#MeToo ਕਹਿਣ ਵਾਲੀਆਂ ਔਰਤਾਂ ਦੀ ਜ਼ਿੰਦਗੀ 'ਚ ਕੀ ਬਦਲਿਆ

    • ਲੇਖਕ, ਅਨਘਾ ਪਾਠਕ
    • ਰੋਲ, ਬੀਬੀਸੀ ਪੱਤਰਕਾਰ

''ਜਦੋਂ ਮੈਂ ਇਹ ਲਿਖਿਆ ਕਿ ਕਿਵੇਂ ਐੱਮਜੇ ਅਕਬਰ ਨੇ ਮੇਰਾ ਸਰੀਰਕ ਸ਼ੋਸ਼ਣ ਕੀਤਾ ਹੈ, ਮੇਰਾ ਆਤਮਵਿਸ਼ਵਾਸ ਮੁੜ ਬਹਾਲ ਹੋ ਗਿਆ। ਮੈਂ ਮੰਨਦੀ ਹਾਂ ਕਿ ਜੇਕਰ ਅਸੀਂ ਇਕੱਠੇ ਹੋ ਕੇ ਲੜੀਏ ਤਾਂ ਕੁਝ ਬਦਲਾਅ ਜ਼ਰੂਰ ਹੁੰਦਾ ਹੈ।'' ਇਹ ਕਹਿਣਾ ਹੈ ਪੱਤਰਕਾਰ ਗਜ਼ਾਲਾ ਵਾਹਾਬ ਦਾ।

ਉਹ ਉਨ੍ਹਾਂ 20 ਪੱਤਰਕਾਰਾਂ ਵਿੱਚੋਂ ਦੂਜੀ ਔਰਤ ਸੀ ਜਿਸ ਨੇ ਸਾਬਕਾ ਮੰਤਰੀ ਅਤੇ ਪੱਤਰਕਾਰ ਐਮਜੇ ਅਕਬਰ 'ਤੇ ਸਰੀਰਕ ਸ਼ੋਸ਼ਣ ਦੇ ਇਲਜ਼ਾਮ ਲਗਾਏ।

#MeToo ਮੁਹਿੰਮ ਵਿੱਚ ਨਵਾਂ ਮੋੜ ਉਦੋਂ ਆਇਆ ਜਦੋਂ ਸਰੀਰਕ ਸ਼ੋਸ਼ਣ ਦੇ ਇਲਜ਼ਾਮਾਂ ਕਾਰਨ ਐੱਮਜੇ ਅਕਬਰ ਨੇ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ।

#MeToo ਮੁਹਿੰਮ ਕਾਰਨ ਅਸਤੀਫ਼ਾ ਦੇਣ ਵਾਲੇ ਉਹ ਹੁਣ ਤੱਕ ਦੇ ਸਭ ਤੋਂ ਹਾਈ ਪ੍ਰੋਫ਼ਾਈਲ ਸ਼ਖ਼ਸ ਸਨ। ਹਾਲਾਂਕਿ ਐੱਮਜੇ ਅਕਬਰ ਨੇ ਆਪਣੇ 'ਤੇ ਲੱਗੇ ਇਲਜ਼ਾਮਾਂ ਨੂੰ ਖਾਰਜ ਕੀਤਾ ਹੈ।

ਇਹ ਵੀ ਪੜ੍ਹੋ:

ਅਸੀਂ ਸਾਰੇ ਜਾਣਦੇ ਹਾਂ ਭਾਰਤ ਵਿੱਚ ਕਿਵੇਂ #MeToo ਮੁਹਿੰਮ ਦੀ ਸ਼ੁਰੂਆਤ ਹੋਈ। ਕਿਹੜੇ ਲੋਕ ਇਸ ਮੁਹਿੰਮ ਵਿੱਚ ਸ਼ਾਮਲ ਸਨ ਅਤੇ ਉਸ ਤੋਂ ਬਾਅਦ ਕੀ ਹੋਇਆ। #MeToo ਦੀ ਵਰਤੋਂ ਕਰਕੇ ਔਰਤਾਂ ਨੇ ਸੋਸ਼ਲ ਮੀਡੀਆ 'ਤੇ ਸਰੀਰਕ ਸ਼ੋਸ਼ਣ ਬਾਰੇ ਖੁੱਲ੍ਹ ਕੇ ਗੱਲ ਕੀਤੀ।

ਇਸ ਮੁਹਿੰਮ ਦੌਰਾਨ ਜਿਨ੍ਹਾਂ ਔਰਤਾਂ ਨੇ ਆਪਣੇ ਨਾਲ ਹੋਏ ਸਰੀਰ ਸ਼ੋਸ਼ਣ ਦੇ ਤਜਰਬੇ ਸਾਂਝੇ ਕੀਤੇ ਅਤੇ ਖੁੱਲ੍ਹ ਕੇ ਆਪਣੇ ਨਾਲ ਹੋਏ ਸ਼ੋਸ਼ਣ ਬਾਰੇ ਗੱਲ ਕੀਤੀ ਉਨ੍ਹਾਂ ਦੀ ਜ਼ਿੰਦਗੀ ਵਿੱਚ ਕੀ ਬਦਲਾਅ ਆਇਆ।

ਗਜ਼ਾਲਾ ਵਾਹਾਬ ਕਹਿੰਦੇ ਹਨ, ''ਜਦੋਂ ਮੈਂ ਇੱਕ ਵਾਰ ਇਸ ਬਾਰੇ ਗੱਲ ਕੀਤੀ ਤਾਂ ਮੇਰਾ ਅਵਿਸ਼ਵਾਸ ਅਤੇ ਦੁਬਿਧਾ ਦੂਰ ਹੋ ਗਈ।''

ਦਿ ਵਾਇਰ ਦੀ ਪੱਤਰਕਾਰ ਅਨੂ ਭੂਆਨ ਦਾ ਮੰਨਣਾ ਹੈ ਕਿ ਜਦੋਂ ਉਸ ਨੇ ਆਪਣੇ ਨਾਲ ਹੋਏ ਸੋਸ਼ਣ ਬਾਰੇ ਲਿਖਿਆ ਤਾਂ ਉਸ ਤੋਂ ਬਾਅਦ ਕਾਫ਼ੀ ਬਦਲਾਅ ਦੇਖਣ ਨੂੰ ਮਿਲਿਆ। ਅਨੂ ਭੂਆਨ ਉਹ ਪਹਿਲੀ ਮਹਿਲਾ ਹੈ ਜਿਸ ਨੇ ਆਪਣੇ ਨਾਲ ਹੋਏ ਸਰੀਰਕ ਸ਼ੋਸ਼ਣ ਬਾਰੇ ਟਵਿੱਟਰ 'ਤੇ ਖੁੱਲ੍ਹ ਕੇ ਲਿਖਿਆ।

''ਮੇਰੇ ਟਵੀਟ ਕਰਨ ਤੋਂ ਬਾਅਦ ਹੋਰ ਔਰਤਾਂ ਨੇ ਵੀ ਜੁੜਨਾ ਸ਼ੁਰੂ ਕਰ ਦਿੱਤਾ। ਦੂਜੇ ਪਾਸੇ ਹੌਲੀ-ਹੌਲੀ ਮਰਦ ਪਿੱਛੇ ਹਟਣ ਲੱਗੇ। ਇੱਥੋਂ ਤੱਕ ਕਿ ਮੇਰੇ ਦੋਸਤਾਂ ਅਤੇ ਸਹਿਯੋਗੀਆਂ ਨੇ ਵੀ ਮੇਰੇ ਨਾਲ ਸਪੰਰਕ ਘਟਾ ਦਿੱਤਾ।''

ਗਜ਼ਾਲਾ ਦਾ ਮੰਨਣਾ ਹੈ, ''ਜਿਹੜਾ ਇੱਕ ਬਦਲਾਅ ਸਮਾਜ ਵਿੱਚ ਦੇਖਣ ਨੂੰ ਮਿਲਿਆ, ਉਹ ਹੈ ਔਰਤਾਂ ਦਾ ਇੱਕਜੁਟ ਹੋ ਕੇ ਲੜਾਈ ਲੜਨਾ। ਉਹ ਔਰਤਾਂ ਜਿਹੜੀਆਂ ਇੱਕੋ ਜਿਹੇ ਦਰਦ ਵਿੱਚੋਂ ਲੰਘੀਆਂ ਹਨ। ਇਹ ਕਿਸੇ ਇੱਕ ਦੀ ਨਹੀਂ ਸਗੋਂ ਸਾਰਿਆਂ ਦੀ ਇਕੱਠੀ ਲੜਾਈ ਹੈ। ਜਦੋਂ ਔਰਤਾਂ ਇਕੱਠੀਆਂ ਹੋ ਕੇ ਲੜਦੀਆਂ ਹਨ ਤਾਂ ਬਦਲਾਅ ਜ਼ਰੂਰ ਆਉਂਦਾ ਹੈ ਜਿਵੇਂ ਐੱਮਜੇ ਅਕਬਰ ਦੇ ਮਾਮਲੇ ਵਿੱਚ।''

ਇਸ ਤੋਂ ਪਹਿਲਾਂ ਅਜਿਹਾ ਸਮਰਥਨ ਕਦੋਂ ਨਹੀਂ ਮਿਲਿਆ

'ਦਿ ਏਸ਼ੀਅਨ ਏਜ' ਅਖ਼ਬਾਰ ਦੀ ਰੈਜ਼ੀਡੈਂਟ ਐਡੀਟਰ ਸੁਪਰਨਾ ਸ਼ਰਮਾ ਨੇ ਵੀ ਇਸ ਮੁਹਿੰਮ ਕਾਰਨ ਆਏ ਬਦਲਾਅ ਬਾਰੇ ਆਪਣਾ ਤਜਰਬਾ ਸਾਂਝਾ ਕੀਤਾ।

ਉਨ੍ਹਾਂ ਕਿਹਾ, ''ਮੈਨੂੰ ਕਈ ਮੈਸੇਜ ਆਏ ਜਿਵੇਂ 'ਸਾਨੂੰ ਤੁਹਾਡੇ 'ਤੇ ਭਰੋਸਾ ਹੈ, ਸਾਨੂੰ ਵਿਸ਼ਵਾਸ ਹੈ ਤੁਸੀਂ ਸੱਚ ਬੋਲ ਰਹੇ ਹੋ'। ਅਜਿਹਾ ਸਮਰਥਨ ਮੈਨੂੰ ਮਿਲਿਆ।''

ਉਨ੍ਹਾਂ ਕਿਹਾ, ''ਮੇਰੇ ਦੋਸਤਾਂ ਅਤੇ ਪਰਿਵਾਰ ਨੇ ਮੇਰਾ ਪੂਰਾ ਸਮਰਥਨ ਕੀਤਾ। ਇੱਥੋਂ ਤੱਕ ਕਿ ਕਈ ਅਣਜਾਣ ਲੋਕਾਂ ਨੇ ਵੀ ਮੇਰਾ ਸਾਥ ਦਿੱਤਾ। ਮੈਨੂੰ ਟਵਿੱਟਰ, ਫੇਸਬੁੱਕ, ਮੇਰੇ ਦੋਸਤਾਂ ਜ਼ਰੀਏ, ਇੱਥੋਂ ਤੱਕ ਕਿ ਜਨਤਕ ਥਾਵਾਂ 'ਤੇ ਰੋਕ ਕੇ ਵੀ ਲੋਕਾਂ ਨੇ ਮੈਨੂੰ ਸਮਰਥਨ ਦਿੱਤਾ। ਸ਼ਨੀਵਾਰ ਨੂੰ ਮੈਂ ਖਾਨ ਮਾਰਕੀਟ ਵਿੱਚ ਇੱਕ ਕਿਤਾਬਾਂ ਵਾਲੀ ਦੁਕਾਨ 'ਤੇ ਗਈ। ਮੇਰੀ ਮਾਂ ਦੀ ਉਮਰ ਦੀਆਂ ਦੋ ਔਰਤਾਂ ਨੇ ਮੈਨੂੰ ਰੋਕ ਕੇ ਕਿਹਾ,''ਤੁਸੀਂ ਔਰਤਾਂ ਬਿਲਕੁਲ ਸਹੀ ਕਰ ਰਹੀਆਂ ਹੋ। ਬਹੁਤ ਖ਼ੂਬ!"

ਨਿਊਕਰੋਪ ਦੀ ਫਾਊਂਡਰ ਐਡੀਟਰ ਸ਼ੁਤਾਪਾ ਪੌਲ ਨੇ ਵੀ ਆਪਣਾ ਤਜਰਬਾ ਸਾਂਝਾ ਕੀਤਾ, ''ਜੇਕਰ ਤੁਸੀਂ ਮੇਰੀ ਜ਼ਿੰਦਗੀ ਵਿੱਚ ਆਏ ਬਦਲਾਅ ਬਾਰੇ ਪੁੱਛੋ ਤਾਂ ਪਹਿਲੇ ਕੁਝ ਦਿਨ ਮੇਰਾ ਫ਼ੋਨ ਲਗਾਤਾਰ ਵੱਜਣ ਲੱਗਾ। ਮੈਨੂੰ ਸਮਰਥਨ ਦੇ ਰੂਪ ਵਿੱਚ ਲਗਾਤਾਰ ਮੈਸੇਜ ਆਉਣ ਲੱਗੇ। ਉਸ ਤੋਂ ਇਲਾਵਾ ਕੁਝ ਖਾਸ ਨਹੀਂ ਬਦਲਿਆ ਹੈ।''

ਜਦੋਂ ਉਸ ਨੇ ਸੋਸ਼ਣ ਬਾਰੇ ਬੋਲਣ ਦਾ ਲਿਆ ਫ਼ੈਸਲਾ

ਅਨੂ ਇਸਦਾ ਸਿਹਰਾ ਡਾ. ਕ੍ਰਿਸਟੀਨ ਫੋਰਡ ਅਤੇ ਉਨ੍ਹਾਂ ਦੇ ਯੂਐੱਸ ਸੁਪਰੀਮ ਕੋਰਟ ਦੇ ਜੱਜ ਬਰੇਟ ਕੈਵੇਨੌ ਖ਼ਿਲਾਫ਼ ਦਿੱਤੇ ਗਏ ਬਿਆਨ ਨੂੰ ਦਿੰਦੀ ਹੈ। ਉਹ ਲੰਬੇ ਸਮੇਂ ਤੋਂ ਇਸ ਖ਼ਿਲਾਫ਼ ਬੋਲਣਾ ਚਾਹੁੰਦੀ ਸੀ ਪਰ ਨਹੀਂ ਬੋਲ ਸਕੀ। ''ਮੈਂ ਹਮੇਸ਼ਾ ਇਹ ਮੰਨਦੀ ਹਾਂ ਕਿ ਸ਼ੋਸ਼ਣ ਕਰਨ ਵਾਲੇ ਨੂੰ ਇਸ ਲਈ ਸ਼ਰਮਿੰਦਾ ਹੋਣਾ ਚਾਹੀਦਾ ਹੈ। ਮੇਰੇ ਕੋਲ ਚੁੱਪ ਰਹਿਣ ਦਾ ਕੋਈ ਕਾਰਨ ਨਹੀਂ ਸੀ। ਫਿਰ ਮੈਂ ਕੇਵੇਨਾ ਕੇਸ ਬਾਰੇ ਪੜ੍ਹਿਆ।''

ਹਾਲਾਂਕਿ ਅਕਬਰ ਇੱਕ ਹਾਈ ਪ੍ਰੋਫਾਈਲ ਸ਼ਖ਼ਸ ਹੈ, ਉਹ ਇਕੱਲੇ ਨਹੀਂ ਹਨ ਜਿਨ੍ਹਾਂ ਨੇ ਸਰੀਰਕ ਸ਼ੋਸ਼ਣ ਦੇ ਇਲਜ਼ਾਮਾਂ ਕਾਰਨ ਆਪਣਾ ਅਹੁਦਾ ਗੁਆਇਆ ਹੈ। ਟਾਈਮਜ਼ ਆਫ਼ ਇੰਡੀਆ (ਹੈਦਰਾਬਾਦ) ਦੇ ਰੈਜ਼ੀਡੈਂਟ ਐਡੀਟਰ ਕੇਆਰ ਸ੍ਰੀਨੀਵਾਸ ਵੱਲੋਂ ਅਸਤੀਫ਼ਾ ਦਿੱਤਾ ਗਿਆ ਹੈ, ਫ਼ਿਲਮ ਡਾਇਰੈਕਟਰ ਸਾਜਿਦ ਖ਼ਾਨ ਵੱਲੋਂ ਆਪਣਾ ਪ੍ਰਾਜੈਕਟ ਛੱਡ ਦਿੱਤਾ ਗਿਆ, ਹਿੰਦੂਸਤਾਨ ਟਾਈਮਜ਼ ਦੇ ਪੋਲੀਟੀਕਲ ਐਡੀਟਰ ਪ੍ਰਸ਼ਾਂਤ ਝਾਅ ਵੱਲੋਂ ਆਪਣਾ ਅਹੁਦਾ ਛੱਡਿਆ ਗਿਆ, ਬਿਜਨਸ ਸਟੈਂਡਰਡ ਦੇ ਮਯੰਕ ਜੈਨ ਵੱਲੋਂ ਪ੍ਰਿੰਸੀਪਲ ਕੋਰਸਪੋਡੈਂਟ ਵੱਲੋਂ ਅਸਤੀਫ਼ਾ ਦਿੱਤਾ ਗਿਆ ਅਤੇ ਗੁਰਸਿਮਰਨ ਖੰਬਾ ਨੂੰ AIB ਵੱਲੋਂ ਸਸਪੈਂਡ ਕਰ ਦਿੱਤਾ ਗਿਆ।''

ਇਹ ਵੀ ਪੜ੍ਹੋ:

ਅਨੂ ਦੱਸਦੀ ਹੈ ਕਿ ਉਨ੍ਹਾਂ ਵੱਲੋਂ ਮੁਲਜ਼ਮ ਦਾ ਨਾਮ ਲਏ ਜਾਣ ਤੋਂ ਬਾਅਦ ਕੀ ਹੋਇਆ।

"ਉਸ ਸ਼ਖ਼ਸ ਨੇ ਸੌਖਾ ਰਸਤਾ ਲੱਭਿਆ ਅਤੇ ਅਸਤੀਫ਼ਾ ਦੇ ਦਿੱਤਾ। ਪਰ ਉਸ ਨੂੰ ਇਸਦੇ ਨਤੀਜੇ ਤਾਂ ਭੁਗਤਮੇ ਪਏ ਉਸਦੀ ਨੌਕਰੀ ਚਲੀ ਗਈ। ਉਸਦੀ ਪੁਰਾਣੀ ਸੰਸਥਾ ਵੱਲੋਂ ਵੀ ਬਿਆਨ ਜਾਰੀ ਕੀਤਾ ਗਿਆ ਕਿ ਉਸ ਉੱਤੇ ਇਹ ਇਲਜ਼ਾਮ ਲੱਗੇ ਹਨ। ਇਸਦਾ ਮਤਲਬ ਇਹ ਹੈ ਕਿ ਭਵਿੱਖ ਵਿੱਚ ਉਸ ਨੂੰ ਨੌਕਰੀ ਲੱਭਣ ਵਿੱਚ ਔਖ ਹੋਵੇਗੀ। ਹੁਣ ਉਸ ਨੂੰ ਇਹ ਗੱਲ ਸਮਝ ਆਵੇਗੀ ਕਿ ਇੱਕ ਔਰਤ ਨਾਲ ਕਿਹੋ ਜਿਹਾ ਵਿਹਾਰ ਕਰਨਾ ਚਾਹੀਦਾ ਹੈ।"

ਭਾਰਤ ਵਿੱਚ #MeToo ਮੁਹਿੰਮ ਕਿੱਥੇ ਖੜ੍ਹੀ ਹੈ?

#MeToo ਮੁਹਿੰਮ ਨੂੰ ਲੈ ਕੇ ਕਾਫ਼ੀ ਆਲੋਚਨਾ ਵੀ ਹੋ ਰਹੀ ਹੈ। ਇਸ ਵਿੱਚ ਨਾਮ ਅਤੇ ਸ਼ਰਮ ਤੋਂ ਵੱਧ ਕੇ ਕੁਝ ਵੀ ਨਹੀਂ ਹੈ।

ਹਾਲਾਂਕਿ ਗਜ਼ਾਲਾ ਇਨ੍ਹਾਂ ਦਾਅਵਿਆਂ ਨੂੰ ਨਕਾਰਦੀ ਹੈ। ''ਲੋਕ ਕੀ ਕਹਿ ਰਹੇ ਹਨ ਮੈਂ ਇਸ ਗੱਲ ਨੂੰ ਬਿਲਕੁਲ ਵੀ ਤਵੱਜੋ ਨਹੀਂ ਦਿੰਦੀ।''

#MeToo ਨੇ ਔਰਤਾਂ ਨੂੰ ਆਵਾਜ਼ ਦਿੱਤੀ ਹੈ ਅਤੇ ਦੁਨੀਆਂ ਨੂੰ ਇਹ ਦਿਖਾਇਆ ਹੈ ਕਿ ਔਰਤਾਂ ਕਿਸੇ ਵੀ ਤਰ੍ਹਾਂ ਦੇ ਸਰੀਰਕ ਸ਼ੋਸ਼ਣ ਨੂੰ ਬਰਦਾਸ਼ਤ ਨਹੀਂ ਕਰਨਗੀਆਂ।

ਗਜ਼ਾਲਾ ਦਾ ਕਹਿਣਾ ਹੈ, "ਮੈਂ ਉਮੀਦ ਕਰਦੀ ਹਾਂ ਕਿ ਇਹ ਮੁਹਿੰਮ ਲਗਾਤਾਰ ਚੱਲਦੀ ਰਹੇ। ਅਜੇ ਇਸ ਮੁਹਿੰਮ 'ਤੇ ਕਈ ਤਰ੍ਹਾਂ ਦੀਆਂ ਬੰਦਿਸ਼ਾਂ ਹਨ ਪਰ ਇਹ ਸਿਰਫ਼ ਸ਼ੁਰੂਆਤ ਹੈ। ਉਮੀਦ ਹੈ ਕਿ ਦੇਸ ਭਰ ਵਿੱਚ ਮੁਹਿੰਮ ਹਰ ਕਿੱਤੇ, ਹਰ ਸ਼ਹਿਰ ਅਤੇ ਹਰ ਪਿੰਡ 'ਚ ਫੈਲੇਗੀ। ਇਹ ਦੇਸ ਵਿੱਚ ਕੰਮਕਾਜੀ ਔਰਤਾਂ ਲਈ ਇੱਕ ਸੁਰੱਖਿਅਤ ਮਾਹੌਲ ਪੈਦਾ ਕਰੇਗੀ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)