Female Condom:ਸਿਹਤ ਲਈ ਲਾਹੇਵੰਦ ਹੋਣ ਦੇ ਬਾਵਜੂਦ ਔਰਤਾਂ ਕੰਡੋਮ ਕਿਉਂ ਨਹੀਂ ਵਰਤਦੀਆਂ?

    • ਲੇਖਕ, ਵਿਲੀਅਮ ਕਰੈਮਰ
    • ਰੋਲ, ਬੀਬੀਸੀ ਵਰਲਡ ਸਰਵਿਸ

ਔਰਤਾਂ ਲਈ ਕੰਡੋਮ 20 ਸਾਲ ਪਹਿਲਾਂ ਬਾਜ਼ਾਰ ਵਿੱਚ ਆਏ ਸਨ। ਇਨ੍ਹਾਂ ਦਾ ਤਕਨੀਕੀ ਨਾਮ ਤਾਂ ਐਫਸੀ-1 ਸੀ ਪਰ ਇਹ ਫੈਮੀਡੋਮ ਕਰਕੇ ਵਧੇਰ ਪ੍ਰਸਿੱਧ ਹੋਏ।

ਐਫਸੀ-1 ਬਣਾਉਣ ਵਾਲੀ ਚਾਰਟੈਕਸ ਕੰਪਨੀ ਦੇ ਚੇਅਰਮੈਨ ਰਹੇ ਮੈਰੀ ਐਨ ਲੀਪਰ ਦਾ ਕਹਿਣਾ ਹੈ,'ਮੇਰਾ ਇਸ ਉਤਪਾਦ ਵਿੱਚ ਯਕੀਨ ਸੀ ਮੇਰਾ ਮੰਨਣਾ ਸੀ ਕਿ ਔਰਤਾਂ ਆਪਣਾ ਖਿਆਲ ਰੱਖਣਾ ਚਾਹੁੰਣਗੀਆਂ।'

ਉਤਪਾਦ ਦੇ ਬਾਜ਼ਾਰ ਵਿੱਚ ਆਉਣ ਤੋਂ ਪਹਿਲਾਂ ਇਸ ਬਾਰੇ ਉਤਸੁਕਤਾ ਸੀ ਪਰ ਇਸ ਗੱਲ ਦਾ ਅਨੁਮਾਨ ਨਹੀਂ ਸੀ ਕਿ ਇਸ ਬਾਰੇ ਯੂਰਪੀ ਤੇ ਅਮਰੀਕੀਆਂ ਦੀ ਕੀ ਪ੍ਰਤੀਕਿਰਿਆ ਹੋਵੇਗੀ।

ਸ਼ੁਰੂ ਵਿੱਚ ਉਤਪਾਦ ਸਫ਼ਲ ਨਹੀਂ ਹੋ ਸਕਿਆ

ਲੀਪਰ ਦਾ ਮੰਨਣਾ ਹੈ ਕਿ ਇਹ ਉਤਪਾਦ ਮਜ਼ਾਕ ਬਣਾਏ ਜਾਣ ਕਰਕੇ ਅਸਫ਼ਲ ਹੋਇਆ। ਉਹ ਇਹ ਨਹੀਂ ਸਮਝ ਪਾ ਰਹੇ ਕਿ ਆਖ਼ਰ ਔਰਤਾਂ ਦੀ ਤੰਦਰੁਸਤੀ ਲਈ ਬਣੇ ਇਸ ਉਤਪਾਦ ਦਾ ਮਜ਼ਾਕ ਕਿਉਂ ਬਣਾਇਆ ਗਿਆ।

ਇਹ ਉਤਪਾਦ ਉਨ੍ਹਾਂ ਨੂੰ ਅਣਚਾਹੇ ਗਰਭ ਤੇ ਸਰੀਰਕ ਸੰਬੰਧਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਉਣ ਲਈ ਬਣਾਇਆ ਗਿਆ ਸੀ।

ਅਸਲ ਗੱਲ ਤਾਂ ਇਹ ਸੀ ਕਿ ਐਫ਼ਸੀ-1 ਦੇ ਡਿਜ਼ਾਈਨ ਵਿੱਚ ਨੁਕਸ ਸੀ ਜਿਸ ਕਰਕੇ ਇਹ ਸੈਕਸ ਦੌਰਾਨ ਆਵਾਜ਼ ਕਰਦਾ ਸੀ। ਜਿਸ ਕਰਕੇ ਇਹ ਮਜ਼ਾਕ ਦਾ ਕੇਂਦਰ ਬਣਿਆ।

1995 ਵਿੱਚ ਚਾਰਟੈਕਸ ਦੀ ਸਾਬਕਾ ਅਧਿਕਾਰੀ, 'ਫੀਮੇਲ ਹੈਲਥ ਕੰਪਨੀ' ਇਸ ਬਾਰੇ ਸਿੱਖਿਅਤ ਕਰਨ ਲਈ ਪ੍ਰੋਗਰਾਮ ਉਲੀਕ ਰਹੀ ਸੀ। ਉਸੇ ਸਮੇਂ ਲੀਪਰ ਨੂੰ ਜ਼ਿੰਬਾਬਵੇ ਵਿੱਚ ਐੱਚਆਈਵੀ ਅਤੇ ਏਡਜ਼ ਲਈ ਕੰਮ ਕਰ ਰਹੀ, ਡੇਜ਼ੀ ਦਾ ਫ਼ੋਨ ਆਇਆ।

"ਉਨ੍ਹਾਂ ਕਿਹਾ,'ਮੇਰੀ ਮੇਜ਼ 'ਤੇ ਇੱਕ ਅਰਜੀ ਪਈ ਹੈ, ਜਿਸ 'ਤੇ 30,000 ਔਰਤਾਂ ਦੇ ਦਸਤਖ਼ਤ ਹਨ। ਜੋ ਫੀਮੇਲ ਕੰਡੋਮ ਦੀ ਮੰਗ ਕਰ ਰਹੀਆਂ ਹਨ।'

ਇੱਥੋਂ ਹੀ ਕੰਪਨੀ ਨੂੰ ਇਹ ਉਤਪਾਦ ਵਿਕਾਸਸ਼ੀਲ ਦੇਸਾਂ ਦੀਆਂ ਔਰਤਾਂ ਨੂੰ ਵੱਡੀ ਗਿਣਤੀ ਵਿੱਚ ਸਪਲਾਈ ਕਰਨ ਦਾ ਵਿਚਾਰ ਆਇਆ।

ਐਫਸੀ-1 ਤੋਂ ਬਾਅਦ ਐਫਸੀ-2 ਬਣਾਇਆ ਗਿਆ। ਇਹ ਇੱਕ ਸਿੰਥੈਟਿਕ ਲੇਟੈਕਸ ਦਾ ਬਣਿਆ ਹੋਇਆ ਸੀ, ਜੋ ਆਵਾਜ਼ ਨਹੀਂ ਸੀ ਕਰਦਾ।

ਇਸ ਦੀ ਸਪਲਾਈ 138 ਦੇਸਾਂ ਵਿੱਚ ਕੀਤੀ ਗਈ। 2007 ਤੋਂ ਇਸ ਦੀ ਖਰੀਦ ਦੁੱਗਣੀ ਹੋਈ ਹੈ ਤੇ ਫ਼ੀਮੇਲ ਹੈਲਥ ਕੰਪਨੀ ਨੇ ਅੱਠ ਸਾਲਾਂ ਤੱਕ ਮੁਨਾਫ਼ਾ ਖੱਟਿਆ।

ਇਸ ਦੇ ਚਾਰ ਵੱਡੇ ਗਾਹਕ ਸਨ- ਅਮਰੀਕੀ ਏਡ ਏਜੰਸੀ,ਸੰਯੁਕਤ ਰਾਸ਼ਟਰ ਤੇ ਬ੍ਰਾਜ਼ੀਲ ਤੇ ਦੱਖਣੀ ਅਫ਼ਰੀਕਾ ਦੇ ਸਿਹਤ ਮੰਤਰਾਲੇ।

ਜਨਤਕ ਸਿਹਤ ਅਧਿਕਾਰੀ ਤੇ ਦਾਨੀ ਹਰ ਉਸ ਚੀਜ਼ ਲਈ ਉਤਾਵਲੇ ਹੁੰਦੇ ਹਨ ਜੋ ਕੰਡੋਮ ਦੇ ਮਾਮਲੇ ਵਿੱਚ ਔਰਤਾਂ ਦੀ ਤਾਕਤ ਵਧਾਉਂਦਾ ਹੋਵੇ ਤਾਂ ਕਿ ਉਹ ਪੁਰਸ਼ਾਂ ਨੂੰ ਕੰਡੋਮ ਲਈ ਕਹਿ ਸਕਣ।

ਫ਼ੀਮੇਲ ਕੰਡੋਮ ਦੇ ਹੋਰ ਵੀ ਲਾਭ ਸਨ। ਇਹ ਸੈਕਸ ਤੋਂ ਕਈ ਘੰਟੇ ਪਹਿਲਾਂ ਅੰਦਰ ਰੱਖੇ ਜਾ ਸਕਦੇ ਹਨ। ਦੂਸਰਾ ਇਨ੍ਹਾਂ ਨੂੰ ਸੈਕਸ ਤੋਂ ਫ਼ੌਰੀ ਮਗਰੋਂ ਕੱਢਣ ਦੀ ਵੀ ਜ਼ਰੂਰਤ ਨਹੀਂ ਹੈ। ਇਹ ਔਰਤਾਂ ਨੂੰ ਜਿਨਸੀ ਰੋਗਾਂ ਤੋਂ ਵੀ ਵਧੇਰੇ ਸੁਰੱਖਿਅਤ ਰੱਖਦਾ ਹੈ ਕਿਉਂਕਿ ਇੱਕ ਰਿੰਗ ਯੋਨੀ ਦੇ ਬਾਹਰੀ ਭਾਗ ਨੂੰ ਢੱਕ ਕੇ ਰੱਖਦਾ ਹੈ।

ਵਰਤਣ ਵਾਲਿਆਂ ਦੀ ਫ਼ੀਡਬੈਕ ਵੀ ਵਧੀਆ ਸੀ

2011 ਦੇ ਇੱਕ ਸਰਵੇ ਮੁਤਾਬਕ 86 ਫ਼ੀਸਦੀ ਔਰਤਾਂ ਇਸਨੂੰ ਵਰਤਣਾ ਚਾਹੁੰਦੀਆਂ ਸਨ ਜਦ ਕਿ 95 ਫ਼ੀਸਦੀ ਨੇ ਕਿਹਾ ਕਿ ਉਹ ਆਪਣੀਆਂ ਸਹੇਲੀਆਂ ਨੂੰ ਇਹ ਵਰਤਣ ਦੀ ਸਲਾਹ ਦੇਣਗੀਆਂ।

ਯੂਨੀਵਰਸਲ ਅਕਸੈਸ ਟੂ ਫੀਮੇਲ ਕੰਡੋਮ ਦੀ ਸਸਿਕਾ ਹਸਕਨ ਨੇ ਦੱਸਿਆ,"ਕਈ ਵਿਅਕਤੀਆਂ ਨੇ ਕਿਹਾ ਕਿ ਇਹ ਔਰਤਾਂ ਲਈ ਵਧੇਰੇ ਤਸੱਲੀ ਦੇਣ ਵਾਲੇ ਹਨ।"

ਇਹ ਬੰਦਿਆਂ ਲਈ ਬਣੇ ਕੰਡੋਮ ਨਾਲੋਂ ਘੱਟ ਕਸਵੇਂ ਹੁੰਦੇ ਹਨ। ਔਰਤਾਂ ਲਈ ਯੋਨੀ ਦੇ ਬਾਹਰ ਰਹਿਣ ਵਾਲਾ ਰਿੰਗ ਵੀ ਉਤੇਜਨਾ ਦਿੰਦਾ ਹੈ।

ਅਫਰੀਕਾ ਵਿੱਚ ਇਹ ਮੁਫ਼ਤ ਵੰਡੇ ਜਾਣ ਕਰਕੇ ਇੱਕ ਕਿਸਮ ਦਾ ਫ਼ੈਸ਼ਨ ਬਣ ਗਿਆ।

ਔਰਤਾਂ ਰਿੰਗ ਲਾਹ ਕੇ ਚੂੜੀ ਦੀ ਤਰ੍ਹਾਂ ਪਹਿਨਣ ਲੱਗ ਪਈਆਂ ਸਨ। ਇਹ ਰਿੰਗ ਜਦੋਂ ਔਰਤ ਨੇ ਪਾਈ ਹੁੰਦੀ ਤਾਂ ਇਹ ਨਵੀਂ ਹੈ ਜਾਂ ਪੁਰਾਣੀ ਇਸ ਤੋਂ ਉਨ੍ਹਾਂ ਦੇ ਸੈਕਸ ਤਜਰਬੇ ਦਾ ਪਤਾ ਲੱਗਦਾ ਕਿ ਉਹ ਕਿੰਨੇ ਚਿਰ ਤੋਂ ਜਿਨਸੀ ਰਿਸ਼ਤਾ ਹੰਢਾ ਰਹੀ ਹੈ।

ਜਿਵੇਂ ਜੇ ਤੁਸੀਂ ਰਿਸ਼ਤਾ ਲੱਭ ਰਹੇ ਹੋ ਤਾਂ ਤੁਹਾਡੀ ਚੂੜੀ ਨਵੀਂ ਹੋਵੇਗੀ ਤੇ ਜੇ ਤੁਹਾਡੇ ਰਿਸ਼ਤੇ ਨੂੰ ਸਮਾਂ ਹੋ ਗਿਆ ਹੈ ਤਾਂ ਚੂੜੀ ਪੁਰਾਣੀ ਹੋਵੇਗੀ।

ਨਾਈਜੀਰੀਆ ਦੀ 'ਸੁਸਾਇਟੀ ਆਫ਼ ਫੈਮਲੀ ਹੈਲਥ' ਦੀ ਮੇਵੀਆ ਐਡੀ ਨੇ ਦੱਸਿਆ ਕਿ ਜਿੱਥੇ ਪੁਰਸ਼ ਬਿਨਾਂ ਰੈਗੂਲਰ ਕੰਡੋਮ ਪਾਏ ਸੈਕਸ ਲਈ ਉਤਾਵਾਲੇ ਹੁੰਦੇ ਹਨ, ਉੱਥੇ ਹੀ ਔਰਤਾਂ ਉਤਪਾਦ ਦੇਖ ਕੇ ਹੀ ਪ੍ਰੇਸ਼ਾਨ ਹੋ ਜਾਂਦੀਆਂ ਹਨ।

ਉਹ ਹੈਰਾਨੀ ਵਾਲੇ ਭਾਵਾਂ ਵਿੱਚ ਕਹਿੰਦੀਆਂ ਹਨ ਕਿ "ਠੀਕ ਹੈ ਪਰ ਕੀ ਇਹ ਮੈਨੂੰ ਆਪਣੇ ਅੰਦਰ ਰੱਖਣਾ ਪਵੇਗਾ।"

ਐਡੀ ਦੀ ਟੀਮ ਔਰਤਾਂ ਨੂੰ ਇਸ ਕੰਡੋਮ ਦੀ ਵਰਤੋਂ ਦਿਖਾਉਣ ਲਈ ਗੁੱਡੀ ਦੀ ਵਰਤੋਂ ਕਰਦੀ ਹੈ।

ਉਹ ਦੱਸਦੀਆਂ ਹਨ ਕਿ ਪਹਿਲਾਂ ਘਬਰਾਹਟ ਹੁੰਦੀ ਹੈ ਪਰ ਫੇਰ ਸਭ ਸਹਿਜ ਹੋ ਜਾਂਦਾ ਹੈ।

ਯੂਨੀਵਰਸਿਟੀ ਆਫ਼ ਵਿਟਵਾਟਰ-ਸਰੈਂਡ ਦੱਖਣੀ ਅਫਰੀਕਾ ਦੇ ਮੈਗਸ ਬੇਕਸਿੰਕਾ ਨੇ ਦੱਸਿਆ ਕਿ, ਜਿੱਥੇ ਪੁਰਸ਼ਾਂ ਵਾਲੇ ਕੰਡੋਮ ਪਤਲੇ ਪੈਕਟਾਂ ਵਿੱਚ ਸਲੀਕੇ ਨਾਲ ਪੈਕ ਕੀਤੇ ਹੁੰਦੇ ਹਨ ਜਿੰਨ੍ਹਾਂ ਨੂੰ ਪਿੱਛੇ ਵੱਲ ਖੋਲ੍ਹਿਆ ਜਾਂਦਾ ਹੈ। ਫ਼ੀਮੇਲ ਕੰਡੋਮ ਵਰਤੇ ਹੋਏ ਲਗਦੇ ਹਨ।"

ਉਨ੍ਹਾਂ ਅੱਗੇ ਕਿਹਾ," ਜੇ ਤੁਸੀਂ ਇਕੱਠੇ ਖੋਲ੍ਹ ਕੇ ਦੇਖੋਂ ਤਾਂ ਇਹ ਪੁਰਸ਼ ਕੰਡੋਮ ਦੇ ਆਕਾਰ ਦੇ ਹੀ ਹੁੰਦੇ ਹਨ। ਦੋਹਾਂ ਵਿੱਚ ਕੋਈ ਫ਼ਰਕ ਨਹੀਂ।"

ਬੇਕਸਿੰਕਾ ਫ਼ੀਮੇਲ ਕੰਡੋਮ ਦੇ ਤਿੰਨ ਮਾਡਲਾਂ ਦੇ ਟਰਾਇਲ ਕਰਨ ਵਾਲੀ ਟੀਮ ਦੇ ਮੁਖੀ ਹਨ।

  • ਚੀਨ ਵਿੱਚ ਮਿਲਣ ਵਾਲਾ ਵੂਮੈੱਨਜ਼ ਕੰਡੋਮ, ਪਾਥ ਨਾਮ ਦੇ ਇੱਕ ਗੈਰ ਸਰਕਾਰੀ ਸੰਗਠਨ ਦੇ 17 ਸਾਲ ਦੇ ਪ੍ਰੋਜੈਕਟ ਦਾ ਨਤੀਜਾ ਹੈ। ਇਹ ਸੰਗਠਨ ਸਿਹਤ ਸੰਬੰਧੀ ਖੋਜਾਂ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਨੇ ਇਸ ਦੇ 50 ਰੂਪਾਂ ਦੀ ਪਰਖ ਕੀਤੀ ਹੈ। ਇਹ ਕੰਡੋਮ ਐਫਸੀ-2 ਨਾਲੋਂ ਛੋਟਾ ਹੈ। ਇਹ ਦੇਖਣ ਨੂੰ ਟੈਂਪੋਂ ਵਰਗਾ ਲੱਗਦਾ ਹੈ ਤੇ ਪੋਲੀਵਿਨਾਇਲ ਦੇ ਖੋਲ ਵਿੱਚ ਰੱਖਿਆ ਹੁੰਦਾ ਹੈ। ਇਹ ਖੋਲ ਯੋਨੀ ਦੇ ਅੰਦਰ ਘੁਲ ਜਾਂਦਾ ਹੈ ਤੇ ਕੰਡੋਮ ਆਪਣੀ ਥਾਂ ਲੈ ਲੈਂਦਾ ਹੈ। ਇਸ ਉੱਪਰ ਬਣੇ ਡੌਟਸ ਇਸ ਨੂੰ ਸਥਿਰ ਰੱਖਦੇ ਹਨ।
  • ਕਿਊਪਿਡ: ਭਾਰਤ, ਦੱਖਣੀ ਅਫਰੀਕਾ ਤੇ ਬ੍ਰਾਜ਼ੀਲ ਵਿੱਚ ਮਿਲਦਾ ਹੈ। ਇਹ ਕੁਦਰਤੀ ਰੰਗਾਂ ਵਿੱਚ ਤੇ ਵਨੀਲਾ ਫਲੇਵਰ ਵਾਲਾ ਹੁੰਦਾ ਹੈ। ਫ਼ੀਮੇਲ ਕੰਡੋਮ ਦਾ ਇੱਕੋ-ਇੱਕ ਮਾਡਲ ਹੈ ਜਿਸ ਨੂੰ ਵਿਸ਼ਵ ਸਿਹਤ ਸੰਗਠਨ ਵੱਲੋਂ ਸਰਕਾਰੀ ਖਰੀਦ ਲਈ ਮਾਨਤਾ ਪ੍ਰਾਪਤ ਹੈ।
  • ਵੀਏ ਵੋਅ (VA Wow) ਵੀ ਕਿਉਪਿਡ ਵਰਗਾ ਹੈ। ਇਸ ਵਿੱਚ ਸਪੰਜ ਲੱਗੀ ਹੁੰਦੀ ਹੈ ਜੋ ਇਸ ਨੂੰ ਸਥਿਰ ਰੱਖਦੀ ਹੈ।

ਦੂਜੇ ਡੀਜ਼ਾਈਨਾਂ ਦੇ ਕੰਡੋਮ ਵੀ ਮਿਲਣੇ ਸ਼ੁਰੂ ਹੋ ਗਏ ਹਨ।

ਏਅਰ ਕੰਡੋਮ ਵਿੱਚ ਹਵਾ ਲਈ ਥਾਂ ਬਣੀ ਹੁੰਦੀ ਹੈ, ਜਿਸ ਨਾਲ ਇਸ ਨੂੰ ਰੱਖਣਾ ਸੌਖਾ ਹੋ ਜਾਂਦਾ ਹੈ।

ਪੈਂਟੀ ਕੰਡੋਮ ਜਿਸ ਨੂੰ ਇੱਕ ਅਮਰੀਕੀ ਕੰਪਨੀ ਨੇ ਬਣਾਇਆ ਹੈ। ਇਸ ਨਾਲ ਮਿਲਦੀ ਨਿੱਕਰ ਇਸ ਨੂੰ ਸਥਿਰ ਰੱਖਣ ਵਿੱਚ ਮਦਦਗਾਰ ਹੁੰਦੀ ਹੈ।

ਓਰੀਗੈਮੀ ਕੰਡੋਮ ਦੇ ਡੀਜ਼ਾਈਨਰ (ਡੈਨੀ ਰਿਸਨਿਕ) ਨੂੰ 1993 ਵਿੱਚ ਕੰਡੋਮ ਫਟ ਜਾਣ ਕਰਕੇ ਐੱਚਆਈਵੀ ਹੋ ਗਿਆ ਸੀ। ਉਸ ਮਗਰੋਂ ਉਹ ਇਸ ਪਾਸੇ ਕੰਮ ਕਰਨ ਲੱਗ ਪਏ।

ਉਨ੍ਹਾਂ ਦਾ ਕੰਡੋਮ ਅੰਡਾਕਾਰ ਹੈ। ਇਸਦੇ ਬਾਹਰ ਦਾ ਰਿੰਗ ਯੋਨੀ ਦੇ ਮੂੰਹ 'ਤੇ ਸਥਿਰ ਹੋ ਜਾਂਦਾ ਹੈ।

ਡੈਨੀ ਰਿਸਨਿਕ ਦਾ ਕਹਿਣਾ ਹੈ ਕਿ ਕੰਡੋਮ ਤੋਂ ਦੋ ਵਿਅਕਤੀ ਅਨੁਭਵ ਹਾਸਲ ਕਰਦੇ ਹਨ। ਇਸ ਲਈ ਅਸੀਂ ਕੋਸ਼ਿਸ਼ ਕੀਤੀ ਕਿ ਸਾਡੇ ਕੰਡੋਮ ਵੱਲ ਦੋਵੇਂ ਹੀ ਖਿੱਚੇ ਜਾਣ,ਮਰਦ ਵੀ ਤੇ ਔਰਤਾਂ ਵੀ।"

ਸਿਲੀਕੌਨ ਦਾ ਬਣਿਆ ਹੋਣ ਕਰਕੇ ਇਸ ਨੂੰ ਧੋ ਕੇ ਦੁਬਾਰਾ ਵੀ ਵਰਤਿਆ ਜਾ ਸਕਦਾ ਹੈ।

ਸਸਿਕਾ ਹਸਕਨ ਨੇ ਦੱਸਿਆ,"ਵਰਾਇਟੀ ਦੀ ਜ਼ਰੂਰਤ ਹੈ, ਕਿਸੇ ਔਰਤ ਨੂੰ ਕੁਝ ਪਸੰਦ ਆਉਂਦਾ ਹੈ ਕਿਸੇ ਨੂੰ ਕੁਝ। ਇਹੀ ਮਾਮਲਾ ਪੁਰਸ਼ਾਂ ਨਾਲ ਹੈ।"

2010 ਦੇ ਇੱਕ ਅਧਿਐਨ ਵਿੱਚ 170 ਦੱਖਣ ਅਫਰੀਕੀ ਔਰਤਾਂ ਨੂੰ ਤਿੰਨ ਤਰ੍ਹਾਂ ਦੇ ਕੰਡੋਮ ਪੰਜ-ਪੰਜ ਵਾਰ ਵਰਤ ਕੇ ਦੇਖਣ ਲਈ ਕਿਹਾ ਗਿਆ।

ਨੌਂ ਹਫਤਿਆਂ ਬਾਅਦ ਉਹ ਜੇ ਚਾਹੁਣ ਤਾਂ ਖੋਜ ਤੋਂ ਬਾਹਰ ਵੀ ਹੋ ਸਕਦੀਆਂ ਸਨ। ਉਨ੍ਹਾਂ ਵਿੱਚੋਂ 87 ਫੀਸਦ ਨੇ ਕਿਹਾ ਕਿ ਉਹ ਕੰਡੋਮ ਵਰਤਣਾ ਜਾਰੀ ਰੱਖਣਗੀਆਂ।

ਸਾਰੀਆਂ ਦੀ ਪਸੰਦ ਵੀ ਤੈਅ ਹੋ ਗਈ ਸੀ। (44 ਫੀਸਦ ਨੇ ਵੁਮਿਨਜ਼ ਕੰਡੋਮ, 37 ਫ਼ੀਸਦ ਨੇ ਐਫਸੀ-2 ਅਤੇ 19 ਫ਼ੀਸਦ ਨੇ ਵਾ ਵੋਅ ਪਸੰਦ ਕੀਤਾ।)

ਭਾਵੇਂ 20 ਸਾਲ ਹੋ ਗਏ ਹਨ ਫ਼ੀਮੇਲ ਕੰਡੋਮ ਨੂੰ ਬਾਜ਼ਾਰ ਵਿੱਚ ਆਏ ਪਰ ਵਿਸ਼ਵ ਪੱਧਰ 'ਤੇ ਹਾਲੇ ਤੱਕ ਮਰਦਾਂ ਵਾਲੇ ਕੰਡੋਮਜ਼ ਦੇ ਮੁਕਾਬਲੇ ਇਨ੍ਹਾਂ ਦੀ ਖਰੀਦ ਸਿਰਫ਼ 0.19 ਫ਼ੀਸਦ ਹੀ ਹੈ। ਜਦ ਕਿ ਕੀਮਤ 10 ਗੁਣਾਂ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)