ਪ੍ਰਕਾਸ਼ ਸਿੰਘ ਬਾਦਲ 'ਤੇ ਹਮਲਾ ਕਰਨ ਦੀ ਯੋਜਨਾ ਨੂੰ ਕੀਤਾ ਫੇਲ: ਯੂਪੀ ਪੁਲਿਸ - 5 ਅਹਿਮ ਖ਼ਬਰਾਂ

ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਯੂਪੀ ਦੀ ਸ਼ਾਮਲੀ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 'ਤੇ ਹਮਲੇ ਦੀ ਸਾਜ਼ਿਸ਼ ਨੂੰ ਉਨ੍ਹਾਂ ਬੇਪਰਦਾ ਕੀਤਾ ਹੈ।

ਖ਼ਬਰ ਮੁਤਾਬਕ ਇਹ ਹਮਲਾ 7 ਅਕਤੂਬਰ ਨੂੰ ਪਟਿਆਲਾ ਵਿੱਚ ਹੋਈ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਦੌਰਾਨ ਕਰਨ ਦਾ ਮੰਤਵ ਸੀ।

ਯੂਪੀ ਪੁਲਿਸ ਨੇ ਇਸ ਮਾਮਲੇ 'ਚ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਇਹ ਦਾਅਵਾ ਕੀਤਾ ਹੈ ਕਿ ਇਨ੍ਹਾਂ ਕੋਲੋਂ ਦੋ ਸਰਵਿਸ ਰਿਵਾਲਵਰ ਬਰਾਮਦ ਕੀਤੇ ਗਏ ਹਨ ਜੋ ਉਨ੍ਹਾਂ ਲੰਘੀ 2 ਸਤੰਬਰ ਨੂੰ ਦੋ ਪੁਲਿਸ ਵਾਲਿਆਂ ਤੋਂ ਖੋਹੇ ਸਨ।

ਖ਼ਬਰ ਮੁਤਾਬਕ ਪੁਲਿਸ ਨੇ ਅੱਗੇ ਕਿਹਾ ਕਿ ਬਰਾਮਦ ਕੀਤੇ ਗਏ ਹਥਿਆਰਾਂ ਨਾਲ ਹੀ ਪ੍ਰਕਾਸ਼ ਸਿੰਘ ਬਾਦਲ 'ਤੇ ਹਮਲਾ ਕਰਨ ਦੀ ਯੋਜਨਾ ਸੀ, ਪਰ ਇਹ ਯੋਜਨਾ ਉਦੋਂ ਧਰੀ ਦੀ ਧਰੀ ਰਹਿ ਗਈ ਜਦੋਂ ਇਹ ਹਥਿਆਰ ਪੰਜਾਬ ਨਾ ਪਹੁੰਚਾਏ ਜਾ ਸਕੇ।

ਇਲਾਹਾਬਾਦ ਬਣੇਗਾ ਪ੍ਰਯਾਗਰਾਜ

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਉੱਤਰ ਪ੍ਰਦੇਸ਼ ਦੇ ਇਲਾਹਾਬਾਦ ਦਾ ਨਵਾਂ ਨਾਮ ਪ੍ਰਯਾਗਰਾਜ ਹੋਵੇਗਾ।

ਖ਼ਬਰ ਮੁਤਾਬਕ ਸੂਬੇ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਦੱਸਿਆ ਕਿ ਅਗਲੇ ਸਾਲ ਕੁੰਭ ਮੇਲੇ ਤੋਂ ਪਹਿਲਾਂ ਸ਼ਹਿਰ ਦਾ ਨਾਂ ਬਦਲੇ ਜਾਣ ਨੂੰ ਲੈ ਕੇ ਪ੍ਰਪੋਜ਼ਲ ਮਿਲਿਆ ਸੀ।

ਉੱਧਰ ਸੂਬੇ ਦੇ ਰਾਜਪਾਲ ਰਾਮ ਨਾਇਕ ਨੇ ਵੀ ਨਵੇਂ ਨਾਂ 'ਤੇ ਸਹਿਮਤੀ ਜਤਾਈ ਹੈ।

ਇਹ ਵੀ ਪੜ੍ਹੋ:

ਖ਼ਬਰ ਮੁਤਾਬਕ ਦੂਜੇ ਪਾਸੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ ਕਿ ਥਾਵਾਂ ਦੇ ਨਾਂ ਬਦਲਣਾ ਹੀ ਮੌਜੂਦਾ ਸਰਕਾਰ ਦਾ ਕੰਮ ਹੈ।

ਮੋਦੀ ਦੇ ਮੰਤਰੀ ਅਕਬਰ ਪਹੁੰਚੇ ਕੋਰਟ

ਦੈਨਿਕ ਭਾਸਕਰ ਦੀ ਖ਼ਬਰ ਮੁਤਾਬਕ ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਵਿਦੇਸ਼ ਰਾਜ ਮੰਤਰੀ ਐਮ ਜੇ ਅਕਬਰ ਨੇ ਉਨ੍ਹਾਂ 'ਤੇ ਇਲਜ਼ਾਮ ਲਗਾਉਣ ਵਾਲੀ ਮਹਿਲਾ 'ਤੇ ਮਾਨਹਾਨੀ ਦਾ ਕੇਸ ਕੀਤਾ ਹੈ। ਅਕਬਰ ਨੇ ਪੱਤਰਕਾਰ ਪ੍ਰਿਆ ਰਮਾਨੀ ਖ਼ਿਲਾਫ਼ ਪਟਿਆਲਾ ਹਾਊਸ ਕੋਰਟ 'ਚ ਕੇਸ ਕੀਤਾ।

ਖ਼ਬਰ ਮੁਤਾਬਕ ਅਕਬਰ ਵੱਲੋਂ 97 ਵਕੀਲ ਪੈਰਵੀ ਕਰਨਗੇ। ਉਨ੍ਹਾਂ 'ਤੇ ਰਮਾਨੀ ਸਣੇ 12 ਮਹਿਲਾਵਾਂ ਨੇ ਜਿਨਸੀ ਸ਼ੋਸ਼ਣ ਦਾ ਇਲਜ਼ਾਮ ਲਗਾਇਆ ਹੈ।

ਅਕਬਰ ਨੇ ਪ੍ਰੈੱਸ ਕਾਨਫਰੰਸ 'ਚ ਇਨ੍ਹਾਂ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਸੀ।

ਅਖ਼ਬਾਰ ਦੀ ਖ਼ਬਰ ਮੁਤਾਬਕ ਦੂਜੇ ਪਾਸੇ ਅਕਬਰ ਦੇ ਬਿਆਨ ਤੋਂ ਬਾਅਦ ਉਨ੍ਹਾਂ 'ਤੇ ਇਲਜ਼ਾਮ ਲਗਾਉਣ ਵਾਲੀਆਂ ਮਹਿਲਾ ਪੱਤਰਕਾਰਾਂ ਨੇ ਵੀ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਉਹ ਆਪਣੇ ਇਲਜ਼ਾਮਾਂ 'ਤੇ ਕਾਇਮ ਹਨ ਅਤੇ ਹਾਲਾਤ ਦਾ ਸਾਹਮਣਾ ਕਰਨ ਨੂੰ ਤਿਆਰ ਹਨ।

ਲਾਪਤਾ ਪੱਤਰਕਾਰ ਦੀ ਭਾਲ 'ਚ ਟਰੰਪ ਸਰਗਰਮ

ਬੀਬੀਸੀ ਦੀ ਖ਼ਬਰ ਮੁਤਾਬਕ ਦੋ ਹਫ਼ਤਿਆਂ ਤੋਂ ਲਾਪਤਾ ਪੱਤਰਕਾਰ ਜਮਾਲ ਖ਼ਾਸ਼ੋਜੀ ਮਾਮਲੇ 'ਚ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੂੰ ਸਾਊਦੀ ਸ਼ਾਹ ਸਲਮਾਨ ਨਾਲ ਗੱਲ ਕਰਨ ਲਈ ਸਾਊਦੀ ਅਰਬ ਭੇਜਿਆ ਹੈ।

ਟਰੰਪ ਨੇ ਇੱਕ ਬਿਆਨ 'ਚ ਕਿਹਾ, ''ਸ਼ਾਹ ਸਲਮਾਨ ਨੂੰ ਇਸ ਮਾਮਲੇ 'ਚ ਕੋਈ ਜਾਣਕਾਰੀ ਨਹੀਂ। ਮੈਂ ਤੁਰੰਤ ਆਪਣੇ ਸੈਕਰੇਟਰੀ ਨੂੰ ਉਨ੍ਹਾਂ ਨਾਲ ਮੁਲਾਕਾਤ ਲਈ ਭੇਜ ਰਿਹਾ ਹਾਂ।''

ਟਰੰਪ ਨੇ ਕਿਹਾ, ''ਮੈਂ ਦੱਸ ਦੇਵਾਂ ਕਿ ਸ਼ਾਹ ਸਲਮਾਨ ਨੇ ਇਸ ਬਾਰੇ ਕੋਈ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ ਹੈ।''

ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਟਰਕੀ ਨਾਲ ਮਿਲ ਕੇ ਕੰਮ ਕਰ ਰਹੇ ਹਨ।

ਬਾਘਣੀ ਨੂੰ ਗੋਲੀ ਮਾਰਨ ਦੇ ਹੁਕਮ ਰੱਦ ਕਰਨ ਦੀ ਅਪੀਲ

ਦੈਨਿਕ ਭਾਸਕਰ ਦੀ ਖ਼ਬਰ ਮੁਤਾਬਕ ਮਹਾਰਾਸ਼ਟਰ ਦੇ ਯਵਤਮਾਲ ਜ਼ਿਲ੍ਹੇ 'ਚ ਬਾਘਣੀ ਅਵਨਿ ਆਦਮਖ਼ੋਰ ਹੋ ਚੁੱਕੀ ਹੈ ਅਤੇ ਦੋ ਸਾਲਾਂ 'ਚ 13 ਲੋਕਾਂ ਨੂੰ ਮਾਰ ਚੁੱਕੀ ਹੈ। ਉਸਨੂੰ ਦੇਖਦੇ ਹੀ ਗੋਲੀ ਮਾਰਨ ਦੇ ਹੁਕਮ ਹਨ ਅਤੇ ਇਸ 'ਤੇ ਸੁਪਰੀਮ ਕੋਰਟ ਨੇ ਵੀ ਮੁਹਰ ਲਗਾਈ ਹੈ।

ਖ਼ਬਰ ਮੁਤਾਬਕ ਦੂਜੇ ਪਾਸੇ ਜੰਗਲੀ ਜੀਵਾਂ ਲਈ ਕੰਮ ਕਰਨ ਵਾਲੇ ਇੱਕ ਗਰੁੱਪ ਨੇ ਇਸ ਬਾਘਣੀ ਨੂੰ ਬਚਾਉਣ ਲਈ ਰਾਸ਼ਟਰਪਤੀ ਰਾਮਨਾਥ ਕੋਵਿੰਦ ਕੋਲ ਅਰਜ਼ੀ ਦਾਇਰ ਕੀਤੀ ਹੈ।

ਇਸ 'ਚ ਕਿਹਾ ਗਿਆ ਹੈ ਉਹ ਬਾਘਣੀ ਨੂੰ ਦੇਖਦੇ ਹੀ ਗੋਲੀ ਮਾਰਨ ਦੇ ਹੁਕਮ ਰੱਦ ਕਰ ਦੇਣ।

ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)