You’re viewing a text-only version of this website that uses less data. View the main version of the website including all images and videos.
ਪੰਜਾਬ ’ਚ ਮੋਦੀ ਦੀ ਸਵਾਰੀ ਲਈ ਬਿਨਾਂ ਡਰਾਈਵਰ ਦੀ ਸੋਲਰ ਬੱਸ ਤਿਆਰ
- ਲੇਖਕ, ਜਲੰਧਰ ਤੋਂ ਪਾਲ ਸਿੰਘ ਨੌਲੀ ਤੇ ਗੁਰਦਾਸਪੁਰ ਤੋਂ ਗੁਰਪ੍ਰੀਤ ਚਾਵਲਾ
- ਰੋਲ, ਬੀਬੀਸੀ ਪੰਜਾਬੀ ਲਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲੰਧਰ ਵਿੱਚ ਵਿਦਿਆਰਥੀਆਂ ਵੱਲੋਂ ਬਣਾਈ ਗਈ ਬਿਨਾ ਡਰਾਈਵਰ ਦੀ ਸਵਾਰੀ ਕਰਨ ਪਹੁੰਚ ਰਹੇ ਹਨ।
ਸੋਲਰ ਨਾਲ ਚੱਲਣ ਵਾਲੀ ਇਹ ਬੱਸ ਲਵਲੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਤਕਰੀਬਨ ਇੱਕ ਸਾਲ ਵਿੱਚ ਤਿਆਰ ਕੀਤੀ ਹੈ।
ਇਸ ਬੱਸ ਨੂੰ ਤਿਆਰ ਕਰਨ ਵਿੱਚ ਤਕਰੀਬਨ 300 ਵਿਦਿਆਰਥੀਆਂ ਅਤੇ ਕੁਝ ਸਟਾਫ ਮੈਂਬਰਾਂ ਨੇ ਸਹਿਯੋਗ ਦਿੱਤਾ ਹੈ। ਇਸ ਨੂੰ ਅੰਤਮ ਰੂਪ ਦੇਣ ਵਾਲੀ ਟੀਮ ਵਿੱਚ 15 ਤੋਂ 20 ਲੋਕ ਹੀ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ 3 ਜਨਵਰੀ ਨੂੰ ਪੰਜਾਬ ਦੌਰੇ 'ਤੇ ਜਾ ਰਹੇ ਹਨ | ਇਸ ਦੌਰਾਨ ਉਹ ਜਲੰਧਰ ਅਤੇ ਗੁਰਦਾਸਪੁਰ ਵਿੱਚ ਜਾਣਗੇ।
ਸੂਤਰਾਂ ਮੁਤਾਬਕ ਪ੍ਰਧਾਨ ਮੰਤਰੀ ਸਵੇਰੇ 10 ਵਜੇ ਅੰਮ੍ਰਿਤਸਰ ਹਵਾਈ ਅੱਡੇ 'ਤੇ ਪਹੁੰਚਣਗੇ ਅਤੇ ਉੱਥੋਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ ਇੱਕ ਸਮਾਗਮ ਵਿੱਚ ਸ਼ਾਮਿਲ ਹੋਣ ਜਾਣਗੇ ਅਤੇ ਉਸ ਤੋਂ ਬਾਅਦ ਗੁਰਦਾਸਪੁਰ ਰੈਲੀ ਵਿੱਚ ਤਕਰੀਬਨ ਦੋ ਵਜੇ ਪਹੁੰਚਣਗੇ|
ਇਹ ਵੀ ਪੜ੍ਹੋ:
ਇਸ ਬੱਸ ਨੂੰ ਬਣਾਉਣ ਵਾਲੀ ਟੀਮ ਦੇ ਮੁਖੀ 28 ਸਾਲਾ ਮਨਦੀਪ ਸਿੰਘ ਦਾ ਕਹਿਣਾ ਹੈ, "ਸੋਲਰ ਸਿਸਟਮ ਨਾਲ ਚੱਲਣ ਵਾਲੀ ਇਸ ਬੱਸ ਵਿਚ 15 ਦੇ ਕਰੀਬ ਸਵਾਰੀਆਂ ਬੈਠ ਸਕਦੀਆਂ ਹਨ। ਇਸ ਨੂੰ ਮਿੰਨੀ ਬੱਸ ਕਿਹਾ ਜਾ ਸਕਦਾ ਹੈ।"
ਮਨਦੀਪ ਸਿੰਘ ਯੂਨੀਵਰਸਿਟੀ ਵਿੱਚ ਸਟੂਡੈਂਟ ਰਿਸਰਚ ਐਂਡ ਪ੍ਰੋਜੈਕਟ ਸੈੱਲ ਦਾ ਮੁਖੀ ਵੀ ਹਨ।
ਕਿਵੇਂ ਚੱਲੇਗੀ ਬੱਸ
ਮਨਦੀਪ ਨੇ ਅੱਗੇ ਕਿਹਾ, "ਜਦੋਂ ਮੈਨੂੰ ਪਤਾ ਲਗਿਆ ਕਿ ਯੂਨੀਵਰਸਿਟੀ ਵਿੱਚ ਇੰਡੀਅਨ ਸਾਈਂਸ ਕਾਂਗਰਸ ਹੋ ਰਹੀ ਹੈ ਤੇ ਇਸ ਦੇ ਉਦਘਾਟਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆ ਰਹੇ ਹਨ ਤਾਂ ਮੈਂ ਉਸ ਹਿਸਾਬ ਨਾਲ ਬੱਸ ਵਿਚ ਬੈਠਣ ਲਈ ਵੱਡੀਆਂ ਸੀਟਾਂ ਲਾਈਆਂ ਹਨ।''
ਇਹ ਬੱਸ ਗੂਗਲ ਮੈਪ ਦੀ ਮਦਦ ਨਾਲ ਚੱਲੇਗੀ। ਇਸ ਵਿੱਚ ਪਹੁੰਚਣ ਵਾਲੀ ਥਾਂ ਨੂੰ ਫੀਡ ਕੀਤਾ ਜਾਵੇਗਾ। ਜੇ ਰਸਤੇ ਵਿੱਚ ਕਿਤੇ ਰੁਕਣਾ ਹੋਵੇ ਤਾਂ ਉਸ ਸਟਾਪ ਦਾ ਨਾਂ ਅਤੇ ਰੁਕਣ ਦਾ ਸਮਾਂ ਭਰਿਆ ਜਾ ਸਕਦਾ ਹੈ।"
ਮਨਦੀਪ ਨੇ ਇਹ ਦਾਅਵਾ ਵੀ ਕੀਤਾ ਕਿ ਇਹ ਦੁਨੀਆਂ ਦੀ ਪਹਿਲੀ ਬਿਨਾਂ ਡਰਾਈਵਰ ਤੋਂ ਸੋਲਰ ਨਾਲ ਚੱਲਣ ਵਾਲੀ ਬੱਸ ਹੈ।
ਇਸ ਦੀ ਉਚਾਈ 8 ਫੁੱਟ ਹੈ, ਭਾਰ 1500 ਕਿਲੋ, ਚੌੜਾਈ 5 ਫੁੱਟ, ਲੰਬਾਈ 12 ਫੁੱਟ ਹੈ। ਇਸ ਬੱਸ ਦੀ ਕੀਮਤ 6 ਲੱਖ ਦੇ ਕਰੀਬ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਹ ਬੱਸ ਕਦੇ ਵੀ ਹਾਦਸੇ ਦਾ ਸ਼ਿਕਾਰ ਨਹੀਂ ਹੋ ਸਕਦੀ ਹੈ, ਇਹ ਖੁਦ ਰੁੱਕ ਜਾਵੇਗੀ। ਇਸ ਨੂੰ ਬੈਟਰੀ ਜਾਂ ਬਿਜਲੀ ਨਾਲ ਚਾਰਜ ਕਰਨ ਦੀ ਲੋੜ ਨਹੀਂ ਪਵੇਗੀ।
ਮਨਦੀਪ ਨੇ ਦੱਸਿਆ ਕਿ ਆਮ ਤੌਰ 'ਤੇ ਸੋਲਰ ਨਾਲ ਚੱਲਣ ਵਾਲੀਆਂ ਗੱਡੀਆਂ 'ਤੇ ਜੇ ਪਰਛਾਵਾਂ ਵੀ ਪੈ ਜਾਵੇ ਤਾਂ ਉਸ ਨਾਲ ਸਾਰਾ ਸਰਕਟ ਬੰਦ ਹੋ ਜਾਂਦਾ ਹੈ ਪਰ ਇਸ ਬੱਸ ਵਿਚ ਇਸ ਕਮੀ ਨੂੰ ਦੂਰ ਕੀਤਾ ਗਿਆ ਹੈ। ਇਹ ਬੱਸ ਪਰਛਾਵਾਂ ਪੈਣ ਦੀ ਸੂਰਤ ਵਿੱਚ ਵੀ ਚੱਲਦੀ ਰਹੇਗੀ।
ਪ੍ਰਦੂਸ਼ਣ ਰਹਿਤ ਬੱਸ
ਮਨਦੀਪ ਦਾ ਦਾਅਵਾ ਹੈ ਕਿ ਇਹ ਬੱਸ ਪੂਰੀ ਤਰ੍ਹਾਂ ਪ੍ਰਦੂਸ਼ਣ ਰਹਿਤ ਹੈ ਜੋ 60 ਤੋਂ 70 ਕਿਲੋਮੀਟਰ ਤੱਕ ਚੱਲੇਗੀ। ਇਸ ਨਾਲ ਬਲੂਟੁੱਥ ਅਤੇ ਜੀਪੀਐੱਸ ਨਾਲ ਨਿਗਰਾਨੀ ਰੱਖੀ ਜਾ ਸਕਦੀ ਹੈ।
ਯੂਨੀਵਰਸਿਟੀ ਦੇ ਚਾਂਸਲਰ ਅਸ਼ੋਕ ਮਿੱਤਲ ਨੇ ਕਿਹਾ, "ਐੱਲਪੀਯੂ ਦੇ ਵਿਦਿਆਰਥੀਆਂ ਨੇ ਬਿਨਾਂ ਡਰਾਈਵਰ ਤੋਂ ਚੱਲਣ ਵਾਲੀ ਬੱਸ ਬਣਾ ਕੇ ਸਾਬਤ ਕਰ ਦਿੱਤਾ ਕਿ ਉਨ੍ਹਾਂ ਵਿੱਚ ਕਿੰਨਾ ਹੁਨਰ ਹੈ।"
ਮਨਦੀਪ ਸਿੰਘ ਨੇ ਦੱਸਿਆ, "ਇਸ ਬੱਸ ਨੂੰ ਹਵਾਈ ਅੱਡਿਆਂ, ਹਾਊਸਿੰਗ ਸੁਸਾਇਟੀਆਂ, ਵੱਡੀਆਂ ਉਦਯੋਗਿਕ ਇਕਾਈਆਂ ਅਤੇ ਵੱਡੇ ਵਿੱਦਿਅਕ ਅਦਾਰਿਆਂ ਵਿੱਚ ਵਰਤਿਆ ਜਾ ਸਕਦਾ ਹੈ ਕਿਉਂਕਿ ਇਹ ਬੱਸ ਉਨ੍ਹਾਂ ਸੜਕਾਂ 'ਤੇ ਹੀ ਚੱਲ ਸਕੇਗੀ ਜਿੱਥੇ ਸੜਕਾਂ ਵਧੀਆ ਹੋਣ ਤੇ ਉਸ ਉੱਪਰ ਲਾਈਨਾਂ ਅਤੇ ਹੋਰ ਲੋੜੀਂਦੇ ਸਾਈਨ ਹੋਣ।"
ਮਨਦੀਪ ਦਾ ਕਹਿਣਾ ਹੈ ਕਿ ਅਜੇ ਇਹ ਬੱਸ ਪੰਜਾਬ ਦੀਆਂ ਸੜਕਾਂ 'ਤੇ ਨਹੀਂ ਚੱਲ ਸਕੇਗੀ ਕਿਉਂਕਿ ਇੱਥੇ ਸੜਕਾਂ ਦਾ ਇੰਨਾ ਬੁਰਾ ਹਾਲ ਹੈ ਕਿ ਪਤਾ ਨਹੀਂ ਕਿੱਥੇ ਟੋਆ ਆ ਜਾਵੇ।
ਗੁਰਦਾਸਪੁਰ ਪੁਲਿਸ ਛਾਉਣੀ 'ਚ ਤਬਦੀਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਹਿਮ ਪ੍ਰੋਗਰਾਮ ਗੁਰਦਾਸਪੁਰ ਵਿੱਚ ਹੈ ਜਿੱਥੇ ਉਹ ਰੈਲੀ ਕਰਨਗੇ | ਇਸ ਰੈਲੀ ਦਾ ਨਾਂ "ਪ੍ਰਧਾਨ ਮੰਤਰੀ, ਧੰਨਵਾਦ ਮਹਾ ਰੈਲੀ" ਰੱਖਿਆ ਗਿਆ ਹੈ |
ਭਾਜਪਾ ਆਗੂ ਸਵਰਨ ਸਲਾਰੀਆ ਮੁਤਾਬਕ ਗੁਰਦਸਪੁਰ ਦੇ ਪੂਡਾ ਗਰਾਊਂਡ ਵਿੱਚ ਰੈਲੀ ਲਈ 1.75 ਲੱਖ ਸਕੁਆਇਰ ਫੁੱਟ ਦਾ ਪੰਡਾਲ ਤਿਆਰ ਕੀਤਾ ਗਿਆ ਹੈ| ਜਦਕਿ ਪੰਡਾਲ ਵਿੱਚ ਲੋਕਾਂ ਦੇ ਬੈਠਣ ਲਈ 25 ਹਜ਼ਾਰ ਕੁਰਸੀਆਂ ਲਾ ਦਿੱਤੀ ਗਈਆਂ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਕਾਰਨ ਪੰਜਾਬ ਪੁਲਿਸ ਵੱਲੋਂ ਪਿਛਲੇ ਚਾਰ ਦਿਨਾਂ ਤੋਂ ਹੀ ਗੁਰਦਾਸਪੁਰ ਸ਼ਹਿਰ ਨੂੰ ਜਿਵੇਂ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ|
ਪੰਜਾਬ ਪੁਲਿਸ ਵੱਲੋਂ ਰੈਲੀ ਵਾਲੇ ਥਾਂ 'ਤੇ ਥਰੀ ਲੇਅਰ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ, ਜਦਕਿ ਸ਼ਹਿਰ ਦੇ 10 ਕਿਲੋਮੀਟਰ ਤੱਕ ਦੇ ਖੇਤਰ ਨੂੰ ਪੂਰੀ ਤਰ੍ਹਾਂ ਨਾਲ ਸੀਲ ਕਰ ਦਿੱਤਾ ਗਿਆ ਹੈ।
ਜ਼ਿਲ੍ਹਾ ਗੁਰਦਾਸਪੁਰ ਤੋਂ ਇਲਾਵਾ ਹੋਰਨਾਂ ਜਿਲ੍ਹਿਆਂ ਦੀ ਪੁਲਿਸ ਫੋਰਸ ਵੀ ਡਿਊਟੀ 'ਤੇ ਤਾਇਨਾਤ ਕੀਤੀ ਗਈ ਹੈ|
ਤਿਆਰੀਆਂ ਦਾ ਜਾਇਜ਼ਾ ਲੈਣ ਪਹੁੰਚੇ ਭਾਜਪਾ ਦੇ ਪੰਜਾਬ ਇਕਾਈ ਦੇ ਪ੍ਰਧਾਨ ਸ਼ਵੇਤ ਮਲਿਕ ਨੇ ਕਿਹਾ, "ਇਸ ਰੈਲੀ ਲਈ ਪੰਜਾਬ ਦੇ ਭਾਜਪਾ ਅਤੇ ਅਕਾਲੀ ਦਲ ਦੇ ਆਗੂਆਂ ਨੂੰ ਵੱਖ-ਵੱਖ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ |
ਰੈਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੰਜਾਬ ਲਈ ਕੀਤੇ ਕਈ ਕੰਮਾਂ ਦਾ ਸ਼ੁਕਰਾਨਾ ਕਰਨ ਲਈ ਰੱਖੀ ਗਈ ਹੈ। ਇਸ ਵਿੱਚ ਮੁਖ ਤੌਰ 'ਤੇ ਕਰਤਾਰਪੁਰ ਕੋਰੀਡੋਰ ਬਣਾਉਣ ਦਾ ਫੈਸਲਾ, ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ਼ਤਾਬਦੀ ਮਨਾਉਣ ਦਾ ਫੈਸਲਾ ਸ਼ਾਮਿਲ ਹਨ|"
ਇਹ ਵੀ ਪੜ੍ਹੋ:
ਉੱਥੇ ਹੀ ਭਾਜਪਾ ਆਗੂ ਸਵਰਨ ਸਲਾਰੀਆ ਨੇ ਦਾਅਵਾ ਕੀਤਾ ਕਿ ਇਹ ਇੱਕ ਮਹਾ ਰੈਲੀ ਹੈ ਅਤੇ ਇਹ ਰੈਲੀ ਲੋਕ ਸਭਾ ਚੋਣਾਂ 2019 ਦਾ ਚੋਣ ਬਿਗੁਲ ਹੋਵੇਗੀ |
ਪ੍ਰਧਾਨ ਮੰਤਰੀ ਦੇ ਪਹੁੰਚਣ ਤੋਂ ਪਹਿਲਾਂ ਰੈਲੀ ਵਿੱਚ ਸ਼ਾਮਿਲ ਹੋਣ ਵਾਲੇ ਲੋਕਾਂ ਦੇ ਮਨੋਰੰਜਨ ਲਈ ਪੰਜਾਬੀ ਸੱਭਿਆਚਾਰ ਦਾ ਪ੍ਰੋਗਰਾਮ ਵੀ ਉਲੀਕਿਆ ਗਿਆ ਹੈ ਅਤੇ ਪੰਜਾਬੀ ਗਇਕ ਹੰਸ ਰਾਜ ਹੰਸ, ਰਣਜੀਤ ਬਾਵਾ ਅਤੇ ਸਤਿੰਦਰ ਸੱਤੀ ਆਪਣੇ ਗੀਤਾਂ ਰਾਹੀਂ ਲੋਕਾਂ ਦਾ ਮਨੋਰੰਜਨ ਕਰਨਗੇ|