ਬਲਾਗ: 'ਅੱਛੇ ਦਿਨ ਦੀ ਗਾਜਰ ਅਗਲੇ ਵਰ੍ਹੇ ਚੋਣਾਂ ਬਾਅਦ ਮਿਲੇਗੀ'

    • ਲੇਖਕ, ਵੁਸਤੁੱਲਾਹ ਖ਼ਾਨ
    • ਰੋਲ, ਪਾਕਿਸਤਾਨ ਤੋਂ ਬੀਬੀਸੀ ਲਈ

ਜ਼ਰਾ ਇਸ 'ਤੇ ਗੌਰ ਕਰੋ ਕਿ ਗੋਧਰਾ 'ਚ ਅਚਾਨਕ ਹਿੰਦੂ ਮੁਸਾਫ਼ਰਾ ਨਾਲ ਭਰੀ ਸਾਬਰਮਤੀ ਐਕਸਪ੍ਰੈੱਸ ਨੂੰ ਕੁਝ ਕਮਲੇ ਮੁਸਲਮਾਨ ਉਂਝ ਹੀ ਕਿਉਂ ਸਾੜ ਦਿੰਦੇ ਹਨ।

ਮੁਜ਼ੱਫਰਨਗਰ 'ਚ ਕੋਈ ਮੁਸਲਮਾਨ ਇੱਕ ਦਿਨ ਕਿਸੇ ਹਿੰਦੂ ਕੁੜੀ ਨੂੰ ਕਿਓਂ ਛੇੜ ਦਿੰਦਾ ਹੈ, ਜਿਸ ਨਾਲ ਹਿੰਦੂ ਜਾਟ ਇੰਨ੍ਹੇ ਗੁੱਸੇ 'ਚ ਆ ਜਾਣ ਕਿ ਲੋਕਾਂ ਦੇ ਘਰਾਂ ਨੂੰ ਹੀ ਅੱਗ ਲਾ ਦੇਣ।

'ਲਵ ਜਿਹਾਦ' ਦੇ ਖ਼ਿਲਾਫ਼ ਮੁਹਿੰਮ ਇੱਕ ਦਮ ਕਿਉਂ ਸ਼ੁਰੂ ਹੁੰਦੀ ਹੈ ਅਤੇ ਫ਼ਿਰ ਕਿਉਂ ਕੁਝ ਸਾਲਾਂ ਲਈ ਦੱਬ ਜਾਂਦੀ ਹੈ ?

'ਘਰ ਵਾਪਸੀ' ਅੰਦੋਲਨ ਕੁਝ ਦਿਨਾਂ ਲਈ ਕਿਉਂ ਉੱਠਦਾ ਹੈ, ਕੁਝ ਇਸਾਈ ਅਤੇ ਮੁਸਲਮਾਨ ਫ਼ਿਰ ਤੋਂ ਹਿੰਦੂ ਹੋ ਜਾਂਦੇ ਹਨ ਅਤੇ ਬਾਕੀ ਉਂਝ ਦੇ ਉਂਝ ਹੀ ਰਹਿੰਦੇ ਹਨ।

ਦਾਦਰੀ ਦੇ ਅਖ਼ਲਾਕ ਅਹਿਮਦ ਦੇ ਫਰਿੱਜ 'ਚੋਂ ਕਿਸੇ ਵੀ ਦਿਨ ਗਊ ਦਾ ਮਾਸ ਕਿਓਂ ਬਰਾਮਦ ਹੋ ਜਾਂਦਾ ਹੈ?

ਉੜੀਸਾ ਦੇ ਕੰਧਮਾਲ ਜ਼ਿਲ੍ਹੇ 'ਚ ਸਕੂਨ ਨਾਲ ਬੈਠੇ ਇਸਾਈਆਂ ਨੇ ਅਜਿਹਾ ਕੀ ਕੀਤਾ ਕਿ ਉਨ੍ਹਾਂ ਦੀ ਚਰਚ 'ਚ ਅੱਗ ਲੱਗ ਜਾਂਦੀ ਹੈ, ਫ਼ਿਰ ਇਸ ਤੋਂ ਬਾਅਦ ਪਈ ਭਾਜੜ ਸਭ ਭੁੱਲ ਜਾਂਦੇ ਹਨ।

ਜੇਕਰ ਇਹ 'ਅਚਾਨਕਪਨ' ਸਮਝ 'ਚ ਨਹੀਂ ਆ ਰਿਹਾ ਤਾਂ ਇੰਝ ਕਰੋ ਕਿ ਆਪਣੀ ਕੰਧ 'ਤੇ ਲੱਗੇ ਕਲੰਡਰ 'ਚ ਉਨ੍ਹਾਂ ਤਰੀਕਾਂ 'ਤੇ ਲਾਲ ਨਿਸ਼ਾਨ ਲਗਾ ਲਵੋ।

ਜਦੋਂ ਕੋਈ ਲੋਕਸਭਾ, ਵਿਧਾਨਸਭਾ ਜਾਂ ਸਥਾਨਕ ਚੋਣਾਂ ਹੋਣ ਵਾਲੀਆਂ ਹੋਣ ਅਤੇ ਫ਼ਿਰ ਅੱਖ ਬੰਦ ਕਰਕੇ ਨਫ਼ਰਤ ਵਾਲੀ ਦੇਗ ਭਖੀ ਰੱਖਣ ਵਾਲੀਆਂ ਘਟਨਾਵਾਂ ਦੇ ਆਲੇ-ਦੁਆਲੇ ਦੀਆਂ ਤਰੀਕਾਂ ਵੇਖੋ।

ਹੌਲੀ-ਹੌਲੀ ਸਾਫ਼ ਹੁੰਦਾ ਜਾਵੇਗਾ ਕਿ ਇਸ ਘਟਨਾ ਦਾ ਸਿਆਸੀ ਸਬੰਧ ਕੀ ਹੈ।

'ਜ਼ੋਰ ਦਾ ਝਟਕਾ ਹਾਏ ਜ਼ੋਰ ਨਾਲ ਲੱਗਿਆ'

ਭਾਰਤ 'ਚ ਇਨ੍ਹੀਂ ਦਿਨੀਂ ਲਗਾਤਾਰ ਖ਼ਬਰ ਆ ਰਹੀ ਹੈ ਕਿ ਅਰਥਚਾਰੇ ਦੀ ਹਾਲਤ ਠੀਕ ਨਹੀਂ ਹੈ।

ਇਹ ਗੱਲ ਸਿਰਫ਼ ਨਰੇਂਦਰ ਮੋਦੀ ਦੇ ਪੱਕੇ ਆਲੋਚਕ ਹੀ ਨਹੀਂ ਸਗੋਂ ਅਟਲ ਸਰਕਾਰ 'ਚ ਵਿੱਤ ਮੰਤਰੀ ਅਤੇ ਵਿਦੇਸ਼ ਮੰਤਰੀ ਰਹੇ ਯਸ਼ਵੰਤ ਸਿਨਹਾ ਅਤੇ ਅਰੁਣ ਸ਼ੌਰੀ ਵਰਗੇ ਲੋਕ ਕਹਿ ਰਹੇ ਹਨ।

ਕਾਲੇ ਧਨ ਦੀ ਰੋਕ ਲਈ 1000 ਅਤੇ 500 ਦੇ ਨੋਟਾਂ ਦੀ ਬੰਦੀ ਤੋਂ ਜਿਹੜੀਆਂ ਉਮੀਦਾਂ ਸਨ, ਉਹ ਤਾਂ ਪੂਰੀਆਂ ਨਾ ਹੋ ਸਕੀਆਂ ਅਤੇ ਸਾਰਾ ਕਾਲਾ ਧਨ ਫੇਰ ਬੈਂਕਾਂ 'ਚ ਆ ਗਿਆ।

ਹੋਰ ਤਾਂ ਹੋਰ ਛੋਟੇ ਕਾਰੋਬਾਰੀ ਅਤੇ ਮਜ਼ਦੂਰ ਤੱਕ ਲਗਾਤਾਰ ਚੀਕ ਰਹੇ ਹਨ ਕਿ 'ਜ਼ੋਰ ਦਾ ਝਟਕਾ ਹਾਏ ਜ਼ੋਰ ਦੀ ਲੱਗਿਆ।'

ਇਨ੍ਹਾਂ ਹੀ ਨਹੀਂ ਕੇਂਦਰ ਦੀ ਜੀਐਸਟੀ ਦੀ ਫ਼ਾਰਸੀ ਵੀ ਕਿਸੇ ਦੇ ਪੱਲੇ ਨਹੀਂ ਪੈ ਰਹੀ।

ਹਰ ਸਾਲ 1 ਕਰੋੜ ਤੋਂ ਵੱਧ ਨੌਜਵਾਨਾਂ ਨੂੰ ਰੁਜ਼ਗਾਰ ਦੀ ਲੋੜ ਹੈ। ਮੋਦੀ ਜੀ ਨੇ ਵੋਟ ਲੈਣ ਸਮੇਂ ਬੇਰੁਜ਼ਗਾਰੀ ਨੂੰ ਖ਼ਤਮ ਕਰਨ ਦਾ ਜਿਹੜਾ ਸੁਪਨਾ ਦਿਖਾਇਆ ਸੀ ਉਸਦਾ ਤੱਤ ਇਹ ਹੈ ਕਿ 3 ਸਾਲ 'ਚ ਲਗਭਗ 4 ਲੱਖ ਰੁਜ਼ਗਾਰ ਹੀ ਪੈਦਾ ਹੋ ਸਕੇ।

'ਅੱਛੇ ਦਿਨ ਦੀ ਗਾਜਰ ਅਗਲੀਆਂ ਚੋਣਾਂ ਬਾਅਦ'

ਇਸ ਸਮੇਂ ਦੌਰਾਨ ਭਾਰਤੀ ਮੀਡੀਆ ਵੀ ਇੱਕ ਸੁਰ 'ਚ 'ਮੋਦੀ ਮਹਾਰਾਜ ਦੀ ਜੈ ਹੋਵੇ' ਕਹਿੰਦੇ-ਕਹਿੰਦੇ ਹੁਣ ਦੱਬੀ ਅਵਾਜ਼ 'ਚ ਕਹਿਣ ਲੱਗਿਆ ਹੈ ਕਿ ਅੱਛੇ ਦਿਨ ਦੀ ਗਾਜਰ ਸ਼ਾਇਦ ਹੁਣ ਅਗਲੀਆਂ ਆਮ ਚੋਣਾਂ ਬਾਅਦ ਹੀ ਖਾਣ ਨੂੰ ਮਿਲੇ।

ਪੱਤਰਕਾਰ ਗੌਰੀ ਲੰਕੇਸ਼ ਦਾ ਕਤਲ ਬੜੇ ਗ਼ਲਤ ਸਮੇਂ 'ਤੇ ਹੋਇਆ। ਹਿਮਾਚਲ ਤੇ ਗੁਜਰਾਤ ਦੀਆਂ ਚੋਣਾਂ ਸਿਰ 'ਤੇ ਹਨ।

ਮੋਦੀ ਦੇ ਗੁਜਰਾਤ 'ਚ ਜੇਕਰ ਬੀਜੇਪੀ ਨਾ ਵੀ ਹਾਰੇ ਪਰ ਘੱਟ ਵੋਟਾਂ ਤੋਂ ਜਿੱਤੀ ਤਾਂ ਇਹ ਨਤੀਜਾ ਸੰਘ ਪਰਿਵਾਰ ਦੀ ਵਿਚਾਰਧਾਰਾ ਤੇ ਸਿਆਸੀ ਸਫ਼ਰ ਦੀ ਰਫ਼ਤਾਰ ਨੂੰ ਹੌਲੀ ਕਰ ਸਕਦਾ ਹੈ।

ਲਿਹਾਜ਼ਾ ਸਾਰੇ ਮੁੱਦਿਆਂ ਤੋਂ ਧਿਆਨ ਹਟਾਉਣ ਲਈ ਲਾਜ਼ਮੀ ਹੈ ਕਿ ਅਜਿਹੇ ਹਵਾਈ ਮੁੱਦੇ ਘੜੇ ਜਾਣ ਕਿ ਲੋਕਾਂ ਦੀ ਅੱਖ ਸਰਕਾਰ ਦੇ ਰੋਜ਼ਾਨਾ ਦੇ ਵਿਵਾਦਿਤ ਪ੍ਰਦਰਸ਼ਨਾਂ ਤੋਂ ਹਟੀ ਰਹੇ।

ਪਾਕਿਸਤਾਨ, ਕਸ਼ਮੀਰ, ਅੱਤਵਾਦ ਜਿਹੇ ਮੁੱਦਿਆਂ ਤੋਂ ਮਿਲਣ ਵਾਲੀ ਟੀਆਰਪੀ ਆਪਣੀ ਥਾਂ ਪਰ ਕੁਝ ਨਵਾਂ ਵੀ ਤਾਂ ਚਾਹੀਦਾ ਹੈ।

ਮੁਗਲਾਂ ਦਾ ਭਾਰਤੀ ਇਤਿਹਾਸ 'ਚ ਨਵਾਂ ਮੁਕਾਮ

ਇਸ ਲਈ ਹੁਣ ਇਹ ਬਹਿਸ ਤਾਂ ਬਣਦੀ ਹੈ ਕਿ ਮੁਗਲਾਂ ਦਾ ਭਾਰਤੀ ਇਤਿਹਾਸ 'ਚ ਕੀ ਮੁਕਾਮ ਹੈ।

ਉਨ੍ਹਾਂ ਦੀਆਂ ਬਣਾਈਆਂ ਯਾਦਗਾਰਾਂ ਅਤੇ ਤਾਜ ਮਹਿਲ ਵਰਗੀ ਕਲਾਕਾਰੀ ਨੂੰ ਦੇਸ਼ ਦੀ ਨਿਸ਼ਾਨੀ ਮੰਨਿਆ ਜਾਵੇ ਜਾਂ ਲੁਟੇਰਿਆ ਦੀਆਂ ਵਿਰਾਸਤ ਸਮਝ ਕੇ ਪਰੇ ਸੁੱਟ ਦਿੱਤਾ ਜਾਵੇ।

ਇਸ ਲਈ ਇੱਕ ਪਾਸਿਓਂ ਯੋਗੀ ਆਦਿਤਿਆਨਾਥ ਸੁਰ ਦਿੰਦੇ ਹਨ ਤਾਂ ਦੂਜੇ ਪਾਸਿਓਂ ਸੰਗੀਤ ਸੋਮ ਆਪਣਾ ਰਾਗ ਛੇੜ ਦਿੰਦੇ ਹਨ।

ਜਦੋਂ ਅਸਲ ਮੁੱਦਿਆਂ ਤੋਂ ਧਿਆਨ ਹਟ ਜਾਂਦਾ ਹੈ ਤਾਂ ਮੋਦੀ ਜਾਂ ਇੰਨ੍ਹਾਂ ਦਾ ਕੋਈ ਬੁਲਾਰਾ ਇੱਕ ਨਰਮ ਜਿਹਾ ਲੱਗਣ ਵਾਲਾ ਟਵੀਟ ਕਰ ਦਿੰਦੇ ਹਨ।

ਕੁਝ ਦਿਨਾਂ ਦੀ ਚੁੱਪ ਰਹਿੰਦੀ ਹੈ ਅਤੇ ਫ਼ਿਰ ਪਿਟਾਰੇ ਤੋਂ ਕੋਈ ਨਵਾਂ ਵਿਵਾਦ ਨਿੱਕਲ ਆਉਂਦਾ ਹੈ।

ਕੱਲ ਬਾਬਰੀ ਮਸਜਿਦ ਸੀ, ਅੱਜ ਤਾਜ ਮਹਿਲ ਹੈ, ਕੱਲ ਕੁਝ ਹੋਰ ਆ ਜਾਵੇਗਾ। ਅਹਿਮ ਗੱਲ ਇਹ ਹੈ ਕਿ ਕਿਹੜਾ 'ਪੰਚਿਗ ਬੈਗ' ਕਿਸ ਵੇਲੇ ਕੰਮ ਆ ਸਕਦਾ ਹੈ।

ਹਿਟਲਰ ਦਾ ਤਰੀਕਾ

ਹਿਟਲਰ ਨੂੰ ਆਰਥਿਕ ਬਦਹਾਲੀ ਹੇਠਾਂ ਦੱਬੀ ਜਰਮਨ ਕੌਮ ਨੂੰ ਕੋਈ ਖਿਡੌਣਾ ਤਾਂ ਦੇਣਾ ਹੀ ਸੀ, ਤਾਂ ਉਸਨੇ ਯਹੂਦੀ ਹਮਲਾ ਅਤੇ ਮਹਾਨਤਾ ਦਾ ਵਹਿਮ ਫੜਾ ਦਿੱਤਾ।

ਮੁਸੋਲਿਨੀ ਨੂੰ ਦੇਸ਼ ਦੀ ਖ਼ਾਤਰ ਲੰਮੇ ਸਮੇਂ ਸਿਆਸਤ 'ਚ ਰਹਿਣਾ ਸੀ, ਤਾਂ ਉਸਨੇ ਲੋਕਾਂ ਨੂੰ ਮਹਾਨਤਾ ਦਾ ਨਸ਼ਾ ਪਿਆ ਦਿੱਤਾ ਅਤੇ ਖ਼ੂਬਸੂਰਤੀ ਨਾਲ ਬਿਆਨ ਕੀਤਾ ਕਿ ਆਪਣੇ ਅਲਾਮਾ ਇਕਬਾਲ ਵੀ ਮੁਸੋਲਿਨੀ ਦੇ ਚੱਕਰ 'ਚ ਆ ਗਏ।

ਸੰਨ 1917 ਹੋਵੇ ਜਾਂ 2017, ਅੱਜ ਵੀ ਉਹੀ ਜਜ਼ਬਾਤ ਉਭਾਰ ਕੇ ਗਿੱਦੜਸਿੰਘੀ ਕੰਮ ਆ ਰਹੀ ਹੈ। (ਗਿੱਦੜਸਿੰਘੀ ਇੱਕ ਮਿਥਕ ਹੈ ਅਤੇ ਅਜਿਹਾ ਮੰਨਿਆ ਜਾਂਦਾ ਹੈ ਕਿ ਜਿਸ ਕੋਲ ਵੀ ਹੋਵੇ, ਉਸ ਦੀਆਂ ਗੱਲਾਂ 'ਚ ਕੋਈ ਵੀ ਆ ਸਕਦਾ ਹੈ)

ਟਰੰਪ ਅਮਰੀਕਾ ਨੂੰ 'ਦੁਬਾਰਾ ਮਹਾਨ ਬਣਾਉਣਗੇ'

ਤੁਸੀਂ ਵੇਖੋ ਕਿ 'ਬ੍ਰੈਕਜ਼ਿਟ' ਦੇ ਬਾਅਦ ਬ੍ਰਿਟਿਸ਼ ਵੋਟਰਾਂ ਨਾਲ ਕੀ ਹੋਇਆ। ਉਸ ਤੋਂ ਬਾਅਦ ਮਦਾਰੀ ਤਾਂ ਝੋਲਾ ਮੋਢੇ 'ਤੇ ਪਾ ਕੇ ਤੁਰਦਾ ਬਣਿਆ ਅਤੇ ਹੁਣ ਬ੍ਰਿਟਿਸ਼ ਲੋਕ ਜਾਨਣ ਜਾਂ ਯੂਰੋਪੀਅਨ ਯੂਨੀਅਨ ਜਾਣੇ।

ਹੁਣ ਰਿਪਬਲਿਕਨ ਪਾਰਟੀ ਨੂੰ ਸਮਝ ਨਹੀਂ ਆ ਰਿਹਾ ਕਿ ਜਿੰਨ ਬੋਤਲ 'ਚ ਵਾਪਸ ਕਿਵੇਂ ਜਾਵੇਗਾ।

ਫਾਸੀਵਾਦ ਦੇ ਨਾਲ ਮਸਲਾ ਇਹ ਹੈ ਕਿ ਉਹ ਤਾਕਤ ਜਾਂ ਵੋਟ ਦੇ ਸਹਾਰੇ ਲੋਕਾਂ ਦੇ ਮੋਢਿਆਂ 'ਤੇ ਸਵਾਰ ਹੋ ਕੇ ਅੰਦਰ ਤਾਂ ਆ ਜਾਂਦਾ ਹੈ ਪਰ ਜਦੋਂ ਜਾਂਦਾ ਹੈ ਤਾਂ ਇੱਕ ਬੋਟੀ ਦੇ ਬਦਲੇ ਪੂਰਾ ਬਕਰਾ ਲੈ ਜਾਂਦਾ ਹੈ।

ਡਰ ਇਹੋ ਹੈ ਕਿ ਭਾਰਤ 'ਚ ਸੰਘ ਪਰਿਵਾਰ ਨੂੰ ਜੇਕਰ ਲੱਗਿਆ ਕਿ ਉਸਦੇ ਜਾਦੂ ਦਾ ਅਸਰ ਗਾਇਬ ਹੋ ਰਿਹਾ ਹੈ ਤਾਂ ਫ਼ਿਰ ਅਗਲੇ 3 ਸਾਲਾ 'ਚ ਬਹੁਤ ਸਾਰੇ ਤਾਜ ਮਹਿਲ, ਬਹੁਤ ਸਾਰੇ ਇਤਿਹਾਸ ਦੇ ਲੁਟੇਰੇ ਅਤੇ 'ਗੱਦਾਰ' ਸਿਆਸਤ ਦੇ ਪੈਰੀਂ ਭੇਂਟ ਹੋਣ ਲਈ ਦਿਮਾਗੀ ਤੌਰ 'ਤੇ ਤਿਆਰ ਰਹਿਣ।

ਪਾਕਿਸਤਾਨ 'ਚ ਵੀ ਜਦੋਂ ਗੱਲ ਵਿਗੜਣ ਲੱਗਦੀ ਹੈ ਤਾਂ ਗੋਦਾਮ ਤੋਂ ਅਹਿਮਦੀਆਂ, ਉਦਾਰਵਾਦੀ, ਫਾਸੀਵਾਦੀ, ਐਨਜੀਓ, ਗੈਰ-ਮੁਲਕੀ ਏਜੰਟਾਂ ਅਤੇ ਸ਼ਿਆ ਨੂੰ ਜ਼ਰੂਰਤਾਂ ਦੇ ਹਿਸਾਬ ਨਾਲ ਕੱਢ ਕੇ ਵੇਚ ਦਿੱਤਾ ਜਾਂਦਾ ਹੈ

ਇਹ ਉਹ ਮਾਲ ਹੈ ਜਿਸਨੂੰ ਦੁਨੀਆਂ ਦੇ ਕਿਸੇ ਵੀ ਮੁਲਕ ਦੀ ਸ਼ੈਲਫ਼ 'ਤੇ ਨਹੀਂ ਰੱਖਿਆ ਜਾ ਸਕਦਾ। ਤਾਜ਼ਾ ਬਣਦਾ ਹੈ, ਤਾਜ਼ਾ ਵਿੱਕਦਾ ਹੈ ਅਤੇ ਤਾਜ਼ਾ-ਤਾਜ਼ਾ ਹੀ ਖਾਧਾ ਜਾ ਸਕਦਾ ਹੈ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)