ਕੀ ਡੇਰੇ `ਚ ਸਮਲਿੰਗਤਾ ਛੱਡਣ ਦੀ ਪ੍ਰਤਿਗਿਆ ਦਵਾਈ ਜਾਂਦੀ ਸੀ?

    • ਲੇਖਕ, ਇੰਦਰਜੀਤ ਕੌਰ
    • ਰੋਲ, ਬੀਬੀਸੀ ਪੰਜਾਬੀ ਪੱਤਰਕਾਰ

ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਦੇ ਡੇਰੇ ਸੱਚਾ ਸੌਦਾ `ਤੇ 20 ਪ੍ਰਤਿਗਿਆਵਾਂ `ਚੋਂ ਇੱਕ ਪ੍ਰਤਿਗਿਆ ਹੈ ਸਮਲਿੰਗਤਾ ਛੱਡਣ ਦੀ। ਇਸ ਦੇ ਲਈ ਬਕਾਇਦਾ ਇੱਕ ਫਾਰਮ ਵੀ ਡੇਰਾ ਸੱਚਾ ਸੌਦਾ ਦੀ ਵੈੱਬਸਾਈਟ `ਤੇ ਮੌਜੂਦ ਹੈ। ਇਸ ਪ੍ਰਤਿਗਿਆ ਦੇ ਜ਼ਰੀਏ 'ਸਮਲਿੰਗੀ ਬਿਮਾਰੀ' ਦਾ ਇਲਾਜ ਕਰਨ ਦਾ ਅਹਿਦ ਲੈਂਦੇ ਹਨ।

ਜਿਸ `ਚ ਲਿਖਿਆ ਗਿਆ ਹੈ- "ਸੰਤ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਅਗਵਾਈ ਹੇਠ ਮੈਂ ਸਮਲਿੰਗੀ ਵਿਹਾਰ ਛੱਡ ਰਿਹਾ ਹਾਂ। ਮੈਨੂੰ ਸਮਝ ਆ ਗਈ ਹੈ ਕਿ ਇਹ ਧਰਮ, ਨੈਤਿਕਤਾ ਅਤੇ ਅਧਿਆਤਮ ਦੇ ਤੌਰ ਤੇ ਮੰਜ਼ੂਰ ਨਹੀਂ ਹੈ। ਮੈਨੂੰ ਇਹ ਵੀ ਸਮਝ ਆ ਗਿਆ ਹੈ ਕਿ ਨਵੀਆਂ ਵਾਇਰਲ ਬਿਮਾਰੀਆਂ ਦੇ ਦੌਰ `ਚ ਇਸ ਗੈਰ-ਕੁਦਰਤੀ ਵਤੀਰੇ ਦੇ ਵਿਰੋਧ `ਚ ਗੂੜ੍ਹਾ ਵਿਗਿਆਨਕ ਕਾਰਨ ਹੈ। ਮੇਰਾ ਫੈਸਲਾ ਮੇਰੀ ਮਰਜ਼ੀ ਨਾਲ ਹੈ। ਮੇਰੇ ਜਾਂ ਮੇਰੇ ਪਰਿਵਾਰ ਜਾਂ ਕਿਸੇ `ਤੇ ਵੀ, ਕਿਸੇ ਸ਼ਖਸ ਜਾਂ ਸੰਸਥਾ ਵੱਲੋਂ ਸਰੀਰਕ ਜਾਂ ਮਾਨਸਿਕ ਦਬਾਅ ਨਹੀਂ ਹੈ।"

ਇਸ ਪੂਰੇ ਮਾਮਲੇ ਬਾਰੇ ਡੇਰੇ ਨਾਲ ਸੰਪਰਕ ਕਰਨ ਦੀ ਵਾਰ-ਵਾਰ ਕੋਸ਼ਿਸ਼ ਕੀਤੀ ਗਈ। ਪਰ ਡੇਰੇ ਦੇ ਸਪੋਕਸਪਰਸਨ ਦਾ ਫੋਨ ਬੰਦ ਹੋਣ ਦੀ ਵਜ੍ਹਾ ਕਰਕੇ ਸੰਪਰਕ ਨਾ ਸਾਧਿਆ ਜਾ ਸਕਿਆ।

ਇਸ ਤੋਂ ਇਲਾਵਾ ਡੇਰੇ ਦੀ ਸਾਈਟ `ਤੇ ਮਈ, 2013 ਦਾ ਲਿਖਿਆ ਇੱਕ ਬਲਾਗ ਵੀ ਹੈ। ਜਿਸ ਵਿੱਚ ਇਸ ਨੂੰ ਸਾਈਕੋਸੈਕਸ਼ੁਅਲ ਬਿਮਾਰੀ ਕਿਹਾ ਗਿਆ ਹੈ। ਇਸ ਤੋਂ ਇਲਾਵਾ ਸਮਲਿੰਗੀ ਨੂੰ ਇੱਕ ਰੋਗ ਹੀ ਨਹੀਂ ਸਗੋਂ ਸੰਗੀਨ ਵਿਕਾਰ ਕਰਾਰ ਦਿੱਤਾ ਗਿਆ ਹੈ। ਜਿਸ ਦਾ ਇਲਾਜ ਮੈਡੀਟੇਸ਼ਨ ਅਤੇ ਆਯੁਰਵੇਦ ਜ਼ਰੀਏ ਡੇਰੇ `ਚ ਕੀਤਾ ਜਾਂਦਾ ਹੈ। ਇਸ ਬਲਾਗ `ਚ ਸਮਲਿੰਗੀਆਂ ਨੂੰ ਅਪੀਲ ਵੀ ਕੀਤੀ ਗਈ ਹੈ ਕਿ ਕੋਈ ਵੀ ਧਰਮ ਇਸ ਦੀ ਪਰਵਾਨਗੀ ਨਹੀਂ ਦਿੰਦਾ, ਇਸ ਲਈ ਸਮਲੈਂਗਿਕਤਾ ਨੂੰ ਤਿਆਗ ਦਿੱਤਾ ਜਾਵੇ।

ਮਨੋਵਿਗਿਆਨੀ ਕੀ ਕਹਿੰਦੇ ਹਨ?

ਪਰ ਮਨੋਵਿਗਿਆਨਕ ਸਿਮੀ ਵੜੈਚ ਦਾ ਕਹਿਣਾ ਹੈ, "ਸਮਲਿੰਗੀ ਹੋਣਾ ਕੋਈ ਬਿਮਾਰੀ ਨਹੀਂ ਹੈ। ਇਹ ਬਿਲਕੁੱਲ ਆਮ ਗੱਲ ਹੈ। ਇਹ ਮਨੁੱਖ `ਚ ਬਚਪਨ ਤੋਂ ਹੀ ਹੁੰਦੀ ਹੈ, ਪਰ ਇਸ ਦਾ ਜਵਾਨ ਹੋਣ `ਤੇ ਹੀ ਪਤਾ ਚੱਲਦਾ ਹੈ। ਅਤੇ ਕਿਸੇ ਦੇ ਲਿੰਗ ਨੂੰ ਬਦਲਣਾ ਅਨੈਤਿਕ ਹੈ। ਸਗੋਂ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਉਹ ਸਮਾਜ ਵਿੱਚ ਖੁਦ ਨੂੰ ਬਿਨਾ ਹਿਚਕਿਚਾਹਟ ਦੇ ਕਬੂਲ ਕਰ ਸਕਣ। ਕੋਈ ਭੇਦਭਾਵ ਨਹੀਂ ਕਰਨਾ ਚਾਹੀਦਾ।"

"ਸਾਈਕੋਸੈਕਸ਼ੁਅਲ ਇੱਕ ਡਿਸਆਰਡਰ ਹੈ ਜਿਸ ਵਿੱਚ ਕਾਮੁਕਤਾ ਦਾ ਘੱਟ ਹੋਣਾ ਜਾਂ ਕਾਮੁਕ ਤਸੱਲੀ ਨਾ ਮਿਲ ਪਾਉਣਾ ਹੁੰਦਾ ਹੈ। ਪਰ ਸਮਲਿੰਗੀ ਇਸ ਦੇ ਦਾਇਰੇ `ਚ ਬਿਲਕੁੱਲ ਵੀ ਨਹੀਂ ਆਉਂਦਾ। ਬਲਕਿ ਕਿਸੇ ਵੀ ਡਿਸਆਰਡਰ ਦੇ ਦਾਇਰੇ `ਚ ਨਹੀਂ ਆਉਂਦਾ। ਇਹ ਤਾਂ ਆਮ ਬਾਈਲੋਜੀਕਲ ਚੀਜ਼ ਹੈ। ਕੁਦਰਤ ਨੇ ਉਨ੍ਹਾਂ ਨੂੰ ਇਸੇ ਤਰ੍ਹਾਂ ਬਣਾਇਆ ਹੈ।"

ਸਮਲਿੰਗੀਆਂ ਦੀ ਪ੍ਰਤਿਕਿਰਿਆ

ਚੰਡੀਗੜ੍ਹ ਦੀ ਇੱਕ ਗੈਰ-ਸਰਕਾਰੀ ਸਮਲਿੰਗੀ ਸੰਸਥਾ ਦੇ ਮੁਖੀ ਧਨੰਜਏ ਚੌਹਾਨ ਦਾ ਕਹਿਣਾ ਹੈ, "ਸਮਾਜ ਦਾ ਨਜ਼ਰੀਆ ਬਹੁਤ ਨਕਾਰਾਤਮਕ ਹੈ। ਅਤੇ ਜੇਕਰ ਸਮਲੈਂਗਿਕਤਾ ਧਰਮ ਦੇ ਖਿਲਾਫ਼ ਹੁੰਦੀ ਤਾਂ ਖਜੁਰਾਓ ਮੰਦਿਰ ਨਾ ਹੁੰਦਾ, ਕ੍ਰਿਸ਼ਨ ਦਾ ਮੋਹਿਨੀ ਰੂਪ ਨਾ ਹੁੰਦਾ, ਸ਼ਿਖੰਡੀ ਨਾ ਹੁੰਦਾ, ਵ੍ਰਿਹਨੱਲਾ ਨਾ ਹੁੰਦੀ, ਖੁਸਰਾ, ਹਿਜੜਾ ਕਲਚਰ ਨਾ ਹੁੰਦਾ। ਰੱਬ ਨੇ ਜਦੋਂ ਭੇਦਭਾਵ ਨਹੀਂ ਕੀਤਾ ਤਾਂ ਫਿਰ ਇਹ ਬਾਬੇ ਕੌਣ ਹੁੰਦੇ ਹਨ ਫਰਕ ਕਰਨ ਵਾਲੇ।"

ਸਮਲਿੰਗੀਆਂ ਨੂੰ ਬਾਬਿਆਂ ਕੋਲ ਨਾ ਜਾਣ ਦੀ ਸਲਾਹ ਦਿੰਦੇ ਹੋਏ ਧਨੰਜਏ ਕਹਿੰਦੇ ਹਨ, "ਵੇਦ `ਚ ਵੀ ਜ਼ਿਕਰ ਹੈ ਕਿ ਜੇ ਵਿਕਰਿਤੀ ਨਜ਼ਰ ਆਉਂਦੀ ਹੈ, ਉਹ ਵੀ ਪ੍ਰਕਿਰਤੀ ਦਾ ਹਿੱਸਾ ਹੈ। ਇਹ ਬਾਬੇ ਸਿਰਫ਼ ਆਪਣੀ ਵਿਚਾਰਧਾਰਾ ਵੇਚ ਰਹੇ ਹਨ ਤਾਕਿ ਖੁਦ ਮਸ਼ਹੂਰ ਹੋ ਸਕਣ। ਜੇ ਫਿਰ ਵੀ ਕਿਸੇ ਨੂੰ ਲੱਗਦਾ ਹੈ ਕਿ ਇਹ ਡਿਸਆਰਡਰ ਹੈ ਤਾਂ ਬਾਬਿਆਂ ਕੋਲ ਨਾ ਜਾ ਕੇ ਸਾਈਕੈਟ੍ਰਿਸਟ ਕੋਲ ਜਾਓ। ਉਨ੍ਹਾਂ ਦੀ ਸਲਾਹ ਲਓ।"

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)