ਪੰਜਾਬੀ ਯੂਨੀਵਰਸਿਟੀ ਚ ਪਿੰਜਰਾ ਤੋੜ ਮੁਹਿੰਮ-'ਬਾਘ ਖੁੱਲ੍ਹੇ ਘੁੰਮਦੇ ਹੋਣ ਤਾਂ ਗਊਆਂ ਨੂੰ ਪਿੰਜਰੇ ਚ ਰੱਖਣਾ ਜਾਇਜ਼ ਨਹੀਂ'-ਸੋਸ਼ਲ

'ਕੁੜੀਆਂ ਦੀ ਇੱਜ਼ਤ ਮੁੰਡਿਆਂ ਤੋਂ ਵੱਧ ਖ਼ਤਰੇ ਵਿੱਚ ਹੁੰਦੀ ਹੈ?'

'ਕਿਉਂ ਕੁੜੀਆਂ ਤੇ ਮੁੰਡਿਆਂ ਨੂੰ ਇੱਕੋ ਜਿਹੀ ਪਾਬੰਦੀ ਜਾਂ ਇੱਕੋ ਜਿਹੀ ਖੁੱਲ੍ਹ ਨਹੀਂ ਦਿੱਤੀ ਜਾ ਸਕਦੀ?'

'ਪਿੰਜਰੇ ਵਿੱਚ ਕਿਸ ਨੂੰ ਰੱਖਣਾ ਚਾਹੀਦਾ ਹੈ?'

ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਵਿੱਚ ਕੁੜੀਆਂ ਵੱਲੋਂ ਚਲਾਈ ਜਾ ਰਹੀ 'ਪਿੰਜਰਾ ਤੋੜ' ਮੁਹਿੰਮ ਨੂੰ ਲੈ ਕੇ ਇਹ ਸਵਾਲ ਚਰਚਾ ਦਾ ਵਿਸ਼ਾ ਬਣੇ।

ਪੰਜਾਬੀ ਯੂਨੀਵਰਸਿਟੀ ਵਿੱਚ ਹੋਸਟਲ 24 ਘੰਟੇ ਖੋਲ੍ਹਣ ਦੀ ਮੰਗ ਲੈ ਕੇ ਪਿਛਲੇ ਤਿੰਨ ਹਫ਼ਤਿਆਂ ਤੋਂ ਚੱਲ ਰਹੇ ਕੁੜੀਆਂ ਦਾ ਧਰਨਾ ਅੱਜ ਖ਼ਤਮ ਹੋ ਗਿਆ। ਇਸ ਤੋਂ ਪਹਿਲਾਂ ਮੰਗਲਵਾਰ ਰਾਤ ਨੂੰ ਹਿੰਸਾ ਵੀ ਹੋਈ ਸੀ।

ਵਿਦਿਆਰਥੀ ਜਥੇਬੰਦੀ ਡੈਮੋਕਰੇਟਿਕ ਸਟੂਡੈਂਟ ਆਰਗਨਾਈਜੇਸ਼ਨ ਮੁਤਾਬਕ, ''ਫਿਲਹਾਲ ਸਹਿਮਤੀ ਇਸ ਗੱਲ 'ਤੇ ਬਣੀ ਹੈ ਕਿ ਕੁੜੀਆਂ 10 ਵਜੇ ਤੱਕ ਹੋਸਟਲ ਆ ਸਕਦੀਆਂ ਹਨ।''

ਯੂਨੀਵਰਸਿਟੀ ਦੇ ਬੁਲਾਰੇ ਗੁਰਮੀਤ ਸਿੰਘ ਮੁਤਾਬਕ, ''ਜੇਕਰ ਕੋਈ ਕੁੜੀ 9 ਵਜੋਂ ਤੋਂ ਬਾਅਦ ਲਾਈਬ੍ਰੇਰੀ ਜਾਣਾ ਚਾਹੁੰਦੀ ਹੈ ਤਾਂ ਉਸ ਲਈ ਰਾਤ 9 ਵਜੇ ਪਿਕ ਅਤੇ 11 ਵਜੇ ਡਰੌਪ ਦੀ ਸੁਵਿਧਾ ਦਿੱਤੀ ਜਾਵੇਗੀ।''

ਇਹ ਵੀ ਪੜ੍ਹੋ:

ਬੀਬੀਸੀ ਪੰਜਾਬੀ ਦੇ ਫੇਸਬੁੱਕ ਪੇਜ 'ਤੇ ਕਈ ਲੋਕਾਂ ਨੇ ਇਸ ਮੁੱਦੇ 'ਤੇ ਆਪਣੀ ਆਪਣੀ ਰਾਇ ਸਾਂਝੀ ਕੀਤੀ।

ਕਈਆਂ ਨੇ ਕਿਹਾ ਕਿ ਹੋਸਟਲ ਦੇ ਸਮੇਂ ਨਾਲ ਸੁਰੱਖਿਆ ਨੂੰ ਜੋੜਣਾ ਗਲਤ ਹੈ, ਹਾਲਾਂਕਿ ਕੁਝ ਕੁੜੀਆਂ ਦੇ ਰਾਤ ਨੂੰ ਬਾਹਰ ਜਾਣ 'ਤੇ ਸਵਾਲ ਚੁੱਕਦੇ ਨਜ਼ਰ ਆਏ।

ਸਿਮਰ ਗਿੱਲ ਨਾਂ ਦੇ ਯੂਜ਼ਰ ਨੇ ਲਿਖਿਆ, ''ਮੌਹਾਲ ਹੀ ਖਰਾਬ ਕਰਨਾ ਹੈ, ਜਿਵੇਂ ਮਰਜ਼ੀ ਕਰ ਲਵੋ। ਜੇ ਪੜ੍ਹਾਈ ਹੀ ਕਰਨੀ ਹੈ ਤਾਂ ਲੋਕਲ ਕਾਲਜਾਂ ਵਿੱਚ ਵੀ ਉਹੀ ਹੈ ਪਰ ਕੁੜੀਆਂ ਜਿਸ ਮਕਸਦ ਨਾਲ ਯੁਨੀਵਰਸਿਟੀ ਆਉਂਦੀਆਂ ਹਨ, ਉਹ ਪੂਰਾ ਨਾ ਹੋਵੇ, ਤਾਂ ਵਿਦਰੋਹ ਤਾਂ ਕਰਨਗੀਆਂ ਹੀ।''

ਏਕਮ ਜੋਤ ਨੇ ਲਿਖਿਆ, ''ਕੁੜੀਆਂ ਦੇ ਮਾਪੇ ਡਰ ਰਹੇ ਹਨ ਕਿ ਕੁੜੀਆਂ ਰਾਤ ਨੂੰ ਕਿੱਥੇ ਜਾਂਦੀਆਂ ਹਨ?''

ਸਿਮਰ ਗਿੱਲ ਨੇ ਲਿਖਿਆ, ''ਜੇ ਕੁੜੀਆਂ ਦੀ ਸੁਰੱਖਿਆ ਯੂਨੀਵਰਸਿਟੀ ਦੇ ਹੱਥਾਂ ਵਿੱਚ ਹੈ ਤਾਂ ਉਨ੍ਹਾਂ ਨੂੰ ਕੁਝ ਸਖ਼ਤ ਕਦਮ ਲੈਣੇ ਹੋਣਗੇ ਹੀ।''

ਕੁੜੀਆਂ ਦੇ ਹੱਕ ਵਿੱਚ ਵੀ ਆਵਾਜ਼ਾਂ

ਦੂਜੀ ਪਾਸੇ ਕਈ ਲੋਕਾਂ ਨੇ ਪਾਬੰਦੀ ਨੂੰ ਗਲਤ ਦੱਸਿਆ ਤੇ ਆਪਣੇ ਤਰਕ ਰੱਖੇ।

ਸੁਖਦੇਵ ਨੇ ਲਿਖਿਆ, ''ਸਿਆਣੇ ਲੋਕ ਸ਼ੇਰ ਨੂੰ ਪਿੰਜਰੇ ਵਿੱਚ ਪਾ ਕੇ ਰੱਖਦੇ ਆ। ਗਾਂਵਾ ਨੂੰ ਪਿੰਜਰੇ ਵਿੱਚ ਪਾਉਣ ਦੀ ਲੋੜ ਨਹੀਂ ਹੁੰਦੀ।''

ਹਰਮੀਤ ਨੇ ਲਿਖਿਆ, ''ਕੁੜੀਆਂ ਕੋਈ ਬੱਚੀਆਂ ਨਹੀਂ ਹਨ, ਆਪਣਾ ਧਿਆਨ ਖੁਦ ਰੱਖਣਾ ਚਾਹੀਦਾ ਹੈ।''

''ਜੇ ਯੂਨੀਵਰਸਿਟੀ 24 ਘੰਟੇ ਹੋਸਟਲ ਖੁਲ੍ਹੇ ਰੱਖਣ ਦੀ ਇਜਾਜ਼ਤ ਦਿੰਦੀ ਹੈ ਤਾਂ ਉਸ ਵਿੱਚ ਮੁਸੀਬਤ ਕੀ ਹੈ? ਮੁੰਡਿਆਂ ਨੂੰ ਵੀ ਤਾਂ ਇਹ ਆਜ਼ਾਦੀ ਹੁੰਦੀ ਹੀ ਹੈ, ਕੁੜੀਆਂ ਦੀ ਸੁਰੱਖਿਆ ਹੋਸਟਲ ਦੇ ਟਾਈਮਿੰਗ 'ਤੇ ਨਿਰਭਰ ਨਹੀਂ ਕਰਦੀ।''

ਅਵੀ ਸਹੋਤਾ ਨੇ ਲਿਖਿਆ, ''ਲੱਗਦਾ ਪੂਰੀ ਇੱਜ਼ਤ, ਮਾਣ ਸਨਮਾਨ ਦਾ ਜ਼ਿੰਮਾ ਸਿਰਫ ਕੁੜੀਆਂ ਤੇ ਹੈ, ਪਾਬੰਦੀਆਂ ਮੁੰਡਿਆਂ 'ਤੇ ਵੀ ਲੱਗਣੀ ਚਾਹੀਦੀ ਆ।''

ਕੀ ਸੀ ਕੁੜੀਆਂ ਦੀ ਮੰਗ?

ਪੰਜਾਬੀ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ 'ਪਿੰਜਰਾ ਤੋੜ' ਮੁਹਿੰਮ ਦੇ ਤਹਿਤ 24 ਘੰਟੇ ਹੋਸਟਲ ਖੋਲ੍ਹਣ ਦੀ ਮੰਗ ਕਰ ਰਹੀਆਂ ਸਨ।

ਇਸ ਵੇਲੇ ਰਾਤ 8 ਵਜੇ ਹੋਸਟਲ ਬੰਦ ਕੀਤੇ ਜਾਂਦੇ ਹਨ ਹਾਲਾਂਕਿ ਮੁੰਡਿਆਂ ਦੇ ਹੋਸਟਲ ਦੇ ਗੇਟ ਰਾਤੀ 11 ਵਜੇ ਤੱਕ ਖੁੱਲ੍ਹੇ ਰਹਿੰਦੇ ਹਨ।

ਇਸ ਨੂੰ ਲੈ ਕੇ ਮੰਗਲਵਾਰ ਨੂੰ ਯੂਨੀਵਰਸਿਟੀ ਵਿੱਚ ਹਿੰਸਾ ਵੀ ਹੋਈ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)