਖੀ ਬਣਾਉਂਦੇ ਹਨ।

ਬਿਚੌਲੀਏ ਅਤੇ ਦਲਾਲਾਂ ਨੂੰ ਸਿਰਫ਼ ਸਿਆਸੀ ਅਤੇ ਆਰਥਿਕ ਰੋਲ ਵਾਲੀਆਂ ਐਨਕਾਂ ਨਾਲ ਦੇਖਣਾ ਠੀਕ ਨਹੀਂ ਹੋਵੇਗਾ।

ਅੱਜ ਦੀ ਤਰੀਕ 'ਚ ਅਧਿਆਤਮ ਨੂੰ ਵੀ ਸਿਰਫ਼ ਧਿਆਨ ਹੀ ਨਹੀਂ, ਅਜਿਹੇ ਬਿਚੌਲੀਆਂ ਦੀ ਜ਼ਰੂਰਤ ਹੁੰਦੀ ਹੈ। ਅਧਿਆਤਮ ਨੂੰ ਅਜਿਹੇ ਲੋਕਾਂ ਦੀ ਲੋੜ ਇਸ ਕਰਕੇ ਹੁੰਦੀ ਹੈ ਤਾਂ ਜੋ ਉਹ ਆਮ ਲੋਕਾਂ ਅਤੇ ਭਗਵਾਨ-ਹੁਕਮਰਾਨਾਂ ਵਿਚਾਲੇ ਪੁਲ ਦਾ ਕੰਮ ਕਰ ਸਕਣ।

ਦੁਨੀਆਂ ਨਵੇਂ ਦੌਰ 'ਚੋਂ ਲੰਘ ਰਹੀ ਹੈ। ਅਜਿਹੇ 'ਚ ਸਾਡੇ ਧਰਮ ਗੁਰੂਆਂ ਅਤੇ ਬਾਬਿਆਂ ਨੂੰ ਵੀ ਸਮਾਜ 'ਚ ਇੱਕ ਵਿਵਸਥਿਤ ਰੋਲ ਲਈ ਖ਼ੁਦ ਨੂੰ ਤਿਆਰ ਕਰਨ ਦੀ ਲੋੜ ਹੈ।

ਸਮਾਜ ਦਾ ਅਹਿਮ ਹਿੱਸਾ

ਅੱਜ ਅਸੀਂ ਡੁੰਘਾਈ ਨਾਲ ਦੇਖੀਏ ਤਾਂ ਧਰਮ ਗੁਰੂ ਅਤੇ ਬਾਬੇ ਲੋਕ ਸਮਾਜ ਦਾ ਹਿੱਸਾ ਹਨ। ਉਨ੍ਹਾਂ ਦਾ ਪਰਿਵਾਰਿਕ ਪੁਜਾਰੀਆਂ ਤੋਂ ਵੱਡਾ ਰੋਲ ਹੈ।

ਪਰ, ਇਹ ਬਾਬੇ ਸਵਾਮੀ ਨਾਰਾਇਣ ਅਤੇ ਰਮੱਨਾ ਮਹਾਰਿਸ਼ੀ ਵਰਗੇ ਮਹਾਨ ਧਰਮ ਗੁਰੂਆਂ ਤੋਂ ਘੱਟ ਹਨ।

ਸਾਡੀ ਰੋਜ਼ਾਨਾ ਦੀ ਜ਼ਿੰਦਗੀ 'ਚ ਆਸਾਰਾਮ, ਗੁਰਮੀਤ ਰਾਮ ਰਹੀਮ ਅਤੇ ਰਾਮਪਾਲ ਵਰਗੇ ਬਾਬੇ ਸਰਵਿਸ ਪ੍ਰੋਵਾਇਡਰ ਹਨ, ਯਾਨਿ ਕਿ ਉਹ ਜਨਤਾ ਨੂੰ ਜ਼ਰੂਰੀ ਸੇਵਾਵਾਂ ਦਿੰਦੇ ਹਨ।

ਜ਼ਿੰਦਗੀ ਨੂੰ ਇੱਕ ਮਾਅਨੇ ਦੇਣਾ ਅਤੇ ਧਾਰਮਿਕ ਕਰਮਕਾਂਡ ਵੀ ਇੱਕ ਪਲੰਬਰ ਅਤੇ ਖਾਣ-ਪੀਣ ਵਰਗੀ ਇੱਕ ਸੇਵਾ ਹੀ ਹੈ।

ਅਸਲ 'ਚ ਅੱਜ ਦੇ ਸਮੇਂ 'ਚ ਇਹ ਬਾਬਾ ਸ਼ਹਿਰੀ ਜ਼ਿੰਦਗੀ ਖ਼ਾਸ ਤੌਰ 'ਤੇ ਛੋਟੇ ਸ਼ਹਿਰਾਂ ਅਤੇ ਕਸਬਿਆਂ 'ਚ ਆਮ ਲੋਕਾਂ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਏ ਹਨ।

ਆਸਾਰਾਮ ਅਤੇ ਰਾਮ ਰਹੀਮ ਦੀ ਕਾਮਯਾਬੀ ਦੀਆਂ ਕਹਾਣੀਆਂ ਸਾਡੇ ਦੌਰ ਦੀਆਂ ਉਮੀਦਾਂ-ਖਾਹਿਸ਼ਾਂ ਦੇ ਪੂਰੇ ਹੋਣ ਦੀ ਉਮੀਦ ਭਰੀਆਂ ਕਹਾਣੀਆਂ ਹਨ।

ਉਨ੍ਹਾਂ ਦੇ ਸ਼ਾਨਦਾਰ ਆਸ਼ਰਮਾਂ 'ਚ ਦੇਸ ਦਾ ਮੱਧ ਵਰਗ ਆਪਣੇ ਆਦਰਸ਼ ਅਤੇ ਉਮੀਦਾਂ ਪੂਰੀਆਂ ਹੁੰਦੀਆਂ ਦੇਖਦਾ ਹੈ।

ਆਸ਼ਰਮ ਤੇ ਸਤਸੰਗ ਦੋ ਅਹਿਮ ਪਹਿਲੂ

ਉੱਤਰ ਭਾਰਤ ਦੇ ਕਿਸੇ ਵੀ ਛੋਟੇ ਸ਼ਹਿਰ ਜਾਂ ਕਸਬੇ 'ਚ ਸਤਸੰਗ ਜ਼ਿੰਦਗੀ ਦਾ ਅਹਿਮ ਹਿੱਸਾ ਹੁੰਦਾ ਹੈ।

ਇਹ ਲੋਕਾਂ ਦੇ ਮੇਲ-ਜੋਲ ਅਤੇ ਸਮਾਜਿਕ ਸਦਭਾਵ ਦਾ ਜ਼ਰੀਆ ਹੁੰਦਾ ਹੈ। ਲੋਕ ਸਤਸੰਗਾਂ 'ਚ ਸ਼ਾਮਿਲ ਹੋ ਕੇ ਖ਼ੁਦ ਨੂੰ ਸਮਾਜ ਅਤੇ ਇੱਕ ਭਾਈਚਾਰੇ ਦਾ ਹਿੱਸਾ ਮਹਿਸੂਸ ਕਰਦੇ ਹਨ।

ਕਿਸੇ ਬਾਬਾ ਦਾ ਆਸ਼ਰਮ ਅਤੇ ਸਤਸੰਗ ਸਾਡੀ ਸਮਾਜਿਕ ਜ਼ਿੰਦਗੀ ਦੇ ਦੋ ਅਹਿਮ ਪਹਿਲੂ ਹਨ। ਬਾਬਾ ਆਪਣੇ ਭਗਤਾਂ ਨੂੰ ਬਰਾਬਰੀ, ਸਮਾਜਿਕ ਮੇਲ-ਜੋਲ ਦੇ ਖ਼ੁਆਬ ਦਿਖਾਉਂਦੇ ਹਨ।

ਦੁਨੀਆਵੀ ਚੁਣੌਤੀਆਂ ਨਾਲ ਨਜਿੱਠਣ ਦੀ ਆਪਣੀ ਤਕਨੀਕੀ ਮਹਾਰਤ ਨਾਲ ਉਹ ਆਮ ਲੋਕਾਂ ਨੂੰ ਭਗਤੀ ਨਾਲ ਲਬਰੇਜ਼ ਕਰ ਦਿੰਦੇ ਹਨ।

ਇਨ੍ਹਾਂ ਬਾਬਿਆਂ ਦਾ ਹੀ ਯੋਗਦਾਨ ਹੈ ਕਿ ਅੱਜ ਛੋਟੇ ਸ਼ਹਿਰ ਅਨਜਾਨ ਠਿਕਾਨੇ ਨਹੀਂ ਹਨ।

ਇਨ੍ਹਾਂ ਬਾਬਿਆਂ ਕਰਕੇ ਛੋਟੇ ਸ਼ਹਿਰ ਵੀ ਹੁਣ ਇਤਿਹਾਸਿਕ ਅਹਮਿਅਤ ਹਾਸਿਲ ਕਰ ਰਹੇ ਹਨ। ਇਨ੍ਹਾਂ ਕਰਕੇ ਹੀ ਅੱਜ ਛੋਟੇ ਸ਼ਹਿਰਾਂ 'ਚ ਆਧੁਨਿਕਤਾ ਦਸਤਕ ਦੇ ਰਹੀ ਹੈ। ਲੋਕਾਂ ਦੀ ਜ਼ਿੰਦਗੀ ਨੂੰ ਮਾਅਨਾ ਮਿਲ ਰਿਹਾ ਹੈ।

ਬਾਬਿਆਂ 'ਚ ਕੀ ਖ਼ੂਬੀਆਂ ਦੇਖਦੇ ਹਨ ਲੋਕ?

ਰਾਜਨੀਤਿਕ ਨਜ਼ਰੀਏ ਨਾਲ ਦੇਖੀਏ, ਤਾਂ ਇਹ ਬਾਬੇ ਵੋਟ ਬੈਂਕ ਦਾ ਕੰਮ ਕਰਦੇ ਹਨ। ਇੱਥੋਂ ਤੱਕ ਕਿ ਕਈ ਰਾਜਨੇਤਾ ਵੀ ਇਨ੍ਹਾਂ ਦੇ ਭਗਤ ਬਣ ਜਾਂਦੇ ਹਨ।

ਇੱਥੇ ਅਸੀਂ ਬਾਬਾ ਅਤੇ ਨੇਤਾ ਵਿਚਾਲੇ ਲੈਣ-ਦੇਣ ਦਾ ਤੈਅਸ਼ੁਦਾ ਨਾਤਾ ਦੇਖਦੇ ਹਾਂ। ਇਹ ਲੈਣ-ਦੇਣ ਵੋਟ, ਆਸਥਾ ਅਤੇ ਪੈਸੇ ਦਾ ਹੁੰਦਾ ਹੈ।

ਧਰਮ ਅਤੇ ਸਿਆਸਤ ਦੇ ਇਸ ਲੈਣ-ਦੇਣ ਦੇ ਬਗੈਰ ਭਾਰਤੀ ਲੋਕਤੰਤਰ ਦੇ ਪਹੀਏ ਦੇ ਘੁੰਮਣ ਦੀ ਰਫ਼ਤਾਰ ਸ਼ਾਇਦ ਹੋਰ ਵੀ ਹੌਲੀ ਹੁੰਦੀ।

ਸਾਨੂੰ ਬਾਬਿਆਂ ਦੀ ਅਸਲੀ ਪਛਾਣ ਅਤੇ ਪਹੁੰਚ ਨੂੰ ਸਮਝਣਾ ਪਵੇਗਾ। ਇਹ ਬਾਬੇ ਸਥਾਨਿਕ ਪੱਧਰ ਦੇ ਬਿਚੌਲੀਏ ਹਨ, ਜੋ ਆਪਣੇ ਅੰਦਰ ਜਾਦੂਈ ਤਾਕਤ ਹੋਣ ਦਾ ਦਾਅਵਾ ਕਰਦੇ ਹਨ।

ਅਕਸਰ ਇਹ ਬਾਬੇ ਸਮਾਜ ਦੇ ਹੇਠਲੇ ਤਬਕੇ ਨਾਲ ਤਾਲੁਕ ਰੱਖਣ ਵਾਲੇ ਹੁੰਦੇ ਹਨ।

ਉਹ ਸਦਗੁਰੂ ਜਾਂ ਸ਼੍ਰੀ ਸ਼੍ਰੀ ਵਰਗੇ ਅੰਤਰ ਰਾਸ਼ਟਰੀ ਧਰਮ ਗੁਰੂ ਨਹੀਂ ਹੁੰਦੇ। ਉਹ ਰਾਜਨੀਤੀ ਦੇ ਮੱਧ ਵਰਗ ਦੇ ਮੈਦਾਨ ਦੇ ਖਿਡਾਰੀ ਹੁੰਦੇ ਹਨ। ਤਕਰੀਬਨ ਹਰ ਧਰਮ 'ਚ ਅਜਿਹੇ ਦੋ-ਚਾਰ ਬਾਬਿਆਂ ਲਈ ਥਾਂ ਨਿੱਕਲ ਆਉਂਦੀ ਹੈ, ਜਿਹੜੇ ਅਧਿਆਤਮ ਦੇ ਕਾਰੋਬਾਰੀ ਹੁੰਦੇ ਹਨ।

ਕਿਸੇ ਵੀ ਬਾਬਾ 'ਚ ਅਸੀਂ ਦੋ ਬੁਨੀਆਦੀ ਖ਼ੂਬੀਆਂ ਦੇਖਦੇ ਹਾਂ। ਇੱਕ ਪਾਸੇ ਤਾਂ ਉਹ ਵੈਰਾਗ ਦਾ ਪ੍ਰਤੀਕ ਹੁੰਦਾ ਹੈ, ਤਾਂ ਦੁਜੇ ਪਾਸੇ ਆਪਣੀ ਤਾਕਤ ਅਤੇ ਪੈਸੇ ਲਈ ਵੀ ਸ਼ੌਹਰਤ ਹਾਸਿਲ ਕਰਦਾ ਹੈ।

ਇਹ ਅਨੋਖਾ ਸੁਮੇਲ ਹੁੰਦਾ ਹੈ। ਕਿਸੇ ਵੀ ਬਾਬਾ ਦਾ ਵੈਰਾਗ ਜਾਂ ਸਨਿਆਸੀ ਭਾਵ ਧਰਮ ਦੇ ਪ੍ਰਤੀ ਉਸ ਦੇ ਲਗਾਵ ਨੂੰ ਦਿਖਾਉਂਦਾ ਹੈ।

ਭਗਤਾਂ ਦਾ ਸ਼ੋਸ਼ਣ

ਉਧਰ ਅਜਿਹੇ ਬਾਬੇ ਆਪਣੀ ਗੱਲ ਨੂੰ ਕਦੇ ਤਕਨੀਕ ਦੀ ਮਦਦ ਨਾਲ ਖ਼ੁਆਬਾਂ ਦੀ ਤਾਬੀਰ ਹੋਣ ਜਾਂ ਸਰੀਰਿਕ ਸਬੰਧਾ ਜ਼ਰੀਏ ਸਹੀ ਠਹਿਰਾਉਂਦੇ ਹਨ।

ਜਿਵੇਂ ਕਿ ਆਸਾਰਾਮ ਨੇ ਜਬਰਨ ਯੌਨ ਸਬੰਧ ਬਣਾ ਕੇ ਆਪਣੇ ਆਪ ਨੂੰ ਸਹੀ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ। ਉੱਥੇ, ਹੀ ਗੁਰਮੀਤ ਰਾਮ ਰਹੀਮ ਨੇ ਤਕਨੀਕ ਅਤੇ ਯੌਨ ਸਬੰਧ ਦੋਵਾਂ ਨੂੰ ਜ਼ਰੀਆ ਬਣਾਇਆ।

ਰਾਮ ਰਹੀਮ ਨੇ ਆਪਣੇ ਡੇਰੇ 'ਚ ਓਸ਼ੋ ਦੇ ਆਸ਼ਰਮ ਵਰਗਾ ਮਾਹੌਲ ਬਣਾਇਆ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਜੋੜ ਸਕਣ।

ਇਸ ਨਾਲ ਸਾਨੂੰ ਬਾਬਿਆਂ ਦੀ ਤਾਕਤ ਦਾ ਵੀ ਅੰਦਾਜ਼ਾ ਹੁੰਦਾ ਹੈ ਅਤੇ ਇਹ ਵੀ ਪਤਾ ਚੱਲਦਾ ਹੈ ਕਿ ਦੇਸ਼ ਦਾ ਮੱਧ ਵਰਗ ਕਿਸ ਤਰ੍ਹਾਂ ਦੀਆਂ ਉਮੀਦਾਂ ਵਾਲਾ ਭਵਿੱਖ ਦੇਖਦਾ ਹੈ।

ਅੱਜ ਦੇ ਸਮੇਂ 'ਚ ਕੋਈ ਵੀ ਬਾਬਾ ਖ਼ੁਦ ਨੂੰ ਤਕਨੀਕ ਤੋਂ ਅਨਜਾਣ ਰੱਖਣ ਦਾ ਖ਼ਤਰਾ ਨਹੀਂ ਮੋਲ ਲੈ ਸਕਦਾ।

ਅੱਜ ਹਰ ਬਾਬਾ ਅਤੇ ਧਰਮ ਗੁਰੂ ਖ਼ੁਦ ਨੂੰ ਤਕਨੀਕ ਨਾਲ ਵਾਕਿਫ਼ ਰੱਖਣਾ ਚਾਹੁੰਦਾ ਹੈ, ਉਸ 'ਤੇ ਮਹਾਰਤ ਹਾਸਿਲ ਕਰਨਾ ਚਾਹੁੰਦਾ ਹੈ।

ਸਥਾਨਿਕ ਮੱਧ ਵਰਗੀ ਆਪਣੇ ਬਾਬਿਆਂ 'ਚ ਵੀ ਆਪਣੇ ਵਰਗੀਆਂ ਉਮੀਦਾਂ ਦੇਖਣਾ ਚਾਹੁੰਦਾ ਹੈ।

ਗੁਰਮੀਤ ਰਾਮ ਰਹੀਮ ਨੇ ਤਾਂ ਖ਼ੁਦ ਨੂੰ ਸੁਪਰ ਹੀਰੋ ਜਤਾਉਂਦੇ ਹੋਏ ਕਈ ਫ਼ਿਲਮਾਂ ਵੀ ਇਸ ਲਈ ਬਣਾਈਆਂ।

ਹਕੀਕਤ ਤਾਂ ਇਹ ਹੈ ਕਿ ਹਰ ਬਾਬਾ ਲਈ ਸਿਆਸੀ-ਅਧਿਆਤਮਿਕ ਅਤੇ ਆਰਥਿਕ ਸਮੀਕਰਣ ਉਨੇਂ ਹੀ ਅਹਿਮ ਹਨ, ਜਿਸ ਤਰ੍ਹਾਂ ਰਾਜਨੇਤਾਵਾਂ ਅਤੇ ਉਦਯੋਗਪਤੀਆਂ ਦੇ ਗੱਠਜੋੜ ਲਈ ਮੇਲ ਜ਼ਰੂਰੀ ਹੈ।

ਹਾਲ ਹੀ ਦੇ ਦਿਨਾਂ 'ਚ ਸਰੀਰਿਕ ਸਬੰਧ ਅਤੇ ਇਸ 'ਚ ਕਈ ਤਰ੍ਹਾਂ ਦੇ ਤਜਰਬੇ ਬਾਬਿਆਂ ਦੀ ਖ਼ੂਬੀ ਬਣ ਗਏ ਹਨ।

ਇਸ ਦਾ ਨਤੀਜਾ ਇਹ ਹੋਇਆ ਕਿ ਭਗਤਾਂ ਦਾ ਸ਼ੋਸ਼ਣ ਹੋ ਰਿਹਾ ਹੈ, ਮਨੁੱਖੀ ਤਸਕਰੀ ਵੀ ਹੋ ਰਹੀ ਹੈ।

ਪਰ ਅੱਜ ਦੇ ਬਾਬਿਆਂ ਲਈ ਇਹ ਪਛਾਣ ਦਾ ਨਵਾਂ ਜ਼ਰੀਆ ਬਣ ਗਿਆ ਹੈ। ਸੈਕਸ ਦੇ ਮੋਰਚੇ 'ਤੇ ਆਪਣੀ ਤਾਕਤ ਦਿਖਾਏ ਬਗੈਰ, ਉਸ ਲਈ ਕਈ ਸਾਜ਼ਿਸ਼ਾਂ ਰਚੇ ਬਗੈਰ ਕਿਸੇ ਵੀ ਬਾਬੇ ਨੂੰ ਇਹ ਨਹੀਂ ਲਗਦਾ ਕਿ ਉਹ ਆਮ ਜਨਤਾ ਦੇ ਵਿਚਾਲੇ ਖ਼ੁਦ ਦੀ ਮਰਦਾਂ ਵਾਲੀ ਛਵੀ ਬਣਾ ਸਕੇਗਾ।

ਤਕਨੀਕ, ਤਾਕਤ ਅਤੇ ਯੌਨ ਸਬੰਧਾ ਦਾ ਇਹ ਮੇਲ ਹੀ ਧਰਮ ਗੁਰੂਆਂ ਨੂੰ ਸਥਾਨਿਕ ਪੱਧਰ 'ਤੇ ਭ੍ਰਿਸ਼ਟਾਚਾਰ ਦੇ ਡੌਨ ਦਾ ਦਰਜਾ ਦੇ ਦਿੰਦਾ ਹੈ।

ਨੇਤਾਵਾਂ ਵਾਂਗ ਹੀ ਇਨ੍ਹਾਂ ਬਾਬਿਆਂ ਦੇ ਆਸ਼ਰਮ ਲੋਕਾਂ ਦੀ ਸੇਵਾ ਲਈ ਕੰਮ ਕਰਨ ਦਾ ਪ੍ਰਚਾਰ ਕਰਦੇ ਹਨ, ਪਰ ਹਕੀਕਤ ਤਾਂ ਇਹ ਹੈ ਕਿ ਇਹ ਆਸ਼ਰਮ ਸੱਤਾ, ਚੋਣ ਰਾਜਨੀਤੀ ਅਥੇ ਇਸਦੀਆਂ ਅਪਾਰ ਸੰਭਾਵਨਾਵਾਂ ਦਾ ਜਾਲ ਬੁਣਦੇ ਹਨ।

ਨਤੀਜਾ ਇਹ ਹੁੰਦਾ ਹੈ ਕਿ ਅਧਿਆਤਮ ਸਾਡੇ ਲੋਕਤੰਤਰ 'ਚ ਧਰਮ ਅਤੇ ਸੱਤਾ ਵਿਚਾਲੇ ਲੈਣ-ਦੇਣ ਦਾ ਜ਼ਰੀਆ ਬਣ ਜਾਂਦਾ ਹੈ।

ਆਸ਼ਰਮ ਬਣ ਰਹੇ ਕਾਨੂੰਨ-ਵਿਵਸਥਾ ਲਈ ਚੁਣੌਤੀ

ਸਥਾਨਿਕ ਪੱਧਰ 'ਤੇ ਤਕਰੀਬਨ ਹਰ ਆਸ਼ਰਮ ਅਤੇ ਹਰ ਬਾਬਾ ਦੇ ਕੁਝ ਐੱਨ.ਆਰ.ਆਈ ਭਗਤ ਵੀ ਹੁੰਦੇ ਹਨ।

ਭਾਰਤ 'ਚ ਅਰਥ ਵਿਵਸਥਾ ਦਾ ਗਲੋਬਲਾਇਜ਼ੇਸ਼ਨ ਬਹੁਤ ਬਾਅਦ ਵਿੱਚ ਹੋਇਆ। ਸਭ ਤੋਂ ਪਹਿਲਾਂ ਤਾਂ ਅਪਰਾਧ ਅਤੇ ਅਧਿਆਤਮ ਦਾ ਅੰਤਰ ਰਾਸ਼ਟਰੀਕਰਨ ਹੋਇਆ ਸੀ।

ਆਸ਼ਰਮ ਅਤੇ ਇਨ੍ਹਾਂ ਦੇ ਬਾਬੇ ਦਾਅਵਾ ਕਰਦੇ ਹਨ ਕਿ ਉਹ ਸਮਾਜ ਸੇਵਾ ਕਰਦੇ ਹਨ। ਸੱਚ ਤਾਂ ਇਹ ਹੈ ਕਿ ਸਮਾਜਸੇਵਾ ਦੇ ਨਾਂ 'ਤੇ ਉਹ ਲੋਕਾਂ ਦਾ ਸਮਾਜਿਕ ਸ਼ੋਸਣ ਕਰਦੇ ਹਨ।

ਉਨ੍ਹਾਂ ਦੀਆਂ ਕਰਤੂਤਾਂ 'ਤੇ ਅਕਸਰ ਕਾਨੂੰਨ ਦਾ ਸ਼ਿਕੰਜਾ ਕਸਦਾ ਹੈ, ਪਰ ਇਸੀ ਰਫ਼ਤਾਰ ਬਹੁਤ ਹੌਲੀ ਹੁੰਦੀ ਹੈ।

ਹਾਲਾਂਕਿ ਅਖੀਰ 'ਚ ਇਹ ਸਾਬਿਤ ਹੁੰਦਾ ਹੈ ਕਿ ਵੱਡੀ ਕੰਪਨੀਆਂ ਵਾਂਗ ਹੀ ਇਹ ਆਸ਼ਰਮ ਵੀ ਕਾਨੂੰਨ ਦੇ ਰਾਹ ਵਿੱਚ ਰੋੜੇ ਹਨ।

ਜਦੋਂ ਕਾਨੂੰਨ ਇਨ੍ਹਾਂ ਬਾਬਿਆਂ 'ਤੇ ਸ਼ਿਕੰਜਾ ਕਸਦਾ ਹੈ, ਤਾਂ ਉਨ੍ਹਾਂ ਦੇ ਆਸ਼ਰਮ ਕਾਨੂੰਨ-ਵਿਵਸਥਾ ਲਈ ਚੁਣੌਤੀ ਬਣ ਜਾਂਦੇ ਹਨ।

ਮਸਲਨ, ਜਦੋਂ ਆਸਾਰਾਮ ਦੇ ਜੁਰਮ 'ਤੇ ਕੋਰਟ ਫ਼ੈਸਲਾ ਸੁਣਾਉਣ ਵਾਲਾ ਸੀ, ਤਾਂ ਜੋਧਪੁਰ 'ਚ ਧਾਰਾ 144 ਲਗਾਉਣੀ ਪਈ ਸੀ।

ਨੇਤਾਵਾਂ ਵਾਂਗ ਹੀ ਇਹ ਬਾਬੇ ਖ਼ੁਦ ਨੂੰ ਕਾਨੂੰਨ ਤੋਂ ਉੱਤੇ ਸਮਝਦੇ ਹਨ।

ਲੋਕਤੰਤਰ ਦਾ ਮਜ਼ਾਕ

ਇਹ ਗੱਲ ਦਿਲਚਸਪ ਪਰ ਕਾਬਿਲ-ਏ-ਗੌਰ ਹੈ ਕਿ ਸਾਡੇ ਲੋਕਤੰਤਰ ਲਈ ਇਹ ਧਾਰਮਿਕ ਨੇਤਾ ਵੀ ਉਨੇਂ ਹੀ ਖ਼ਤਰਨਾਕ ਹਨ, ਜਿਨੇਂ ਧਰਮ ਨਿਰਪੱਖ ਲੋਕ।

ਇਸ ਕਰਕੇ ਹੀ ਬਲਾਤਕਾਰ ਵਰਗੇ ਗੰਭੀਰ ਅਪਰਾਧ ਦੇ ਮਾਮਲਿਆਂ 'ਚ ਵੀ ਤਾਕਤ ਅਤੇ ਸੱਤਾ ਦੀ ਗਲਤ ਵਰਤੋਂ ਹੁੰਦੀ ਹੈ, ਫ਼ਿਰ ਭਾਵੇਂ ਬਲਾਤਕਾਰੀ ਅਧਿਆਤਮ ਦੇ ਕਾਰੋਬਾਰ ਨਾਲ ਜੁੜਿਆ ਹੋਵੇ, ਜਾਂ ਫ਼ਿਰ ਸਿਆਸਤ ਨਾਲ।

ਕਠੂਆ ਦੇ ਬਲਾਤਕਾਰੀਆਂ ਦਾ ਸਮਰਥਣ ਕਰਨ ਵਾਲੇ ਬੀਜੇਪੀ ਨੇਤਾ ਹੋਣ ਜਾਂ ਫ਼ਿਰ ਆਸਾਰਾਮ ਵਰਗੇ ਬਾਬਾ, ਦੋਵੇਂ ਹੀ ਸੱਤਾ ਦੇ ਹੰਕਾਰ ਦੇ ਨੁਮਾਇੰਦੇ ਹਨ। ਇਹ ਲੋਕਤੰਤਰ ਦਾ ਮਜ਼ਾਕ ਬਣਾ ਦਿੰਦੇ ਹਨ।

ਅਫ਼ਸੋਸ ਦੀ ਗੱਲ ਇਹ ਹੈ ਕਿ ਆਮ ਭਾਰਤੀ ਨੂੰ ਜੀਉਣ ਲਈ ਅਧਿਆਤਮ ਅਤੇ ਸਿਆਸਤ ਦੀ ਖ਼ੁਰਾਕ ਚਾਹੀਦੀ ਹੈ।

ਅਜਿਹਾ ਲਗਦਾ ਹੈ ਕਿ ਅਸੀਂ ਅਧਿਆਤਮ ਅਤੇ ਸਿਆਸਤ ਦੇ ਤਮਾਸ਼ੇ ਨੂੰ ਦੇਖ ਕੇ ਖ਼ੁਸ਼ੀ ਹਾਸਿਲ ਕਰਦੇ ਹਾਂ।

ਭਾਰਤ 'ਚ ਹਰ ਜ਼ਿੰਦਗੀ ਦੀ ਤਲਖ਼ ਹਕੀਕਤ 'ਚ ਸਿਆਸੀ ਅਤੇ ਧਾਰਮਿਕ ਡਰਾਮੇ ਇੱਕ ਅਲੱਗ ਹੀ ਰੰਗ ਭਰਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)