ਅਦਾਕਾਰ ਆਲੋਕ ਨਾਥ ਖ਼ਿਲਾਫ਼ ਰੇਪ ਕੇਸ ਦਰਜ, ਪੜ੍ਹੋ #MeToo ਮੁਹਿੰਮ ਕਦੋਂ ਸ਼ੁਰੂ ਹੋਈ

    • ਲੇਖਕ, ਟੀਮ ਬੀਬੀਸੀ ਹਿੰਦੀ
    • ਰੋਲ, ਦਿੱਲੀ

#MeToo ਮੁਹਿੰਮ ਦੇ ਬਾਰੇ ਕਿੰਨਾ ਜਾਣਦੇ ਹੋ, ਜਿਸ ਕਾਰਨ ਬਾਲੀਵੁੱਡ ਅਦਾਕਾਰ ਆਲੋਕ ਨਾਥ ਖ਼ਿਲਾਫ਼ ਬਲਾਤਕਾਰ ਦਾ ਮਾਮਲਾ ਦਰਜ ਹੋ ਗਿਆ ਹੈ।

ਪੁਲਿਸ ਨੇ ਆਲੋਕ ਨਾਥ ਖ਼ਿਲਾਫ਼ ਇਹ ਕੇਸ ਨਿਰਮਾਤਾ ਵਿੰਤਾ ਨੰਦਾ ਵੱਲੋਂ ਉਨ੍ਹਾਂ 'ਤੇ ਲਗਾਏ ਗਏ ਰੇਪ ਦੇ ਇਲਜ਼ਾਮ ਸਬੰਧੀ ਸ਼ਿਕਾਇਤ ਤੋਂ ਬਾਅਦ ਦਰਜ ਕੀਤਾ ਹੈ।

ਇਹ ਵੀ ਪੜ੍ਹੋ:

ਵੱਖ-ਵੱਖ ਮੁੱਦਿਆਂ 'ਤੇ ਸੰਸਦ ਤੋਂ ਲੈ ਕੇ ਸੜਕ ਤੱਕ ਦਾ ਹੰਗਾਮਾ ਜੋ ਨਹੀਂ ਕਰ ਸਕਿਆ, ਉਹ ਸੋਸ਼ਲ਼ ਮੀਡੀਆ ਉੱਤੇ ਛਿੜੀ #MeToo ਮੁਹਿੰਮ ਨੇ ਕਰ ਦਿਖਾਇਆ।

#MeToo ਨੇ ਵੱਡੇ-ਵੱਡੇ ਹਾਈ-ਪ੍ਰੋਫਾਈਲ ਲੋਕਾਂ ਦੀ ਪੋਲ ਖੋਲ੍ਹੀ ਹੈ। ਭਾਰਤ ਵਿੱਚ ਇਸਦਾ ਅਸਰ ਹੁਣ ਨਜ਼ਰ ਆਉਣ ਲੱਗਾ ਹੈ। ਕੁਝ ਸਮਾਂ ਪਹਿਲਾਂ ਬਾਲੀਵੁੱਡ ਅਦਾਕਾਰਾ ਤਨੁਸ਼੍ਰੀ ਦੱਤਾ ਨੇ ਨਾਨਾ ਪਾਟੇਕਰ 'ਤੇ ਛੇੜਛਾੜ ਅਤੇ ਗ਼ਲਤ ਵਿਹਾਰ ਦੇ ਇਲਜ਼ਾਮ ਲਗਾਉਂਦੇ ਹੋਏ ਭਾਰਤ ਵਿੱਚ #MeToo ਮੁਹਿੰਮ ਦੀ ਸ਼ੁਰੂਆਤ ਕੀਤੀ ਸੀ ਜਿਸ ਤੋਂ ਬਾਅਦ ਹੋਰ ਵੀ ਔਰਤਾਂ ਅੱਗੇ ਆਈਆਂ।

ਸਰੀਰਕ ਸ਼ੋਸ਼ਣ ਖ਼ਿਲਾਫ਼ ਬਾਲੀਵੁੱਡ ਤੋਂ ਸ਼ੁਰੂ ਹੋਈ ਇਹ ਮੁਹਿੰਮ ਹੌਲੀ-ਹੌਲੀ ਮੀਡੀਆ, ਕਲਾ, ਕਾਮੇਡੀ, ਟੀਵੀ, ਸਿਆਸਤ ਅਤੇ ਦੂਜੇ ਪ੍ਰੋਫੈਸ਼ਨਲ ਖੇਤਰਾਂ ਵਿੱਚ ਅੱਗ ਦੀ ਤਰ੍ਹਾਂ ਫੈਲ ਗਈ।

ਔਰਤਾਂ ਆਪਣੇ ਨਾਲ ਹੋਏ ਮਾੜੇ ਵਿਹਾਰ 'ਤੇ ਖੁੱਲ੍ਹ ਕੇ ਬੋਲਣ ਲੱਗੀਆਂ। ਤਾਕਤ ਦੇ ਬਲਬੂਤੇ 'ਤੇ ਦਬਾ ਦਿੱਤੀ ਜਾਣ ਵਾਲੀ ਆਵਾਜ਼ ਨੂੰ ਸੋਸ਼ਲ ਮੀਡੀਆ ਦੀ #MeToo ਮੁਹਿੰਮ ਨੇ ਬੁਲੰਦੀ ਦਿੱਤੀ।

ਪਰ ਇਹ ਮੁਹਿੰਮ ਸ਼ੁਰੂ ਕਦੋਂ ਹੋਈ। ਕਈ ਖ਼ਬਰਾਂ ਵਿੱਚ ਇਹ ਦਾਅਵਾ ਕੀਤਾ ਗਿਆ ਕਿ ਇਹ ਮੁਹਿੰਮ ਪਿਛਲੇ ਸਾਲ ਅਕਤੂਬਰ ਵਿੱਚ ਹਾਲੀਵੁੱਡ ਦੇ ਤਾਕਤਵਰ ਪ੍ਰੋਡਿਊਸਰ ਹਾਰਵੀ ਵਾਇੰਸਟੀਨ ਖ਼ਿਲਾਫ਼ ਸ਼ੁਰੂ ਹੋਈ ਸੀ।

ਹਾਲੀਵੁੱਡ ਦੀਆਂ ਕਈ ਮਸ਼ਹੂਰ ਅਦਾਕਾਰਾਂ ਨੇ ਉਨ੍ਹਾਂ 'ਤੇ ਸਰੀਰਕ ਸ਼ੋਸ਼ਣ ਦੇ ਇਲਜ਼ਾਮ ਲਾਏ ਸਨ ਜਿਸ ਤੋਂ ਬਾਅਦ ਉਨ੍ਹਾਂ ਖ਼ਿਲਾਫ਼ ਮੁਕੱਦਮਾ ਚੱਲਿਆ ਅਤੇ ਉਨ੍ਹਾਂ ਨੂੰ ਗਿਰਫ਼ਤਾਰ ਕੀਤਾ ਗਿਆ।

ਦੇਖਦੇ ਹੀ ਦੇਖਦੇ ਇਸ ਮੁਹਿੰਮ ਤਹਿਤ ਹੋਰ ਅਦਾਕਾਰਾ ਜੁੜਦੀਆਂ ਗਈਆਂ ਅਤੇ ਮਸ਼ਹੂਰ ਪ੍ਰੋਡਿਊਸਰ ਦਾ ਕਰੀਅਰ ਤਬਾਹ ਹੋ ਗਿਆ।

ਪਰ ਇਸ ਮੁਹਿੰਮ ਦੀ ਸ਼ੁਰੂਆਤ ਦੀ ਸੱਚਾਈ ਕੁਝ ਹੋਰ ਹੀ ਹੈ।

ਕਿੱਥੋਂ ਹੋਈ ਸ਼ੁਰੂਆਤ

ਅਕਤੂਬਰ 2017 ਵਿੱਚ ਸੋਸ਼ਲ ਮੀਡੀਆ 'ਤੇ #MeToo ਦੇ ਨਾਲ ਲੋਕਾਂ ਨੇ ਆਪਣੇ ਨਾਲ ਆਪਣੇ ਨਾਲ ਦਫ਼ਤਰਾਂ ਜਾਂ ਕੰਮ ਵਾਲੀਆਂ ਥਾਵਾਂ 'ਤੇ ਹੋਏ ਸਰੀਰਕ ਸ਼ੋਸ਼ਣ ਜਾਂ ਸਰੀਰਕ ਹਮਲਿਆਂ ਦੀਆਂ ਕਹਾਣੀਆਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਨੀਆਂ ਸ਼ੁਰੂ ਕਰ ਦਿੱਤੀਆਂ।

'ਦਿ ਗਾਰਡੀਅਨ' ਮੁਤਾਬਕ ਟੈਰਾਨਾ ਬਰਕ ਨਾਮ ਦੀ ਇੱਕ ਅਮਰੀਕੀ ਸਮਾਜਿਕ ਕਾਰਕੁਨ ਨੇ ਕਈ ਸਾਲ ਪਹਿਲਾਂ ਸਾਲ 2006 ਵਿੱਚ ''ਮੀ ਟੂ'' ਸ਼ਬਦਾਵਲੀ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਸੀ।

ਪਰ ਇਹ ਸ਼ਬਦਾਵਲੀ 2017 ਵਿੱਚ ਉਸ ਸਮੇਂ ਚਰਚਾ ਵਿੱਚ ਆਈ ਜਦੋਂ ਅਮਰੀਕੀ ਅਦਾਕਾਰ ਅਲੀਸਾ ਮਿਲਾਨੋ ਨੇ ਟਵਿੱਟਰ 'ਤੇ ਇਸਦੀ ਵਰਤੋਂ ਕੀਤੀ।

ਮਿਲਾਨੋ ਨੇ ਸਰੀਰਕ ਸ਼ੋਸ਼ਣ ਦੇ ਸ਼ਿਕਾਰ ਲੋਕਾਂ ਨੂੰ ਆਪਣੇ ਨਾਲ ਹੋਏ ਘਟਨਾਕ੍ਰਮ ਬਾਰੇ ਟਵੀਟ ਕਰਨ ਲਈ ਕਿਹਾ ਤਾਂ ਜੋ ਲੋਕ ਸਮਝ ਸਕਣ ਕਿ ਇਹ ਕਿੰਨੀ ਵੱਡੀ ਸਮੱਸਿਆ ਹੈ।

ਇਹ ਵੀ ਪੜ੍ਹੋ:

ਉਨ੍ਹਾਂ ਦੀ ਇਹ ਕੋਸ਼ਿਸ਼ ਕਾਮਯਾਬ ਵੀ ਹੋਈ ਅਤੇ #MeToo ਹੈਸ਼ਟੈਗ ਦੀ ਵਰਤੋਂ ਕਰਦੇ ਹੋਏ ਕਈ ਲੋਕਾਂ ਨੇ ਆਪਣੀ ਹੱਡਬੀਤੀ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ।

ਹੈਸ਼ਟੈਗ ਦੇ ਰੂਪ ਵਿੱਚ #MeToo ਉਦੋਂ ਤੋਂ ਹੀ ਪੂਰੀ ਦੁਨੀਆਂ ਵਿੱਚ ਵੱਡੇ ਪੱਧਰ 'ਤੇ ਵਰਤਿਆ ਜਾਣ ਲੱਗਿਆ। ਹਾਲਾਂਕਿ ਕੁਝ ਥਾਵਾਂ 'ਤੇ ਲੋਕਾਂ ਨੇ ਅਜਿਹੇ ਤਜ਼ਰਬੇ ਬਿਆਨ ਕਰਨ ਲਈ ਕੁਝ ਹੋਰ ਹੈਸ਼ਟੈਗ ਵੀ ਵਰਤੇ ਪਰ ਉਹ ਸਥਾਨਕ ਪੱਧਰ ਤੱਕ ਹੀ ਸੀਮਤ ਰਹਿ ਗਏ।

ਉਦਾਹਰਣ ਦੇ ਤੌਰ 'ਤੇ ਫਰਾਂਸ ਵਿੱਚ ਲੋਕਾਂ ਨੇ #balancetonporc ਨਾਮ ਦੀ ਮੁਹਿੰਮ ਸ਼ੁਰੂ ਕੀਤੀ ਤਾਂ ਜੋ ਔਰਤਾਂ ਆਪਣੇ ਉੱਤੇ ਸਰੀਰਕ ਹਮਲ ਕਰਨ ਵਾਲਿਆਂ ਨੂੰ ਸ਼ਰਮਿੰਦਾ ਕਰ ਸਕਣ।

ਇਸੇ ਤਰ੍ਹਾਂ ਕੁਝ ਲੋਕਾਂ ਨੇ #Womenwhoroar ਨਾਮ ਦਾ ਹੈਸ਼ਟੈਗ ਵੀ ਵਰਤਿਆ ਸੀ ਪਰ ਇਹ ਮਸ਼ਹੂਰ ਨਹੀਂ ਹੋ ਸਕੇ।

ਪਰ#MeToo ਨਾ ਸਿਰਫ਼ ਸੋਸ਼ਲ ਮੀਡੀਆ 'ਤੇ ਚਰਚਿਤ ਹੋਇਆ ਸਗੋਂ ਹੁਣ ਇਹ ਵਰਚੁਅਲ ਦੁਨੀਆਂ ਵਿੱਚੋਂ ਬਾਹਰ ਨਿਕਲ ਕੇ ਸਰੀਰਕ ਸ਼ੋਸ਼ਣ ਖ਼ਿਲਾਫ਼ ਇੱਕ ਨਾਮੀ ਮੁਹਿੰਮ ਬਣ ਚੁੱਕੀ ਹੈ।

ਭਾਰਤ ਵਿੱਚ #MeToo

ਤਨੁਸ਼੍ਰੀ ਦੱਤਾ ਤੋਂ ਪਹਿਲਾਂ ਵੀ ਕੰਮ ਵਾਲੀ ਥਾਂ 'ਤੇ ਸਰੀਰ ਸ਼ੋਸ਼ਣ ਦੇ ਮਾਮਲੇ ਅਤੇ ਹੱਡਬੀਤੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਜਾਂਦੀ ਰਹੀ ਹੈ ਪਰ ਉਸਦਾ ਕੋਈ ਵਿਆਪਕ ਅਸਰ ਨਹੀਂ ਦਿਖਿਆ ਗਿਆ।

ਨਾਨਾ ਪਾਟੇਕਰ 'ਤੇ ਇਲਜ਼ਾਮ ਲੱਗਣ ਤੋਂ ਬਾਅਦ ਭਾਰਤ ਵਿੱਚ ਇਹ ਇੱਕ ਮੁਹਿੰਮ ਦੇ ਰੂਪ ਵਿੱਚ ਸ਼ੁਰੂ ਹੋਇਆ। ਇਸ ਤੋਂ ਬਾਅਦ ਫ਼ਿਲਮ ਅਤੇ ਟੀਵੀ ਇੰਡਸਟਰੀ ਦੀਆਂ ਤਮਾਮ ਔਰਤਾਂ ਨੇ ਮਸ਼ਹੂਰ ਕਲਾਕਾਰਾਂ 'ਤੇ ਸਰੀਰਕ ਸ਼ੋਸ਼ਣ ਦੇ ਇਲਜ਼ਾਮ ਲਗਾਏ।

ਇਸਦੀ ਲਪੇਟ ਵਿੱਚ ਵਿਕਾਸ ਬਹਿਲ, ਸੁਭਾਸ਼ ਘਈ, ਸਾਜਿਦ ਖ਼ਾਨ, ਆਲੋਕ ਨਾਥ, ਵਿਵੇਕ ਅਗਨੀਹੋਤਰੀ, ਉਤਸਵ ਚੱਕਰਵਰਤੀ, ਕੈਲਾਸ਼ ਖੈਰ, ਅਭਿਜੀਤ ਭੱਟਾਚਾਰਿਆ, ਵਰੁਣ ਗਰੋਵਰ, ਚੇਤਨ ਭਗਤ ਵਰਗੀਆਂ ਫਿਲਮੀ ਹਸਤੀਆਂ ਆਈਆਂ।

ਇਸ ਤੋਂ ਬਾਅਦ ਇਹ ਪੱਤਰਕਾਰੀ ਦੇ ਖੇਤਰ ਵਿੱਚ ਪਹੁੰਚਿਆ ਜਿੱਥੇ ਐਮ ਜੇ ਅਕਬਰ, ਵਿਨੋਦ ਦੁਆ ਵਰਗੇ ਪੱਤਰਕਾਰ ਅਤੇ ਸਾਬਕਾ ਪੱਤਰਕਾਰਾਂ 'ਤੇ ਇਲਜ਼ਾਮ ਲੱਗੇ।

ਇਸ ਤੋਂ ਬਾਅਦ ਕਈ ਸੰਸਥਾਵਾਂ ਨੇ ਆਪਣੇ ਮੁਲਾਜ਼ਮਾਂ ਖ਼ਿਲਾਫ਼ ਜਾਂਚ ਦੀ ਗੱਲ ਆਖੀ ਹੈ ਅਤੇ ਕਈਆਂ ਨੂੰ ਆਪਣੀ ਨੌਕਰੀ ਤੋਂ ਹੱਥ ਧੋਣਾ ਪਿਆ ਹੈ।

ਤੁਹਾਨੂੰ ਇਹ ਵੀ ਪਸੰਦ ਆ ਸਕਦਾ ਹੈ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)