ਫੂਲਕਾ ਦੇ ਅਸਤੀਫ਼ੇ ਉੱਤੇ ਕੌਣ ਕੀ ਕਹਿ ਰਿਹਾ ਹੈ ਤੇ ਕੀ ਹੈ 'ਆਪ' ਦੀ ਦਲੀਲ

ਪੰਜਾਬ ਦੇ ਹਲਕਾ ਦਾਖਾ ਤੋਂ ਵਿਧਾਇਕ ਐੱਚ ਐੱਸ ਫੂਲਕਾ ਦੇ ਆਮ ਆਦਮੀ ਪਾਰਟੀ ਛੱਡਣ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਫੂਲਕਾ ਆਪਣਾ ਸਾਰਾ ਧਿਆਨ ਸਮਾਜ ਸੇਵਾ ਉੱਤੇ ਕੇਂਦ੍ਰਿਤ ਕਰਨਾ ਚਾਹੁੰਦੇ ਹਨ। ਇਸ ਲਈ ਉਨ੍ਹਾਂ ਸਿਆਸਤ ਛੱਡਣ ਦਾ ਫੈਸਲਾ ਲਿਆ ਹੈ।

ਦੂਜੇ ਪਾਸੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਸਿਆਸੀਕਰਨ ਤੋਂ ਮੁਕਤ ਕਰਨ ਲਈ ਪਾਰਟੀ ਫੂਲਕਾ ਦਾ ਸਾਥ ਦੇਵੇਗੀ।

ਅਕਾਲੀ ਦਲ ਦੇ ਪ੍ਰਧਾਨ ਫੂਲਕਾ ਦੇ ਅਸਤੀਫ਼ੇ ਨੂੰ ਆਮ ਆਦਮੀ ਪਾਰਟੀ ਦੀ ਮਿਲੀ ਕਾਂਗਰਸ ਨਾਲ ਮਿਲੀਭੁਗਤ ਹੋਣ ਦਾ ਕਾਰਨ ਦੱਸ ਰਹੇ ਹਨ ਜਦਕਿ ਕਾਂਗਰਸੀ ਮੰਤਰੀ ਸੁਖਜਿੰਦਰ ਰੰਧਾਵਾ ਫੂਲਕਾ ਨੂੰ ਜਲਦ ਗੁੱਸੇ ਵਿਚ ਆਉਣ ਦੇ ਸੁਭਾਅ ਨੂੰ ਕਾਰਨ ਵਜੋਂ ਦੇਖ ਰਹੇ ਹਨ।ਉਹ ਦਾਅਵਾ ਕਰਦੇ ਹਨ ਕਿ ਫੂਲਕਾ ਅਕਾਲੀ ਦਲ ਵਿਚ ਵੀ ਜਾ ਸਕਦੇ ਹਨ।

ਫੂਲਕਾ ਨੇ ਕੀ ਕੀਤਾ ਸੀ ਐਲਾਨ

"ਅੱਜ ਫਿਰ ਲੋੜ ਹੈ ਅੰਨਾ ਹਜ਼ਾਰੇ ਵਰਗਾ ਇੱਕ ਸੰਗਠਨ ਖੜ੍ਹਾ ਕਰਨ ਦੀ। ਮੁਹਿੰਮ ਚੱਲਦੀ ਰਹਿਣੀ ਚਾਹੀਦੀ ਸੀ, ਖ਼ਤਮ ਨਹੀਂ ਕਰਨੀ ਚਾਹੀਦੀ ਸੀ।"

ਐਚ ਐਸ ਫੂਲਕਾ ਨੇ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇਣ ਤੋਂ ਬਾਅਦ ਸ਼ੁੱਕਰਵਾਰ ਸ਼ਾਮ ਨੂੰ ਇੱਕ ਪ੍ਰੈਸ ਕੈਨਫਰੰਸ ਨੂੰ ਸੰਬੋਧਨ ਕਰਦਿਆਂ ਇਹ ਕਿਹਾ ਸੀ।

ਉਨ੍ਹਾਂ ਨੇ ਕਿਹਾ ਸੀ, "ਮੇਰੇ 34 ਸਾਲ ਦੇ ਕਰੀਅਰ 'ਚ ਕਈ ਵਾਰ ਸਿਆਸਤ ਵਿੱਚ ਆਉਣ ਦੀ ਗੱਲ ਹੋਈ ਅਤੇ ਮੈਂ ਵੀ ਚਾਹੁੰਦਾ ਸੀ ਕਿ '84 ਦੀ ਲੜਾਈ ਕਾਮਨ ਪਲੇਟਫਾਰਮ 'ਤੇ ਲੜੀ ਜਾਵੇ। ਸਿਆਸਤ ਵਿੱਚ ਆਉਣ ਤੋਂ ਬਾਅਦ ਮੈਨੂੰ ਇਹ ਮਹਿਸੂਸ ਹੋਇਆ ਕਿ ਅੰਨਾ ਹਜ਼ਾਰੇ ਦੀ ਮੁਹਿੰਮ ਦਾ ਸਿਆਸੀਕਰਨ ਕਰਨਾ ਠੀਕ ਨਹੀਂ ਸੀ।"

ਪੰਜਾਬ ਵਿੱਚ 2 ਨਵੇਂ ਸੰਗਠਨ

ਫੂਲਕਾ ਨੇ ਕਿਹਾ ਕਿ ਉਹ ਪੰਜਾਬ ਵਿੱਚ ਦੋ ਨਵੇਂ ਸੰਗਠਨ ਜਲਦੀ ਹੀ ਖੜੇ ਕਰਨਗੇ।

ਇਹ ਵੀ ਪੜ੍ਹੋ:

ਉਨ੍ਹਾਂ ਕਿਹਾ ਸੀ, "ਅੰਨਾ ਹਜ਼ਾਰੇ ਵਰਗੀ ਮੁਹਿੰਮ ਫਿਰ ਸ਼ੁਰੂ ਕਰਨ ਦੀ ਲੋੜ ਹੈ। ਪੰਜਾਬ ਵਿੱਚ ਨਸ਼ਿਆਂ ਦੀ ਸਮਸਿਆ ਹੈ। ਮੈਂ ਇੱਕ ਸੰਗਠਨ ਇਸ ਨਾਲ ਲੜਨ ਲਈ ਖੜਾ ਕਰਾਂਗਾ।"

ਉਨ੍ਹਾਂ ਅੱਗੇ ਕਿਹਾ ਸੀ, "ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਵੱਡੀ ਸੰਸਥਾ ਹੈ। ਪਰ ਇਹ ਇੱਕ ਹੀ ਪਾਰਟੀ ਦੇ ਹੱਥ ਵਿੱਚ ਰਹਿ ਗਈ ਹੈ। ਉਹ ਸਿਆਸੀ ਪਾਰਟੀ ਅਪਣੇ ਫਾਇਦੇ ਲਈ ਸ਼ੋਮਣੀ ਕਮੇਟੀ ਨੂੰ ਵਰਤ ਰਹੀ ਹੈ। ਮੈਂ ਕਮੇਟੀ ਦਾ ਸਿਆਸੀਕਰਨ ਖ਼ਤਮ ਕਰਨ ਲਈ ਇੱਕ ਸੰਗਠਨ ਬਣਾਵਾਂਗਾ।"

ਫੂਲਕਾ ਨੇ ਕਿਹਾ ਸੀ ਕਿ ਇਹ ਸੰਗਠਨ ਸਿਆਸੀ ਪਾਰਟੀਆਂ ਦੇ ਬਰਾਬਰ ਹੋਵੇਗਾ, ਪਰ ਇਸ ਦੇ ਮੈਂਬਰ ਚੋਣਾਂ ਨਹੀਂ ਲੜਨਗੇ। ਉਨ੍ਹਾਂ ਕਿਹਾ ਕੇ ਹਰ ਪਾਰਟੀ ਨੂੰ ਇਸ ਸੰਗਠਨ ਦੀ ਗੱਲ ਧਿਆਨ ਨਾਲ ਸੁਣਨੀ ਪਵੇਗੀ।

'1984 ਸਿੱਖ ਕਤਲੇਆਮ ਕੇਸਾਂ 'ਚ ਇਨਸਾਫ ਦੀ ਲੜਾਈ ਚੱਲਦੀ ਰਹੇਗੀ'

ਫੂਲਕਾ ਨੇ ਕਿਹਾ ਸੀ ਕਿ 30 ਸਾਲ ਤੱਕ ਉਨ੍ਹਾਂ ਨੇ ਬਿਨਾਂ ਕਿਸੇ ਸਿਆਸੀ ਪਾਰਟੀ ਨਾਲ ਜੁੜੇ 1984 ਦੇ ਕੇਸਾਂ ਦੀ ਪੈਰਵੀ ਕੀਤੀ।

"ਮੈਂ '84 ਦੇ ਕੇਸਾਂ ਨੂੰ ਤਵੱਜੋ ਦਿੰਦਿਆ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਅੱਜ ਜਦੋਂ ਸੱਜਣ ਕੁਮਾਰ ਨੂੰ ਸਜ਼ਾ ਹੋਈ ਤਾਂ ਮੈਨੂੰ ਲੱਗਦਾ ਹੈ ਕਿ ਉਸ ਫ਼ੈਸਲਾ ਕਿੰਨਾ ਸਹੀ ਸੀ।"

"ਸੱਜਣ ਕੁਮਾਰ ਨੂੰ ਤਾਂ ਸਜ਼ਾ ਮਿਲ ਚੁੱਕੀ ਹੈ। ਅਸੀਂ ਜਗਦੀਸ਼ ਟਾਈਟਲਰ ਅਤੇ ਕਮਲ ਨਾਥ ਨੂੰ ਵੀ ਸਜ਼ਾ ਦਿਵਾਵਾਂਗੇ।"

ਐਚ ਐਸ ਫੂਲਕਾ ਨੇ ਇਹ ਵੀ ਐਲਾਨ ਕੀਤਾ ਕਿ ਉਹ ਲੋਕ ਸਭਾ ਚੋਣਾਂ ਨਹੀਂ ਲੜਨਗੇ।

ਇਹ ਵੀ ਪੜ੍ਹੋ:

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)