ਕਾਮਨਵੈਲਥ ਖੇਡਾਂ: ਕਦੇ ਸ਼ੂਟਿੰਗ ਕਲੱਬ ਤੋਂ ਸਸਪੈਂਡ ਹੋਈ ਮੇਹੁਲੀ ਨੇ ਜਿੱਤਿਆ ਸਿਲਵਰ ਮੈਡਲ

    • ਲੇਖਕ, ਵੰਦਨਾ
    • ਰੋਲ, ਬੀਬੀਸੀ ਟੀਵੀ ਐਡੀਟਰ, ਭਾਰਤੀ ਭਾਸ਼ਾਵਾਂ

17 ਸਾਲ ਦੀ ਸ਼ੂਟਰ ਮੇਹੁਲੀ ਗੋਸ਼ ਨੇ 10 ਮੀਟਰ ਵਰਗ ਏਅਰ ਰਾਈਫਲ ਵਿੱਚ ਸਿਲਵਰ ਮੈਡਲ ਜਿੱਤਿਆ ਹੈ। ਇਸੇ ਮੁਕਾਬਲੇ ਵਿੱਚ ਅਪੂਰਵੀ ਚੰਦੇਲਾ ਨੇ ਬ੍ਰੌਂਜ਼ ਮੈਡਲ ਜਿੱਤਿਆ ਹੈ।

ਮੇਹੁਲੀ ਨੇ 2017 ਦੀ ਕੌਮੀ ਸ਼ੂਟਿੰਗ ਚੈਂਪੀਅਨਸ਼ਿਪ 'ਚ ਜਦੋਂ 8 ਮੈਡਲ ਜਿੱਤੇ ਤਾਂ ਲੋਕਾਂ ਨੇ ਪਹਿਲੀ ਵਾਰ ਮੇਹੁਲੀ ਨੂੰ ਪਛਾਣਿਆ ਪਰ ਮੈਕਸਿਕੋ 'ਚ ਹੋਏ ਵਿਸ਼ਵ ਕੱਪ 'ਚ ਦੋ ਤਮਗੇ ਆਪਣੇ ਨਾਮ ਕਰਕੇ ਮੇਹੁਲੀ ਸਭ ਦੀਆਂ ਨਜ਼ਰਾਂ ਵਿੱਚ ਛਾ ਗਈ ਸੀ।

ਪੱਛਮੀ ਬੰਗਾਲ ਦੇ ਸਿਰਮਪੁਰ ਦੀ ਰਹਿਣ ਵਾਲੀ ਮੇਹੁਲੀ ਬਚਪਨ ਤੋਂ ਹੀ ਟੀਵੀ ਸੀਰੀਅਲ ਸੀਆਈਡੀ ਅਤੇ ਉਸਦੇ ਕਿਰਦਾਰ 'ਇੰਸਪੈਕਟਰ ਦਯਾ' ਦੀ ਪ੍ਰਸ਼ੰਸਕ ਰਹੀ ਹੈ। ਟੀਵੀ 'ਤੇ ਜੈ-ਵੀਰੂ ਦੇ ਨਿਸ਼ਾਨੇਬਾਜੀ ਵਾਲੇ ਸੀਨ ਉਸ ਨੂੰ ਬੇਹੱਦ ਪਸੰਦ ਸਨ।

ਬੰਦੂਕ ਪਿਸਟਲ ਅਤੇ ਸ਼ੂਟਿੰਗ ਦਾ ਸ਼ੌਕ ਉੱਥੋਂ ਹੀ ਸ਼ੁਰੂ ਹੋਇਆ ਸੀ। ਪਰ 14 ਸਾਲ ਦੀ ਉਮਰ 'ਚ ਇੱਕ ਘਟਨਾ ਨੇ ਉਨ੍ਹਾਂ ਦੀ ਜ਼ਿੰਦਗੀ 'ਤੇ ਡੂੰਘਾ ਅਸਰ ਛੱਡਿਆ।

ਪ੍ਰੈਕਟਿਸ ਦੌਰਾਨ ਫਾਇਰ ਹੋਏ ਇੱਕ ਪੈਲੇਟ ਨਾਲ ਇੱਕ ਵਿਅਕਤੀ ਨੂੰ ਸੱਟ ਲੱਗੀ ਜਿਸ ਕਾਰਨ ਉਨ੍ਹਾਂ ਨੂੰ ਸਸਪੈਂਡ ਕਰ ਦਿੱਤਾ ਗਿਆ।

ਉਸ ਘਟਨਾ ਤੋਂ ਬਾਅਦ ਮੇਹੁਲੀ ਕਈ ਦਿਨਾਂ ਤੱਕ ਡਿਪ੍ਰੈਸ਼ਨ 'ਚ ਰਹੀ ਅਤੇ ਉਨ੍ਹਾਂ ਨੂੰ ਕਾਊਂਸਲਿੰਗ ਵੀ ਲੈਣੀ ਪਈ।

ਹਤਾਸ਼ ਅਤੇ ਨਿਰਾਸ਼ ਮੇਹੁਲੀ ਨੂੰ 2015 'ਚ ਉਸ ਦੇ ਮਾਤਾ-ਪਿਤਾ ਸਾਬਕਾ ਓਲੰਪੀਅਨ ਜੈਦੀਪ ਕਰਮਾਕਰ ਦੀ ਅਕਾਦਮੀ 'ਚ ਆਏ।

ਕਰਮਾਕਰ ਨੇ ਮੇਹੁਲੀ ਨੂੰ ਆਪਣੀ ਅਕਾਦਮੀ ਵਿੱਚ ਸਿਖਲਾਈ ਦੇਣੀ ਸ਼ੁਰੂ ਕੀਤੀ। ਆਪਣੇ ਘਰ ਤੋਂ ਰੋਜ਼ਾਨਾ ਉਹ 3-4 ਘੰਟੇ ਦਾ ਸਫ਼ਰ ਕਰਕੇ ਸਿਖਲਾਈ ਲਈ ਜਾਂਦੀ ਸੀ। ਸਿਖਲਾਈ ਤੋਂ ਮੇਹੁਲੀ ਨੂੰ ਘਰ ਆਉਂਦਿਆਂ ਅਕਸਰ ਰਾਤ ਹੋ ਜਾਂਦੀ ਸੀ।

ਹੌਲੀ - ਹੌਲੀ ਮੇਹੁਲੀ ਦੇ ਕੋਚ ਅਤੇ ਉਨ੍ਹਾਂ ਦੇ ਮਾਤਾ ਪਿਤਾ ਦੀ ਮਿਹਨਤ ਰੰਗ ਲਿਆਈ ਅਤੇ ਮੇਹੁਲੀ ਨੇ 2016 ਅਤੇ 2017 ਵਿੱਚ ਝੋਲੀ ਭਰ - ਭਰ ਕੇ ਕੌਮੀ ਪੱਧਰੀ ਮੈਡਲ ਜਿੱਤੇ।

ਜੈਦੀਪ 2012 ਓਲੰਪਿਕ ਵਿੱਚ ਚੌਥੇ ਨੰਬਰ 'ਤੇ ਰਹੇ ਸਨ ਅਤੇ ਬਹੁਤ ਘੱਟ ਫਰਕ ਨਾਲ ਮੈਡਲ ਜਿੱਤਣ ਤੋਂ ਰਹਿ ਗਏ ਸਨ। ਮੇਹੁਲੀ ਨੂੰ ਉਹ ਨਿਸ਼ਾਨੇਬਾਜ਼ੀ ਹੀ ਨਹੀਂ ਬਲਕਿ ਮਾਨਸਿਕ ਤੌਰ 'ਤੇ ਵੀ ਮਜ਼ਬੂਤ ਰਹਿਣ ਦੇ ਗੁਰ ਵੀ ਸਿਖਾ ਰਹੇ ਹਨ।

ਵਿਸ਼ਵ ਕੱਪ ਵਿੱਚ ਦੋ ਮੈਡਲ ਜਿੱਤਣ ਤੋਂ ਬਾਅਦ ਉਨ੍ਹਾਂ ਦੇ ਹੌਂਸਲੇ ਬੁਲੰਦ ਹੋ ਗਏ ਅਤੇ ਗੋਲਡ ਕੋਸਟ ਵਿੱਚ ਹੋ ਰਹੀਆਂ ਕਾਮਨਵੈਲਥ ਖੇਡਾਂ ਵਿੱਚ ਮੇਹੁਲੀ ਪਹਿਲੀ ਵਾਰ ਭਾਰਤ ਦੀ ਅਗਵਾਈ ਕਰ ਰਹੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)