ਸਚਿਨ ਤੇਂਦੁਲਕਰ ਦੇ 'ਭਾਜਪਾ ਸਮਰਥਕ' ਹੋਣ ਦਾ ਸੱਚ ਕੀ?

ਭਗਵਾ ਕੱਪੜਿਆਂ 'ਚ ਸਚਿਨ ਤੇਂਦੁਲਕਰ ਦੀ ਇੱਕ ਤਸਵੀਰ ਭਾਜਪਾ ਦੇ ਇੱਕ ਗੈਰ-ਅਧਿਕਾਰਕ ਪੋਸਟਰ 'ਤੇ ਛਾਪੀ ਗਈ ਹੈ।

ਇਸ ਪੋਸਟਰ ਦਾ ਇਸਤੇਮਾਲ ਦੱਖਣਪੰਥੀ ਰੁਝਾਨ ਵਾਲੇ ਕੁਝ ਫੇਸਬੁੱਕ ਪੇਜ ਕਰ ਰਹੇ ਹਨ। ਕੁਝ ਥਾਵਾਂ 'ਤੇ ਇਹ ਦਾਅਵਾ ਵੀ ਕੀਤਾ ਗਿਆ ਹੈ ਕਿ ਸਚਿਨ ਤੇਂਦੁਲਕਰ ਨੇ ਭਾਜਪਾ ਦੇ ਸਮਰਥਨ ਦਾ ਐਲਾਨ ਕਰ ਦਿੱਤਾ ਹੈ।

ਇਸ ਪੋਸਟਰ 'ਤੇ ਕਮਲ ਦਾ ਨਿਸ਼ਾਨ ਵੀ ਹੈ ਜਿਸ 'ਤੇ ਲਿਖਿਆ ਹੈ 'ਸਪੋਰਟ ਨਮੋ'। ਕਮਲ ਦਾ ਨਿਸ਼ਾਨ ਭਾਜਪਾ ਇਸਤੇਮਾਲ ਕਰਦੀ ਹੈ ਅਤੇ ਭਗਵਾ ਰੰਗ ਦੇ ਕੱਪੜਿਆਂ ਨੂੰ ਪਾਰਟੀ ਪ੍ਰਮੋਟ ਕਰਦੀ ਆਈ ਹੈ।

ਕਾਂਗਰਸ ਪਾਰਟੀ ਨੇ ਸਾਲ 2012 ਵਿੱਚ ਸਚਿਨ ਤੇਂਦੁਲਕਰ ਨੂੰ ਰਾਜਸਭਾ ਭੇਜਿਆ ਸੀ। ਹਾਲਾਂਕਿ ਰਾਜ ਸਭਾ ਵਿੱਚ ਘੱਟ ਹਾਜਰੀ ਕਾਰਨ ਉਨ੍ਹਾਂ ਦੀ ਕਾਫੀ ਆਲੋਚਨਾ ਹੋਈ ਸੀ।

ਇਹ ਵੀ ਪੜ੍ਹੋ:

ਹੁਣ ਗੱਲ ਕਰਦੇ ਹਾਂ ਤਸਵੀਰ ਦੀ ਜਿਸਨੂੰ ਇਸ ਪੋਸਟਰ 'ਤੇ ਛਾਪਿਆ ਗਿਆ ਹੈ।

ਇਹ ਤਸਵੀਰ 24 ਅਪ੍ਰੈਲ 2015 ਦੀ ਹੈ ਤੇ ਇਹ ਸਚਿਨ ਦੇ 42ਵੇਂ ਜਨਮਦਿਨ 'ਤੇ ਲਈ ਗਈ ਸੀ।

ਸਚਿਨ ਆਪਣੇ ਜਨਮਦਿਨ 'ਤੇ ਪੂਰੇ ਪਰਿਵਾਰ ਨਾਲ ਮੁੰਬਈ ਦੇ ਸਿੱਧਿਵਿਨਾਇਕ ਗਣਪਤੀ ਮੰਦਿਰ ਗਏ ਸਨ ਅਤੇ ਉਨ੍ਹਾਂ ਭਗਵਾ ਰੰਗ ਦਾ ਕੁਰਤਾ ਪਾ ਰੱਖਿਆ ਸੀ।

ਸਿਧਿਵਿਨਾਇਕ ਮੰਦਿਰ ਦੀ ਸਾਈਟ 'ਤੇ ਮੰਦਿਰ ਦੇ ਟ੍ਰਸਟੀ ਮਹੇਸ਼ ਮੁਦਲਿਅਰ ਅਤੇ ਮੰਗੇਸ਼ ਸ਼ਿੰਦੇ ਨਾਲ ਸਚਿਨ ਤੇਂਦੁਲਕਰ ਦੀਆਂ ਹੋਰ ਤਸਵੀਰਾਂ ਨਾਲ ਇਸ ਫੋਟੋ ਨੂੰ ਵੀ ਪੋਸਟ ਕੀਤਾ ਗਿਆ ਸੀ।

ਹਜ ਦੀ ਤਸਵੀਰ ਕੁੰਭ ਦੀ ਤਿਆਰੀ ਕਿਵੇਂ ਬਣੀ?

ਰਾਸ਼ਟਰਵਾਦੀ ਸਰਕਾਰ ਚੁਣਨ ਦਾ ਕਿੰਨਾ ਫਾਇਦਾ ਹੁੰਦਾ ਹੈ, ਇਹ ਲਿਖਦੇ ਹੋਏ ਕਈ ਦੱਖਣਪੰਥੀ ਰੁਝਾਨ ਵਾਲੇ ਫੇਸਬੁੱਕ 'ਤੇ ਟਵਿੱਟਰ ਯੂਜ਼ਰਸ ਨੇ ਇਸ ਤਸਵੀਰ ਨੂੰ ਪੋਸਟ ਕੀਤਾ।

ਇਸ ਤਸਵੀਰ ਨੂੰ ਯੋਗੀ ਸਰਕਾਰ ਵੱਲੋਂ ਇਲਾਹਾਬਾਦ ਕੁੰਭ ਮੇਲੇ ਦੀ ਤਿਆਰੀ ਦੀ ਤਸਵੀਰ ਦੱਸਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ:

ਕੁਝ ਲੋਕਾਂ ਨੇ ਲਿਖਿਆ ਹੈ ਕਿ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੇ ਵਿਕਾਸ ਅਤੇ ਵਿਵਸਥਾ ਦੇ ਮਾਮਲੇ ਵਿੱਚ ਸਾਰਿਆਂ ਨੂੰ ਪਿੱਛੇ ਛੱਡ ਦਿੱਤਾ ਹੈ।

ਇੱਕ ਥਾਂ 'ਤੇ ਇਹ ਦਾਅਵਾ ਵੀ ਕੀਤਾ ਗਿਆ ਹੈ ਕਿ ਇਹ ਜਗਮਗਾਉਂਦੀ ਤਸਵੀਰ ਸਾਊਦੀ ਅਰਬ ਦੀ ਨਹੀਂ ਬਲਕਿ ਕੁੰਭ ਮੇਲੇ ਨੂੰ ਲੈ ਕੇ ਯੋਗੀ ਸਰਕਾਰ ਦੀ ਤਿਆਰੀ ਦਾ ਨਜ਼ਾਰਾ ਹੈ। ਪਰ ਇਹ ਸਾਰੇ ਦਾਅਵੇ ਝੂਠੇ ਹਨ।

ਦਰਅਸਲ ਇਹ ਤਸਵੀਰ ਹੱਜ ਦੇ ਸਮੇਂ ਦੀ ਹੈ। ਅਗਸਤ 2018 ਵਿੱਚ ਇਸ ਤਸਵੀਰ ਨੂੰ ਸਾਊਦੀ ਅਰਬ ਦੇ ਕੁਝ ਮੀਡੀਆ ਸੰਸਥਾਨਾਂ ਨੇ ਛਾਪਿਆ ਵੀ ਸੀ।

ਤਸਵੀਰ ਵਾਲੀ ਥਾਂ ਨੂੰ ਮੀਨਾ ਵੈਲੀ ਕਿਹਾ ਜਾਂਦਾ ਹੈ। ਸਾਊਦੀ ਅਰਬ ਵਿੱਚ ਬਹੁਤ ਲੋਕ ਮੀਨਾ ਵੈਲੀ ਨੂੰ ਟੈਂਟ ਸਿਟੀ ਦੇ ਨਾਂ ਤੋਂ ਵੀ ਜਾਣਦੇ ਹਨ।

ਜਿਸ ਪੁਲ ਦੇ ਆਲੇ ਦੁਆਲੇ ਟੈਂਟ ਨਜ਼ਰ ਆ ਰਹੇ ਹਨ, ਉਹ ਕਿੰਗ ਖਾਲਿਦ ਬ੍ਰਿਜ ਦੇ ਨਾਂ ਤੋਂ ਮਸ਼ਹੂਰ ਹੈ।

ਕੀ ਸੱਚ ਵਿੱਚ ਇਹ ਤਸਵੀਰ 'ਰਾਮਾਇਣ ਐਕਸਪ੍ਰੈਸ' ਦੀ ਹੈ?

ਭਾਰਤੀ ਰੇਲ ਦੀ ਇੱਕ ਤਸਵੀਰ ਦੱਖਣਪੰਥੀ ਰੁਝਾਨ ਵਾਲੇ ਫੇਸਬੁੱਕ ਪੰਨਿਆਂ 'ਤੇ ਵਾਇਰਲ ਹੋ ਰਹੀ ਹੈ ਜਿਸਨੂੰ ਲੋਕ ਰਾਮਾਇਣ ਐਕਸਪ੍ਰੈਸ ਦੀ ਤਸਵੀਰ ਦੱਸ ਰਹੇ ਹਨ।

ਭਾਰਤੀ ਰੇਲ ਮੰਤਰਾਲੇ ਨੇ ਇਸੇ ਸਾਲ ਨਵੰਬਰ ਵਿੱਚ ਰਾਮਾਇਣ ਐਕਸਪ੍ਰੈਸ ਦੀ ਸ਼ੁਰੂਆਤ ਕੀਤੀ ਹੈ।

ਇਹ ਟ੍ਰੇਨ ਅਯੁੱਧਿਆ ਤੋਂ ਲੈ ਕੇ ਰਾਮੇਸ਼ਵਰਮ ਤੱਕ ਦੇ ਕਈ ਤੀਰਥਸਥਾਨਾਂ ਦੇ ਦਰਸ਼ਨ ਲਈ ਸ਼ੁਰੂ ਕੀਤੀ ਗਈ ਹੈ।

ਪਰ ਇਸ ਤਸਵੀਰ ਦੇ ਨਾਲ ਕੈਪਸ਼ਨ ਵਿਚ ਲਿਖਿਆ ਹੈ ਕਿ ਆਪਣੇ ਭਾਰਤ ਵਿੱਚ ਪਹਿਲੀ ਵਾਰ ਰਾਮਾਇਣ ਐਕਸਪ੍ਰੈਸ ਚੱਲੀ ਹੈ ਨਹੀਂ ਹੁਣ ਤੱਕ ਤਾਂ ਨਿਜ਼ਾਮੁੱਦੀਨ ਐਕਸਪ੍ਰੈਸ ਚੱਲਦੀ ਹੀ ਵੇਖੀ ਹੈ।

ਕੁਝ ਲੋਕਾਂ ਨੇ ਇਸਨੂੰ ਸਰਕਾਰ ਦੀ ਇੱਕ ਵੱਡੀ ਕਾਮਯਾਬੀ ਦੱਸਿਆ।

ਪਰ ਸਾਡੀ ਪੜਤਾਲ ਵਿੱਚ ਇਹ ਪਾਇਆ ਗਿਆ ਕਿ ਜਿਸ ਤਸਵੀਰ ਨੂੰ ਰਾਮਾਇਣ ਐਕਸ੍ਰੈਸ ਦੀ ਤਸਵੀਰ ਦੱਸਿਆ ਜਾ ਰਿਹਾ ਹੈ, ਉਹ ਤਸਵੀਰ ਨਿਊ ਜ਼ੀਲੈਂਡ ਦੀ ਟ੍ਰੇਨ ਦੀ ਹੈ।

ਪਰ ਇਸਨੂੰ ਰਾਜਸਥਾਨ ਵਿੱਚ ਭਾਜਪਾ ਦੇ ਪੱਖ 'ਚ ਮਾਹੌਲ ਬਣਾਉਣ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ।

ਇਹ ਕਹਾਣੀ ਫੇਕ ਨਿਊਜ਼ ਤੋਂ ਲੜਣ ਲਈ ਬਣਾਏ ਗਏ ਪ੍ਰੋਜੈਕਟ 'ਏਕਤਾ ਨਿਊਜ਼ਰੂਮ' ਦਾ ਹਿੱਸਾ ਹੈ।

ਜੇ ਤੁਹਾਡੇ ਕੋਲ ਅਜਿਹੀਆਂ ਖਬਰਾਂ, ਵੀਡੀਓ, ਤਸਵੀਰਾਂ ਜਾਂ ਦਾਅਵੇ ਆਉਂਦੇ ਹਨ, ਜਿਨ੍ਹਾਂ 'ਤੇ ਤੁਹਾਨੂੰ ਸ਼ੱਕ ਹੈ ਤਾਂ ਉਨ੍ਹਾਂ ਦਾ ਸੱਚ ਪਤਾ ਕਰਵਾਉਣ ਲਈ ਤੁਸੀਂ ਏਕਤਾ ਨਿਊਜ਼ਰੂਮ ਦੇ ਇਸ ਨੰਬਰ +91 89290 23625 'ਤੇ ਵੱਟਸਐਪ ਕਰ ਸਕਦੇ ਹੋ ਜਾਂ ਇੱਥੇ ਕਲਿੱਕ ਕਰ ਸਕਦੇ ਹੋ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)