You’re viewing a text-only version of this website that uses less data. View the main version of the website including all images and videos.
ਲਿੰਗ ਬਦਲਾਅ ਕੇ ਕੁੜੀ ਤੋਂ ਮੁੰਡਾ ਬਣੇ ਦੇਵ ਤੇ ਪਤਨੀ ਸ਼ਾਲੂ ਦੇ ਇਸ਼ਕ ਦੀ ਕਹਾਣੀ
- ਲੇਖਕ, ਸਤ ਸਿੰਘ
- ਰੋਲ, ਬੀਬੀਸੀ ਪੰਜਾਬੀ ਦੇ ਲਈ
''ਕੋਈ ਵੀ ਸਮਾਜਿਕ ਦਬਾਅ ਮੈਨੂੰ ਮੇਰੀ ਪਤਨੀ ਸ਼ਾਲੂ ਨਾਲ ਸਬੰਧ ਬਣਾਉਣ ਤੋਂ ਰੋਕ ਨਹੀਂ ਸਕਦਾ, ਜਿਸ ਨਾਲ ਮੈਂ ਦਿੱਲੀ ਦੇ ਮੰਦਿਰ ਵਿੱਚ ਵਿਆਹ ਕਰਵਾਇਆ ਹੈ''।
''ਸੈਕਸ਼ਨ 377 ਦੇ ਤਹਿਤ ਐਲਜੀਬੀਟੀ ਭਾਈਚਾਰੇ ਨੂੰ ਇਸ ਤਰ੍ਹਾਂ ਵਿਆਹ ਕਰਵਾਉਣ ਦਾ ਪੂਰਾ ਹੱਕ ਹੈ। ਮੈਂ ਆਪਣੇ ਹੱਕ ਲਈ ਲੜਾਈ ਲੜਾਂਗਾ।'' ਇਹ ਸ਼ਬਦ ਕੁੜੀ ਤੋਂ ਮੁੰਡਾ ਬਣੇ ਦੇਵ ਜਾਂਗੜਾ ਦੇ ਹਨ''।
ਦੇਵ ਇੱਕ ਕੁੜੀ ਦੇ ਤੌਰ 'ਤੇ ਪੈਦਾ ਹੋਏ ਸਨ ਪਰ ਉਹ ਬਚਪਨ ਤੋਂ ਹੀ ਇੱਕ ਮੁੰਡੇ ਦੀ ਤਰ੍ਹਾਂ ਬਣ ਕੇ ਰਹੇ ਅਤੇ ਜਨਵਰੀ 2018 ਨੂੰ ਉਨ੍ਹਾਂ ਨੇ ਸਰਜਰੀ ਕਰਵਾ ਕੇ ਆਪਣਾ ਲਿੰਗ ਬਦਲਵਾ ਲਿਆ। ਉਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਸਕੂਲ ਸਮੇਂ ਦੀ ਦੋਸਤ ਸ਼ਾਲੂ ਨਾਲ ਵਿਆਹ ਕਰਵਾ ਲਿਆ।
ਦੋਵੇਂ ਚਰਖੀ ਦਾਦਰੀ ਸ਼ਹਿਰ ਦੇ ਕੁੜੀਆਂ ਵਾਲੇ ਸਕੂਲ ਵਿੱਚ ਪੜ੍ਹਦੇ ਸਨ ਅਤੇ ਉਸ ਤੋਂ ਦੋਵਾਂ ਨੇ ਉਸੇ ਸ਼ਹਿਰ ਦੇ ਕੁੜੀਆਂ ਵਾਲੇ ਕਾਲਜ ਵਿੱਚ ਦਾਖ਼ਲਾ ਲਿਆ।
ਕਰੀਬ ਤਿੰਨ ਮਹੀਨੇ ਪਹਿਲਾਂ ਦੋਵਾਂ ਨੇ ਕਾਲਜ ਤੋਂ ਭੱਜ ਕੇ ਦਿੱਲੀ ਦੇ ਇੱਕ ਹਿੰਦੂ ਮੰਦਿਰ ਵਿੱਚ ਜਾ ਕੇ ਵਿਆਹ ਕਰਵਾ ਲਿਆ। 29 ਅਕਤੂਬਰ 2018 ਨੂੰ ਦੋਵਾਂ ਦਾ ਵਿਆਹ ਹੋਇਆ।
ਦੇਵ ਦਾ ਕਹਿਣਾ ਹੈ,''ਜਦੋਂ ਸਾਨੂੰ ਲੱਗਿਆ ਕਿ ਸਮਾਜ ਅਤੇ ਸ਼ਾਲੂ ਦੇ ਮਾਪੇ ਸਾਡਾ ਰਿਸ਼ਤਾ ਸਵੀਕਾਰ ਨਹੀਂ ਕਰਨਗੇ ਅਸੀਂ ਫ਼ੈਸਲਾ ਕੀਤਾ ਕਿ ਅਸੀਂ ਆਪਣੇ ਵਿਆਹ ਬਾਰੇ ਕਿਸੇ ਨੂੰ ਨਹੀਂ ਦੱਸਾਂਗੇ। ਮੇਰੇ ਮਾਤਾ-ਪਿਤਾ ਮੇਰੇ ਨਾਲ ਸਨ ਅਤੇ ਉਨ੍ਹਾਂ ਨੇ ਸਾਡੇ ਵਿਆਹ ਦਾ ਸਾਰਾ ਖਰਚਾ ਕੀਤਾ।''
ਇਹ ਵੀ ਪੜ੍ਹੋ:
ਦੋਵੇਂ ਲਗਾਤਾਰ ਇੱਕ ਦੂਜੇ ਨਾਲ ਸਪੰਰਕ ਵਿੱਚ ਸਨ ਅਤੇ ਫ਼ੋਨ 'ਤੇ ਗੱਲਬਾਤ ਜਾਰੀ ਸੀ। ਸ਼ਾਲੂ ਦੇ ਮਾਤਾ-ਪਿਤਾ ਨੂੰ ਦੋਵਾਂ ਦੇ ਰਿਸ਼ਤੇ ਬਾਰੇ ਪਤਾ ਲੱਗ ਗਿਆ ਅਤੇ ਉਨ੍ਹਾਂ ਨੇ ਸ਼ਾਲੂ ਨੂੰ ਦੇਵ ਨਾਲ ਆਪਣਾ ਰਿਸ਼ਤਾ ਤੋੜਨ ਲਈ ਆਖਿਆ।
ਪੁਲਿਸ ਕੋਲ ਪਹੰਚਿਆ ਮਾਮਲਾ
ਇਸ ਤੋਂ ਬਾਅਦ ਦੇਵ ਨੇ ਪੁਲਿਸ ਥਾਣੇ ਵਿੱਚ ਲਿਖਤੀ ਸ਼ਿਕਾਇਤ ਦੇ ਦਿੱਤੀ ਕਿ ਉਸਦੀ ਪਤਨੀ ਨੂੰ ਉਸਦੇ ਮਾਤਾ-ਪਿਤਾ ਨੇ ਘਰ ਵਿੱਚ ਬੰਦ ਕਰ ਦਿੱਤਾ ਹੈ ਅਤੇ ਦੋਵੇਂ ਨੇ ਹਾਲ ਹੀ ਵਿੱਚ ਕਰਵਾਇਆ ਹੈ ਤੇ ਇੱਕ ਜੋੜੇ ਦੀ ਤਰ੍ਹਾਂ ਜ਼ਿੰਦਗੀ ਬਤੀਤ ਕਰਨਾ ਚਾਹੁੰਦੇ ਹਨ।
ਦੇਵ ਕਹਿੰਦੇ ਹਨ,''25 ਦਸੰਬਰ ਨੂੰ ਸ਼ਾਲੂ ਦੇ ਮਾਤਾ-ਪਿਤਾ ਮੇਰੇ ਘਰ ਆਏ ਅਤੇ ਮੇਰੇ ਪਰਿਵਾਰਕ ਮੈਂਬਰਾਂ ਨੂੰ ਧਮਕੀ ਦਿੱਤੀ ਕਿ ਉਹ ਇਸ ਸਭ ਦੇ ਨਤੀਜੇ ਭੁਗਤਣ ਲਈ ਤਿਆਰ ਰਹਿਣ। ਮੈਂ ਉਨ੍ਹਾਂ ਨੂੰ ਆਪਣੇ ਰਿਸ਼ਤੇ ਅਤੇ ਕਾਨੂੰਨ ਬਾਰੇ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਮੇਰੀ ਇੱਕ ਗੱਲ ਨਾ ਸੁਣੀ।''
ਦੇਵ ਦਾ ਕਹਿਣਾ ਹੈ ਕਿ ਉਸ ਨੇ ਸ਼ਾਲੂ ਲਈ ਬਹੁਤ ਕੁਝ ਝੱਲਿਆ ਹੈ ਅਤੇ ਤਿੰਨ ਮਹੀਨੇ ਪਹਿਲਾਂ ਹੀ ਉਸ ਨੇ ਆਪ੍ਰੇਸ਼ਨ ਕਰਵਾ ਕੇ ਆਪਣਾ ਲਿੰਗ ਬਦਲਵਾਇਆ ਹੈ।
ਦੇਵ ਕਹਿੰਦੇ ਹਨ,''ਮੇਰੇ ਮਾਤਾ-ਪਿਤਾ ਨੇ ਮੇਰੀ ਪਹਿਲੀ ਸਰਜਰੀ ਲਈ ਤਿੰਨ ਲੱਖ ਰੁਪਏ ਦਿੱਤੇ ਹਨ ਅਤੇ ਉਹ ਦੂਜੀ ਸਰਜਰੀ ਲਈ ਵੀ ਪੈਸੇ ਦੇਣ ਲਈ ਤਿਆਰ ਹਨ। ਜਿਹੜੀ ਕੁਝ ਮਹੀਨੇ ਬਾਅਦ ਹੋਣੀ ਹੈ।''
ਦੇਵ ਦਾ ਸਬੰਧ ਜਾਂਗੜਾ ਭਾਈਚਾਰੇ ਨਾਲ ਹੈ ਜਦਕਿ ਸ਼ਾਲੂ ਰੋਹੀਲਾ ਭਾਈਚਾਰੇ ਨਾਲ ਸਬੰਧ ਰੱਖਦੀ ਹੈ। ਦੋਵੇਂ ਓਬੀਸੀ ਵਰਗ ਹੇਠ ਆਉਂਦੇ ਹਨ।
'ਕੁੜੀ ਹੋ ਕੇ ਵੀ ਮੁੰਡੇ ਦੀ ਤਰ੍ਹਾਂ ਰਹਿੰਦਾ ਸੀ'
ਦੇਵ ਦੀ ਮਾਂ ਕਵਿਤਾ ਜਾਂਗੜਾ ਦਾ ਕਹਿਣਾ ਹੈ ਕਿ ਉਸਦੀ ਕੁੜੀ ਬਚਪਨ ਤੋਂ ਹੀ ਮੁੰਡਿਆ ਵਾਂਗ ਰਹਿੰਦੀ ਸੀ ਅਤੇ ਮੁੰਡਿਆਂ ਵਾਂਗ ਹੀ ਵਿਵਹਾਰ ਕਰਦੀ ਸੀ। ਜਦੋਂ ਉਹ 9ਵੀਂ ਕਲਾਸ ਵਿੱਚ ਸੀ ਤਾਂ ਉਦੋਂ ਹੀ ਪਤਾ ਲੱਗ ਗਿਆ ਸੀ ਕਿ ਉਹ ਮੁੰਡਾ ਬਣਨਾ ਚਾਹੁੰਦੀ ਹੈ ਪਰ ਅਸੀਂ ਇਸ ਨੂੰ ਜ਼ਿਆਦਾ ਗੰਭੀਰ ਨਾ ਲਿਆ।''
ਉਨ੍ਹਾਂ ਕਿਹਾ,''ਦੇਵ ਅਤੇ ਸ਼ਾਲੂ ਦੋ ਸਰੀਰ ਅਤੇ ਇੱਕ ਆਤਮਾ ਹਨ ਅਤੇ ਉਨ੍ਹਾਂ ਨੇ ਸਾਡੀ ਇਜਾਜ਼ਤ ਨਾਲ ਹੀ ਵਿਆਹ ਕਰਵਾਇਆ ਹੈ। ਜਦੋਂ ਸਾਡੀ ਕੁੜੀ ਨੇ ਆਪਣਾ ਲਿੰਗ ਬਦਲਵਾਇਆ ਅਤੇ ਮੁੰਡਾ ਬਣ ਗਿਆ ਅਸੀਂ ਉਸ ਚੀਜ਼ ਨੂੰ ਸਵੀਕਾਰ ਕਰ ਲਿਆ।
ਪਰ ਸ਼ਾਲੂ ਦੇ ਮਾਪੇ ਪੂਰੀ ਤਰ੍ਹਾਂ ਇਸਦੇ ਖ਼ਿਲਾਫ਼ ਹਨ ਅਤੇ ਸਾਨੂੰ ਧਮਕੀਆਂ ਵੀ ਦੇ ਰਹੇ ਹਨ। ਉਹ ਇਹ ਦਲੀਲ ਦੇ ਰਹੇ ਸਨ ਕਿ ਜੇਕਰ ਦੇਵ ਮੁੰਡਾ ਹੁੰਦਾ ਤਾਂ ਅਸੀਂ ਆਪਣੀ ਧੀ ਨੂੰ ਉਸਦੇ ਨਾਲ ਰਹਿਣ ਦੀ ਇਜਾਜ਼ਤ ਦੇ ਦਿੰਦੇ।''
ਇਹ ਵੀ ਪੜ੍ਹੋ:
ਸ਼ਾਲੂ ਦੇ ਚਾਚਾ ਵਰਿੰਦਰ ਸਿੰਘ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹ ਪੁਲਿਸ ਨੂੰ ਪੂਰਾ ਸਹਿਯੋਗ ਦੇ ਰਹੇ ਹਨ ਪਰ ਮੀਡੀਆ ਨਾਲ ਇਸ ਮੁੱਦੇ 'ਤੇ ਕੋਈ ਗੱਲ ਨਹੀਂ ਕਰਨਾ ਚਾਹੁੰਦੇ।
ਸਬ ਇੰਸਪੈਕਟਰ ਦਲੀਪ ਸਿੰਘ ਨੇ ਕਿਹਾ, ''ਉਹ ਇਸ ਮਾਮਲੇ ਵਿੱਚ ਹਰ ਪਹਿਲੂ ਤੋਂ ਜਾਂਚ ਕਰ ਰਹੇ ਹਨ। ਦੋਵਾਂ ਪਰਿਵਾਰਾਂ ਨੂੰ ਉਨ੍ਹਾਂ ਦੇ ਬਿਆਨ ਦਰਜ ਕਰਨ ਲਈ ਥਾਣੇ ਬੁਲਾਇਆ ਗਿਆ ਸੀ। ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ।''
ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ