You’re viewing a text-only version of this website that uses less data. View the main version of the website including all images and videos.
#MeToo: ਇਨ੍ਹਾਂ ਕਾਰਨਾਂ ਕਰਕੇ ਸ਼ਾਇਦ ਦੱਬੀਆਂ ਹਨ ਖੇਤਰੀ ਮੀਡੀਆ ਦੀਆਂ ਔਰਤਾਂ ਦੀਆਂ ਆਵਾਜ਼ਾਂ
- ਲੇਖਕ, ਸਿੰਧੂਵਾਸਿਨੀ
- ਰੋਲ, ਬੀਬੀਸੀ ਪੱਤਰਕਾਰ
"ਮੈਂ ਮੀਡੀਆ ਦੀ ਪੜ੍ਹਾਈ ਦੌਰਾਨ ਹੀ ਇੱਕ ਰੇਡੀਓ ਵਿੱਚ ਨੌਕਰੀ ਲਈ ਅਪਲਾਈ ਕੀਤਾ ਸੀ। ਮੈਂ ਉੱਥੇ ਇੱਕ ਸੀਨੀਅਰ ਨਾਲ ਗੱਲ ਕੀਤੀ ਅਤੇ ਪੁੱਛਿਆ, ਕੀ ਮੈਨੂੰ ਨੌਕਰੀ ਮਿਲ ਸਕਦੀ ਹੈ?''
"ਉਨ੍ਹਾਂ ਨੇ ਜਵਾਬ ਦਿੱਤਾ, ਹਾਂ ਹੋ ਸਕਦਾ ਹੈ ਪਰ ਕੁਝ ਫੀਸ ਲੱਗੇਗੀ।''
"ਉਸ ਵਕਤ ਮੈਂ ਮੀਡੀਆ ਦੀ ਪੜ੍ਹਾਈ ਤਾਂ ਕਰ ਲਈ ਸੀ ਪਰ ਮੇਰਾ ਦਿਮਾਗ ਪਿੰਡ ਦੀ ਇੱਕ ਮਾਸੂਮ ਕੁੜੀ ਵਰਗਾ ਹੀ ਸੀ ਜਾਂ ਮੈਂ ਪੂਰੇ ਤਰੀਕੇ ਨਾਲ ਸਮਾਰਟ ਨਹੀਂ ਸੀ। ਮੈਂ ਫੀਸ ਦਾ ਮਤਲਬ ਪੈਸਾ ਸਮਝ ਲਿਆ।''
ਮੈਂ ਕਿਹਾ, "ਸਰ ਮੇਰੇ ਕੋਲ ਅਜੇ ਜ਼ਿਆਦਾ ਪੈਸੇ ਨਹੀਂ ਹਨ। ਮੈਂ ਵੱਧ ਤੋਂ ਵੱਧ 5000 ਹਜ਼ਾਰ ਰੁਪਏ ਦੇ ਸਕਦੀ ਹਾਂ।''
ਫਿਰ ਉਨ੍ਹਾਂ ਨੇ ਕਿਹਾ, "ਨਹੀਂ-ਨਹੀਂ ਪੈਸੇ ਨਹੀਂ, ਬੱਸ ਉੰਝ ਹੀ...''
ਇਸ ਤੋਂ ਬਾਅਦ ਮੈਂ ਸਮਝਿਆ ਕਿ ਉਹ ਅਸਲ ਵਿੱਚ ਕੀ ਕਹਿਣਾ ਚਾਹੁੰਦੇ ਹਨ। ਮੈਂ ਸਿੱਧਾ ਕਿਹਾ ਕਿ ਅਜਿਹਾ ਕੁਝ ਤਾਂ ਸੰਭਵ ਨਹੀਂ ਹੈ
ਇਹ ਵੀ ਪੜ੍ਹੋ:
'ਮੈਂ ਪ੍ਰੇਸ਼ਾਨ ਹੋ ਕੇ ਪਿੰਡ ਪਰਤ ਗਈ'
ਫਿਰ ਉਨ੍ਹਾਂ ਨੇ ਮੈਨੂੰ ਕਿਹਾ ਕਿ ਮੈਂ ਮੀਡੀਆ ਵਿੱਚ ਕਦੇ ਵੀ ਕਾਮਯਾਬ ਨਹੀਂ ਹੋ ਸਕਦੀ ਕਿਉਂਕਿ ਮੀਡੀਆ ਵਿੱਚ ਜਦੋਂ ਤੱਕ ਕੋਈ ਕੁੜੀ ਖੁਦ ਨੂੰ ਕਿਸੇ ਦੇ ਸਾਹਮਣੇ ਪੇਸ਼ ਨਹੀਂ ਕਰਦੀ, ਉਦੋਂ ਤੱਕ ਉਹ ਤਰੱਕੀ ਨਹੀਂ ਕਰ ਸਕਦੀ ਹੈ।
ਮੈਂ ਕਿਹਾ, "ਮੈਂ ਪਿੰਡ ਦੀ ਕੁੜੀ ਹਾਂ। ਕੁਝ ਨਹੀਂ ਹੋਇਆ ਤਾਂ ਮੈਂ ਪਿੰਡ ਜਾ ਕੇ ਖੇਤੀ ਕਰ ਲਵਾਂਗੀ।''
ਇਸ ਤੇ ਉਨ੍ਹਾਂ ਦਾ ਜਵਾਬ ਸੀ, "ਫਿਰ ਤਾਂ ਤੁਸੀਂ ਪੂਰੀ ਜ਼ਿੰਦਗੀ ਖੇਤੀ ਹੀ ਕਰੋਗੀ, ਮੀਡੀਆ ਵਿੱਚ ਸਫਲਤਾ ਨਹੀਂ ਮਿਲੇਗੀ।''
ਉਨ੍ਹਾਂ ਦੀ ਇਹ ਗੱਲ ਮੈਨੂੰ ਇੰਨੀ ਬੁਰੀ ਲੱਗੀ ਕਿ ਮੈਂ ਕੁਝ ਵਕਤ ਲਈ ਤਾਂ ਘਰ ਵਾਪਸ ਚਲੀ ਗਈ ਪਰ ਮੈਂ ਇਹ ਤੈਅ ਕੀਤਾ ਸੀ ਉਨ੍ਹਾਂ ਦੀ ਗੱਲ ਨੂੰ ਗਲਤ ਸਾਬਿਤ ਕਰਾਂਗੀ ਅਤੇ ਬਾਅਦ ਵਿੱਚ ਮੈਂ ਉਨ੍ਹਾਂ ਨੂੰ ਗਲਤ ਸਾਬਿਤ ਵੀ ਕੀਤਾ।''
ਇਹ ਕਹਾਣੀ ਹੈ 'ਪਿੰਡ ਕਨੈਕਸ਼ਨ' ਅਖ਼ਬਾਰ ਵਿੱਚ ਕੰਮ ਕਰਨ ਵਾਲੀ ਰਿਪੋਰਟਰ ਨੀਤੂ ਸਿੰਘ ਦੀ। ਇਹ ਨੀਤੂ ਦੇ ਕਰੀਅਰ ਦੀ ਸ਼ੁਰੂਆਤੀ ਦੌਰ ਦੀ ਗੱਲ ਹੈ।
ਅੱਜ ਔਰਤਾਂ ਗਰਾਊਂਡ ਜ਼ੀਰੋ ਤੋਂ ਮੌਕਾ-ਏ-ਵਾਰਦਾਤ ਦਾ ਅੱਖੀਂ ਡਿੱਠਾ ਹਾਲ ਲੋਕਾਂ ਤੱਕ ਪਹੁੰਚਾ ਰਹੀਆਂ ਹਨ।
ਬਲਾਤਕਾਰ ਅਤੇ ਸਰੀਰਕ ਸ਼ੋਸ਼ਣ ਦੀਆਂ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਉਨ੍ਹਾਂ ਦੀ ਆਵਾਜ਼ ਬਣ ਕੇ ਬ੍ਰੇਕਿੰਗ ਨਿਊਜ਼ ਅਤੇ ਅਖ਼ਬਾਰਾਂ ਦੀਆਂ ਸ਼ੁਰਖ਼ੀਆਂ ਬਣ ਰਹੀਆਂ ਹਨ।
ਪਰ...
ਪਰ ਉਹੀ ਔਰਤਾਂ ਨਿਊਜ਼ਰੂਮ ਵਿੱਚ ਆਪਣੇ ਨਾਲ ਹੋਣ ਵਾਲੇ ਸਰੀਰਕ ਸ਼ੋਸ਼ਣ 'ਤੇ ਖਾਮੋਸ਼ ਹਨ।
ਇਹੀ ਕਾਰਨ ਹੈ ਕਿ ਪਿਛਲੇ ਕੁਝ ਹਫ਼ਤਿਆਂ ਤੋਂ ਜਦੋਂ ਨਿਊਜ਼ਰੂਮਜ਼ ਤੋਂ ਇੱਕ ਤੋਂ ਬਾਅਦ ਇੱਕ #MeToo ਯਾਨੀ ਔਰਤਾਂ ਦੇ ਸਰੀਰਕ ਸ਼ੋਸ਼ਣ ਦੀਆਂ ਕਹਾਣੀਆਂ ਸਾਹਮਣੇ ਆ ਰਹੀਆਂ ਹਨ ਅਤੇ ਉਨ੍ਹਾਂ ਨੂੰ ਪੜ੍ਹਨ ਵਾਲਿਆਂ ਦੀਆਂ ਅੱਖਾਂ ਫੱਟੀਆਂ ਜਾ ਰਹੀਆਂ ਹਨ।
ਨਿਊਜ਼ਰੂਮ ਤੋਂ ਆਉਣ ਵਾਲੀਆਂ ਇਨ੍ਹਾਂ #MeToo ਦੀਆਂ ਕਹਾਣੀਆਂ ਵਿੱਚ ਇੱਕ ਗੱਲ ਹੋਰ ਗੌਰ ਕਰਨ ਵਾਲੀ ਹੈ। ਹੁਣ ਤੱਕ ਸਾਹਮਣੇ ਆਈਆਂ ਇਹ ਕਹਾਣੀਆਂ ਜ਼ਿਆਦਾਤਰ ਅੰਗਰੇਜ਼ੀ ਮੀਡੀਆ ਤੋਂ ਹਨ।
ਅਜਿਹੇ ਵਿੱਚ ਸਵਾਲ ਇਹ ਉਠਦਾ ਹੈ ਕਿ ਅੰਗਰੇਜ਼ੀ ਮੀਡੀਆ ਤੋਂ ਕਿਤੇ ਵੱਡੇ ਹਿੰਦੀ ਅਤੇ ਖੇਤਰੀ ਮੀਡੀਆ ਤੋਂ ਔਰਤਾਂ ਦੀਆਂ ਆਵਾਜ਼ਾਂ ਕਿਉਂ ਬਾਹਰ ਨਹੀਂ ਆ ਰਹੀਆਂ ਹਨ? ਕੀ ਉੱਥੇ ਸਰੀਰਕ ਸ਼ੋਸ਼ਣ ਦੀਆਂ ਘਟਨਾਵਾਂ ਨਹੀਂ ਹੁੰਦੀਆਂ?
ਹਾਲਾਂਕਿ ਅਜਿਹਾ ਵੀ ਨਹੀਂ ਹੈ ਕਿ ਉੱਥੇ ਦੀਆਂ ਕੁੜੀਆਂ ਕੁਝ ਬੋਲ ਹੀ ਨਹੀਂ ਰਹੀਆਂ ਹਨ।
ਦਬੀਆਂ ਹੀ ਸਹੀ ਪਰ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ ਪਰ ਇਨ੍ਹਾਂ ਨੂੰ ਬੁਲੰਦ ਹੋਣ ਤੋਂ ਕੌਣ ਰੋਕ ਰਿਹਾ ਹੈ?
ਨੀਤੂ ਕਾਨਪੁਰ ਦੇਹਾਤ ਦੀ ਰਹਿਣ ਵਾਲੀ ਹੈ। ਉਸ ਦੇ ਪਿੰਡ ਤੱਕ ਪਹੁੰਚਣ ਲਈ ਪੰਜ ਕਿਲੋਮੀਟਰ ਤੱਕ ਕੋਈ ਗੱਡੀ ਨਹੀਂ ਮਿਲਦੀ ਹੈ।
ਨੀਤੂ ਕਹਿੰਦੀ ਹੈ, "ਹਿੰਦੀ ਮੀਡੀਅਮ ਵਿੱਚ ਕੰਮ ਕਰਨ ਵਾਲੀਆਂ ਕੁੜੀਆਂ ਦੀ ਪਿੱਠਭੂਮੀ ਕਾਫੀ ਵੱਖ ਹੁੰਦੀ ਹੈ। ਉਹ ਛੋਟੇ ਕਸਬਿਆਂ ਤੋਂ ਆਉਂਦੀਆਂ ਹਨ ਜਿੱਥੇ ਕੁੜੀਆਂ ਨੂੰ ਬਚਪਨ ਤੋਂ ਹੀ ਇਹ ਦੱਸਿਆ ਜਾਂਦਾ ਹੈ ਕਿ ਜੇ ਕੁਝ ਗਲਤ ਹੋਇਆ ਤਾਂ ਗਲਤੀ ਸਾਡੀ ਹੀ ਹੈ।''
"ਇਸ ਲਈ ਜਦੋਂ ਦਫ਼ਤਰ ਵਿੱਚ ਸਾਡੇ ਨਾਲ ਕੁਝ ਗਲਤ ਹੁੰਦਾ ਹੈ ਤਾਂ ਅਸੀਂ ਕਿਤੇ ਨਾ ਕਿਤੇ ਇਸ ਨੂੰ ਆਪਣੀ ਗਲਤੀ ਮੰਨ ਕੇ ਚੁੱਪ ਹੋ ਜਾਂਦੇ ਹਾਂ।''
ਇਸ ਤੋਂ ਇਲਾਵਾ ਨੀਤੂ ਇਹ ਵੀ ਮੰਨਦੀ ਹੈ ਕਿ ਹਿੰਦੀ ਭਾਸ਼ਾ ਦੇ ਖੇਤਰਾਂ ਦੀਆਂ ਕੁੜੀਆਂ ਲਈ ਪੱਤਰਕਾਰਿਤਾ ਨੂੰ ਕਰੀਅਰ ਵਜੋਂ ਚੁਣਨਾ ਹੀ ਇੱਕ ਵੱਡੀ ਚੁਣੌਤੀ ਹੈ। ਉਸ ਦੇ ਘਰ ਵਾਲੇ ਵੀ ਕਦੇ ਨਹੀਂ ਚਾਹੁੰਦੇ ਸਨ ਕਿ ਉਹ ਪੱਤਰਕਾਰ ਬਣੇ। ਉਸ ਨੂੰ ਬੀਐੱਡ ਕਰਕੇ ਟੀਚਰ ਬਣਨ ਦੀ ਸਲਾਹ ਦਿੱਤੀ ਜਾਂਦੀ ਸੀ।
ਨੀਤੂ ਪੁੱਛਦੀ ਹੈ, "ਕੋਈ ਕੁੜੀ ਇੰਨੇ ਸ਼ੰਘਰਸ਼ ਤੋਂ ਬਾਅਦ ਆਪਣਾ ਕਰੀਅਰ ਇੱਕ ਝਟਕੇ ਵਿੱਚ ਦਾਅ 'ਤੇ ਕਿਵੇਂ ਲਾ ਸਕਦੀ ਹੈ।''
ਇਹ ਵੀ ਪੜ੍ਹੋ:
ਵਰਤਿਕਾ ਤੋਮਰ ਨੂੰ ਹਿੰਦੀ ਮੀਡੀਆ ਵਿੱਚ 10 ਸਾਲਾਂ ਦਾ ਤਜਰਬਾ ਹੈ। ਉਹ ਮੰਨਦੀ ਹੈ ਕਿ ਜੇ ਹਿੰਦੀ ਮੀਡੀਆ ਤੋਂ #MeToo ਦੀਆਂ ਘਟਨਾਵਾਂ ਘੱਟ ਆ ਰਹੀਆਂ ਹਨ ਤਾਂ ਇਸ ਦਾ ਕਾਰਨ ਸਮਾਜਿਕ ਤੇ ਆਰਥਿਕ ਵੀ ਹੈ।
ਉਹ ਕਹਿੰਦੀ ਹੈ, "ਹਿੰਦੀ ਮੀਡੀਆ ਵਿੱਚ ਕੰਮ ਕਰਨ ਵਾਲਿਆਂ ਲਈ ਨੌਕਰੀ ਦੇ ਮੌਕੇ ਅਤੇ ਬਦਲ ਅੰਗਰੇਜ਼ੀ ਦੀ ਤੁਲਨਾ ਵਿੱਚ ਘੱਟ ਹਨ। ਹਿੰਦੀ ਦੇ ਪੱਤਰਕਾਰਾਂ ਨੂੰ ਅੰਗਰੇਜ਼ੀ ਦੇ ਮੁਕਾਬਲੇ ਪੈਸੇ ਵੀ ਘੱਟ ਮਿਲਦੇ ਹਨ।''
ਅਜਿਹੇ ਵਿੱਚ ਜੇ ਔਰਤਾਂ ਇੱਕ ਨੌਕਰੀ ਛੱਡ ਵੀ ਦੇਣ ਤਾਂ ਉਨ੍ਹਾਂ ਨੂੰ ਦੂਜੇ ਮੀਡੀਆ ਹਾਊਸ ਵਿੱਚ ਕੰਮ ਮਿਲਣਾ ਮੁਸ਼ਕਿਲ ਹੁੰਦਾ ਹੈ।
ਹਿੰਦੀ ਮੀਡੀਆ ਵਿੱਚ ਖੁੱਲ੍ਹਾ ਮਾਹੌਲ ਨਹੀਂ
ਨਵਭਾਰਤ ਟਾਈਮਜ਼ ਆਨਲਾਈਨ ਦੇ ਸਾਬਕਾ ਸੰਪਾਦਕ ਨੀਰੇਂਦਰ ਨਾਗਰ ਅਨੁਸਾਰ ਇੱਕ ਤਾਂ ਹਿੰਦੀ ਮੀਡੀਆ ਵਿੱਚ ਕੁੜੀਆਂ ਅੰਗਰੇਜ਼ੀ ਮੀਡੀਆ ਦੇ ਮੁਕਾਬਲੇ ਘੱਟ ਹਨ। ਦੂਜਾ ਇਹ ਕਿ ਹਿੰਦੀ ਨਿਊਜ਼ਰੂਮ ਦਾ ਮਾਹੌਲ ਇੰਨਾ ਖੁੱਲ੍ਹਾ ਨਹੀਂ ਹੈ।
ਉਹ ਕਹਿੰਦੇ ਹਨ, "ਇੱਥੇ ਇਹ ਸੰਭਾਵਨਾ ਬਹੁਤ ਘੱਟ ਰਹਿੰਦੀ ਹੈ ਕਿ ਕੋਈ ਕੁੜੀ ਆਪਣੇ ਬੌਸ ਜਾਂ ਦੂਜੇ ਮਰਦ ਸਹਿਕਰਮੀ ਨਾਲ ਦੋਸਤ ਵਜੋਂ ਬਾਹਰ ਕੌਫੀ ਪੀਣ ਜਾਵੇ।''
ਨੀਰੇਂਦਰ ਕਹਿੰਦੇ ਹਨ, "ਇਨ੍ਹਾਂ ਸਾਰਿਆਂ ਕਾਰਨਾਂ ਕਰਕੇ ਦਫ਼ਤਰ ਵਿੱਚ ਕੰਮ ਕਰਨ ਵਾਲੇ ਮਰਦ ਔਰਤਾਂ ਦੇ ਉੰਨੇ ਕਰੀਬ ਪਹੁੰਚਣ ਦੀ ਹਿੰਮਤ ਨਹੀਂ ਕਰਦੇ।''
ਮਰਾਠੀ ਅਖ਼ਬਾਰ ਲੋਕਸੱਤਾ ਦੇ ਸੰਪਾਦਕ ਗਿਰੀਸ਼ ਕੁਬੇਰ ਨੇ ਮਰਾਠੀ ਤੇ ਅੰਗਰੇਜ਼ੀ ਮੀਡੀਆ ਦੋਹਾਂ ਵਿੱਚ ਕੰਮ ਕੀਤਾ ਹੈ।
ਉਨ੍ਹਾਂ ਦਾ ਮੰਨਣਾ ਹੈ ਕਿ ਮਰਾਠੀ ਅਤੇ ਖੇਤਰੀ ਮੀਡੀਆ ਵਿੱਚ ਸੰਪਾਦਕਾਂ ਤੇ ਰਿਪੋਰਟਰਾਂ ਵਿਚਾਲੇ ਉਮਰ ਦਾ ਫਾਸਲਾ ਹੁੰਦਾ ਹੈ ਇਸ ਲਈ ਉਨ੍ਹਾਂ ਵਿਚਾਲੇ ਰਿਸ਼ਤਾ ਬਣਾਉਣ ਦੀ ਸੰਭਾਵਨਾ ਪਹਿਲਾਂ ਤੋਂ ਘੱਟ ਹੋ ਜਾਂਦੀ ਹੈ।
ਦੂਜੇ ਕਾਰਨ ਨੂੰ ਵੱਧ ਅਹਿਮ ਦੱਸਦੇ ਹੋਏ ਗਿਰੀਸ਼ ਕੁਬੇਰ ਕਹਿੰਦੇ ਹਨ, "ਖੇਤਰੀ ਮੀਡੀਆ ਦਾ ਮਾਹੌਲ ਕਿਤੇ ਨਾ ਕਿਤੇ ਵੱਧ ਰੂੜੀਵਾਦੀ ਹੁੰਦਾ ਹੈ। ਉੱਥੇ ਪੱਛਮੀ ਸੱਭਿਆਚਾਰ ਦਾ ਅਸਰ ਘੱਟ ਹੁੰਦਾ ਹੈ।''
ਔਰਤਾਂ ਨੂੰ ਕਿਸਦਾ ਡਰ?
"ਮਰਾਠੀ ਜਾਂ ਹਿੰਦੀ ਮੀਡੀਆ ਵਿੱਚ ਬਾਹਰ ਜਾ ਕੇ ਪਾਰਟੀ ਕਰਨ ਦੇ ਮੌਕੇ ਵੀ ਘੱਟ ਹੁੰਦੇ ਹਨ ਅਤੇ ਲੋਕਾਂ ਨਾਲ ਰਹਿਣਾ ਵੀ ਘੱਟ ਹੀ ਹੁੰਦਾ ਹੈ।''
ਹਾਲਾਂਕਿ ਗਿਰੀਸ਼ ਅਤੇ ਨੀਰੇਂਦਰ ਦੋਵੇਂ ਮੰਨਦੇ ਹਨ ਕਿ ਇਨ੍ਹਾਂ ਕਾਰਨਾਂ ਨਾਲ ਹੀ ਸ਼ੋਸ਼ਣ ਰੁਕ ਜਾਂਦਾ ਹੈ, ਇਹ ਕਹਿਣਾ ਗਲਤ ਹੋਵੇਗਾ।
ਇਸ ਦੇ ਇਲਾਵਾ ਬੌਸ ਅਤੇ ਰਿਪੋਰਟਰ ਵਿਚਾਲੇ ਸਿਹਤਮੰਦ ਸੰਵਾਦ ਦੀ ਘਾਟ ਕਾਰਨ ਔਰਤਾਂ ਲਈ ਸ਼ੋਸ਼ਣ ਬਾਰੇ ਦੱਸਣਾ ਵੀ ਮੁਸ਼ਕਿਲ ਹੋ ਜਾਂਦਾ ਹੈ।
ਗੋਆ ਵਿੱਚ ਕੰਮ ਕਰਨ ਵਾਲੀ ਫ੍ਰੀਲਾਂਸ ਪੱਤਰਕਾਰ ਮਨਸਿਵਨੀ ਪ੍ਰਭੁਣੇ ਨਾਇਕ ਪਿਛਲੇ 25 ਸਾਲ ਤੋਂ ਪੱਤਰਕਾਰੀ ਦੇ ਪੇਸ਼ੇ ਵਿੱਚ ਹਨ।
ਜਦੋਂ ਉਹ ਪੱਤਰਕਾਰੀ ਦੀ ਪੜ੍ਹਾਈ ਕਰ ਰਹੇ ਸਨ, ਉਸ ਵੇਲੇ ਕਲਾਸ ਵਿੱਚ 38 ਮੁੰਡੇ ਸਨ ਅਤੇ ਉਹ ਇਕੱਲੀ ਕੁੜੀ। ਜਦੋਂ ਪਹਿਲੀ ਨੌਕਰੀ ਲੱਗੀ ਤਾਂ ਪੂਰਾ ਨਿਊਜ਼ਰੂਮ ਮਰਦਾਂ ਨਾਲ ਭਰਿਆ ਹੋਇਆ ਸੀ, ਔਰਤਾਂ ਕੇਵਲ ਚਾਰ ਸਨ।
ਮਨਸਿਵਨੀ ਨੇ ਦੱਸਿਆ, "ਮਰਾਠੀ ਮੀਡੀਆ ਵਿੱਚ ਬਹੁਤ ਅਜਿਹੀਆਂ ਕੁੜੀਆਂ ਹਨ ਜੋ ਦਬੀ ਜ਼ਬਾਨ ਵਿੱਚ ਆਪਣੇ ਨਾਲ ਹੋਣ ਵਾਲੇ ਗਲਤ ਵਤੀਰੇ ਬਰੇ ਬੋਲਦੀਆਂ ਹਨ।''
"ਉਹ ਦੱਸਦੀਆਂ ਹਨ ਕਿ ਕਿਵੇਂ ਉਨ੍ਹਾਂ ਨਾਲ ਕੰਮ ਕਰਨ ਵਾਲੇ ਉਨ੍ਹਾਂ ਦੇ ਸਾਹਮਣੇ ਭੱਦੇ ਕਮੈਂਟ ਕਰਦੇ ਹਨ ਅਤੇ ਕਿਵੇਂ ਉਨ੍ਹਾਂ ਤੇ ਸਰੀਰਕ ਸਬੰਧ ਬਣਾਉਣ ਦਾ ਦਬਾਅ ਪਾਉਂਦੇ ਹਨ।''
ਮਨਸਿਵਨੀ ਨੂੰ ਲੱਗਦਾ ਹੈ ਕਿ ਖੇਤਰੀ ਮੀਡੀਆ ਤੋਂ #MeToo ਦੀ ਘੱਟ ਕਹਾਣੀਆਂ ਸਾਹਮਣੇ ਨਾ ਆਉਣ ਦਾ ਇੱਕ ਵੱਡਾ ਕਾਰਨ ਇਹ ਵੀ ਹੈ ਕਿ ਕੁੜੀਆਂ ਦੇ ਮਨ ਵਿੱਚ ਨੌਕਰੀ, ਕੰਮ ਅਤੇ ਸ਼ੁਹਰਤ ਗੁਆਉਣ ਦਾ ਡਰ ਹੈ।
ਇਸ ਸਭ ਨੂੰ ਉਨ੍ਹਾਂ ਨੇ ਬਹੁਤ ਕੁਝ ਗੁਆ ਕੇ ਕਮਾਇਆ ਹੈ।
ਤੇਲੁਗੂ ਟੀਵੀ ਮੀਡੀਆ ਵਿੱਚ 40 ਸਾਲ ਦਾ ਤਜਰਬਾ ਰੱਖਣ ਵਾਲੀ ਪਦਮਾਜਾ ਸ਼ਾਅ ਮੰਨਦੀ ਹੈ ਕਿ ਤੇਲੁਗੂ ਨਿਊਜ਼ਰੂਮਜ਼ ਦੇ ਮਾਹੌਲ ਵਿੱਚ ਹੁਣ ਵੀ ਦਬਦਬਾ ਮਰਦਾਂ ਦਾ ਹੈ।
ਕੁੜੀਆਂ ਨੂੰ ਪੱਤਰਕਾਰੀ ਦੇ ਪੇਸ਼ੇ ਵਿੱਚ ਆਉਣ ਨਹੀਂ ਦਿੱਤਾ ਜਾਂਦਾ। ਉਹ ਕਿਸੇ ਤਰੀਕੇ ਨਾਲ ਆ ਵੀ ਜਾਂਦੀਆਂ ਹਨ ਤਾਂ ਉੱਚੇ ਅਹੁਦਿਆਂ ਤੱਕ ਪਹੁੰਚ ਨਹੀਂ ਸਕਦੀਆਂ ਹਨ।
ਇਹ ਵੀ ਪੜ੍ਹੋ:
ਉਸ ਅਨੁਸਾਰ ਤੇਲੁਗੂ ਅਤੇ ਖੇਤਰੀ ਮੀਡੀਆ ਵਿੱਚ ਕੰਮ ਕਰਨ ਵਾਲੀਆਂ ਕੁੜੀਆਂ ਸ਼ਾਇਦ ਹੁਣ ਇੰਨਾ ਵੱਡਾ ਰਿਸਕ ਨਹੀਂ ਲੈ ਸਕਦੀਆਂ ਹਨ ਕਿਉਂਕਿ ਬੋਲ ਉਹੀ ਸਕਦਾ ਹੈ ਜਿਸ ਨੂੰ ਨੌਕਰੀ ਜਾਣ ਦਾ ਡਰ ਨਾ ਹੋਵੇ।
ਉਹ ਜ਼ਰੂਰ ਬੋਲਣਗੀਆਂ...
ਨੀਤੂ, ਵਰਤਿਕਾ, ਮਨਸਿਵਨੀ ਅਤੇ ਪਦਮਾਜਾ। ਚਾਰੇ ਮਹਿਲਾ ਪੱਤਰਕਾਰਾਂ ਦੀ ਚੁੱਪੀ ਦਾ ਜੋ ਕਾਰਨ ਦੱਸਦੀਆਂ ਹਨ, ਉਹ ਮਿਲਦਾ-ਜੁਲਦਾ ਹਨ।
ਆਖਿਰ ਵਿੱਚ ਨੀਤੂ ਦੋ ਕਾਰਨ ਹੋਰ ਦੱਸਦੀ ਹੈ, "ਅਕਸਰ ਔਰਤਾਂ ਇਸ ਲਈ ਵੀ ਨਹੀਂ ਬੋਲਦੀਆਂ ਕਿਉਂਕਿ ਅੱਗੇ ਕੋਈ ਕਾਰਵਾਈ ਨਹੀਂ ਹੁੰਦੀ ਹੈ। ਮਾਮਲੇ ਨੂੰ ਕਿਸੇ ਵੀ ਤਰੀਕੇ ਨਾਲ ਦਬਾ ਦਿੱਤਾ ਜਾਂਦਾ ਹੈ।''
ਇਸ ਸਭ ਦੇ ਬਾਵਜੂਦ ਪਦਮਾਜਾ ਨੂੰ ਉਮੀਦ ਹੈ ਕਿ ਜੇ ਅੱਜ ਅੰਗਰੇਜ਼ੀ ਮੀਡੀਆ ਤੋਂ ਔਰਤਾਂ ਬੋਲ ਰਹੀਆਂ ਹਨ ਤਾਂ ਖੇਤਰੀ ਮੀਡੀਆ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਵੀ ਕਦੇ ਨਾ ਕਦੇ ਜ਼ਰੂਰ ਬੋਲਣਗੀਆਂ।
ਉਹ ਕਹਿੰਦੀ ਹੈ, "ਉਹ ਬੋਲਣਗੀਆਂ, ਅੱਜ ਨਹੀਂ 5-10 ਸਾਲ ਬਾਅਦ ਸਹੀ ਪਰ ਬੋਲਣਗੀਆਂ ਜ਼ਰੂਰ।''