ਆਈਫੋਨ ਦੇ ਘਟਦੇ ਸ਼ੌਂਕ ਤੇ ਐਪਲ ਦੇ ਸ਼ੇਅਰਾਂ ਵਿੱਚ ਰਿਕਾਰਡ ਗਿਰਾਵਟ, ਇੱਕ ਦਿਨ ਵਿੱਚ 75 ਅਰਬ ਡਾਲਰ ਦਾ ਘਾਟਾ

ਦੁਨੀਆਂ ਦੀਆਂ ਵੱਡੀਆਂ ਕੰਪਨੀਆਂ ਵਿੱਚ ਸ਼ੁਮਾਰ ਐਪਲ ਦੇ ਸ਼ੇਅਰਾਂ ਵਿੱਚ ਵੀਰਵਾਰ ਨੂੰ ਵੱਡੀ ਗਿਰਾਵਟ ਦੇਖੀ ਗਈ।

ਇਸ ਨਾਲ ਇੱਕ ਦਿਨ ਦੇ ਅੰਦਰ ਹੀ ਕੰਪਨੀ ਨੂੰ ਕੁੱਲ 75 ਅਰਬ ਡਾਲਰ ਭਾਵ ਕਿ ਲਗਪਗ 5,25,800 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।

ਕੰਪਨੀ ਨੇ ਇੱਕ ਦਿਨ ਪਹਿਲਾਂ ਹੀ ਕਿਹਾ ਸੀ ਕਿ ਸਾਲ 2018 ਦੀ ਆਖ਼ਰੀ ਤਿਮਾਹੀ ਦੀ ਉਸ ਦੀ ਆਮਦਨੀ ਅੰਦਾਜ਼ੇ ਤੋਂ ਘੱਟ ਰਹਿ ਸਕਦੀ ਹੈ।

ਪਹਿਲਾਂ ਕੰਪਨੀ ਨੇ 98 ਅਰਬ ਡਾਲਰ ਦੇ ਲਾਭ ਦਾ ਅੰਦਾਜ਼ਾ ਲਾਇਆ ਸੀ ਪਰ ਬਾਅਦ ਵਿੱਚ ਕਿਹਾ ਕਿ ਉਸ ਨੂੰ 84 ਅਰਬ ਡਾਲਰ ਦੀ ਕਮਾਈ ਹੋ ਸਕਦੀ ਹੈ।

ਲੰਘੇ 16 ਸਾਲਾਂ ਵਿੱਚ ਕੰਪਨੀ ਨੇ ਪਹਿਲੀ ਵਾਰ ਅਪਣੇ ਅੰਦਾਜ਼ਿਆਂ ਵਿੱਚ ਕਟੌਤੀ ਕੀਤੀ ਹੈ। ਇਸ ਕਟੌਤੀ ਤੋਂ ਬਾਅਦ ਕੰਪਨੀ ਦੇ ਸ਼ੇਅਰ ਡਿੱਗੇ।

ਇਹ ਗਿਰਾਵਟ ਚੀਨੀ ਬਾਜ਼ਾਰ ਵਿੱਚ ਆਈ ਆਈਫੋਨ ਦੀ ਬਿਕਰੀ ਵਿੱਚ ਕਮੀ ਕਾਰਨ ਕੀਤੀ ਗਈ ਹੈ।

ਇਸ ਮਗਰੋਂ ਅਮਰੀਕਾ ਦੇ ਮੁੱਖ ਬਾਜ਼ਾਰਾਂ ਵਿੱਚ ਗਿਰਾਵਾਟ ਦੇਖੀ ਗਈ। ਤਕਨੀਕੀ ਕੰਪਨੀਆਂ ਦੇ ਸ਼ੇਅਰਾਂ ਵਿੱਚ ਕਾਰੋਬਾਰ ਕਰਨ ਵਾਲਾ ਨੈਸਡੈਕ 3.1 ਫੀਸਦੀ ਹੇਠਾਂ ਬੰਦ ਹੋਇਆ।

ਇਹ ਵੀ ਪੜ੍ਹੋ:

ਝਟਕਾ ਜਾਂ ਤਬਾਹੀ?

ਐਪਲ ਪਿਛਲੇ ਸਾਲ 2018 ਵਿੱਚ ਹੀ ਪਹਿਲੀ ਇੱਕ ਹਜ਼ਾਰ ਅਰਬ (ਇੱਕ ਟ੍ਰਿਲੀਅਨ) ਡਾਲਰ ਦੀ ਕੰਪਨੀ ਬਣੀ ਸੀ। ਕੰਪਨੀ ਨੇ ਇਹ ਮਾਅਰਕਾ ਮਾਈਕ੍ਰੋਸਾਫਟ, ਐਮੇਜ਼ੌਨ ਤੇ ਫੇਸਬੁੱਕ ਨੂੰ ਪਿੱਛੇ ਛੱਡ ਕੇ ਮਾਰਿਆ ਸੀ।

ਇਸ ਦੀ ਵਜ੍ਹਾ ਇਹ ਸੀ ਕਿ ਕੰਪਨੀ ਨੇ ਉਸ ਸਮੇਂ ਆਪਣੇ ਪਿਛਲੇ ਤਿੰਨ ਮਹੀਨਿਆਂ ਦੀ ਰਿਪੋਰਟ ਪੇਸ਼ ਕੀਤੀ ਸੀ ਜਿਸ ਦੌਰਾਨ ਕੰਪਨੀ ਨੇ ਵਧੀਆ ਕਾਰਗੁਜ਼ਾਰੀ ਕੀਤੀ ਸੀ ਅਤੇ ਸ਼ੇਅਰਾਂ ਵਿੱਚ ਉਛਾਲ ਆਇਆ ਸੀ।

ਜਿੱਥੇ ਕੁਝ ਮਾਹਿਰ ਕੰਪਨੀ ਦੇ ਸ਼ੇਅਰਾਂ ਵਿੱਚ ਆਏ ਇਸ ਨਿਘਾਰ ਨੂੰ ਮਾਮੂਲੀ ਝਟਕਾ ਦੱਸ ਰਹੇ ਸਨ ਤਾਂ ਕੁਝ ਇਸ ਨੂੰ ਕੰਪਨੀ ਦੀ ਤਬਾਹੀ ਦੱਸ ਰਹੇ ਹਨ।

ਇਹ ਵੀ ਪੜ੍ਹੋ:

ਪਰ ਕੰਪਨੀ ਦੇ ਨਵੇਂ ਆਈਫੋਨ ਦੀ ਬਿਕਰੀ ਵਿੱਚ ਆਈ ਕਮੀ ਇਸ ਘਾਟੇ ਦੀ ਮੁੱਖ ਵਜ੍ਹਾ ਹੈ। ਆਈਫੋਨ ਗਾਹਕ ਨਵਾਂ ਮਾਡਲ ਲਾਂਚ ਹੋਣ ਤੋਂ ਪਹਿਲਾਂ ਹੀ ਇਸ ਨੂੰ ਖ਼ਰੀਦਣ ਲਈ ਉਤਾਵਲੇ ਰਹਿੰਦੇ ਸਨ।

ਆਈਫੋਨ ਦਾ ਨਵਾਂ ਮਾਡਲ ਲਾਂਚ ਹੁੰਦੇ ਹੀ ਕੰਪਨੀ ਦੇ ਸ਼ੋਰੂਮ ਦੇ ਬਾਹਰ ਲਾਈਨਾਂ ਲੱਗ ਜਾਂਦੀਆਂ ਸਨ ਪਰ ਹੁਣ ਇਹ ਜਾਦੂ ਮੱਠਾ ਪੈ ਗਿਆ ਹੈ।

ਬੀਬੀਸੀ ਦੇ ਟੈਕਨਾਲੋਜੀ ਪੱਤਰਕਾਰ ਡੇਵ ਲੀ ਮੁਤਾਬਕ, "ਅਜੋਕੇ ਦੌਰ ਵਿੱਚ ਮੋਬਾਈਲ ਫੋਨ ਦੀ ਕੁਆਲਿਟੀ ਕਾਰਨ ਅਸੀਂ ਨਵਾਂ ਮਾਡਲ ਖ਼ਰੀਦਣ ਲਈ ਉਤਾਵਲੇ ਨਹੀਂ ਰਹਿੰਦੇ। ਹਾਲ ਹੀ ਵਿੱਚ ਲਾਂਚ ਹੋਇਆ ਆਈਫੋਨ ਇੱਕ ਹਜ਼ਾਰ ਡਾਲਰ ਦਾ ਹੋ ਗਿਆ ਹੈ।"

ਇਹ ਵੀ ਪੜ੍ਹੋ:

ਪਰ ਅਜਿਹਾ ਨਹੀਂ ਹੈ ਕਿ ਐਪਲ ਨੂੰ ਆਈਫੋਨ ਦੀ ਮੱਠੀ ਹੋ ਰਹੀ ਬਿਕਰੀ ਦੀ ਅੰਦਾਜ਼ਾ ਨਹੀਂ ਸੀ, ਇਸੇ ਕਾਰਨ ਕੰਪਨੀ ਨੇ ਹੋਰ ਪਾਸੇ ਵਿਕਾਸ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ।

ਅੱਜ ਸੇਵਾ, ਸਿਹਤ ਅਤੇ ਫਿਟਨੈਸ ਦੇ ਖੇਤਰਾਂ ਵਿੱਚ ਕੰਪਨੀ ਨੇ ਵਰਨਣਯੋਗ ਤਰੱਕੀ ਕੀਤੀ ਹੈ। ਫੇਸਬੁਕ ਦੀ ਕੁਲ ਕਮਾਈ ਜਿਨ੍ਹਾਂ ਐਪਲ ਸੇਵਾ ਖੇਤਰ ਵਿੱਚ ਵੀ ਉਨਾਂ ਹੀ ਪੈਸਾ ਕਮਾ ਲੈਂਦੀ ਹੈ।

ਡੇਵ ਲੀ ਕਹਿੰਦੇ ਹਨ, "ਇਸ ਲਈ ਇਹ ਕਹਿਣਾ ਗਲਤ ਹੋਵੇਗਾ ਕਿ ਐਪਲ ਕੰਪਨੀ ਔਖ ਦੀ ਘੜੀ ਵਿੱਚ ਹੈ।"

ਦੂਸਰੇ ਪਾਸੇ ਚੀਨੀ ਅਰਥਚਾਰਾ ਡਿੱਗ ਰਿਹਾ ਹੈ, ਜਿਸ ਕਾਰਨ ਉੱਥੇ ਆਈਫੋਨ ਦੀ ਬਿਕਰੀ ਵਿੱਚ ਵੀ ਕਮੀ ਆਈ ਹੈ।

ਚੀਨ ਦੇ ਅਰਥਚਾਰੇ ਵਿੱਚ ਜਿਸ ਤੇਜ਼ੀ ਨਾਲ ਗਿਰਾਵਟ ਆਈ ਹੈ ਉਸਦਾ ਅੰਦਾਜ਼ਾ ਨਾ ਹੀ ਐਪਲ ਲਾ ਸਕੀ ਅਤੇ ਨਾ ਹੀ ਕੋਈ ਹੋਰ।

ਚੀਨ ਅਤੇ ਅਮਰੀਕਾ ਵਿੱਚ ਜਾਰੀ ਕਾਰੋਬਾਰੀ ਖਿੱਚੋਤਾਣ ਵੀ ਐਪਲ ਦੇ ਨੁਕਸਾਨ ਦਾ ਇੱਕ ਕਾਰਨ ਹੈ।

ਐਪਲ ਦੇ ਸੀਈਓ ਟਿਮ ਕੁਕ ਇਸ ਲਈ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਜਿੰਮੇਵਾਰ ਮੰਨਦੇ ਹਨ।

ਟਿਮ ਨੇ ਕੰਪਨੀ ਦੇ ਸ਼ੇਅਰਧਾਰਕਾਂ ਨੂੰ ਕਿਹਾ ਸੀ, ‘ਕਾਰੋਬਾਰ ’ਤੇ ਜੰਗ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਅਤੇ ਇਸ ਨਾਲ ਗਾਹਕਾਂ ਦਾ ਭਰੋਸਾ ਡੋਲ ਰਿਹਾ ਹੈ।'

ਐਪਲ ਨੂੰ ਭਾਵੇਂ ਵੱਡਾ ਘਾਟਾ ਪਿਆ ਹੋਵੇ ਪਰ ਇਸਦੀਆਂ ਤਿਜੋਰੀਆਂ ਹਾਲੇ ਵੀ ਭਰੀਆਂ ਹੋਈਆਂ ਹਨ ਅਤੇ ਸੰਭਵ ਹੈ ਕਿ ਕੰਪਨੀ ਕਿਸੇ ਹੋਰ ਖੇਤਰ ਵਿੱਚ ਆਪਣੀ ਕੋਈ ਨਵੀਂ ਸ਼ਾਖ਼ਾ ਖੜੀ ਕਰ ਦੇਵੇ। ਇਸ ਕੰਪਨੀ ਕੋਲ ਅਜਿਹਾ ਕਰਨ ਲਈ ਭਰਪੂਰ ਪੈਸਾ ਹੈ।

ਇਹ ਵੀ ਪੜ੍ਹੋ:

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)