ਪਾਕਿਸਤਾਨ 'ਚ ਕੀ ਹੈ ਦਾਜ ਖਿਲਾਫ਼ ਸ਼ੁਰੂ ਹੋਈ 'ਦਾਜਖ਼ੋਰੀ ਬੰਦ ਕਰੋ' ਮੁਹਿੰਮ

    • ਲੇਖਕ, ਕੋਮਲ ਫ਼ਾਰੂਕ
    • ਰੋਲ, ਪੱਤਰਕਾਰ, ਬੀਬੀਸੀ ਦੇ ਲਈ

ਪਾਕਿਸਤਾਨ ਵਿੱਚ ਇਸ ਵੇਲੇ ਵਿਆਹਾਂ ਦਾ ਸੀਜ਼ਨ ਜ਼ੋਰਾਂ 'ਤੇ ਹੈ। ਪਰ ਦੇਸ ਭਰ 'ਚ ਬਹੁਤ ਸਾਰੇ ਮਾਪੇ ਅਜਿਹੇ ਹੋਣਗੇ ਜਿਨ੍ਹਾਂ ਨੂੰ ਇਹ ਚਿੰਤਾ ਹੋਵੇਗੀ ਕਿ ਸਦੀਆਂ ਤੋਂ ਚਲਦੀ ਆ ਰਹੀ ਦਾਜ ਪ੍ਰਥਾ ਖ਼ਤਮ ਨਾ ਹੋਣ ਕਰਕੇ ਉਨ੍ਹਾਂ ਦੀ ਧੀ ਦਾ ਘਰ ਵਸਣ ਤੋਂ ਪਹਿਲਾਂ ਹੀ ਉੱਜੜ ਨਾ ਜਾਵੇ।

ਕੁਝ ਦਿਨ ਪਹਿਲਾਂ 19 ਦਸੰਬਰ 2018 ਨੂੰ ਪਾਕਿਸਤਾਨ ਵਿੱਚ ਔਰਤਾਂ ਲਈ ਕੰਮ ਕਰਨ ਵਾਲੀ ਸੰਯੁਕਤ ਰਾਸ਼ਟਰ ਦੀ ਇੱਕ ਉਪ-ਸੰਸਥਾ ਵੱਲੋਂ ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਇੱਕ ਫੋਟੋ ਪੋਸਟ ਕੀਤੀ ਗਈ।

ਇਸ ਫ਼ੋਟੋ ਵਿੱਚ ਮਹਿੰਦੀ ਦੇ ਡਿਜ਼ਾਇਨ ਦੇ ਅੰਦਰ ਲਿਖਿਆ ਸੀ 'ਜਹੇਜ਼ ਖੋਰੀ ਬੰਦ ਕਰੋ' ਯਾਨਿ 'ਦਾਜ ਖ਼ੋਰੀ ਬੰਦ ਕਰੋ।' ਉਰਦੂ ਵਿੱਚ ਦਾਜ ਨੂੰ ਜਹੇਜ਼ ਕਿਹਾ ਜਾਂਦਾ ਹੈ।

ਦਾਜ ਨਾਲ 'ਵਿਆਹ'

ਉਸੇ ਦਿਨ ਇੰਸਟਾਗ੍ਰਾਮ 'ਤੇ ਪਾਕਿਸਤਾਨ ਦੇ ਪ੍ਰਸਿੱਧ ਅਦਾਕਾਰ ਅਲੀ ਰਹਿਮਾਨ ਖ਼ਾਨ ਦੇ ਵਿਆਹ ਦੀ ਖ਼ਬਰ ਕਾਫ਼ੀ ਚਰਚਾ ਵਿੱਚ ਆ ਗਈ।

ਇਹ ਵੀ ਪੜ੍ਹੋ:

'ਪਰਚੀ' ਫ਼ਿਲਮ ਦੇ ਅਦਾਕਾਰ ਨੇ ਐਲਾਨ ਕੀਤਾ ਹੈ ਕਿ ਉਹ 20 ਦਸੰਬਰ ਨੂੰ ਨਿੱਜੀ ਟੀਵੀ ਚੈਨਲ ਦੇ ਮੌਰਨਿੰਗ ਸ਼ੋਅ 'ਤੇ ਵਿਆਹ ਕਰਨਗੇ। ਵਾਅਦੇ ਮੁਤਾਬਕ ਅਲੀ ਪੂਰੀ ਤਰ੍ਹਾਂ ਤਿਆਰ ਹੋ ਕੇ ਸ਼ੋਅ ਵਿੱਚ ਆਏ ਪਰ ਡੋਲੀ ਵਿੱਚ ਲਾੜੀ ਦੀ ਥਾਂ ਦਾਜ ਦਾ ਸਮਾਨ ਪਿਆ ਸੀ।

ਇਹ 'ਵਿਆਹ' ਦਰਅਸਲ ਯੂਐਨ ਵੂਮਨ ਪਾਕਿਸਤਾਨ ਦੀ ਉਸ ਮੁਹਿੰਮ ਦਾ ਹਿੱਸਾ ਸੀ ਜਿਸਦਾ ਮਕਸਦ ਮੁੰਡੇ ਵਾਲਿਆਂ ਵੱਲੋਂ ਦਾਜ ਲੈਣ ਦੀ ਪ੍ਰਥਾ ਬਾਰੇ ਜਾਗਰੂਕਤਾ ਫੈਲਾਉਣਾ ਸੀ।

ਯੂਐਨ ਵੂਮਨ ਦੇ ਬੁਲਾਰੇ ਅਨਮ ਅੱਬਾਸ ਨੇ ਬੀਬੀਸੀ ਨੂੰ ਦੱਸਿਆ ਕਿ ਇਸ ਮੁਹਿੰਮ ਦਾ ਅਸਲ ਮਕਸਦ ਲੋਕਾਂ 'ਚ ਜਾਗਰੂਕਤਾ ਪੈਦਾ ਕਰਨਾ ਅਤੇ ਦਾਜ ਦੇਣ ਦੀ ਪ੍ਰਥਾ ਨੂੰ ਇੱਕ ਨਕਾਰਾਤਮਕ ਚੀਜ਼ ਦੇ ਤੌਰ 'ਤੇ ਦਿਖਾਉਣਾ ਹੈ।

ਉਨ੍ਹਾਂ ਦਾ ਕਹਿਣਾ ਸੀ ਕਿ ਇਸ ਮੁਹਿੰਮ ਜ਼ਰੀਏ ਉਹ ਮਰਦਾਂ ਵਿੱਚ ਇਹ ਧਾਰਨਾ ਖ਼ਤਮ ਕਰਨਾ ਚਾਹੁੰਦੇ ਹਨ ਕਿ ਉਹ ਕੁੜੀ ਦੇ ਪੇਕਿਆਂ ਦਾ ਆਰਥਿਕ ਫਾਇਦਾ ਚੁੱਕ ਸਕਦੇ ਹਨ।

ਇਸ ਮੁਹਿੰਮ ਨੂੰ ਸ਼ੁਰੂ ਕਰਨ ਵਾਲੇ ਅਲੀ ਰਜ਼ਾ ਜਾ ਕਹਿਣਾ ਹੈ ਕਿ ਸਹੁਰੇ ਘਰੋਂ ਇੱਕ ਕੱਪ ਚਾਹ ਪੀਣ ਨੂੰ ਮਾਮੂਲੀ ਗੱਲ ਸਮਝਣ ਵਾਲੇ ਮਰਦ ਦਾਜ ਦੀ ਸ਼ਕਲ ਵਿੱਚ 'ਸਟਾਰਟਅਪ ਫੰਡਜ਼' ਲੈਣ 'ਚ ਬਿਲਕੁਲ ਵੀ ਸ਼ਰਮ ਮਹਿਸੂਸ ਨਹੀਂ ਕਰਦੇ।

ਇੰਸਟਾਗ੍ਰਾਮ 'ਤੇ ਅਲੀ ਰਹਿਮਾਨ ਖ਼ਾਨ ਲਿਖਦੇ ਹਨ, "ਜਦੋਂ ਰਿਸ਼ਵਤ ਲੈਣ ਵਾਲੇ ਨੂੰ ਰਿਸ਼ਵਤ ਖ਼ੋਰ ਕਹਿੰਦੇ ਹਨ ਤਾਂ ਦਾਜ ਲੈਣ ਵਾਲੇ ਦਾਜ ਖੋਰ ਕਿਉਂ ਨਹੀਂ? ਦਾਜ ਪ੍ਰਥਾ ਸਾਡੇ ਸਮਾਜ ਦੇ ਹਰ ਵਰਗ ਵਿੱਚ ਫੈਲ ਚੁੱਕੀ ਹੈ ਅਤੇ ਸਾਨੂੰ ਇਸ ਬੁਰਾਈ ਨੂੰ ਖ਼ਤਮ ਕਰਨਾ ਹੋਵੇਗਾ।"

ਇਹ ਵੀ ਪੜ੍ਹੋ:

ਟੀਵੀ ਅਦਾਕਾਰਾ ਏਮਨ ਖ਼ਾਨ ਨੇ ਵੀ ਸੋਸ਼ਲ ਮੀਡੀਆ 'ਤੇ ਲਿਖਿਆ, "ਮਰਦ ਦੀ ਅਣਖ ਉਸ ਵੇਲੇ ਕਿੱਥੇ ਹੁੰਦੀ ਹੈ ਜਦੋਂ ਉਹ ਆਪਣੀ ਹੋਣ ਵਾਲੇ ਵਹੁਟੀ ਅਤੇ ਉਸਦੇ ਮਾਪਿਆਂ ਤੋਂ ਪੈਸੇ ਅਤੇ ਘਰੇਲੂ ਸਮਾਨ ਮੰਗਦਾ ਹੈ?"

ਇਸ ਤਰ੍ਹਾਂ ਅਦਾਕਾਰ ਉਸਮਾਨ ਖ਼਼ਾਲਿਦ ਬਟ ਨੇ ਆਪਣੀ ਪੋਸਟ ਵਿੱਚ ਕਿਹਾ, "ਮੈਂ ਜਨਤਾ ਸਾਹਮਣੇ ਸਹੁੰ ਚੁੱਕਦਾ ਹਾਂ ਕਿ ਮੈਂ ਕਦੇ ਦਾਜ ਨਹੀਂ ਮੰਗਾਂਗਾ। ਮੈਂ ਅਜਿਹੇ ਪਵਿੱਤਰ ਰਿਸ਼ਤੇ ਨੂੰ ਸਿਰਫ਼ ਲੈਣ-ਦੇਣ ਦਾ ਕੰਮ ਨਹੀਂ ਦੇਵਾਂਗਾ। ਸਮਾਂ ਆ ਗਿਆ ਹੈ ਕਿ ਅਸੀਂ ਆਪਣੇ ਸਮਾਜ ਅਤੇ ਮਾਨਸਿਕਤਾ ਨੂੰ ਬਦਲੀਏ।"

ਉਨ੍ਹਾਂ ਨੇ ਲਿਖਿਆ ਕਿ ਦਾਜ ਨਾਲ ਜੁੜੇ ਸਮਾਜਿਕ ਦਬਾਅ ਨੂੰ ਖ਼ਤਮ ਕਰਨ ਲਈ ਸ਼ਬਦ 'ਦਾਜ ਖੋਰੀ' ਨੂੰ ਇੱਕ ਗਾਲ ਮੰਨਣਾ ਪਵੇਗਾ।

ਮੀਮਸ ਵੀ ਬਣ ਰਹੇ

ਗੱਲ ਸਮਝ ਵਿੱਚ ਆਏ ਜਾਂ ਨਾ, ਸੋਸ਼ਲ ਮੀਡੀਆ 'ਤੇ ਪਾਕਿਸਤਾਨੀ ਤੁਰੰਤ ਕਿਸੇ ਮੁੱਦੇ ਨੂੰ ਭਟਕਾਉਣ ਵਿੱਚ ਮਾਹਿਰ ਹਨ। ਬਹੁਤ ਸਾਰੇ ਲੋਕਾਂ ਨੇ ਇਸ ਗੰਭੀਰ ਮੁੱਦੇ 'ਤੇ ਮੀਮਸ ਬਣਾਉਣ 'ਚ ਬਿਲਕੁਲ ਦੇਰ ਨਹੀਂ ਲਗਾਈ ਅਤੇ ਆਪਣੀਆਂ ਛੋਟੀਆਂ-ਛੋਟੀਆਂ ਇੱਛਾਵਾਂ ਬਾਰੇ ਮੀਮਸ ਜ਼ਰੀਏ ਸਾਂਝਾ ਕੀਤਾ।

ਜੰਕ ਫੂਡ ਦੇ ਸ਼ੌਕੀਨ ਲੋਕਾਂ ਨੇ ਆਪਣੀਆਂ ਭਾਵਨਾਵਾਂ ਨੂੰ ਜ਼ਾਹਰ ਕਰਨ ਲਈ ਲਿਖਿਆ ਕੋਕੋਮੋ (ਚੌਕਲੇਟ ਬਿਸਕੁਟ) ਦਾ ਸਾਈਜ਼ ਵੱਡਾ ਕਰੋ।

ਇੱਕ ਯੂਜ਼ਰ ਨੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਫੋਟੋ ਪੋਸਟ ਕੀਤੀ ਜਿਸ ਵਿੱਚ ਲਿਖਿਆ ਸੀ, 'ਜੇਲ੍ਹ ਭੇਜਣਾ ਬੰਦ ਕਰੋ।'

ਜਨਤਾ ਦੀ ਕੀ ਹੈ ਰਾਏ

ਸੋਸ਼ਲ ਮੀਡੀਆ 'ਤੇ ਵੱਖ-ਵੱਖ ਵਰਗ ਦੇ ਲੋਕਾਂ ਨੇ ਵੀ ਆਪਣੇ ਵਿਚਾਰ ਰੱਖੇ। ਜਿੱਥੇ ਬਹੁਤ ਸਾਰੇ ਲੋਕਾਂ ਨੇ ਇਸ ਕਦਮ ਦਾ ਸਵਾਗਤ ਕੀਤਾ ਉੱਥੇ ਹੀ ਬਹੁਤ ਸਾਰੇ ਲੋਕ ਅਜਿਹੇ ਵੀ ਹਨ ਜਿਹੜੇ ਰਿਸ਼ਤੇ ਕਰਨ ਵੇਲੇ ਮੁੰਡਿਆਂ ਤੋਂ ਪੁੱਛੇ ਜਾਣ ਵਾਲੇ ਸਵਾਲਾਂ ਦੀ ਤੁਲਨਾ ਦਾਜ ਖੋਰੀ ਨਾਲ ਕਰ ਰਹੇ ਹਨ।

ਕੁਝ ਲੋਕਾਂ ਦਾ ਕਹਿਣਾ ਸੀ ਕਿ ਜੇਕਰ ਕੁੜੀਆਂ ਤੋਂ ਦਾਜ ਲਿਆ ਜਾਂਦਾ ਹੈ ਤਾਂ ਮੁੰਡਿਆਂ ਤੋਂ ਵੀ ਉਨ੍ਹਾਂ ਦੀ ਆਰਥਿਕ ਹਾਲਤ ਪੁੱਛੀ ਜਾਂਦੀ ਹੈ।

ਫੇਸਬੁੱਕ 'ਤੇ ਇੱਕ ਸ਼ਖ਼ਸ ਨੇ ਕਿਹਾ ਕਿ ਰਿਸ਼ਤਾ ਕਰਨ ਵੇਲੇ ਮੁੰਡਿਆਂ ਤੋਂ ਉਨ੍ਹਾਂ ਦੀ ਤਨਖ਼ਾਹ, ਘਰ ਦਾ ਸਾਈਜ਼, ਗੱਡੀ ਦਾ ਮਾਡਲ ਪੁੱਛਣਾ ਬੰਦ ਕੀਤਾ ਜਾਵੇ।

ਇਸਦੇ ਜਵਾਬ ਵਿੱਚ ਇੱਕ ਸ਼ਖ਼ਸ ਨੇ ਕਿਹਾ, "ਪ੍ਰੇਸ਼ਾਨ ਹੋਣ ਵਾਲੀ ਗੱਲ ਇਹ ਹੈ ਕਿ ਮਰਦ ਇੱਕ ਅਜਿਹੀ ਮੁਹਿੰਮ ਨੂੰ ਹਾਈਜੈੱਕ ਕਰ ਰਹੇ ਹਨ ਜਿਹੜੇ ਦਾਜ ਵਰਗੀ ਮਾੜੀ ਪ੍ਰਥਾ ਦੇ ਖ਼ਿਲਾਫ਼ ਹੈ। ਸਾਨੂੰ ਮਰਦਾਂ ਨੂੰ ਔਰਤਾਂ ਲਈ ਚਲਾਏ ਜਾਣ ਵਾਲੀ ਇੱਕ ਹੋਰ ਅੰਦੋਲਨ ਨੂੰ ਬਰਬਾਦ ਨਹੀਂ ਕਰਨਾ ਚਾਹੀਦਾ।"

ਇਸ ਦੌਰਾਨ ਇਸ ਟਰੈਂਡ ਵਿੱਚ ਹਿੱਸਾ ਲੈਣ ਵਾਲੀ ਅਦਾਕਾਰਾ ਐਮਨ ਖ਼ਾਨ ਨੂੰ ਧੂਮ-ਧਾਮ ਨਾਲ ਵਿਆਹ ਕਰਨ 'ਤੇ ਵੀ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ ਸੀ। ਲੋਕਾਂ ਦਾ ਕਹਿਣਾ ਸੀ ਕਿ ਧੂਮ-ਧਾਮ ਨਾਲ ਵਿਆਹ ਕਰਨ ਵਾਲੇ ਸੈਲੀਬ੍ਰਿਟੀ ਦੋਗਲੇਪਣ ਦਾ ਪ੍ਰਦਰਸ਼ਨ ਕਰ ਰਹੇ ਹਨ।

ਇਹ ਵੀ ਪੜ੍ਹੋ:

ਇਸ ਮੁਹਿੰਮ ਨੂੰ ਸ਼ੁਰੂ ਕਰਨ ਵਾਲੀ ਅਲੀ ਰਜ਼ਾ ਦਾ ਕਹਿਣਾ ਹੈ, "ਸਾਡੀ ਇੱਛਾ ਹੈ ਕਿ ਲੋਕ ਦਾਜ ਲੈਣ ਨੂੰ ਬੁਰਾਈ ਸਮਝਣ। ਇਸ ਲਈ ਅਸੀਂ ਹਰਾਮ ਖੋਰ, ਭੱਤਾ ਖੋਰ ਅਤੇ ਰਿਸ਼ਵਤ ਖੋਰ ਵਰਗੇ ਗ਼ਲਤ ਸ਼ਬਦਾਂ ਤੋਂ ਪ੍ਰਭਾਵਿਤ ਹੋ ਕੇ ਇਹ ਸ਼ਬਦ ਬਣਾਇਆ ਹੈ। ਸਾਡੀ ਕੋਸ਼ਿਸ਼ ਹੈ ਕਿ ਇਸ ਨੂੰ ਉਰਦੂ ਸ਼ਬਦਕੋਸ਼ ਦਾ ਬਕਾਇਦਾ ਹਿੱਸਾ ਬਣਾਇਆ ਜਾਵੇ।"

ਉਹ ਕਹਿੰਦੇ ਹਨ ਕਿ ਮੁਹਿੰਮ ਦਾ ਮਕਸਦ ਲੋਕਾਂ ਵਿੱਚ ਦਾਜ ਦੇ ਮੁੱਦੇ 'ਤੇ ਗੱਲਬਾਤ ਨੂੰ ਵਧਾਉਣਾ ਹੈ ਅਤੇ ਇਸ ਮੁੱਦੇ ਦੀ ਸ਼ੁਰੂਆਤ ਉਸ ਬੀਜ ਨੂੰ ਬੀਜਣਾ ਹੈ ਜਿਹੜਾ ਅੱਗੇ ਚੱਲ ਕੇ ਦਾਜ ਖ਼ਿਲਾਫ਼ ਇੱਕ ਵੱਡਾ ਦਰਖ਼ਤ ਬਣੇਗਾ।

ਹਾਲਾਂਕਿ, ਯੂਐਨ ਵੂਮਨ ਦੀ ਅਨਮ ਅੱਬਾਸ ਮੁਤਾਬਕ ਇਹ ਮੁਹਿੰਮ ਆਪਣੇ ਉਦੇਸ਼ ਵਿੱਚ ਇਸ ਲਈ ਕਾਮਯਾਬ ਹੈ ਕਿ ਇਸਦੀ ਮਦਦ ਨਾਲ ਸੋਸ਼ਲ ਮੀਡੀਆ ਅਤੇ ਅਸਲ ਜ਼ਿੰਦਗੀ ਵਿੱਚ ਲੋਕਾਂ 'ਚ ਜਾਗਰੂਕਤਾ ਵਧੀ ਹੈ।

ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਸੰਸਥਾ ਇਸ ਮੁਹਿੰਮ ਨੂੰ ਪਾਕਿਸਤਾਨ ਦੇ ਪੇਂਡੂ ਇਲਾਕਿਆਂ ਵਿੱਚ ਵੀ ਲੈ ਕੇ ਜਾਣਾ ਚਾਹੁੰਦੀ ਹੈ ਤਾਂ ਜੋ ਇਹ ਸੰਦੇਸ਼ ਉੱਥੇ ਤੱਕ ਵੀ ਪਹੁੰਚੇ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)