ਜਦੋਂ ਬ੍ਰਿਟੇਨ ਦੀ ਰਾਜਕੁਮਾਰੀ ਨੇ ਦਿੱਤਾ ਆਪਣੀ ਪੁਸ਼ਾਕ ਰਾਹੀਂ ਖ਼ੂਬਸੂਰਤ ਸੁਨੇਹਾ

    • ਲੇਖਕ, ਗੈਰੀ ਹੌਲਟ ਅਤੇ ਕੇਸੇਵਾ ਬਰਾਉਨੀ
    • ਰੋਲ, ਬੀਬੀਸੀ ਨਿਊਜ਼

ਵਿਆਹ ਵਾਲੀਆਂ ਕੁੜੀਆਂ ਲਈ ਵਿਆਹ ਵਾਲੇ ਦਿਨ ਕੀ ਪਹਿਨਣਾ ਹੈ ਅਤੇ ਕੀ ਨਹੀਂ ਪਹਿਨਣਾ ਇੱਕ ਵੱਡੀ ਚੁਣੌਤੀ ਹੁੰਦੀ ਹੈ।

ਲਹਿੰਗਾ ਜਾਂ ਕੁਝ ਹੋਰ, ਸੂਹਾ ਜਾਂ ਗੁਲਾਬੀ, ਖੁੱਲ੍ਹਾ-ਡੁਲ੍ਹਾ ਜਾਂ ਕਸਵਾਂ ਕਿਹੋ ਜਿਹਾ ਹੋਵੇਗਾ ਉਨ੍ਹਾਂ ਦੇ ਖ਼ਾਸ ਦਿਨ ਦਾ ਪਹਿਰਾਵਾ?

ਪਰ ਰਾਜਕੁਮਾਰੀ ਯੂਜਨੀ ਲਈ ਇਨ੍ਹਾਂ ਸਾਰਿਆਂ ਤੋਂ ਇਲਾਵਾ ਵਿਚਾਰਨ ਵਾਲਾ ਇੱਕ ਹੋਰ ਮਸਲਾ ਸੀ।

ਬਰਤਤਾਨੀਆ ਦੀ ਮਹਾਰਾਣੀ ਦੀ ਪੋਤੀ ਦਾ ਰੀੜ੍ਹ ਦੀ ਹੱਡੀ ਦਾ ਵਲ ਸਿੱਧਾ ਕਰਨ ਲਈ 12 ਸਾਲ ਦੀ ਉਮਰ ਵਿੱਚ ਸਰਜਰੀ ਕੀਤੀ ਗਈ।

16 ਸਾਲਾਂ ਬਾਅਦ ਰਾਜਕੁਮਾਰੀ ਆਪਣੇ ਵਿਆਹ ਮੌਕੇ ਅਜਿਹੀ ਪੋਸ਼ਾਕ ਪਹਿਨਣੀ ਚਾਹੁੰਦੀ ਸੀ ਜੋ ਉਸ ਸਰਜਰੀ ਦੇ ਦਾਗ ਨੂੰ ਦਿਖਾਵੇ।

ਉਸ ਨੂੰ ਉਮੀਦ ਸੀ ਕਿ ਇਸ ਨਾਲ ਉਹ ਉਨ੍ਹਾਂ ਲੋਕਾਂ ਦਾ ਧੰਨਵਾਦ ਕਰ ਸਕੇਗੀ ਜਿਨ੍ਹਾਂ ਨੇ ਉਸ ਸਰਜਰੀ ਦੌਰਾਨ ਉਸ ਦੀ ਦੇਖਭਾਲ ਕੀਤੀ।

ਇਸ ਦੇ ਇਲਾਵਾ ਉਹ ਇਸ ਬਿਮਾਰੀ (ਸਕੋਲਿਓਸਿਸ) ਨਾਲ ਜੂਝ ਰਹੇ ਲੋਕਾਂ ਨੂੰ ਉਤਸ਼ਾਹਿਤ ਕਰਨਾ ਚਾਹੁੰਦੀ ਸੀ।

ਇਹ ਵੀ ਪੜ੍ਹੋ꞉

'ਮੇਰਾ ਮੰਨਣਾ ਹੈ ਕਿ ਤੁਸੀਂ ਖੂਬਸੂਰਤੀ ਨੂੰ ਬਦਲ ਸਕਦੇ ਹੋ'

ਆਪਣੇ ਵਿਆਹ ਤੋਂ ਪਹਿਲਾਂ ਲੋਕਾਂ ਨਾਲ ਆਪਣੇ ਦਾਗ ਦਿਖਾਉਣ ਬਾਰੇ ਆਪਣੇ ਸੋਸ਼ਲ ਮੀਡੀਆ ਰਾਹੀਂ ਗੱਲਬਾਤ ਕੀਤੀ।

ਇਸ ਸਾਲ ਰਾਜਕੁਮਾਰੀ ਨੇ ਆਪਣੀ ਸਰਜਰੀ ਦੇ ਸਮੇਂ ਦੇ ਐਕਸਰੇ ਆਪਣੇ ਇੰਸਟਾਗਰਾਮ ਅਕਾਊਂਟ ਤੋਂ ਸਾਂਝੇ ਕੀਤੇ ਸਨ।

ਯੂਜੀਨੀ ਨੇ ਆਈਟੀਵੀ ਨੂੰ ਦੱਸਿਆ, "ਜਦੋਂ ਮੈਂ 12 ਸਾਲ ਦੀ ਸੀ ਤਾਂ ਮੇਰੀ ਰੀੜ੍ਹ ਦਾ ਅਪਰੇਸ਼ਨ ਹੋਇਆ ਸੀ ਅਤੇ ਤੁਸੀਂ ਸ਼ੁੱਕਰਵਾਰ ਨੂੰ (ਵਿਆਹ ਮੌਕੇ ਦੇਖੋਗੇ। ਇਹ ਉਨ੍ਹਾਂ ਲੋਕਾਂ ਨੂੰ ਸਨਮਾਨਿਤ ਕਰਨ ਦਾ ਇੱਕ ਢੰਗ ਹੈ ਜਿਨ੍ਹਾਂ ਨੇ ਮੇਰੀ ਦੇਖਭਾਲ ਕੀਤੀ ਅਤੇ ਉਨ੍ਹਾਂ ਨੌਜਵਾਨਾਂ ਨਾਲ ਇੱਕਜੁਟਤਾ ਦਿਖਾਉਣ ਦਾ ਜੋ ਇਸ ਹਾਲਤ ਵਿੱਚ ਲੰਘੇ ਹਨ ਜਾਂ ਲੰਘ ਰਹੇ ਹਨ।"

ਮੈਂ ਸਮਝਦੀ ਹਾਂ ਕਿ ਤੁਸੀਂ ਖ਼ੂਬਸੂਰਤੀ ਨੂੰ ਬਦਲ ਸਕਦੇ ਹੋ ਅਤੇ ਤੁਸੀਂ ਆਪਣੇ ਦਾਗ ਦਿਖਾ ਸਕਦੇ ਹੋ ਅਤੇ ਮੈਨੂੰ ਲਗਦਾ ਹੈ ਕਿ ਇਸ ਲਈ ਖੜ੍ਹੇ ਹੋਣਾ ਵਾਕਈ ਖ਼ਾਸ ਗੱਲ ਹੈ।

ਸਕੋਲੋਸਿਸ ਕੀ ਹੈ ਅਤੇ ਇਹ ਬੱਚਿਆਂ ਨੂੰ ਕਿਉਂ ਹੁੰਦਾ ਹੈ

ਸਕੋਲੋਸਿਸ ਵਿੱਚ ਰੀੜ੍ਹ ਦੀ ਹੱਡੀ ਇੱਕ ਪਾਸੇ ਨੂੰ ਮੁੜ ਜਾਂਦੀ ਹੈ ਜਿਸ ਕਰਕੇ ਢੂਹੀ ਵਿੱਚ ਕੁੱਬ ਪੈ ਜਾਂਦਾ ਹੈ ਅਤੇ ਮੋਢੇ ਬਾਹਰ ਨਿਕਲ ਆਉਂਦੇ ਹਨ। ਹਾਲਾਂਕਿ ਇਸ ਦੇ ਕਿਸੇ ਖ਼ਾਸ ਕਾਰਨ ਬਾਰੇ ਹਾਲੇ ਪਤਾ ਨਹੀਂ ਲੱਗਿਆ।

ਬੱਚਿਆਂ ਵਿੱਚ ਇਹ 10 ਤੋਂ 15 ਸਾਲ ਦੀ ਉਮਰ ਵਿੱਚ ਹੋ ਜਾਂਦੀ ਹੈ। ਕਈ ਵਾਰ ਇਹ ਮਾਂ ਦੀ ਕੁੱਖ ਵਿੱਚ ਹੱਡੀਆਂ ਦਾ ਸਹੀ ਵਿਕਾਸ ਨਾ ਹੋ ਸਕਣ, ਸੈਰਬਰਲ ਪਾਲਸੀ ਆਦਿ ਕਰਕੇ ਹੁੰਦੀ ਹੈ

1000 ਪਿੱਛੇ 3 ਜਾਂ 4 ਬੱਚਿਆਂ ਨੂੰ ਮਾਹਿਰਾਂ ਵੱਲੋਂ ਇਲਾਜ ਦੀ ਲੋੜ ਹੁੰਦੀ ਹੈ। ਰਾਜਕੁਮਾਰੀ ਯੂਜੀਨੀ ਦੇ ਕੇਸ ਵਿੱਚ ਇਸ ਨੂੰ ਸਹੀ ਕਰਨ ਲਈ ਅਪਰੇਸ਼ਨ ਕਰਨਾ ਪਿਆ ਸੀ।

ਯੂਜੀਨੀ ਦਾ ਆਪਰੇਸ਼ਨ ਕਰਨ ਵਾਲੇ ਡਾਕਟਰਾਂ ਦੀ ਟੀਮ ਦੇ ਮੈਂਬਰ ਡਾ. ਜੈਨ ਲੇਹੋਵਸਕੀ ਨੇ ਦੱਸਿਆ, ''ਸਕੋਲੋਸਿਸ ਦੇ ਮਰੀਜ਼ ਆਮ ਕਰਕੇ ਜਵਾਨ ਕੁੜੀਆਂ ਹੁੰਦੀਆਂ ਹਨ।''

ਇਹ ਵੀ ਯੂਜੀਨੀ ਤੋਂ ਪ੍ਰੇਰਿਤ ਹਨ

ਬੀਬੀਸੀ ਦੇ ਪਾਠਕਾਂ ਨੇ ਸਾਨੂੰ ਦੱਸਿਆ ਕਿ ਕਿਵੇਂ ਰਾਜਕੁਮਾਰੀ ਦੇ ਬਿਆਨ 'ਕੀ ਤੁਸੀਂ ਖੂਬਸੂਰਤੀ ਨੂੰ ਬਦਲ ਸਕਦੇ ਹੋ' ਨੇ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ ਹੈ।

ਰਾਜਕੁਮਾਰੀ ਵਰਗਾ ਹੀ ਆਪਰੇਸ਼ਨ ਕ੍ਰਿਸਟੀਨ ਦਾ ਵੀ ਹੋਇਆ ਸੀ। ਉਨ੍ਹਾਂ ਦੱਸਿਆ ਕਿ ਉਹ ਖੁਸ਼ ਹਨ ਕਿ 'ਇੰਨੇ ਵੱਡੇ ਰੁਤਬੇ ਵਾਲੇ ਲੋਕ ਵੀ ਉਨ੍ਹਾਂ ਲਈ ਬੋਲ ਰਹੇ ਹਨ।'

ਕ੍ਰਿਸਟੀਨ ਨੇ ਵੀ ਆਪਣੇ ਵਿਆਹ ਮੌਕੇ ਰਾਜਕੁਮਾਰੀ ਵਰਗੀ ਪੋਸ਼ਾਕ ਪਾਈ ਜਿਸ ਵਿੱਚੋਂ ਉਸ ਦੇ ਆਪਰੇਸ਼ਨ ਦਾ ਨਿਸ਼ਾਨ ਦਿਖ ਰਿਹਾ ਸੀ, ਉਸ ਦੇ 15 ਤੋਂ 17 ਸਾਲ ਦੀ ਉਮਰ ਦੌਰਾਨ ਪੰਜ ਅਪਰੇਸ਼ ਕੀਤੇ ਗਏ।

ਕ੍ਰਿਸਟੀਨ ਨੂੰ ਹਾਲੇ ਵੀ ਪਿੱਠ ਵਿੱਚ ਦਰਦ ਰਹਿੰਦਾ ਹੈ ਪਰ ਉਨ੍ਹਾਂ ਮੁਤਾਬਕ ਯੋਗਾ ਇਸ ਵਿੱਚ ਕਾਫੀ ਮਦਦਗਾਰ ਹੈ।

ਇਸ ਖ਼ਬਰ ਦੇ ਨਾਲ-ਨਾਲ

ਰਾਜਕੁਮਾਰੀ ਯੂਜੀਨੀ ਅਤੇ ਜੈਕ ਬਰੂਕਸਬੈਂਕ ਦੇ 12 ਅਕਤੂਬਰ ਨੂੰ ਹੋਏ ਵਿਆਹ ਵਿੱਚ ਸ਼ਾਮਲ ਮਹਿਮਾਨਾਂ ਨੂੰ ਜਿਹੜੇ ਥੈਲਿਆਂ ਵਿੱਚ ਤੋਹਫੇ ਦਿੱਤੇ ਗਏ ਸਨ, ਉਹ ਥੈਲੇ ਕੁਝ ਮਹਿਮਾਨਾਂ ਨੇ ਆਨ ਲਾਈਨ ਵੇਚਣੇ ਲਾ ਦਿੱਤੇ ਹਨ।

ਸ਼ਾਹੀ ਵਿਆਹ ਵਿੱਚੋਂ ਮਿਲੇ ਦਰਜਣ ਦੇ ਲਗਭਗ ਥੈਲੇ ਈਬੇਅ ਨਾਮ ਦੀ ਆਨਲਾਈਨ ਸ਼ੌਪਿੰਗ ਸਾਈਟ ਉੱਪਰ ਸੇਲ ਲਈ ਅਪਲੋਡ ਕਰ ਦਿੱਤੇ ਗਏ।

ਕੁਝ ਲੋਕਾਂ ਨੇ ਲਿਖਿਆ ਹੈ ਕਿ ਇਹ ਤੁਹਾਡੇ ਲਈ ਇੱਕ ਮੌਕਾ ਹੈ ਸ਼ਾਹੀ ਇਤਿਹਾਸ ਨਾਲ ਜੁੜੀ ਵਸਤ ਖਰੀਦਣ ਦਾ। ਇਨ੍ਹਾਂ ਥੈਲਿਆਂ ਦੀ ਕੀਮਤ 1000 ਪੌਂਡ ਤੱਕ ਰੱਖੀ ਗਈ ਹੈ।

ਤੁਹਾਨੂੰ ਇਹ ਵੀਡੀਓ ਵੀ ਦੇਖਣੇ ਚਾਹੀਦੇ ਹਨ

ਇਹ ਵੀ ਪੜ੍ਹੋ꞉

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)