ਦੱਖਣੀ ਅਫਰੀਕਾ ਵਿੱਚ ਇੱਕ ਅੰਤਰ-ਨਸਲੀ ਜੋੜੇ ਦੀ ਪ੍ਰੇਮ ਕਹਾਣੀ

    • ਲੇਖਕ, ਜ਼ੁਬੈਰ ਅਹਿਮਦ
    • ਰੋਲ, ਬੀਬੀਸੀ ਪੱਤਰਕਾਰ

ਭਾਰਤੀ ਮੂਲ ਦੀ ਇਲੇਨ ਦੱਖਣੀ ਅਫਰੀਕਾ ਦੇ ਸ਼ਹਰਿ ਡਰਬਨ ਵਿੱਚ ਆਪਣੇ ਤਿੰਨ ਬੱਚਿਆਂ, ਪਤੀ ਸਿਮੋ ਅਤੇ ਦੋ ਪਾਲਤੂ ਕੁੱਤਿਆਂ ਨਾਲ ਇੱਕ ਖ਼ੁਸ਼ਹਾਲ ਵਿਆਹੁਤਾ ਜੀਵਨ ਬਸਰ ਕਰ ਰਹੀ ਹੈ।

ਇਲੇਨ ਅਤੇ ਸਿਮੋ ਦਾ ਦੱਖਣੀ ਅਫਰੀਕਾ ਵਿੱਚ ਇੱਕ ਅੰਤਰ ਨਸਲੀ ਜੋੜਾ ਹੈ।

ਇਹ ਜੋੜਾ ਭਾਵੇਂ ਅੱਜ ਖੁਸ਼ੀ-ਖੁਸ਼ੀ ਵਸ ਰਿਹਾ ਹੈ ਪਰ ਜਦੋਂ 14 ਸਾਲ ਪਹਿਲਾਂ ਉਨ੍ਹਾਂ ਦੀ ਕਹਾਣੀ ਸ਼ੁਰੂ ਹੋਈ ਸੀ ਤਾਂ ਨਸਲੀ ਭਿੰਨਭੇਦ ਕਰਕੇ ਸਫਰ ਅੜਚਨਾਂ ਭਰਿਆ ਸੀ।

ਇਹ ਵੀ ਪੜ੍ਹੋ꞉

ਸਿਮੋ ਦਾ ਸੰਬੰਧ ਦੱਖਣੀ ਅਫਰੀਕਾ ਦੇ ਇੱਕ ਬੇਹੱਦ ਤਾਕਤਵਰ ਕਬੀਲੇ ਜ਼ੂਲੂ ਨਾਲ ਹੈ। ਸਿਮੋ ਨੇ ਸ਼ਰਮਾਉਂਦਿਆਂ ਦੱਸਿਆ ਕਿ ਪਹਿਲ ਉਨ੍ਹਾਂ ਨੇ ਹੀ ਕੀਤੀ ਸੀ ਜਦਕਿ ਇਲੇਨ ਨੂੰ ਇਹ ਭਾਵੇਂ ਪਸੰਦ ਸੀ ਪਰ ਉਨ੍ਹਾਂ ਤੁਰੰਤ ਹਾਂ ਨਹੀਂ ਕੀਤੀ।

ਇਲੇਨ ਨੇ ਦੱਸਿਆ, "ਮੈਂ ਵੀ ਸਿਮੋ ਨੂੰ ਪੰਸਦ ਕਰਦੀ ਸੀ ਪਰ ਜਦੋਂ ਇਹ ਮੈਨੂੰ ਆਪਣੇ ਪਿੰਡ ਲੈ ਕੇ ਗਏ ਉਸ ਤੋਂ ਬਾਅਦ ਮੈਂ ਇਨ੍ਹਾਂ ਨੂੰ ਹੋਰ ਚਾਹੁਣ ਲੱਗੀ।"

ਕਈ ਦੇਸਾਂ ਵਿੱਚ ਅੰਤਰ-ਸਭਿਆਚਾਰਕ ਵਿਆਹ ਹੁੰਦੇ ਹਨ ਤਾਂ ਫੇਰ ਇਲੇਨ ਅਤੇ ਸਿਮੋ ਦਾ ਜੋੜਾ ਨਿਵੇਕਲਾ ਕਿਵੇਂ ਹੈ?

ਇਲੇਨ ਅਤੇ ਸਿਮੋ ਦਾ ਜੋੜਾ ਨਿਵੇਕਲਾ ਕਿਵੇਂ ਹੈ?

ਜੇ ਤੁਸੀਂ ਦੱਖਣੀ ਅਫਰੀਕਾ ਦੇ ਪ੍ਰਸੰਗ 'ਤੇ ਨਜ਼ਰ ਪਾਓ ਤਾਂ ਦੇਖੋਗੇ ਕਿ ਉੱਥੇ ਅੰਤਰ-ਸਭਿਆਚਾਰਕ ਵਿਆਹ ਹਾਲੇ ਵੀ ਇੱਕ ਅਛੂਤਾ ਵਿਸ਼ਾ ਹੈ।

ਦੱਖਣੀ ਅਫਰੀਕਾ ਦੀ ਨਸਲਵਾਦੀ ਸਰਕਾਰ ਦੌਰਾਨ ਅੰਤਰ-ਨਸਲੀ ਵਿਆਹਾਂ ਉੱਪਰ ਪਾਬੰਦੀ ਸੀ।

ਇਹ ਪਾਬੰਦੀਆਂ ਸਾਲ 1985 ਵਿੱਚ ਹਟਾਈਆਂ ਗਈਆਂ। ਦੇਸ ਨੂੰ ਸਾਲ 1994 ਵਿੱਚ ਗੋਰੇ ਰਾਜ ਤੋਂ ਆਜ਼ਾਦੀ ਮਿਲੀ ਜਿਸ ਮਗਰੋਂ ਅੰਤਰ-ਨਸਲੀ ਵਿਆਹ ਹੋਣੇ ਸ਼ੁਰੂ ਤਾਂ ਹੋਏ ਪਰ ਇੱਕਾ ਦੁੱਕਾ।

ਉਨ੍ਹਾਂ ਹਾਲਾਤਾਂ ਵਿੱਚ 14 ਸਾਲ ਪਹਿਲਾਂ ਇਲੇਨ ਅਤੇ ਸਿਮੋ ਦਾ ਪਿਆਰ ਅਤੇ ਫੇਰ ਦੋ ਸਾਲ ਬਾਅਦ ਵਿਆਹ ਕਿਸੇ ਅਣਹੋਣੀ ਤੋਂ ਘੱਟ ਨਹੀਂ ਸੀ।

ਦੱਖਣੀ ਅਫਰੀਕਾ ਵਿੱਚ ਵਸਣ ਵਾਲੇ ਭਾਰਤੀਆਂ ਉੱਪਰ ਹਾਲੇ ਵੀ ਭਾਰਤੀ ਸਮਾਜ ਦਾ ਪ੍ਰਭਾਵ ਹੈ। ਇੱਥੇ ਹਾਲੇ ਵੀ ਖੇਤਰ, ਜਾਤ ਅਤੇ ਗੋਤ ਦੇਖ ਕੇ ਵਿਆਹ ਹੁੰਦੇ ਹਨ। ਅਜਿਹੇ ਵਿੱਚ ਭਾਰਤੀ ਸਮਾਜ ਤੋਂ ਬਾਹਰ ਜਾ ਕੇ ਵਿਆਹ ਕਰਵਾਉਣਾ, ਕਿਸੇ ਬਗਾਵਤ ਤੋਂ ਘੱਟ ਨਹੀਂ ਸੀ।

ਕਿਸੇ ਕਾਲੇ ਨਾਲ ਵਿਆਹ ਕਰਨਾ ਇੱਕ ਹਊਆ ਹੈ। ਇਸ ਲਈ ਜੇ ਕੋਈ ਕੁੜੀ ਕਿਸੇ ਕਾਲੇ ਨੂੰ ਚਾਹੇ ਅਤੇ ਮਾਮਲਾ ਵਿਆਹ ਤੱਕ ਪਹੁੰਚ ਜਾਵੇ ਤਾਂ ਗੱਲ ਬਗਾਵਤ ਤੋਂ ਵੀ ਅਗਾਂਹ ਦੀ ਹੈ।

ਦੱਖਣੀ ਅਫਰੀਕਾ ਵਿੱਚ ਭਾਰਤੀ 1860 ਵਿੱਚ ਪਹੁੰਚੇ ਜਿਨ੍ਹਾਂ ਵਿੱਚ ਜ਼ਿਆਦਾਤਰ ਬੰਧੂਆ ਮਜ਼ਦੂਰ ਸਨ ਜੋ ਕਿ ਅਨਪੜ੍ਹ ਵੀ ਸਨ।

ਭਾਰਤੀਆਂ ਉੱਪਰ ਵਿਤਕਰੇ ਦੇ ਇਲਜ਼ਾਮ

ਡਰਬਨ ਵਿੱਚ ਭਾਰਤੀਆਂ ਦੀ ਵਸੋਂ ਪੂਰੇ ਦੱਖਣੀ ਅਫਰੀਕਾ ਵਿੱਚ ਸਭ ਤੋਂ ਵਧੇਰੇ ਹੈ। ਇੱਕ ਅੰਦਾਜ਼ੇ ਮੁਤਾਬਕ ਇਹ ਗਿਣਤੀ 10 ਲੱਖ ਤੋਂ ਵੱਧ ਹੈ। ਭਾਰਤੀਆਂ ਦਾ ਇੱਥੇ ਦਬਦਬਾ ਹੈ ਅਤੇ ਉਹ ਆਰਥਿਕ ਪੱਖੋਂ ਮਜ਼ਬੂਤ ਹਨ।

ਉੱਥੋਂ ਦੇ ਲੋਕ ਭਾਰਤੀਆਂ ਉੱਪਰ ਵਿਤਕਰੇ ਦੇ ਇਲਜ਼ਾਮ ਲਾਉਂਦੇ ਹਨ। ਦੋਹਾਂ ਨਸਲਾਂ ਵਿੱਚ ਵਿਆਹ ਸਬੰਧ ਬਹੁਤ ਦੂਰ ਦੀ ਗੱਲ ਹੈ। ਹੁਣ ਜੇ ਤੁਸੀਂ ਇਲੇਨ ਅਤੇ ਸੀਮੋ ਦੇ ਵਿਆਹ ਨੂੰ ਦੇਖੋਂ ਤਾਂ ਇਹ ਬੇਸ਼ੱਕ ਇੱਕ ਦਲੇਰ ਕਦਮ ਸੀ।

ਰਿਸ਼ਟ-ਪੁਸ਼ਟ ਜੁੱਸੇ ਵਾਲੇ ਸਿਮੋ ਦਾ ਸ਼ਰਮਾਕਲ ਸੁਭਾ ਉਸਦੇ ਵਿਅਕਤਿਤਵ ਨੂੰ ਹੋਰ ਦਿਲਕਸ਼ ਬਣਾ ਦਿੰਦਾ ਹੈ।

ਉਹ ਇੱਕ ਘੱਟ ਬੋਲਣ ਵਾਲਾ ਪਰ ਖੁੱਲ੍ਹ ਕੇ ਹੱਸਣ ਵਾਲਾ ਇਨਸਾਨ ਹੈ। ਉਸਦਾ ਹਾਸਾ ਦੂਰੋਂ ਸੁਣਿਆ ਦਾ ਸਕਦਾ ਹੈ।

ਇਲੇਨ ਉਸਦੀ ਪੂਰਕ ਹੈ ਜੋ ਕਿ ਖੁੱਲ੍ਹ ਕੇ ਬੋਲਣ ਵਾਲੀ ਨੇਕ ਦਿਲ ਔਰਤ ਹੈ। ਦੋਹਾਂ ਵਿੱਚ ਵਿਆਹ ਦੇ ਇੰਨੇ ਲੰਮੇ ਅਰਸੇ ਬਾਅਦ ਵੀ ਅਥਾਹ ਪਿਆਰ ਹੈ।

ਪਿਆਰ ਦੀ ਗਹਿਰਾਈ ਇੰਨੀ ਹੈ ਕਿ ਜੇ ਇੱਕ ਬੋਲਣਾ ਸ਼ੁਰੂ ਕਰਦਾ ਹੈ ਤਾਂ ਦੂਸਰਾ ਗੱਲ ਪੂਰੀ ਕਰ ਦੇਵੇ। ਐਲਿਨ ਕਹਿ ਰਹੀ ਸੀ ਕਿ ਦੋ ਸਾਲਾਂ ਦੇ ਰਿਸ਼ਤੇ ਮਗਰੋਂ ਅਸੀਂ 12 ਸਾਲ ਪਹਿਲਾਂ ਵਿਆਹ ਕਰਵਾਇਆ। ਸਿਮੋ ਨੇ ਆਪਮੁਹਰੇ ਹੀ ਕਿਹਾ, "ਤੇ ਅਸੀਂ ਹਾਲੇ ਵੀ ਖੁਸ਼ ਹਾਂ।"

ਦੱਖਣੀ ਅਫਰੀਕਾ ਵਿੱਚ ਅਜਿਹੇ ਜੋੜੇ ਹਾਲੇ ਵੀ ਦੁਰਲਭ ਹਨ।

ਇਲੇਨ ਨੇ ਦੱਸਿਆ ਕਿ ਸ਼ੁਰੂਆਤ ਵਿੱਚ ਦੋਹਾਂ ਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਹਾਮਣਾ ਕਰਨਾ ਪਿਆ।

"ਮੇਰੀ ਮਾਂ ਮੈਨੂੰ ਲੈ ਕੇ ਫਿਕਰਮੰਦ ਅਤੇ ਘਬਰਾਈ ਹੋਈ ਸੀ।"

"ਭਾਰਤੀ ਮੂਲ ਦਾ ਸਮਾਜ ਸਿਮੋ ਨਾਲ ਮੇਰੇ ਵਿਆਹ ਦੇ ਖਿਲਾਫ ਸੀ। ਕਈਆਂ ਨੇ ਇਸ ਬਾਰੇ ਵਿਰੋਧ ਕੀਤਾ। ਹਾਲਾਂਕਿ, ਉਹ ਅਜਿਹਾ ਇਸ਼ਾਰਿਆਂ ਵਿੱਚ ਕਰ ਰਹੇ ਸਨ ਪਰ ਉਹ ਮੈਨੂੰ ਪੁੱਛ ਰਹੇ ਸਨ ਕਿ ਮੈਂ ਇੱਕ ਕਾਲੇ ਨਾਲ ਕਿਉਂ ਹਾਂ, ਕਿਸੇ ਭਾਰਤੀ ਨਾਲ ਕਿਉਂ ਨਹੀਂ?"

ਦੱਖਣੀ ਅਫਰੀਕਾ ਵਿੱਚ ਭਾਰਤੀ ਕਿਵੇਂ ਵਸੇ

ਜਦੋਂ 19ਵੀਂ ਸਦੀ ਵਿੱਚ ਭਾਰਤੀ ਇੱਥੇ ਆਏ ਸਨ ਤਾਂ ਦੋਵੇਂ ਦੇਸ ਅੰਗਰੇਜ਼ਾਂ ਦੇ ਗੁਲਾਮ ਸਨ। ਅੰਗਰੇਜ਼ਾਂ ਨੂੰ ਦੱਖਣੀ ਅਫੀਰੀਕਾ ਵਿੱਚ ਰੇਲਵੇ ਲਾਈਨ ਵਿਛਾਉਣ ਲਈ ਬਹੁਤ ਸਾਰੇ ਮਜ਼ਦੂਰਾਂ ਦਾ ਦਰਕਾਰ ਸੀ।

ਮਜ਼ਦੂਰਾਂ ਦੀ ਗੰਨੇ ਦੇ ਖੇਤਾਂ ਵਿੱਚ ਕੰਮ ਕਰਨ ਲਈ ਵੀ ਭਾਰੀ ਮੰਗ ਸੀ। ਬਹੁਤ ਸਾਰੇ ਭਾਰਤੀ ਕਦੇ ਵਾਪਸ ਨਹੀਂ ਗਏ ਸਗੋਂ ਇੱਥੇ ਹੀ ਵਸ ਗਏ।

ਆਪਣੀ ਮਿਹਨਤ ਕਰਕੇ ਹੀ ਅੱਜ ਭਾਰਤੀ ਇੱਥੇ ਖੁਸ਼ਹਾਲ ਅਤੇ ਕਾਮਯਾਬ ਹਨ। ਭਾਵੇਂ ਉਹ ਕੁੱਲ ਵਸੋਂ ਦੇ ਢਾਈ ਫੀਸਦੀ ਵੀ ਨਹੀਂ ਹਨ ਪਰ ਹਰੇਕ ਖੇਤਰ ਵਿੱਚ ਅੱਗੇ ਹਨ।

ਦੱਖਣ ਅਫਰੀਕਾ ਦੇ ਲੋਕਾਂ ਦਾ ਕਹਿਣਾ ਹੈ ਕਿ ਭਾਰਤੀ ਆਪਣੇ ਬੱਚਿਆਂ ਨੂੰ ਉਨ੍ਹਾਂ ਨਾਲ ਵਿਆਹ ਕਰਨ ਤੋਂ ਵਰਜਦੇ ਹਨ ਅਤੇ ਸਮੇਂ ਨਾਲ ਉਨ੍ਹਾਂ ਵਿੱਚ ਕੋਈ ਸਾਰਥਕ ਤਬਦੀਲੀ ਨਹੀਂ ਆਈ।

ਇਨ੍ਹਾਂ ਵਜ੍ਹਾਂ ਕਰਕੇ ਹੀ ਇਲੇਨ ਆਪਣੇ ਪਰਿਵਾਰ ਨੂੰ ਸਿਮੋ ਬਾਰੇ ਦੱਸਣ ਤੋਂ ਘਬਰਾਉਂਦੀ ਸੀ। ਸਿਮੋ ਦੇ ਪਰਿਵਾਰ ਨੂੰ ਇੱਕ ਭਾਰਤੀ ਕੁੜੀ ਨਾਲ ਕੋਈ ਦਿੱਕਤ ਨਹੀਂ ਸੀ। ਉਨ੍ਹਾਂ ਨੇ ਐਲਿਨ ਨੂੰ ਤੁਰੰਤ ਹੀ ਅਪਣਾ ਲਿਆ ਪਰ ਐਲਿਨ ਦੇ ਪਰਿਵਾਰ ਵਿੱਚ ਹਿਚਕਿਚਾਹਟ ਸੀ।

ਇਲੇਨ ਦੇ ਸਬੰਧੀਆਂ ਦੇ ਵਿਰੋਧ ਕਾਰਨ ਸਿਮੋਨ ਕਮਜ਼ੋਰ ਨਹੀਂ ਪਏ। ਉਨ੍ਹਾਂ ਕੋਲ ਉਸ ਸਮੇਂ ਨਸਲੀ ਵਿਤਕਰੇ ਤੋਂ ਵੀ ਵੱਡੀ ਸਮੱਸਿਆ ਬੇਰੁਜ਼ਗਾਰੀ ਦੀ ਸੀ।

"ਦਿੱਕਤਾਂ ਨਾਲ ਅਸੀਂ ਇੱਕ ਦੂਸਰੇ ਦੇ ਹੋਰ ਨਜ਼ਦੀਕ ਆ ਗਏ"

ਸਿਮੋ ਨੇ ਦੱਸਿਆ ਕਿ ਦੋਹਾਂ ਨੂੰ ਉਸਦੇ ਪਿੰਡ ਵਿੱਚ ਇੱਕ ਤੰਬੂ ਵਿੱਚ ਰਹਿਣਾ ਪਿਆ, "ਅਸੀਂ ਮੇਰੇ ਪਿੰਡ ਵਿੱਚ ਇੱਕ ਟੈਂਟ ਲਾਇਆ ਤੇ ਉੱਥੇ ਆਪਣੀ ਪਤਨੀ ਨਾਲ ਰਹਿਣਾ ਸ਼ੁਰੂ ਕਰ ਦਿੱਤਾ।"

ਉਸ ਸਮੇਂ ਤੱਕ ਦੋਵੇਂ ਮਾਂ-ਬਾਪ ਬਣ ਚੁੱਕੇ ਸਨ ਅਤੇ ਸਿਮੋ ਨੇ ਦੱਸਿਆ, "ਦਿੱਕਤਾਂ ਨਾਲ ਅਸੀਂ ਇੱਕ ਦੂਸਰੇ ਦੇ ਹੋਰ ਨਜ਼ਦੀਕ ਆ ਗਏ।"

ਇਲੇਨ ਦੇ ਪਰਿਵਾਰ ਦਾ ਵਿਰੋਧ ਮੁੱਕਣ ਮਗਰੋਂ ਸਭਿਆਚਰਕ ਪਾੜੇ ਵੀ ਮੇਟੇ ਗਏ। ਇਲੇਨ ਨੇ ਦੱਸਿਆ ਕਿ ਉਸ ਦੀ ਮਾਂ ਨੂੰ ਫਿਕਰ ਸੀ ਕਿ ਕੀ ਇਲੇਨ ਜ਼ੂਲੂ ਸਭਿਆਚਾਰ ਅਪਣਾ ਸਕੇਗੀ।

"ਮੈਂ ਜ਼ੂਲੂ ਭਾਸ਼ਾ ਸਿੱਖੀ ਅਤੇ ਉਨ੍ਹਾਂ ਦੀਆਂ ਰਸਮਾਂ ਰਵਾਇਤਾਂ ਬਾਰੇ ਜਾਣਿਆ ਅਤੇ ਉਨ੍ਹਾਂ ਨੂੰ ਅਪਣਾਇਆ। ਸਿਮੋ ਦੀ ਮਾਂ ਬਹੁਤ ਖੁਸ਼ ਸਨ ਅਤੇ ਮੈਂ ਉਤਸ਼ਾਹਿਤ।"

ਇਲੇਨ ਈਸਾਈ ਹੈ ਅਤੇ ਉਸਦਾ ਪਰਿਵਾਰ ਹਿੰਦੂ। ਉਸਦੇ ਪੁਰਖੇ ਆਂਧਰਾ ਪ੍ਰਦੇਸ਼ ਤੋਂ ਦੱਖਣੀ ਅਫਰੀਕਾ ਆਏ ਸਨ ਜਿਸ ਕਰਕੇ ਉਹ ਤਮਿਲ ਵੀ ਬੋਲ ਲੈਂਦੀ ਹੈ।

ਉਨ੍ਹਾਂ ਦਾ ਪਰਿਵਾਰ ਅਕਸਰ ਭਜਨ ਕੀਰਤਨ ਕਰਾਉਂਦਾ ਰਹਿੰਦਾ ਹੈ। ਸਿਮੋ ਨੇ ਇਸ ਵਿੱਚ ਪਹਿਲ ਕਦਮੀ ਕੀਤੀ।

"ਮੈਂ ਭਜਨ ਮੰਡਲੀਆਂ ਬਾਰੇ ਬਹੁਤ ਸੁਣਿਆ ਸੀ। ਮੈਂ ਉਨ੍ਹਾਂ ਨਾਲ ਮਿਲ ਕੇ ਬਹੁਤ ਸਾਰੇ ਭਜਨ ਸਿੱਖੇ।"

ਇਲੇਨ ਮੁਤਾਬਕ ਸਿਮੋ ਨੇ ਇਹ ਕੰਮ ਬਾਖ਼ੂਬੀ ਕਰ ਲਿਆ।

ਸਿਮੋ ਭਜਨਾਂ ਨਾਲੋਂ ਬਾਲੀਵੁੱਡ ਦੇ ਗਾਣਿਆਂ ਤੋਂ ਵਧੇਰੇ ਪ੍ਰਭਾਵਿਤ ਸੀ। ਜਦੋਂ ਇਲੇਨ ਨੇ ਕੁਛ-ਕੁਛ ਹੋਤਾ ਹੈ ਗੁਣਗੁਣਾਇਆ ਤਾਂ ਸਿਮੋ ਨੇ ਆਪਣੇ ਸ਼ਰਮਾਕਲ ਸੁਭਾਅ ਮੁਤਾਬਕ ਆਪਣੀ ਪਤਨੀ ਦਾ ਸਾਥ ਦਿੱਤਾ।

ਪਰ ਹੁਣ ਤਾਂ ਸਿਮੋ ਹਿੰਦੀ ਫਿਲਮਾਂ ਬਾਰੇ ਇੰਨਾ ਸ਼ੁਦਾਈ ਹੈ ਕਿ ਨਵੀਆਂ ਫਿਲਮਾਂ ਤੇ ਗਾਣਿਆਂ ਬਾਰੇ ਉਹੀ ਐਲਿਨ ਨੂੰ ਦਸਦਾ ਹੈ। ਇਲੇਨ ਨੇ ਵੀ ਜ਼ੂਲੂ ਗਾਣੇ ਸਿੱਖ ਲਏ ਹਨ।

ਇਹ ਵੀ ਪੜ੍ਹੋ꞉

ਦੋਹਾਂ ਵਿੱਚ ਗੂੜ੍ਹਾ ਪਿਆਰ ਹੈ ਜੋ ਸਾਫ ਝਲਕਦਾ ਹੈ। ਦੋਹਾਂ ਦੀ ਗੱਲਬਾਤ ਵੀ ਆਪਸੀ ਪਿਆਰ ਦਰਸਾਉਂਦੀ ਹੈ। ਸਿਮੋ ਦਾ ਕਹਿਣਾ ਹੈ ਕਿ ਆਪਣੀ ਪਤਨੀ ਦੇ ਪਿਆਰ ਵਿੱਚ ਉਹ 60 ਫੀਸਦੀ ਭਾਰਤੀ ਬਣ ਗਿਆ ਹੈ। ਉਸੇ ਸਮੇਂ ਇਲੇਨ ਕਹਿੰਦੀ ਹੈ ਕਿ ਉਹ ਵੀ 60 ਫੀਸਦੀ ਜ਼ੂਲੂ ਬਣ ਗਈ ਹੈ।

ਉਨ੍ਹਾਂ ਦੇ ਬੱਚੇ ਦੋਹਾਂ ਸਭਿਆਚਾਰਾਂ ਨੂੰ ਜਿਉਂਦੇ ਹਨ। ਉਨ੍ਹਾਂ ਦੇ ਦੋ ਪੁੱਤ ਅਤੇ ਇੱਕ ਅਲੱੜ੍ਹ ਧੀ ਹੈ। ਦੋਹਾਂ ਨੂੰ ਆਪਣੇ ਮਾਪਿਆਂ ਦੇ ਨਸਲੀ ਪਿਛੋਕੜ ਬਾਰੇ ਪੂਰੀ ਸਮਝ ਹੈ।

ਇਲੇਨ ਚਾਹੁੰਦੀ ਹੈ ਕਿ ਲੋਕ ਉਨ੍ਹਾਂ ਦੇ ਪਤੀ ਦੀ ਜਾਤ ਅਤੇ ਨਸਲ ਨਾ ਦੇਖਣ ਸਗੋਂ ਇਲੇਨ ਮੁਤਾਬਕ "ਰਿਸ਼ਤਿਆਂ ਵਿੱਚ ਅਸਲੀ ਮੁੱਲ ਤਾਂ ਪਿਆਰ ਦਾ ਹੈ।"

ਤੁਹਾਨੂੰ ਇਹ ਵੀ ਦਿਲਚਸਪ ਲੱਗ ਸਕਦੇ ਹਨ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)