ਮੱਛਰਾਂ ਨੂੰ ਬੋਲ਼ਾ ਕਰਕੇ ਕਿਵੇਂ ਵਿਗਿਆਨੀਆਂ ਨੇ ਡੇਂਗੂ ਨੂੰ ਖ਼ਤਮ ਕਰਨ ਦਾ ਅਨੋਖਾ ਤਰੀਕਾ ਲਭਿਆ

    • ਲੇਖਕ, ਡਿਜੀਟਲ ਹੈਲਥ ਐਡੀਟਰ, ਬੀਬੀਸੀ ਨਿਊਜ਼
    • ਰੋਲ, ਡਿਜੀਟਲ ਹੈਲਥ ਐਡੀਟਰ

ਵਿਗਿਆਨੀਆਂ ਨੇ ਹੁਣ ਡੇਂਗੂ, ਪੀਲਾ ਬੁਖ਼ਾਰ ਅਤੇ ਜ਼ੀਕਾ ਵਰਗੀਆਂ ਬਿਮਾਰੀਆਂ ਨਾਲ ਲੜਨ ਦਾ ਨਵਾਂ ਅਤੇ ਅਨੋਖਾ ਤਰੀਕਾ ਲੱਭ ਲਿਆ ਹੈ।

ਇਹ ਬਿਮਾਰੀਆਂ ਮੱਛਰਾਂ ਦੇ ਕੱਟਣ ਕਾਰਨ ਫੈਲਦੀਆਂ ਹਨ। ਇਸ ਤਰੀਕੇ ਵਿੱਚ ਨਰ ਮੱਛਰ ਨੂੰ ਬੋਲ਼ਾ ਕੀਤਾ ਜਾਂਦਾ ਹੈ ਜਿਸ ਤੋ ਬਾਅਦ ਮੱਛਰ ਮਾਦਾ ਸਾਥੀ ਅਤੇ ਆਪਣੀ ਨਸਲ ਲੱਭਣ ਵਿੱਚ ਅਸਮਰਥ ਹੋ ਜਾਂਦੇ ਹਨ।

ਅਸਲ ਵਿੱਚ ਮੱਛਰ ਹਵਾ ਵਿੱਚ ਉੱਡਦੇ ਹੋਏ ਪ੍ਰਜਣਨ ਕਰਦੇ ਹਨ ਅਤੇ ਮਾਦਾ ਮੱਛਰ ਦਾ ਪਿੱਛਾ ਸੁਣਨ ਦੇ ਆਧਾਰ 'ਤੇ ਕਰਦੇ ਹਨ। ਇਹ ਮਾਦਾ ਮੱਛਰ ਦੀ ਆਕਰਸ਼ਕ ਖੰਭਾਂ ਦੀ ਅਵਾਜ਼ ਹੁੰਦੀ ਹੈ ਜੋ ਨਰ ਮੱਛਰ ਨੂੰ ਉਨ੍ਹਾਂ ਵੱਲ ਖਿੱਚਦੀ ਹੈ।

ਇਸ ਦੇ ਅਧਾਰ ’ਤੇ ਖੋਜਕਰਤਾਵਾਂ ਨੇ ਇੱਕ ਪ੍ਰਯੋਗ ਕੀਤਾ। ਉਨ੍ਹਾਂ ਨੇ ਨਰ ਮੱਛਰਾਂ ਦੇ ਸੁਣਨ ਲਈ ਬਣੇ ਜੈਨੇਟਿਕਸ ਮਾਰਗ ਨੂੰ ਬਦਲ ਦਿੱਤਾ।

ਨਤੀਜਾ ਵਜੋਂ ਤਿੰਨ ਦਿਨ ਇੱਕੋ ਪਿੰਜਰੇ ਵਿੱਚ ਰਹਿਣ ਤੋਂ ਬਾਅਦ ਵੀ ਨਰ ਮੱਛਰਾਂ ਨੇ ਮਾਦਾ ਨਾਲ ਕੋਈ ਸਰੀਰਕ ਸਬੰਧ ਨਹੀਂ ਬਣਾਏ ਸਨ।

ਇਹ ਬਿਮਾਰੀਆਂ ਲੋਕਾਂ ਵਿੱਚ ਮਾਦਾ ਮੱਛਰ ਹੀ ਫੈਲਾਉਂਦੀਆਂ ਹਨ। ਇਸ ਲਈ ਮੱਛਰ ਪੈਦਾ ਕਰਨ ਤੋਂ ਰੋਕਣ ਨਾਲ ਕੁੱਲ ਗਿਣਤੀ ਨੂੰ ਘਟਾਉਣ ਵਿੱਚ ਮਦਦ ਮਿਲੇਗੀ।

ਕੈਲੀਫੋਰਨੀਆ ਯੂਨੀਵਰਸਿਟੀ ਦੀ ਇੱਕ ਟੀਮ ਅਰਵਾਇਨ ਨੇ ਏਡੀਜ਼ ਇਜਿਪਟੀ ਮੱਛਰਾਂ ਦਾ ਅਧਿਐਨ ਕੀਤਾ। ਇਹ ਮੱਛਰ ਡੇਂਗੂ ਅਤੇ ਹੋਰ ਕਈ ਬਿਮਾਰੀਆਂ ਫੈਲਾਉਣ ਲਈ ਜ਼ਿੰਮੇਵਾਰ ਹਨ ਅਤੇ ਇੱਕ ਸਾਲ ਵਿੱਚ ਲਗਭਗ 40 ਕਰੋੜ ਲੋਕਾਂ ਵਿੱਚ ਵਾਇਰਸ ਫੈਲਾਉਂਦੇ ਹਨ।

ਉਨ੍ਹਾਂ ਨੇ ਮੱਛਰਾਂ ਦੀ ਹਵਾ ਵਿੱਚ ਹੁੰਦੇ ਮਿਲਾਪ ਦੀਆਂ ਆਦਤਾਂ ਦਾ ਅਧਿਐਨ ਕੀਤਾ। ਇਹ ਕੁਝ ਸਕਿੰਟਾਂ ਤੋਂ ਲੈ ਕੇ ਇੱਕ ਮਿੰਟ ਦੇ ਅੰਦਰ ਤੱਕ ਰਹਿ ਸਕਦਾ ਹੈ ਅਤੇ ਫਿਰ ਇਹ ਪਤਾ ਲਗਾਇਆ ਕਿ ਜੈਨੇਟਿਕਸ ਵਿੱਚ ਬਦਲਾਅ ਕਰਕੇ ਇਸ ਨੂੰ ਕਿਵੇਂ ਵਿਗਾੜਿਆ ਜਾ ਸਕਦਾ ਹੈ।

ਉਨ੍ਹਾਂ ਨੇ ਟੀਆਰਪੀਵੀਏ ਨਾਂ ਦੇ ਇੱਕ ਪ੍ਰੋਟੀਨ ਵਿੱਚ ਬਦਲਾਅ ਕੀਤਾ ਜੋ ਕਿ ਮੱਛਰਾਂ ਲਈ ਸੁਣਨ ਵਾਸਤੇ ਜ਼ਰੂਰੀ ਹੁੰਦਾ ਹੈ।

ਇਨਾਂ ਜੈਨੇਟਿਕਸ ਬਦਲਾਅ ਵਾਲੇ ਮੱਛਰਾਂ ਵਿੱਚ ਆਵਾਜ਼ ਦਾ ਪਤਾ ਲਗਾਉਣ ਵਿੱਚ ਸ਼ਾਮਲ ਨਿਊਰੋਨਸ ਨੇ ਮਾਦਾ ਸਾਥੀਆਂ ਦੇ ਅਵਾਜ਼ ਤੇ ਕੋਈ ਪ੍ਰਤੀਕਿਰਿਆ ਨਹੀਂ ਦਿਖਾਈ।

ਮਨਮੋਹਕ ਆਵਾਜ਼ ਬੋਲ਼ੇ ਕੰਨਾਂ ਕਾਰਨ ਢਹਿ ਢੇਰੀ ਹੋ ਗਈ।

ਇਸ ਦੇ ਉਲਟ, ਜੰਗਲੀ (ਜੈਨੇਟਿਕਸ ਬਦਲਾਅ ਰਹਿਤ) ਨਰ ਮੱਛਰ ਆਪਣੇ ਪਿੰਜਰੇ ਵਿੱਚ ਲਗਭਗ ਸਾਰੀਆਂ ਮਾਦਾਵਾਂ ਨਾਲ ਕਈ ਵਾਰ ਸੈਕਸ ਅਤੇ ਗਰਭਵਤੀ ਕਰਨ ਵਿੱਚ ਤੇਜ਼ ਸਨ।

ਕੈਲੀਫੋਰਨੀਆ ਯੂਨੀਵਰਸਿਟੀ, ਸੈਂਟਾ ਬਾਰਬਰਾ ਦੇ ਖੋਜਕਰਤਾਵਾਂ ਨੇ ਕਿਹਾ ਕਿ ਜੈਨੇਟਿਕਸ ਬਦਲਾਅ ਦਾ ਪ੍ਰਭਾਵ ਬਿਲਕੁਲ ਪੂਰਨ ਤੌਰ ’ਤੇ ਸੀ, ਕਿਉਂਕਿ ਬੋਲ਼ੇ ਮੱਛਰਾਂ ਦੁਆਰਾ ਸੈਕਸ ਪੂਰੀ ਤਰਾਂ ਖ਼ਤਮ ਹੋ ਗਿਆ ਸੀ।

ਇਨ੍ਹਾਂ ਖੋਜਕਰਤਾਵਾਂ ਨੇ ਪੀਐਨਏਐਸ ਜਰਨਲ ਵਿੱਚ ਆਪਣਾ ਅਧਿਐਨ ਪ੍ਰਕਾਸ਼ਿਤ ਕੀਤਾ ਹੈ।

ਜਰਮਨੀ ਦੀ ਓਲਡਨਬਰਗ ਯੂਨੀਵਰਸਿਟੀ ਤੋਂ ਡਾ: ਜੋਰਗ ਐਲਬਰਟ ਮੱਛਰਾਂ ਦੇ ਪ੍ਰਜਨਣ ਪ੍ਰਕਿਰਿਆ ਦੇ ਮਾਹਿਰ ਹਨ।

ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਨ੍ਹਾਂ ਨੇ ਇਸ ਖੋਜ ਤੋਂ ਕੀ ਪ੍ਰਾਪਤ ਕੀਤਾ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਆਵਾਜ਼ ਨੂੰ ਸੁਣਨ ਤੋਂ ਰੋਕਣਾ ਮੱਛਰਾਂ ਨੂੰ ਕੰਟਰੋਲ ਕਰਨ ਦਾ ਇੱਕ ਵਧੀਆ ਤਰੀਕਾ ਹੈ ਪਰ ਇਸ ਦਾ ਹੋਰ ਅਧਿਐਨ ਅਤੇ ਪ੍ਰਬੰਧ ਕਰਨ ਦੀ ਲੋੜ ਹੈ।

ਇਹ ਅਧਿਐਨ ਪਹਿਲਾ ਸਿੱਧਾ ਅਣੂ ਟੈੱਸਟ ਪ੍ਰਦਾਨ ਕਰਦਾ ਹੈ ਜੋ ਕਿ ਸੁਝਾਉਂਦਾ ਹੈ ਕਿ ਸੁਣਨਾ ਮੱਛਰ ਦੇ ਪ੍ਰਜਨਨ ਵਿੱਚ ਸਿਰਫ਼ ਮਹੱਤਵਪੂਰਨ ਨਾ ਹੁੰਦੇ ਹੋਏ ਬਲਕਿ ਬੇਹੱਦ ਜ਼ਰੂਰੀ ਹੈ।

"ਮੱਛਰਾਂ ਦੇ ਸੁਣਨ ਦੀ ਅਤੇ ਆਵਾਜ਼ ਦਾ ਪਿੱਛਾ ਕਰਨ ਦੀ ਅਸਮਰਥਾ ਕਾਰਨ ਮਾਦਾ ਮੱਛਰ ਅਲੋਪ ਹੋ ਸਕਦੇ ਹਨ।"

ਉਨ੍ਹਾਂ ਨੇ ਅੱਗੇ ਕਿਹਾ ਕਿ ਇੱਕ ਹੋਰ ਵਿਧੀ ਵਿੱਚ ਖੋਜ ਕੀਤੀ ਜਾ ਰਹੀ ਜਿਸ ਵਿੱਚ ਉਨ੍ਹਾਂ ਖੇਤਰਾਂ ਵਿੱਚ ਜਿੱਥੇ ਮੱਛਰਾਂ ਤੋਂ ਫੈਲਣ ਵਾਲੀਆਂ ਬਿਮਾਰੀਆਂ ਹਨ ਉੱਥੇ ਨਿਰਜੀਵ ਮਰਦਾਂ ਨੂੰ ਛੱਡਿਆ ਜਾਂਦਾ ਹੈ।

ਹਾਲਾਂਕਿ ਮੱਛਰਾਂ ਤੋਂ ਕਈ ਬਿਮਾਰੀਆਂ ਫੈਲਦੀਆਂ ਹਨ ਪਰ ਉਹ ਭੋਜਨ ਲੜੀ ਦਾ ਇੱਕ ਮਹੱਤਵਪੂਰਨ ਹਿੱਸਾ ਹਨ। ਉਦਾਹਰਨ ਲਈ ਮੱਛੀਆਂ, ਪੰਛੀਆਂ, ਚਮਗਿੱਦੜਾਂ ਅਤੇ ਡੱਡੂਆਂ ਲਈ ਪੋਸ਼ਣ ਪ੍ਰਦਾਨ ਕਰਨਾ ਅਤੇ ਕੁਝ ਮੱਛਰ ਮਹੱਤਵਪੂਰਨ ਪਰਾਗਿਤ ਵੀ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)