ਅੰਮ੍ਰਿਤਸਰ ਰੇਲ ਹਾਦਸਾ : ਮ੍ਰਿਤਕਾਂ 'ਚ ਰਾਮਲੀਲ੍ਹਾ ਦਾ ਰਾਵਣ ਦਲਬੀਰ ਵੀ ਸ਼ਾਮਲ - ਗਰਾਊਂਡ ਰਿਪੋਰਟ

    • ਲੇਖਕ, ਸਰਬਜੀਤ ਸਿੰਘ ਧਾਲੀਵਾਲ
    • ਰੋਲ, ਬੀਬੀਸੀ ਪੱਤਰਕਾਰ

ਅੰਮ੍ਰਿਤਸਰ ਰੇਲ ਹਾਦਸੇ ਦੇ ਮ੍ਰਿਤਕ ਦਲਬੀਰ ਸਿੰਘ ਦੇ ਭਰਾ ਬਲਵੀਰ ਸਿੰਘ ਨੇ ਭਿੱਜੀਆਂ ਅੱਖਾਂ ਨਾਲ ਦੱਸਿਆ, 'ਮੇਰਾ ਭਰਾ ਮੇਰੀਆਂ ਅੱਖਾਂ ਸਾਹਮਣੇ ਚਲਾ ਗਿਆ ਮੈਂ ਬੇਵਸ ਕੁਝ ਵੀ ਨਹੀਂ ਕਰ ਸਕਿਆ'।

"ਇਸ ਵਾਰੀ ਮੇਰਾ ਭਰਾ ਰਾਮਲੀਲ੍ਹਾ ਵਿੱਚ ਰਾਵਣ ਦਾ ਕਿਰਦਾਰ ਨਿਭਾਅ ਰਿਹਾ ਸੀ ਉਹ ਵੀ ਤੁਰ ਗਿਆ।"

ਅੰਮ੍ਰਿਤਸਰ ਦੇ ਜੌੜੇ ਫਾਟਕ ਰੇਲ ਹਾਦਸੇ ਦੌਰਾਨ ਮਾਰੇ ਗਏ ਲੋਕਾਂ ਵਿਚ ਇੱਥੇ ਹੋ ਰਹੀ ਰਾਮ ਲੀਲਾ ਵਿਚ ਰਾਵਣ ਦਾ ਕਿਰਦਾਰ ਨਿਭਾਉਣ ਵਾਲਾ ਦਲਬੀਰ ਸਿੰਘ ਵੀ ਸ਼ਾਮਲ ਸੀ।

ਇਹ ਵੀ ਪੜ੍ਹੋ:

ਰਾਤ ਦੇ ਕਰੀਬ ਢਾਈ ਵਜੇ ਰੇਲਵੇ ਟਰੈਕ ਤੋਂ ਕੁਝ ਦੂਰੀ 'ਤੇ ਇਲਾਕੇ ਦੇ ਲੋਕਾਂ ਨਾਲ ਸੋਗ ਵਿਚ ਡੁੱਬੇ ਬਲਵੀਰ ਸਿੰਘ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ, "ਮੇਰਾ ਭਰਾ ਪਿਛਲੇ ਕਈ ਸਾਲਾਂ ਤੋਂ ਧੋਬੀ ਘਾਟ ਮੈਦਾਨ 'ਚ ਹੁੰਦੀ ਰਾਮ ਲੀਲਾ ਨਾਲ ਜੁੜਿਆ ਹੋਇਆ ਸੀ ਅਤੇ ਪੇਸ਼ੇ ਵਜੋਂ ਪਤੰਗ ਬਣਾ ਕੇ ਵੇਚਦਾ ਸੀ।"

ਬਲਵੀਰ ਨੇ ਦੱਸਿਆ ਕਿ ਪਹਿਲਾਂ ਉਹ ਰਾਮ ਦਾ ਕਿਰਦਾਰ ਨਿਭਾਉਂਦਾ ਸੀ ਅਤੇ ਇਸ ਵਾਰ ਦੋਸਤਾਂ ਦੇ ਕਹਿਣ ਉੱਤੇ ਉਸ ਨੇ ਰਾਵਣ ਦਾ ਕਿਰਦਾਰ ਕੀਤਾ ਸੀ।

ਬਲਵੀਰ ਮੁਤਾਬਕ ਰਾਵਣ ਨੂੰ ਅੱਗ ਲਗਾਉਣ ਤੋਂ ਪਹਿਲਾਂ ਦਲਬੀਰ ਸਿੰਘ ਨੇ ਸਟੇਜ ਉੱਤੇ ਮੱਥਾ ਟੇਕਿਆ ਅਤੇ ਇਸ ਤੋ ਬਾਅਦ ਸਟੇਜ ਦੇ ਪਿੱਛੇ ਟਰੈਕ ਦੇ ਨੇੜੇ ਜਾ ਕੇ ਖੜ੍ਹਾ ਗਿਆ। ਰਾਮ-ਲੀਲਾ ਦੇ ਸਟੇਜ ਅਤੇ ਟਰੈਕ ਦੀ ਦੂਰੀ ਕਰੀਬ 20 ਤੋਂ 25 ਮੀਟਰ ਦੀ ਸੀ।

ਬਲਵੀਰ ਮੁਤਾਬਕ ਉਸ ਨੇ ਟਰੈਕ ਦੇ ਨੇੜੇ ਖੜੇ ਆਪਣੇ ਭਰਾ ਨੂੰ ਖ਼ੁਦ ਦੇਖਿਆ ਅਤੇ ਉਹ ਉੱਥੇ ਖੜੇ ਲੋਕਾਂ ਨੂੰ ਸ਼ਾਂਤ ਕਰਵਾ ਰਿਹਾ ਸੀ, ਉਸ ਸਮੇਂ ਇੱਕ ਤੇਜ਼ ਰਫ਼ਤਾਰ ਰੇਲ ਗੱਡੀ ਆਈ ਅਤੇ ਟਰੈਕ ਉੱਤੇ ਖੜੇ ਲੋਕਾਂ ਨੂੰ ਕੁਚਲਦੀ ਹੋਈ ਅੱਗੇ ਨਿਕਲ ਗਈ। ਦਲਬੀਰ ਸਿੰਘ ਆਪਣੇ ਪਿੱਛੇ ਪਤਨੀ ਅਤੇ ਬੇਟੀ ਨੂੰ ਛੱਡ ਗਿਆ ਹੈ।

ਐਕਟਿੰਗ ਦਾ ਸ਼ੌਕ ਸੀ

ਮ੍ਰਿਤਕ ਦਲਬੀਰ ਸਿੰਘ ਦੇ ਰਿਸ਼ਤੇਦਾਰ ਸੁਖਬੀਰ ਸਿੰਘ ਨੇ ਦੱਸਿਆ ਕਿ ਉਹ ਬਹੁਤ ਮਿਲਣ-ਸਾਰ ਸੀ।

ਉਨ੍ਹਾਂ ਦੱਸਿਆ ਕਿ ਅੱਜ ਰਾਮ-ਲੀਲਾ ਮੈਦਾਨ ਵਿਚ ਆਉਣ ਤੋਂ ਪਹਿਲਾਂ ਉਹ ਆਪਣੀ ਪਤਨੀ ਨੂੰ ਆਖ ਰਿਹਾ ਸੀ, "ਅੱਜ ਰਾਵਣ ਨੇ ਸੜ ਜਾਣਾ ਅਤੇ ਉਸ ਦਾ ਕੰਮ ਫਿਰ ਖ਼ਤਮ, ਸਾਨੂੰ ਨਹੀਂ ਸੀ ਪਤਾ ਕਿ ਰਾਵਣ ਦੇ ਸੜਨ ਦੇ ਨਾਲ ਹੀ ਉਸ ਨੇ ਵੀ ਸਾਡੇ ਕੋਲੋਂ ਚਲੇ ਜਾਣਾ"।

ਸੁਖਬੀਰ ਸਿੰਘ ਮੁਤਾਬਕ ਦਲਵੀਰ ਸਿੰਘ ਨੂੰ ਐਕਟਿੰਗ ਦਾ ਬਹੁਤ ਸ਼ੌਕ ਸੀ ਇਸ ਕਰ ਕੇ ਉਹ ਰੀਮਾਲੀਲ੍ਹਾ ਨਾਲ ਛੋਟੇ ਹੁੰਦੇ ਤੋਂ ਹੀ ਜੁੜ ਗਿਆ ਸੀ।

ਮੋਬਾਈਲ ਦੀ ਰੌਸ਼ਨੀ ਵਿੱਚ ਆਪਣਿਆਂ ਦੀ ਭਾਲ

ਜੌੜੇ ਫਾਟਕ ਇਲਾਕੇ ਵਿਚ ਇੱਕ ਚੁੱਪ ਪਸਰੀ ਹੋਈ ਸੀ, ਸਾਰਿਆਂ ਦੇ ਚਿਹਰੇ ਉੱਤੇ ਸਹਿਮ ਦਾ ਮਾਹੌਲ ਸੀ।

ਕੁੱਝ ਲੋਕਾਂ ਵਿਚ ਗੁੱਸਾ ਵੀ ਨਜ਼ਰ ਆ ਰਿਹਾ ਸੀ। ਰਾਤ ਦੇ ਕਰੀਬ 1.15 ਵਜੇ ਰੇਲਵੇ ਟਰੈਕ ਉੱਤੇ ਮੋਬਾਈਲ ਦੀ ਰੌਸ਼ਨੀ ਨਾਲ ਇੱਕ ਔਰਤ ਇੱਧਰ-ਉੱਧਰ ਕੁੱਝ ਲੱਭਦੀ ਨਜ਼ਰ ਆਈ।

ਪੁੱਛਣ ਉੱਤੇ ਮਹਿਲਾ ਨੇ ਆਪਣਾ ਨਾਮ ਊਸ਼ਾ ਦੱਸਿਆ ਅਤੇ ਉਹ ਆਪਣੇ 17 ਸਾਲਾ ਲਾਪਤਾ ਭਾਣਜੇ ਅਸ਼ੀਸ ਨੂੰ ਭਾਲ ਰਹੀ ਸੀ।

ਊਸ਼ਾ ਕਦੇ ਮੋਬਾਈਲ ਦੀ ਰੌਸ਼ਨੀ ਨਾਲ ਟਰੈਕ ਨੂੰ ਦੇਖਦੀ ਅਤੇ ਕਦੇ ਝਾੜੀਆਂ ਨੂੰ ਫਰੋਲਦੀ ਪਰ ਉਸ ਨੂੰ ਅਸ਼ੀਸ ਦਾ ਕੋਈ ਥਹੁ ਪਤਾ ਨਹੀਂ ਲੱਗ ਰਿਹਾ ਸੀ।

ਊਸ਼ਾ ਨੇ ਦੱਸਿਆ ਕਿ ਅਸ਼ੀਸ ਜੌੜੇ ਫਾਟਕ ਨੇੜੇ ਬਣੇ ਧੋਬੀ ਘਾਟ ਮੈਦਾਨ ਵਿਚ ਦੁਸਹਿਰਾ ਦੇਖਣ ਲਈ ਆਇਆ ਸੀ, ਹਾਦਸੇ ਤੋ ਬਾਅਦ ਉਸ ਦਾ ਕੁੱਝ ਵੀ ਪਤਾ ਨਹੀਂ ਉਹ ਵੱਖ-ਵੱਖ ਹਸਪਤਾਲਾਂ ਵਿਚ ਜਾ ਆਏ ਹਨ, ਹਰ ਪਾਸੇ ਉਸ ਨੂੰ ਨਿਰਾਸ਼ਾ ਹੀ ਪੱਲੇ ਲੱਗ ਰਹੀ ਹੈ।

ਮੈ ਆਪਣੇ ਮਾਮੇ ਨੂੰ ਗੁਆਇਆ

ਕਰੀਬ 24 ਸਾਲ ਦੇ ਮਨਜੀਤ ਸਿੰਘ ਨੇ ਇਸ ਹਾਦਸੇ ਵਿਚ ਆਪਣੇ 45 ਸਾਲਾ ਮਾਮੇ ਅਜੀਤ ਸਿੰਘ ਨੂੰ ਗੁਆ ਦਿੱਤਾ।

ਮਨਜੀਤ ਸਿੰਘ ਨੇ ਦੱਸਿਆ ਉਹ ਹਾਲ ਬਾਜ਼ਾਰ ਵਿਚ ਦੁਕਾਨ ਚਲਾਉਂਦਾ ਹੈ ਅਤੇ ਉਸ ਦਾ ਮਾਮਾ ਵੈਲਡਿੰਗ ਦਾ ਕੰਮ ਕਰਦਾ ਸੀ।

ਮਨਜੀਤ ਸਿੰਘ ਮੁਤਾਬਕ ਸ਼ਾਮੀਂ ਤਿੰਨ ਵਜੇ ਕਰੀਬ ਮਾਮਾ ਜੀ ਨੇ ਫ਼ੋਨ ਕੀਤਾ ਅਤੇ ਉਨ੍ਹਾਂ ਨੂੰ ਦਸਹਿਰਾ ਦੇਖਣ ਲਈ ਬੁਲਾਇਆ।

ਇਸ ਤੋਂ ਬਾਅਦ ਮੈਂ ਅਤੇ ਮਾਮਾ ਟਰੈਕ ਉੱਤੇ ਖੜੇ ਦਸਹਿਰਾ ਦੇਖਣ ਲੱਗੇ। ਮਨਜੀਤ ਮੁਤਾਬਕ ਸਭ ਕੁਝ ਠੀਕ ਸੀ ਅਤੇ ਰਾਵਣ ਨੂੰ ਜਦੋਂ ਅੱਗ ਲਗਾਈ ਤਾਂ ਪਟਾਕਿਆਂ ਦੀ ਆਵਾਜ਼ ਵਿਚ ਕੁਝ ਵੀ ਸੁਣਾਈ ਨਹੀਂ ਸੀ ਦੇ ਰਿਹਾ ਸੀ।

ਅਚਾਨਕ ਨੇ ਮੈਂ ਦੇਖਿਆ ਕਿ ਇੱਕ ਰੇਲ ਤੇਜ਼ੀ ਨਾਲ ਸਾਡੇ ਵੱਲ ਵੱਧ ਰਹੀ ਹੈ ਮੈ ਤੁਰੰਤ ਮਾਮਾ ਜੀ ਨੂੰ ਧੱਕਾ ਮਾਰਿਆ ਅਤੇ ਆਪ ਇੱਕ ਪਾਸੇ ਡਿਗ ਗਿਆ। ਰੇਲ ਦੇ ਜਾਣ ਤੋਂ ਬਾਅਦ ਕਾਫ਼ੀ ਅਫ਼ਰਾ-ਤਫ਼ਰੀ ਦਾ ਮਾਹੌਲ ਦੇਖਣ ਨੂੰ ਮਿਲਿਆ।

ਇਸ ਦੌਰਾਨ ਮੈਂ ਮਾਮੇ ਦੀ ਭਾਲ ਸ਼ੁਰੂ ਕੀਤੀ ਤਾਂ ਉਹ ਖ਼ੂਨ ਨਾਲ ਲੱਥ ਪੱਥ ਇੱਕ ਪਾਸੇ ਡਿੱਗੇ ਹੋਏ ਸਨ ਮੈਂ ਦੋਸਤਾਂ ਨੂੰ ਫ਼ੋਨ ਕੀਤਾ ਅਤੇ ਕਨੈਟਿਕ ਉੱਤੇ ਉਨ੍ਹਾਂ ਨੂੰ ਚੁੱਕ ਕੇ ਗੁਰੂ ਨਾਨਕ ਹਸਪਤਾਲ ਵਿਚ ਲੈ ਗਿਆ ਜਿੱਥੇ ਡਾਕਟਰਾਂ ਨੇ ਉਸ ਮ੍ਰਿਤਕ ਐਲਾਨ ਦਿੱਤਾ।

ਮਨਜੀਤ ਮੁਤਾਬਕ ਪਰਿਵਾਰ ਵਿਚ ਮਾਮੀ ਜੀ ਤੋਂ ਇਲਾਵਾ ਉਨ੍ਹਾਂ ਦੀ ਇੱਕ ਬੇਟੀ ਦੋ ਬੇਟੇ ਰਹਿ ਗਏ ਹਨ।

ਹਾਦਸੇ ਦੀ ਜਾਂਚ

ਪੰਜਾਬ ਪੁਲਿਸ ਦੇ ਡੀਜੀਪੀ ਸੁਰੇਸ਼ ਅਰੋੜਾ ਵੀ ਘਟਨਾ ਸਥਲ ਉੱਤੇ ਪਹੁੰਚੇ ਅਤੇ ਹਾਦਸੇ ਦਾ ਜਾਇਜ਼ਾ ਲਿਆ।

ਉਨ੍ਹਾਂ ਦੱਸਿਆ ਕਿ ਪੂਰੇ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਿਸ ਕਿਸੇ ਦਾ ਵੀ ਕਸੂਰ ਹੋਇਆ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

ਕੀ ਰੇਲਵੇ ਟਰੈਕ ਨੇੜੇ ਦਸਹਿਰੇ ਦੇ ਪ੍ਰੋਗਰਾਮ ਦੀ ਪ੍ਰਬੰਧਕਾਂ ਵੱਲੋਂ ਮਨਜ਼ੂਰੀ ਲਈ ਸੀ, ਇਸ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਉਨ੍ਹਾਂ ਨੇ ਆਕਿਹਾ ਕਿ ਫ਼ਿਲਹਾਲ ਇਸ ਬਾਰੇ ਕੁੱਝ ਵੀ ਆਖਿਆ ਜਾ ਸਕਦਾ ਜਾਂਚ ਤੋਂ ਬਾਅਦ ਇਸ ਦਾ ਪਤਾ ਲੱਗੇ।

ਇਲਾਕੇ ਦੀ ਅਸਲ ਸਥਿਤੀ

ਦਸਹਿਰੇ ਦਾ ਇਹ ਪ੍ਰੋਗਰਾਮ ਸਥਾਨਕ ਦਸਹਿਰਾ ਕਮੇਟੀ ਈਸਟ ਵੱਲੋਂ ਕਰਵਾਇਆ ਗਿਆ ਸੀ। ਰੇਲਵੇ ਟਰੈਕ ਕ੍ਰਿਸ਼ਨਾ ਨਗਰ ਅਤੇ ਧੋਬੀ ਘਾਟ ਇਲਾਕੇ ਨੂੰ ਆਪਸ ਵਿਚ ਵੱਖ ਕਰਦਾ ਹੈ।

ਧੋਬੀ ਘਾਟ ਦੇ ਮੈਦਾਨ ਵਿਚ ਦਸਹਿਰੇ ਦਾ ਪ੍ਰੋਗਰਾਮ ਹੋ ਰਿਹਾ ਸੀ ਅਤੇ ਕ੍ਰਿਸ਼ਨ ਨਗਰ ਦੇ ਲੋਕ ਟਰੈਕ ਦੇ ਉੱਤੇ ਅਤੇ ਮਕਾਨਾਂ ਦੀਆਂ ਛੱਤਾਂ ਉੱਤੇ ਚੜ ਕੇ ਇਸ ਨੂੰ ਦੇਖ ਰਹੇ ਸੀ। ਦਸਹਿਰਾ ਗਰਾਊਂਡ ਅਤੇ ਟਰੈਕ ਨੂੰ ਇੱਕ ਕੰਧ ਅਲਗ ਕਰਦੀ ਹੈ।

ਇਹ ਵੀ ਪੜ੍ਹੋ:

ਹਾਦਸੇ ਨਾਲ ਜੁੜੇ ਕੁਝ ਵੀਡੀਓ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)