#MeToo ਅਤੇ 'ਤੇਰਾ ਪੀਛਾ ਨਾ ਛੋੜੂੰਗਾ ਸੋਹਣੀਏ' - ਨਜ਼ਰੀਆ

    • ਲੇਖਕ, ਰਾਜੇਸ਼ ਜੋਸ਼ੀ
    • ਰੋਲ, ਰੇਡੀਓ ਐਡੀਟਰ, ਬੀਬੀਸੀ ਹਿੰਦੀ

ਕੁਝ ਸਮਾਂ ਪਹਿਲਾਂ ਪਿੰਡੋਂ ਪੁਰਾਣਾ ਰੇਡੀਓ ਲੈ ਆਇਆਂ ਹਾਂ। ਤੜਕੇ-ਤੜਕੇ ਰੇਡੀਓ ਸੁਣਦੇ ਹੋਏ ਦਫ਼ਤਰ ਲਈ ਤਿਆਰ ਹੁੰਦਿਆਂ ਉਹ ਦਿਨ ਯਾਦ ਆਉਂਦੇ ਹਨ ਜਦੋਂ ਅਸੀਂ ਸਕੂਲ ਲਈ ਤਿਆਰ ਹੁੰਦੇ ਸੀ ਅਤੇ ਘਰ ਦੀ ਇੱਕ ਨੁੱਕਰੇ ਰੇਡੀਓ ਵੱਜਦਾ ਰਹਿੰਦਾ ਸੀ।

ਹਰ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਕਿਸ਼ੋਰ ਕੁਮਾਰ ਦਾ ਗਾਣਾ ਵੱਜਦਾ ਸੀ - ਖ਼ੁਸ਼ ਹੈ ਜ਼ਮਾਨਾ ਆਜ ਪਹਿਲੀ ਤਾਰੀਖ਼ ਹੈ...ਪਹਿਲੀ ਨੂੰ ਤਨਖ਼ਾਹ ਮਿਲਣ ਦਾ ਦਿਨ ਹੁੰਦਾ ਸੀ। ਇਹ ਗੀਤ ਸੁਣ ਕੇ ਸਾਰੇ ਖ਼ੁਸ਼ ਦਿਖਦੇ ਸਨ।

ਰਾਤ ਨੂੰ ਸੌਂਣ ਤੋਂ ਪਹਿਲਾਂ ਪੌਣੇ ਨੌਂ ਵਜੇ ਤਰਾਈ ਦੀਆਂ ਹਨੇਰੇ ਵਾਲੀਆਂ ਬਸਤੀਆਂ 'ਚ ਰੇਡੀਓ 'ਤੇ ਤਕਰੀਬਨ ਰੋਜ਼ਾਨਾ ਇੱਕ ਬੁਲੰਦ ਆਵਾਜ਼ ਗੁੰਜਦੀ ਸੀ - ਇਹ ਆਕਾਸ਼ਵਾਣੀ ਹੈ, ਹੁਣ ਤੁਸੀਂ ਦੇਵਕੀਨੰਦਨ ਪਾਂਡੇ ਤੋਂ ਖ਼ਬਰਾਂ ਸੁਣ ਰਹੇ ਹੋ।

ਜਿਵੇਂ ਅੱਜ-ਕੱਲ੍ਹ ਲਗਪਗ ਹਰ ਨਿਊਜ਼ ਬੁਲੇਟਿਨ ਦੀ ਸ਼ੁਰੂਆਤ 'ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ' ਨਾਲ ਹੁੰਦੀ ਹੈ, ਉਦੋਂ ਦੇਵਕੀਨੰਦਨ ਪਾਂਡੇ ਦਾ ਪਹਿਲਾ ਵਾਕ ਹੁੰਦਾ ਸੀ - ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਨੇ ਕਿਹਾ ਹੈ...

ਰਾਤ ਪੌਣੇ ਨੌਂ ਦੀਆਂ ਖ਼ਬਰਾਂ ਸੁਣਦੇ-ਸੁਣਦੇ ਸਾਨੂੰ ਨੀਂਦ ਆ ਜਾਂਦੀ ਸੀ।

ਇਹ ਵੀ ਪੜ੍ਹੋ:

ਉਨ੍ਹਾਂ ਦਿਨਾਂ 'ਚ ਕਿਸ਼ੋਰ ਕੁਮਾਰ ਦਾ ਇੱਕ ਪੁਰਾਣਾ ਗਾਣਾ ਕਾਫ਼ੀ ਮਸ਼ਹੂਰ ਸੀ - ਲੜਕੀ ਚਲੇ ਜਬ ਸੜਕੋਂ ਪੇ, ਆਈ ਕ਼ਿਆਮਤ ਲੜਕੋਂ ਪੇ।

ਅਸੀਂ ਇੰਨੇ ਤਾਂ ਵੱਡੇ ਸੀ ਕਿ ਖ਼ੁਦ ਨੂੰ ਲੜਕਾ (ਮੁੰਡਾ) ਹੋਣ ਦਾ ਅਹਿਸਾਸ ਹੋਵੇ, ਪਰ ਇੰਨਾ ਸਮਝਣ ਲਾਇਕ ਵੱਡੇ ਨਹੀਂ ਹੋਏ ਸੀ ਕਿ ਕੁੜੀ ਦੇ ਸੜਕਾਂ 'ਤੇ ਚੱਲਣ ਨਾਲ ਮੁੰਡਿਆਂ 'ਤੇ ਕਿਆਮਤ ਕਿਵੇਂ ਆ ਜਾਵੇਗੀ। ਉਹ ਆਪਣੇ ਰਾਹ ਜਾ ਰਹੀ ਹੈ, ਅਸੀਂ ਆਪਣੇ ਰਾਹ!

ਕ਼ਿਆਮਤ ਦਾ ਡੂੰਘਾ ਅਰਥ ਨਾ ਵੀ ਪਤਾ ਹੋਵੇ ਫ਼ਿਰ ਵੀ ਇਹ ਜ਼ਰੂਰ ਸਮਝ 'ਚ ਆਉਂਦਾ ਸੀ ਕਿ ਕ਼ਿਆਮਤ ਆਉਣ ਦਾ ਮਤਲਬ ਕੁਝ ਗੜਬੜ ਹੋਣਾ ਹੁੰਦਾ ਹੈ। ਉਦਾਹਰਣ ਦੇ ਤੌਰ 'ਤੇ ਹੋਮਵਰਕ ਕੀਤੇ ਬਿਨਾਂ ਸਕੂਲ ਚਲੇ ਗਏ ਤਾਂ ਕ਼ਿਆਮਤ ਆ ਸਕਦੀ ਹੈ।

ਗੁੱਸਾ ਹਸੀਨ ਹੈ ਤਾਂ ਪਿਆਰ...

ਸਾਨੂੰ ਫ਼ਿਲਮ ਦੇਖਣ ਦੀ ਮਨਾਹੀ ਦਾ ਸਵਾਲ ਹੀ ਨਹੀਂ ਸੀ ਕਿਉਂਕਿ ਪਿੰਡ ਦੇ ਆਲੇ-ਦੁਆਲੇ ਮੀਲਾਂ ਤੱਕ ਕੋਈ ਸਿਨੇਮਾ ਹਾਲ ਹੀ ਨਹੀਂ ਸੀ। ਪਰ ਰੇਡੀਓ ਦੇ ਜ਼ਰੀਏ ਕਿਸ਼ੋਰ ਕੁਮਾਰ ਤੋਂ ਅਸੀਂ ਸਿੱਖ ਰਹੇ ਸੀ ਕਿ ਜਦੋਂ ਕੁੜੀਆਂ ਸੜਕਾਂ 'ਤੇ ਚੱਲਦੀਆਂ ਹਨ ਤਾਂ ਮੁੰਡਿਆਂ 'ਤੇ ਕ਼ਿਆਮਤ ਆਉਣ ਦਾ ਖ਼ਤਰਾ ਬਣਿਆ ਰਹਿੰਦਾ ਹੈ।

ਐਤਵਾਰ, 14 ਅਕਤੂਬਰ, 2018 - ਮੁੜਦੇ ਹਾਂ ਮੌਜੂਦਾ ਸਮੇਂ 'ਚ।

ਛੁੱਟੀ ਦਾ ਦਿਨ, ਬਾਹਰ ਫ਼ੈਲੀ ਧੁੱਪ ਸਰਦ ਦਿਨਾਂ ਦੇ ਆਉਣ ਦਾ ਸੰਕੇਤ ਦੇ ਰਹੀ ਹੈ। ਸਵੇਰੇ-ਸਵੇਰੇ ਪਿੰਡ ਤੋਂ ਲਿਆਂਦੇ ਰੇਡੀਓ 'ਤੇ ਫ਼ਿਰ ਤੋਂ ਕਿਸ਼ੋਰ ਕੁਮਾਰ ਦੇ ਗਾਣੇ ਆ ਰਹੇ ਹਨ।

ਗ਼-ਗ਼-ਗ਼ ਗ਼ੁੱਸਾ ਇਤਨਾ ਹਸੀਨ ਹੈ ਤੋ ਪਿਆਰ ਕੈਸਾ ਹੋਗਾ,

ਐਸਾ ਜਬ ਇਨਕਾਰ ਹੈ, ਇਕ਼ਰਾਰ ਕੈਸਾ ਹੋਗਾ...

ਮੈਂ ਅੰਦਾਜ਼ਾ ਲਗਾਉਂਦਾ ਹਾਂ ਕਿ ਹੀਰੋਇਨ ਗੁੱਸੇ 'ਚ ਹੋਵੇਗੀ ਅਤੇ ਹੀਰੋ ਉਸ ਨੂੰ ਇਹ ਗਾਣਾ ਗਾ ਕੇ ਹੋਰ ਚਿੜਾ ਰਿਹਾ ਹੈ। ਹੀਰੋਇਨ ਅੱਗੇ ਵਧਣਾ ਚਾਹੁੰਦੀ ਹੋਵੇਗੀ ਪਰ ਹੀਰੋ ਉਸਦਾ ਰਾਹ ਰੋਕ ਰਿਹਾ ਹੈ।

ਹੀਰੋਇਨ ਜਿੰਨਾ ਗੁੱਸਾ ਦਿਖਾਵੇ, ਜਿੰਨਾ ਇਨਕਾਰ ਕਰੇ, ਹੀਰੋ ਨੂੰ ਲੱਗਦਾ ਹੈ ਉਹ ਹਸੀਨ ਦਿਖ ਰਹੀ ਹੈ, ਜੇ ਪਿਆਰ ਜਤਾਵੇ ਤਾਂ ਪਿਆਰ ਕਿਵੇਂ ਦਾ ਹੋਵੇਗਾ।

ਕਮਰਸ਼ੀਅਲ ਬ੍ਰੇਕ (ਮਸ਼ਹੂਰੀ) ਤੋਂ ਬਾਅਦ ਇੱਕ ਹੋਰ ਗਾਣਾ ਸ਼ੁਰੂ ਹੁੰਦਾ ਹੈ। ਇੱਕ ਵਾਰ ਮੁੜ ਤੋਂ ਕਿਸ਼ੋਰ ਕੁਮਾਰ ਦੀ ਆਵਾਜ਼ 'ਚ:

ਤੇਰਾ ਪੀਛਾ ਨਾ ਛੋੜੂੰਗਾ ਸੋਹਣੀਏ, ਭੇਜ ਦੇ ਚਾਹੇ ਜੇਲ ਮੇਂ...ਦੋ ਦਿਲੋਂ ਕੇ ਮੇਲ ਮੇਂ।

ਇਸ 'ਚ ਵੀ ਹੀਰੋਇਨ ਖ਼ਾਮੋਸ਼ ਹੈ - ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹੀਰੋ ਉਸਦਾ ਪਿੱਛਾ ਕਰ ਰਿਹਾ ਹੈ ਅਤੇ ਉਹ ਇਸ ਤੋਂ ਨਾਖ਼ੁਸ਼ ਨਹੀਂ ਹੈ ਪਰ ਕਿਸ਼ੋਰ ਕੁਮਾਰ ਦੀ ਆਵਾਜ਼ ਤੋਂ ਸਾਫ਼ ਸਮਝ 'ਚ ਆਉਂਦਾ ਹੈ ਕਿ ਹੀਰੋਇਨ ਦੇ ਗੁੱਸੇ ਨਾਲ ਹੀਰੋ ਨੂੰ ਕੁਝ ਫ਼ਰਕ ਨਹੀਂ ਪੈਂਦਾ। ਉਹ ਐਲਾਨ ਵਾਂਗ ਕਹਿੰਦਾ ਹੈ - ਪੀਛਾ ਨਾ ਛੋੜੂੰਗਾ, ਚਾਹੇ ਜੇਲ ਭੇਜ ਦੇ।

ਅਗਲੀ ਮਸ਼ਹੂਰੀ (ਕਮਰਸ਼ੀਅਲ ਬ੍ਰੇਕ) ਤੋਂ ਪਹਿਲਾਂ ਰੇਡੀਓ ਆਰਜੇ (ਰੇਡੀਓ ਜੌਕੀ) ਦੀ ਸ਼ਰਾਰਤ ਭਰੀ, ਚੁਲਬੁਲੀ ਆਵਾਜ਼ ਗੂੰਜਦੀ ਹੈ - ਸ਼ਰਾਫ਼ਤ ਮੇਰੇ ਜਿਸਮ ਤੋਂ ਟਪਕਦੀ ਹੈ...ਟਪਕ, ਟਪਕ, ਟਪਕ। ਫ਼ਿਰ ਇੱਕ 'ਕੂਲ' ਜਿਹਾ ਸ਼ਹਿਰੀ ਹਾਸਾ ਅਤੇ ਫ਼ਿਰ ਬੇਟੀ ਬਚਾਓ-ਬੇਟੀ ਪੜਾਓ ਵਰਗੀ ਕਿਸੇ ਵੀ ਸਰਕਾਰੀ ਯੋਜਨਾ ਦੀ ਮਸ਼ਹੂਰੀ ਸ਼ੁਰੂ ਹੋ ਜਾਂਦੀ ਹੈ।

ਮੈਂ ਉਹ ਤਿੰਨੇ ਫ਼ਿਲਮਾਂ ਨਹੀਂ ਦੇਖੀਆਂ ਸੀ ਜਿਨ੍ਹਾਂ ਦੇ ਗਾਣੇ ਮੈਂ ਸੁਣ ਰਿਹਾ ਸੀ, ਪਰ ਯੂ-ਟਿਊਬ 'ਤੇ ਸਭ ਕੁਝ ਉਪਲਬਧ ਹੈ।

ਸੜਕ 'ਤੇ ਜਾ ਰਹੀ ਸਿਮੀ ਗਰੇਵਾਲ ਦੇ ਪਿੱਛੇ-ਪਿੱਛੇ ਨੱਚਦੇ ਰਾਕੇਸ਼ ਰੌਸ਼ਨ ਦਿਖੇ। ਯਾਨਿ ਸਿਮੀ ਗਰੇਵਾਲ ਉਹ ਲੜਕੀ ਹੈ ਜੋ ਸੜਕ 'ਤੇ ਚੱਲ ਰਹੀ ਹੈ ਅਤੇ ਰਾਕੇਸ਼ ਰੌਸ਼ਨ ਉਹ ਲੜਕੇ ਹਨ ਜਿਨ੍ਹਾਂ 'ਤੇ ਕ਼ਿਆਮਤ ਆ ਗਈ ਹੈ।

ਪਰ ਇਸ ਗਾਣੇ ਨੂੰ ਦੇਖੀਏ ਤਾਂ ਲੱਗਦਾ ਹੈ ਕ਼ਿਆਮਤ ਰਾਕੇਸ਼ ਰੌਸ਼ਨ 'ਤੇ ਨਹੀਂ ਸਿਮੀ ਗਰੇਵਾਲ 'ਤੇ ਆ ਗਈ ਹੈ। ਕੁੜੀ ਆਪਣੇ ਰਾਹ ਜਾ ਰਹੀ ਹੈ ਪਰ ਇਸ ਮੁੰਡਾ ਸਰੇਆਮ ਉਸਨੂੰ ਰੋਕ ਰਿਹਾ ਹੈ ਅਤੇ ਗਾਣਾ ਗਾ ਰਿਹਾ ਹੈ - ਆਈ ਕ਼ਿਆਮਤ ਲੜਕੋਂ ਪਰ।

ਸਿਮੀ ਗਰੇਵਾਲ ਲੱਖ ਗੁਸਾ ਦਿਖਾਵੇ, ਹੀਰੋ ਵਾਰ-ਵਾਰ ਸਕਰੀਨ 'ਤੇ ਕਦੇ ਇੱਥੇ ਅਤੇ ਕਦੇ ਉੱਥੋ ਆ ਜਾਂਦਾ ਹੈ ਅਤੇ ਕਦੇ ਹੀਰੋਇਨ ਦੀਆਂ ਗੱਲ੍ਹਾਂ ਨੂੰ ਛੂੰਹਦਾ ਹੈ ਤਾਂ ਕਦੇ ਉਸਦੇ ਹੱਥ ਫੜਕੇ ਮਰੋੜਦਾ ਹੈ।

ਕ਼ਿਆਮਤ ਤਾਂ ਕੁੜੀ 'ਤੇ ਆ ਰਹੀ ਹੈ।

ਇਹ ਵੀ ਪੜ੍ਹੋ:

ਦੂਜੇ ਗਾਣੇ 'ਚ ਰਾਜੇਸ਼ ਖੰਨਾ ਉਸੇ ਤਰ੍ਹਾਂ ਖੁੱਲ੍ਹੀ ਸੜਕ 'ਤੇ ਸਾੜੀ 'ਚ ਲਿਪਟੀ ਹੋਈ ਇੱਕ ਸ਼ਰੀਫ਼ ਮਹਿਲਾ (ਮਾਲਾ ਸਿਨਹਾ) ਦੇ ਅੱਗੇ-ਪਿੱਛੇ ਨੱਚਦੇ-ਗਾਉਂਦੇ ਘੁੰਮ ਰਹੇ ਹਨ ਅਤੇ ਗਾ ਰਹੇ ਹਨ ਕਿ:

ਐਸਾ ਜੋ ਇਨਕਾਰ ਹੈ, ਇਕ਼ਰਾਰ ਕੈਸਾ ਹੋਗਾ...

ਹੀਰੋਇਨ ਦੇ ਚੇਹਰੇ 'ਤੇ ਲੋਕਲਾਜ ਹੈ ਪਰ ਹੀਰੋ ਦੇ ਚਿਹਰੇ 'ਤੇ 'ਪ੍ਰਬੋਧਨ' ਦਾ ਭਾਵ ਹੈ। ਯਾਨਿ ਹੀਰੋ ਕਹਿ ਰਿਹਾ ਹੈ ਕਿ ਹੀਰੋਇਨ ਦਾ ਰਾਹ ਰੋਕਣਾ ਉਸ ਦਾ ਹੱਕ ਹੈ। ਹੀਰੋਇਨ ਸ਼ਰਮ ਨਾਲ ਪਾਣੀ-ਪਾਣੀ ਹੁੰਦੀ ਜਾ ਰਹੀ ਹੈ। ਹੀਰੋ ਲਗਾਤਾਰ ਗਾ ਰਿਹਾ ਹੈ - ਗ਼ੁੱਸਾ ਹਸੀਨ ਹੈ ਤੋ...

ਹੁਣ ਵਾਰੀ ਸਾਡੇ ਧਰਮ ਭਾਅ ਜੀ ਦੀ ਯਾਨਿ ਧਰਮ ਸਿੰਘ ਦਿਓਲ ਉਰਫ਼ ਧਰਮਿੰਦਰ ਦੀ ਜੋ ਹਵਾਈ ਜਹਾਜ਼ ਉਡਾਉਂਦੇ ਹੋਏ ਹੇਮਾ ਮਾਲਿਨੀ ਨੂੰ ਧਮਕੀ ਦੇ ਰਹੇ ਹਨ - ਤੇਰਾ ਪੀਛਾ ਨਾ ਛੋੜੂੰਗਾ ਸੋਹਣੀਏ, ਭੇਜ ਦੇ ਚਾਹੇ ਜੇਲ ਮੇਂ।

ਗੁੱਸੇ 'ਚ ਲਬਰੇਜ਼ ਹੋਈ ਹੀਰੋਇਨ ਹੇਮਾ ਮਾਲਿਨੀ ਆਪਣੇ ਵਾਇਰਲੈੱਸ ਸੈੱਟ 'ਤੇ ਸਿਰਫ਼ ਸ਼ੱਟ-ਅੱਪ ਅਤੇ ਇਡੀਅਟ ਹੀ ਕਹਿ ਪਾਉਂਦੀ ਹੈ। ਪਰ ਹੀਰੋ ਕਿਉਂ ਮੰਨੇਗਾ? ਉਹ ਐਲਾਨ ਕਰਦਾ ਹੈ - ਜਹਾਂ ਭੀ ਤੂ ਜਾਏਗੀ ਮੈਂ ਵਹਾਂ ਚਲਾ ਜਾਊਂਗਾ...ਫ਼ਿਰ ਧਮਕੀ ਦਿੰਦਾ ਹੈ ਕਿ ਦਿਨ ਮੇਂ ਅਗਰ ਤੂ ਨਹੀਂ ਮਿਲੀ ਤੋ ਸਪਨੇ ਮੇਂ ਆ ਕਰ ਸਾਰੀ ਰਾਤ ਜਗਾਊਂਗਾ।

ਕ਼ਿਆਮਤ ਉਸ 'ਤੇ ਕਿਉਂ ਨਹੀਂ

ਐਤਵਾਰ ਦੀ ਸਾਰੀ ਸਵੇਰ ਇਸ ਗੱਲ 'ਚ ਬੀਤ ਗਈ ਕਿ ਕ਼ਿਆਮਤ ਉਸ 'ਤੇ ਕਿਉਂ ਨਹੀ ਡਿੱਗੀ ਜੋ ਕ਼ਿਆਮਤ ਦਾ ਡਰ ਜਤਾ ਰਿਹਾ ਸੀ।

ਦੁਪਹਿਰ ਢੱਲਦੇ-ਢੱਲਦੇ ਖ਼ਬਰ ਮਿਲੀ ਕਿ ਨਰਿੰਦਰ ਮੋਦੀ ਸਰਕਾਰ 'ਚ ਵਿਦੇਸ਼ ਰਾਜ ਮੰਤਰੀ ਐਮ ਜੇ ਅਕਬਰ ਨੇ #MeToo ਮੁਹਿੰਮ ਤਹਿਤ ਉਨ੍ਹਾਂ 'ਤੇ ਤੋਹਮਤ ਲਗਾਉਣ ਵਾਲੀਆਂ ਮਹਿਲਾਵਾਂ ਖ਼ਿਲਾਫ਼ ਅਦਾਲਤੀ ਕਾਰਵਾਈ ਕਰਨ ਦੀ ਧਮਕੀ ਦਿੱਤੀ ਹੈ।

ਪਰ #MeToo ਦੀਆਂ ਖ਼ਬਰਾਂ ਉਸ ਰੇਡੀਓ ਸਟੇਸ਼ਨ ਨੇ ਨਹੀਂ ਦਿੱਤੀਆਂ ਜਿਸ 'ਤੇ ਹੀਰੋ ਗਾ ਰਿਹਾ ਸੀ - ਤੇਰਾ ਪੀਛਾ ਨਾ ਛੋੜੂੰਗਾ ਸੋਹਣੀਏ, ਭੇਜ ਦੇ ਚਾਹੇ ਜੇਲ ਮੇਂ।

ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)