You’re viewing a text-only version of this website that uses less data. View the main version of the website including all images and videos.
ਕਾਮਨਵੈਲਥ ਡਾਇਰੀ꞉ ਕੌਣ ਹੈ ਕੁਸ਼ਤੀ ਵਿੱਚ ਆਸਟਰੇਲੀਆ ਦਾ ਝੰਡਾ ਚੁੱਕਣ ਵਾਲੀ ਪੰਜਾਬਣ ਮੁਟਿਆਰ?
- ਲੇਖਕ, ਰੇਹਾਨ ਫਜ਼ਲ
- ਰੋਲ, ਗੋਲਡਕੋਸਟ (ਆਸਟਰੇਲੀਆ) ਤੋਂ ਬੀਬੀਸੀ ਪੱਤਰਕਾਰ
ਮੈਂ ਹਾਲੇ ਕਾਮਵੈਲਥ ਖੇਡ ਪਿੰਡ ਵਿੱਚ ਦਾਖਲ ਹੋ ਹੀ ਰਿਹਾ ਸੀ ਕਿ ਮੇਰੀ ਨਿਗ੍ਹਾ ਆਸਟਰੇਲੀਆ ਦਾ ਕੌਮੀ ਝੰਡਾ ਫੜੀ ਇੱਕ ਭਾਰਤੀ ਲੜਕੀ 'ਤੇ ਪਈ। ਪੁੱਛਣ 'ਤੇ ਪਤਾ ਲੱਗਿਆ ਕਿ ਉਸ ਦਾ ਨਾਮ ਰੁਪਿੰਦਰ ਕੌਰ ਹੈ ਸੰਧੂ ਹੈ। ਉਹ ਇਨ੍ਹਾਂ ਖੇਡਾਂ ਵਿੱਚ 48 ਕਿਲੋਗ੍ਰਮ ਵਰਗ ਕੁਸ਼ਤੀ ਵਿੱਚ ਆਸਟਰੇਲੀਆ ਦੀ ਨੁਮਾਇੰਦਗੀ ਕਰ ਰਹੇ ਹਨ।
ਉਨ੍ਹਾਂ ਨੇ ਪਿਛਲੇ ਸਾਲ ਹੀ ਆਸਟਰੇਲੀਆ ਦੀ ਕੌਮੀ ਕੁਸ਼ਤੀ ਚੈਂਪੀਅਨਸ਼ਿਪ ਜਿੱਤੀ ਤੇ ਕੁਝ ਦਿਨ ਪਹਿਲਾਂ ਜੋਹਨਸਬਰਗ ਦੀਆਂ ਰਾਸ਼ਟਰ ਮੰਡਲ ਖੇਡਾਂ ਵਿੱਚ ਤਾਂਬੇ ਦਾ ਮੈਡਲ ਜਿੱਤਿਆ ਪਰ ਗਲਾਸਗੋ ਵਿੱਚ ਕਿਸਮਤ ਨੇ ਉਨ੍ਹਾਂ ਦਾ ਸਾਥ ਨਹੀਂ ਦਿੱਤਾ।
48 ਕਿਲੋਗ੍ਰਾਮ ਵਰਗ ਵਿੱਚ ਹਿੱਸਾ ਲੈਣਾ ਚਾਹੁੰਦੀ ਸੀ ਪਰ 200 ਗ੍ਰਾਮ ਭਾਰ ਵਧਣ ਕਰਕੇ ਆਪਣੇ ਨਾਲੋਂ ਕਿਤੇ ਤਕੜੀਆਂ ਪਹਿਲਵਾਨਾਂ ਨਾਲ 53 ਕਿਲੋਗ੍ਰਾਮ ਭਾਰ ਵਰਗ ਵਿੱਚ ਭਿੜਨਾ ਪਿਆ। ਇਸ ਕਰਕੇ ਉਹ ਬਹੁਤਾ ਕੁਝ ਨਹੀਂ ਕਰ ਸਕੇ।
33 ਸਾਲਾ ਸੰਧੂ ਦਸ ਸਾਲ ਪਹਿਲਾਂ ਅੰਮ੍ਰਿਤਸਰ ਤੋਂ ਆਸਟਰੇਲੀਆ ਆਏ ਸਨ।
ਹੁਣ ਉਸ ਦੀ ਸਾਹਿਬਾ ਨਾਮ ਦੀ 15 ਮਹੀਨਿਆਂ ਦੀ ਇੱਕ ਧੀ ਹੈ। 2004 ਵਿੱਚ ਰੁਪਿੰਦਰ ਨੇ ਜਲੰਧਰ ਵਿੱਚ ਇੱਕ ਮਿੱਟੀ ਦੇ ਅਖਾੜੇ ਤੋਂ ਕੁਸ਼ਤੀ ਵਿੱਚ ਆਪਣੇ ਸਫ਼ਰ ਦੀ ਸ਼ੁਰੂਆਤ ਕੀਤੀ। ਦੋ ਸਾਲ ਮਗਰੋਂ ਤੁਰਕੀ ਵਿੱਚ ਹੋਏ ਇੱਕ ਕੁਸ਼ਤੀ ਮੁਕਾਬਲੇ ਵਿੱਚ ਉਨ੍ਹਾਂ ਨੇ ਭਾਰਤ ਲਈ ਸੋਨ ਤਗਮਾ ਜਿੱਤਿਆ ਸੀ।
ਭਾਰਤ ਦੀਆਂ ਫੋਗਟ ਭੈਣਾਂ ਰੁਪਿੰਦਰ ਦੀਆਂ ਗੂੜ੍ਹੀਆਂ ਸਹੇਲੀਆਂ ਹਨ। ਉਹ ਸ਼ਾਕਾਹਾਰੀ ਹਨ ਅਤੇ ਦੁੱਧ, ਦਹੀਂ ਅਤੇ ਸਬਜ਼ੀਆਂ ਹੀ ਉਨ੍ਹਾਂ ਦੀ ਖੁਰਾਕ ਹਨ।
ਮਾਰਕ ਨੋਲੇਸ ਹੋਣਗੇ ਆਸਟਰੇਲੀਆ ਦੇ ਝੰਡਾਬਰਦਾਰ
ਗੋਲਡਕੋਸਟ ਦੇ ਨਿਵਾਸੀ ਉਮੀਦ ਕਰ ਰਹੇ ਸਨ ਕਿ ਉਨ੍ਹਾਂ ਦੀ ਸਟਾਰ ਖਿਡਾਰਨ ਸੈਲੀ ਪੀਅਰਸਨ ਨੂੰ ਉਦਘਾਟਨੀ ਸਮਾਰੋਹ ਵਿੱਚ ਆਸਟਰੇਲੀਆ ਦੀ ਝੰਡਾਬਰਦਾਰ ਬਣਾਇਆ ਜਾਵੇਗਾ ਪਰ ਫੈਸਲਾ ਕੌਮੀ ਹਾਕੀ ਟੀਮ ਦੇ ਕਪਤਾਨ ਮਾਰਕ ਨੋਲੇਸ ਦੇ ਪੱਖ ਵਿੱਚ ਹੋਇਆ। ਉਹ ਹੁਣ ਤੱਕ 300 ਹਾਕੀ ਮੈਚ ਖੇਡ ਚੁੱਕੇ ਹਨ।
ਉਨ੍ਹਾਂ ਨੇ ਏਥਨਜ਼ ਓਲੰਪਿਕ ਖੇਡਾਂ ਵਿੱਚ ਆਸਟਰੇਲੀਆ ਲਈ ਸੋਨ ਤਗਮਾ ਜਿੱਤਿਆ ਸੀ। ਖੇਡ ਅਧਿਕਾਰੀਆਂ ਨੇ ਇਸ ਗੱਲ ਦੇ ਸੰਕੇਤ ਕੀਤੇ ਹਨ ਕਿ ਉਦਘਾਟਨੀ ਸਮਾਰੋਹ ਵਿੱਚ ਪੀਅਰਸਨ ਨੂੰ ਵੀ ਕੋਈ ਢੁਕਵੀਂ ਭੂਮਿਕਾ ਦਿੱਤੀ ਜਾ ਸਕਦੀ ਹੈ। ਪੀਅਰਸਨ ਕਰਾਰਾ ਸਟੇਡੀਅਮ ਨਾਲ ਲਗਦੇ ਇੱਕ ਘਰ ਵਿੱਚ ਪੈਦਾ ਹੋਏ ਸਨ।
ਉਹ ਰਾਸ਼ਟਰ ਮੰਡਲ ਖੇਡਾਂ ਵਿੱਚ 100 ਮੀਟਰ ਅੜਿੱਕਾ ਦੌੜ ਵਿੱਚ ਲਗਾਤਾਰ ਤਿੰਨ ਸੋਨ ਤਗਮੇ ਜਿੱਤ ਚੁੱਕੇ ਹਨ। ਆਸਟਰੇਲੀਆ ਹੀ ਨਹੀਂ ਦੁਨੀਆਂ ਭਰ ਵਿੱਚ ਹਾਕੀ ਖਿਡਾਰੀ ਫੁੱਟਬਾਲ ਤੇ ਕ੍ਰਿਕਟ ਖਿਡਾਰੀਆਂ ਨਾਲੋਂ ਘੱਟ ਕਮਾਈ ਕਰਦੇ ਹਨ।
33 ਸਾਲਾ ਨੋਲੇਸ ਦਾ ਉਹੀ ਰੁਤਬਾ ਹੈ ਜੋ ਕ੍ਰਿਕਟ ਵਿੱਚ ਵੀਹ ਗੁਣਾਂ ਜ਼ਿਆਦਾ ਪੈਸਾ ਕਮਾਉਣ ਵਾਲੇ ਖਿਡਾਰੀ ਦਾ ਹੁੰਦਾ ਹੈ।
ਨੋਲੇਸ ਦੇ ਪਰਿਵਾਰ ਦੀ ਰਗ਼-ਰਗ਼ ਵਿੱਚ ਹਾਕੀ ਖੂਨ ਬਣ ਕੇ ਦੌੜਦੀ ਹੈ। ਉਨ੍ਹਾਂ ਦੀ ਪਤਨੀ ਕੈਲੀ ਆਸਟਰੇਲੀਆ ਦੇ ਮਹਾਨ ਖਿਡਾਰੀ ਸੇਮੀ ਡਾਇਰ ਦੀ ਸਕੀ ਭੈਣ ਹੈ। ਜਿਨ੍ਹਾਂ ਦੇ ਤਿੰਨੇ ਬੱਚੇ ਫਿਗਨ, ਲੂਕਾ ਅਤੇ ਫਰੈਕੀ ਵੀ ਹਾਕੀ ਖੇਡਦੇ ਹਨ।