ਅੰਮ੍ਰਿਤਸਰ ਰੇਲ ਹਾਦਸਾ : ਇਹ ਹਾਦਸਾ ਨਹੀਂ ਸਗੋਂ ਕਤਲੇਆਮ ਹੈ, ਨਵਜੋਤ ਸਿੱਧੂ ਨੂੰ ਬਰਖ਼ਾਸਤ ਕਰੋ- ਸੁਖਬੀਰ ਬਾਦਲ

    • ਲੇਖਕ, ਰਵਿੰਦਰ ਸਿੰਘ ਰੌਬਿਨ/ ਗੁਰਪ੍ਰੀਤ ਸਿੰਘ ਚਾਵਲਾ
    • ਰੋਲ, ਬੀਬੀਸੀ ਪੰਜਾਬੀ ਲਈ

ਅੰਮ੍ਰਿਤਸਰ ਪੁਲਿਸ ਕਮਿਸ਼ਨਰ ਨੇ ਸ਼ੁੱਕਰਵਾਰ ਰਾਤ ਨੂੰ ਮ੍ਰਿਤਕਾਂ ਦੀ ਅੰਕੜਾ 62 ਦੱਸਿਆ ਸੀ ਹਾਲਾਂਕਿ ਸ਼ਨੀਵਾਰ ਸਵੇਰੇ ਏਡੀਸੀ ਅੰਮ੍ਰਿਤਸਰ ਹਿਮਾਂਸ਼ੂ ਨੇ ਦੱਸਿਆ ਕਿ ਮ੍ਰਿਤਕਾਂ ਦੀ ਗਿਣਤੀ 59 ਹੈ ਅਤੇ 57 ਜਖ਼ਮੀ ਹਨ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੰਮ੍ਰਿਤਸਰ ਪਹੁੰਚੇ ਹੋਏ ਸਨ। ਉਹ ਉੱਚ ਅਧਿਕਾਰੀਆਂ ਨਾਲ ਬੈਠਕ ਕਰਕੇ ਹਾਲਾਤ ਦਾ ਜਾਇਜ਼ਾ ਲਿਆ।

ਬੈਠਕ ਵਿਚ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਹੋਰ ਸੀਨੀਅਰ ਆਗੂ ਤੇ ਅਫ਼ਸਰ ਮੌਜੂਦ ਸਨ।

ਮੁੱਖ ਮੰਤਰੀ ਨੇ ਹਸਪਤਾਲ ਵਿਚ ਜਾ ਕੇ ਜ਼ਖ਼ਮੀਆਂ ਦਾ ਹਾਲ ਚਾਲ ਜਾਣਿਆ ਅਤੇ ਸਭ ਦਾ ਇਲਾਜ ਸਰਕਾਰੀ ਖ਼ਰਚ ਉੱਤੇ ਕਰਵਾਉਣ ਐਲਾਨ ਕੀਤਾ।

ਕੈਪਟਨ ਅਮਰਿੰਦਰ ਸਿੰਘ ਨੇ ਕੀ ਕਿਹਾ

  • ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਮੈਂ ਇਜ਼ਰਾਇਲ ਜਾ ਰਿਹਾ ਸੀ ਅਤੇ ਹਾਦਸੇ ਸਮੇਂ ਏਅਰਪੋਰਟ ਉੱਤੇ ਸੀ, ਇਸ ਲਈ ਦੇਰੀ ਨਾਲ ਆਇਆ ਹਾਂ।
  • ਸਟੇਟ ਵਿਚ ਇੱਕ ਦਿਨ ਦਾ ਸੋਗ ਹੈ ਅਤੇ ਅੰਮ੍ਰਿਤਸਰ ਵਿਚ ਤਿੰਨ ਦਿਨ ਦਾ ਹੈ।
  • ਰਾਹਤ ਕਾਰਜਾਂ ਦੇ ਲਈ ਤਿੰਨ ਮੰਤਰੀਆਂ ਦੀ ਕਮੇਟੀ ਬਣਾਈ ਹੈ
  • ਅਦਾਲਤੀ ਜਾਂਚ ਦੇ ਹੁਕਮ , ਚਾਰ ਹਫ਼ਤਿਆ ਚ ਰਿਪੋਰਟ ਦੇਣ ਲਈ ਕਿਹਾ ਹੈ।
  • ਇਹ ਜਾਂਚ ਜਲੰਧਰ ਕਮਿਸ਼ਨਰ ਕਰਨਗੇ।
  • ਹਰ ਮ੍ਰਿਤਕ ਦੇ ਵਾਰਸ ਨੂੰ 5 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇਗਾ।
  • ਪ੍ਰਸਾਸ਼ਨ ਨੂੰ ਪੀੜਤਾਂ ਦੇ ਇਲਾਜ ਲਈ 3 ਕਰੋੜ ਰੁਪਏ ਜਾਰੀ ਕੀਤੇ ਗਏ
  • ਇਲਾਜ ਕਰਾਉਣ ਲਈ ਪੀੜਤਾਂ ਨੂੰ 50-50 ਹਜ਼ਾਰ ਰੁਪਏ ਦਿੱਤੇ ਜਾਣਗੇ।
  • ਪ੍ਰਸਾਸ਼ਨ ਤੇ ਪ੍ਰਬੰਧਕਾਂ ਦੀ ਜਿੰਮੇਵਾਰੀ ਬਾਰੇ ਜਾਂਚ ਵਿਚ ਪਤਾ ਲੱਗੇਗਾ।
  • ਇਹ ਤੂੰ-ਤੂੰ, ਮੈਂ -ਮੈਂ ਦਾ ਸਮਾਂ ਨਹੀਂ ਹੈ, ਬਲਕਿ ਮਿਲਕੇ ਕੰਮ ਕਰਨ ਦਾ ਸਮਾਂ ਹੈ।

ਨਵਜੋਤ ਸਿੱਧੂ ਅਸਤੀਫ਼ਾ ਦੇਣ- ਸੁਖਬੀਰ ਬਾਦਲ

ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੀ ਅੰਮ੍ਰਿਤਸਰ ਪੁਹੰਚੇ। ਉਹ ਹਾਦਸੇ ਵਾਲੀ ਥਾਂ ਤੋਂ ਇਲਾਵਾ ਸ਼ਮਸ਼ਾਨ ਘਾਟ ਵੀ ਪਹੁੰਚੇ ਅਤੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ।

ਸੁਖਬੀਰ ਬਾਦਲ ਨੇ ਹਾਦਸੇ ਲਈ ਮੌਜੂਦਾ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ। ਉਨ੍ਹਾਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਨੂੰ ਘੇਰਿਆ।

ਉਨ੍ਹਾਂ ਕਿਹਾ, ''ਤੁਹਾਡਾ ਹਲਕਾ ਹੈ ਅਤੇ ਤੁਹਾਨੂੰ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਦੇ ਸੁਰੱਖਿਆ ਇੰਤਜ਼ਾਮਾਂ ਅਤੇ ਨਿਯਮਾਂ ਦੀ ਜਾਣਕਾਰੀ ਕਿਉਂ ਨਹੀਂ ਸੀ। ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਕੈਬਨਿਟ ਵਿੱਚੋਂ ਬਰਖਾਸਤ ਕਰਨਾ ਚਾਹੀਦਾ ਹੈ।''

ਬਾਦਲ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਇੱਕ ਇੱਕ ਕਰੋੜ ਰੁਪੱਈਆ ਮੁਆਵਜਾ ਅਤੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੀ ਮੰਗ ਕੀਤੀ ਹੈ।

ਉਨ੍ਹਾਂ ਅੱਗੇ ਕਿਹਾ, ''ਦੋਸ਼ੀਆਂ ਬਾਰੇ ਪਤਾ ਹੋਣ ਦੇ ਬਾਵਜੂਦ ਵੀ ਮਾਮਲਾ ਅਣਪਛਾਤੇ ਲੋਕਾਂ ਖਿਲਾਫ਼ ਦਰਜ ਹੋਇਆ ਹੈ। ਐਫਆਈਆਰ ਮੈਡਮ ਸਿੱਧੂ ਤੇ ਨਵਜੋਤ ਸਿੰਘ ਸਿੱਧੂ ਖਿਲਾਫ਼ ਵੀ ਹੋਵੇ। ਇਹ ਹਾਦਸਾ ਨਹੀਂ ਕਤਲੇਆਮ ਹੈ।''

ਇਹ ਵੀ ਪੜ੍ਹੋ:

ਰੇਲਵੇ: ਥਾਂ ਸਾਡੀ ਨਹੀਂ ਸੀ, ਕੋਈ ਜਾਣਕਾਰੀ ਨਹੀਂ ਮਿਲੀ, ਇੰਜਣ ਦੀ ਸੀਟੀ ਵਜਾਈ ਸੀ

ਅੰਮ੍ਰਿਤਸਰ 'ਚ ਸ਼ੁੱਕਰਵਾਰ ਸ਼ਾਮੀਂ ਹੋਏ ਹਾਦਸੇ 'ਤੇ ਦੁੱਖ ਪ੍ਰਗਟਾਉਂਦਿਆਂ ਉੱਤਰੀ ਰੇਲਵੇ ਨੇ ਇੱਕ ਬਿਆਨ ਜਾਰੀ ਕਰਕੇ ਦੱਸਿਆ ਕਿ ਦਸਹਿਰੇ ਦੇ ਇਸ ਸਮਾਗਮ ਲਈ ਰੇਲ ਮਹਿਕਮੇ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ।

ਉੱਤਰੀ ਰੇਲਵੇ ਦੇ ਮੁੱਖ ਸੂਚਨਾ ਅਧਿਕਾਰੀ ਦੀਪਕ ਕੁਮਾਰ ਨੇ ਇਹ ਵੀ ਸਾਫ਼ ਕੀਤਾ ਕਿ ਜਿਸ ਥਾਂ 'ਤੇ ਸਮਾਗਮ ਹੋ ਰਿਹਾ ਸੀ, ਉਹ ਰੇਲਵੇ ਹੇਠਾਂ ਨਹੀਂ ਆਉਂਦੀ, ਇਸ ਲਈ ਕੋਈ ਇਜਾਜ਼ਤ ਨਹੀਂ ਲਈ ਗਈ ਅਤੇ ਪਟੜੀਆਂ ਤੇ ਮੈਦਾਨ ਵਿਚਕਾਰ ਇੱਕ 2.5 ਮੀਟਰ ਉੱਚੀ ਕੰਧ ਵੀ ਹੈ।

ਇਸ ਦੇ ਨਾਲ ਹੀ ਬਿਆਨ ਵਿੱਚ ਲਿਖਿਆ ਹੈ ਕਿ ਇੰਜਣ ਦੀ ਸੀਟੀ ਵਾਰ-ਵਾਰ ਮਾਰੀ ਗਈ ਸੀ ਪਰ ਲੋਕਾਂ ਨੂੰ ਰਾਵਣ ਦੇ ਬੁੱਤ 'ਚੋਂ ਚਲਦੇ ਪਟਾਕਿਆਂ ਦੇ ਸ਼ੋਰ 'ਚ ਇਹ ਹਾਰਨ ਸੁਣਿਆ ਹੀ ਨਹੀਂ।

10 ਮੇਲ, 27 ਯਾਤਰੀ ਰੇਲਾਂ ਰੱਦ

ਅੰਮ੍ਰਿਤਸਰ 'ਚ ਹੋਏ ਇਸ ਮੰਦਭਾਗੇ ਹਾਦਸੇ ਤੋਂ ਬਾਅਦ ਰੇਲਵੇ ਵੱਲੋਂ ਕਈ ਰੇਲ ਗੱਡੀਆਂ ਦੇ ਰੂਟਾਂ ਵਿੱਚ ਬਦਲਾਅ ਅਤੇ ਕਈ ਰੇਲਗੱਡੀਆਂ ਰੱਦ ਕੀਤੀਆਂ ਗਈਆਂ ਹਨ।

ਇਨ੍ਹਾਂ ਵਿੱਚ 10 ਮੇਲ ਐਕਸਪ੍ਰੈਸ ਅਤੇ 27 ਪੈਸੇਂਜਰ ਰੇਲਗੱਡੀਆਂ ਰੱਦ ਕੀਤੀਆਂ ਗਈਆਂ ਹਨ ਅਤੇ 16 ਦੇ ਕਰੀਬ ਰੱਲਗੱਡੀਆਂ ਦੇ ਰੂਟਾਂ ਵਿੱਚ ਬਦਲਾਅ ਕੀਤਾ ਗਿਆ ਹੈ।

ਜਦਕਿ 2 ਪੈਸੇਂਜਰ ਅਤੇ 10 ਮੇਲ ਐਕਸਪ੍ਰੈਸ ਰੇਲਗੱਡੀਆਂ ਆਪਣਾ ਸਫ਼ਰ ਪੂਰਾ ਨਹੀਂ ਕਰਨਗੀਆਂ।

ਇਸ ਤੋਂ ਇਲਾਵਾ 6 ਮੇਲ ਐਕਸਪ੍ਰੈਸ ਹੋਰ ਪ੍ਰਭਾਵਿਤ ਹੋਈਆਂ ਹਨ ਜੋ ਅੰਮ੍ਰਿਤਸਰ ਤੋਂ ਬਣ ਕੇ ਚੱਲਦੀਆਂ ਹਨ।

ਮਾਮਲੇ ਦੀ ਐਫ਼ਆਈਆਰ ਦਰਜ

ਅੰਮ੍ਰਿਤਸਰ ਪੁਲਿਸ ਦੇ ਹਾਦਸੇ ਵਾਲੀ ਥਾਂ ਉੱਤੇ ਤਾਇਨਾਤ ਏਐਸਆਈ ਸਤਨਾਮ ਸਿੰਘ ਦੇ ਬਿਆਨਾਂ ਦੇ ਆਧਾਰ ਉੱਤੇ ਰੇਲਵੇ ਪੁਲਿਸ ਨੇ ਮਾਮਲਾ ਦਰਜ ਕਰਕੇ ਤਫ਼ਤੀਸ਼ ਸੁਰਊ ਕਰ ਦਿੱਤੀ ਹੈ।

ਮੁੱਢਲੀ ਰਪਟ ਵਿਚ ਹਾਦਸੇ ਵਾਲੀ ਗੱਡੀ ਦਾ ਨੰਬਰ DMU 74643 ਦੱਸਿਆ ਗਿਆ ਹੈ, ਪਰ ਇਹ ਮਾਮਲਾ ਅਣ-ਪਛਾਤੇ ਵਿਅਕਤੀ ਖ਼ਿਲਾਫ਼ ਹੈ।

ਰਪਟ ਵਿਚ ਕਿਹਾ ਗਿਆ ਹੈ ਕਿ ਮਾਮਲੇ ਦੀ ਤਫ਼ਤੀਸ਼ ਜਿਵੇ ਜਿਵੇਂ ਅੱਗੇ ਵਧੇਗੀ ਮੁਲਜ਼ਮਾਂ ਦੀ ਸਨਾਖ਼ਤ ਕਰਕੇ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ਲੋਕਾਂ ਦਾ ਰੋਸ ਕੁਦਰਤੀ ਹੈ : ਸਿੱਧੂ

ਸ਼ਨੀਵਾਰ ਨੂੰ ਪੀੜਤਾਂ ਦਾ ਹਾਲਚਾਲ ਪੁੱਛਣ ਲਈ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਦੇ ਹਸਪਤਾਲਾਂ ਵਿਚ ਗਏ।

ਸਿਵਲ ਹਸਪਤਾਲ ਵਿਚ ਮੀਡੀਆਂ ਵੱਲੋਂ ਜਦੋਂ ਸਿੱਧੂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨੋ-ਕਮੈਂਟ ਤੋਂ ਬਿਨਾਂ ਕੁਝ ਨਹੀਂ ਕਿਹਾ।

ਕੁਝ ਮੀਡੀਆ ਕਰਮੀ ਉਨ੍ਹਾਂ ਤੋਂ ਹਾਦਸੇ ਦੇ ਕਾਰਨਾਂ ਅਤੇ ਜ਼ਿੰਮੇਵਾਰੀ ਕਿਸ ਦੀ ਹੈ, ਵਰਗੇ ਸਵਾਲ ਦੁਹਰਾਉਂਦੇ ਰਹੇ ਪਰ ਉਹ ਬਿਨਾਂ ਕੋਈ ਜਵਾਬ ਦਿੱਤਿਆਂ ਚਲੇ ਗਏ।

ਬਾਅਦ ਵਿਚ ਬੀਬੀਸੀ ਪੰਜਾਬੀ ਨਾਲ ਗੱਲ ਦੌਰਾਨ ਉਨ੍ਹਾਂ ਕਿਹਾ ਕਿ ਇਹ ਹਾਦਸਾ ਕਿਉਂ ਕਿ ਉਨ੍ਹਾਂ ਦੇ ਹਲਕੇ ਵਿਚ ਵਾਪਰਿਆ ਹੈ , ਇਸ ਲਈ ਲੋਕਾਂ ਦਾ ਗੁੱਸਾ ਹੋਣਾ ਕੁਦਰਤੀ ਹੈ। ਸਿੱਧੂ ਨੇ ਕਿਹਾ, ' ਮੈਂ ਪੀੜਤਾਂ ਦੀ ਮਦਦ ਲਈ ਅਧਿਕਾਰਤ ਅਤੇ ਨਿੱਜੀ ਤੌਰ ਉੱਤੇ ਹਰ ਸੰਭਵ ਕੋਸ਼ਿਸ਼ ਕਰਾਂਗਾ'। ਉਨ੍ਹਾਂ ਕਿਹਾ 'ਮੇਰੀ ਪਤਨੀ ਪੀੜ੍ਹਤਾਂ ਦੀ ਸੰਭਾਲ ਵਿਚ ਲੱਗੀ ਹੋਈ ਹੈ ਉਹ ਉਨ੍ਹਾਂ ਦੇ ਟਾਂਕੇ ਤੱਕ ਲਗਾ ਰਹੀ ਹੈ।'

ਕਦੋਂ ਕੀ ਹੋਇਆ?

  • ਅੰਮ੍ਰਿਤਸਰ ਵਿੱਚ ਜੋੜੇ ਫਾਟਕ ਕੋਲ ਸ਼ੁੱਕਰਵਾਰ ਨੂੰ ਸ਼ਾਮੀਂ 6꞉30 ਵਜੇ ਦੇ ਕਰੀਬ ਵਾਪਰਿਆ ਹਾਦਸਾ
  • ਰਾਵਣ ਦਾ ਪੁਤਲਾ ਜਲਾਉਣ ਮੌਕੇ ਸਮਾਗਮ ਵਿਚ ਕਰੀਬ ਸੱਤ ਹਜ਼ਾਰ ਲੋਕ ਮੈਦਾਨ ਵਿਚ ਪਹੁੰਚੇ ਹੋਏ ਸਨ
  • ਇਸ ਮੈਦਾਨ ਦੀ ਸਮਰੱਥਾ ਦੋ ਢਾਈ ਹਜ਼ਾਰ ਦੱਸੀ ਗਈ ਹੈ।
  • ਆਮ ਲੋਕਾਂ ਦਾ ਮੈਦਾਨ ਤੱਕ ਆਉਣ ਜਾਣ ਦਾ ਇੱਕ ਹੀ ਰਸਤਾ ਸੀ।
  • ਮੈਦਾਨ ਦੇ ਇੱਕ ਪਾਸੇ ਵੀਆਈਪੀ ਲੋਕਾਂ ਲਈ ਮੰਚ ਬਣਾਇਆ ਗਿਆ ਸੀ , ਉਨ੍ਹਾਂ ਦੇ ਆਉਣ ਜਾਣ ਦਾ ਰਾਹ ਪਿੱਛੋਂ ਹੀ ਸੀ।
  • ਜਿਸ ਮੌਕੇ ਹਾਦਸਾ ਹੋਇਆ ਡਾਕਟਰ ਨਵਜੋਤ ਕੌਰ ਸਿੱਧੂ ਮੰਚ ਉੱਥੇ ਮੌਜੂਦ ਸੀ
  • ਚਸਮਦੀਦਾਂ ਦਾ ਦਾਅਵਾ ਹੈ ਕਿ ਉਹ ਤੁਰੰਤ ਉੱਥੋਂ ਨਿਕਲ ਗਈ।
  • ਮੈਦਾਨ ਵਿਚ ਇੱਕ ਹੀ ਦੀਵਾਰ ਹੈ, ਜੋ ਰੇਲਵੇ ਟਰੈਕ ਅਤੇ ਮੈਦਾਨ ਨੂੰ ਵੱਖ ਕਰਦੀ ਹੈ।
  • ਲੋਕ ਨਾਲ ਲੱਗਦੇ ਰੇਲਵੇ ਫਾਟਕ ਉੱਤੇ ਖੜੇ ਸਨ ਅਤੇ ਰੇਲਗੱਡੀ ਦੀ ਲਪੇਟ ਵਿਚ ਆ ਗਏ
  • ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੈਪਟਨ ਅਮਰਿੰਦਰ ਸਣੇ ਆਗੂਆਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਹੈ
  • ਹਾਦਸੇ ਤੋਂ ਬਾਅਦ ਲੋਕ ਭੜਕੇ, ਨਵਜੋਤ ਸਿੱਧੂ ਖ਼ਿਲਾਫ਼ ਨਾਅਰੇਬਾਜ਼ੀ
  • ਪੁਲਿਸ ਨੇ ਬੜੀ ਮੁਤਤੈਦੀ ਨਾਲ ਮਾਹੌਲ ਨੂੰ ਭੰਗ ਹੋਣ ਤੋਂ ਬਚਾਇਆ
  • ਅੰਮ੍ਰਿਤਸਰ ਵਿੱਚ ਰੇਲਵੇ ਦੇ ਹੈਲਪਲਾਈਨ ਨੰਬਰ- 0183-2223171, 0183-2564485

ਹਾਦਸੇ ਨਾਲ ਜੁੜੀਆਂ ਕੁਝ ਵੀਡੀਓ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)