ਪੰਜਾਬ ਪੰਚਾਇਤੀ ਚੋਣਾਂ : ਸਰਪੰਚੀ 'ਚ ਸੱਸ ਨੂੰ ਹਰਾਉਣ ਤੋਂ ਬਾਅਦ ਨੂੰਹ ਨੇ ਕੀ ਕਿਹਾ

    • ਲੇਖਕ, ਪਾਲ ਸਿੰਘ ਨੌਲੀ
    • ਰੋਲ, ਬੀਬੀਸੀ ਪੰਜਾਬੀ ਲਈ

ਇੱਕ ਉਹ ਵੇਲਾ ਸੀ ਜਦੋਂ ਬਿਮਲਾ ਦੇਵੀ ਨੇ ਆਪਣੇ ਨਵੇਂ ਵਿਆਹੇ ਪੁੱਤ ਤੇ ਨੂੰਹ ਦਾ ਤੇਲ ਚੋਅ ਕੇ ਸੁਆਗਤ ਕੀਤਾ ਸੀ ਤੇ ਅੱਜ ਇਹ ਵੇਲਾ... ਜਦੋਂ ਸਰਪੰਚੀ ਹਾਰੀ ਬਿਮਲਾ ਦੇਵੀ ਨੇ ਆਪਣੀ ਜੇਤੂ ਨੂੰਹ ਕਮਲਜੀਤ ਕੌਰ ਦਾ ਸੁਆਗਤ ਕੀਤਾ ਪਰ ਚਿਹਰੇ 'ਤੇ ਮਾਯੂਸੀ ਸੀ।

ਜਲੰਧਰ ਦੇ ਪਿੰਡ ਬੇਗਮਪੁਰਾ ਵਿੱਚ ਨੂੰਹ-ਸੱਸ ਦੀ ਸਰਪੰਚੀ ਦੀ ਲੜਾਈ ਪੂਰੇ ਪੰਜਾਬ 'ਚ ਚਰਚਾ ਦਾ ਵਿਸ਼ਾ ਬਣੀ ਹੋਈ ਸੀ। ਐਤਵਾਰ ਨੂੰ ਆਏ ਚੋਣ ਨਤੀਜਿਆਂ ਵਿੱਚ ਨੂੰਹ ਕਮਲਜੀਤ ਨੇ ਆਪਣੀ ਸੱਸ ਬਿਮਲਾ ਦੇਵੀ ਨੂੰ 47 ਵੋਟਾਂ ਦੇ ਫਰਕ ਨਾਲ ਹਰਾ ਦਿੱਤਾ।

ਕਮਲਜੀਤ ਕੌਰ ਨੇ 88 ਵੋਟਾਂ ਹਾਸਲ ਕੀਤੀਆਂ ਜਦਕਿ ਉਸਦੀ ਸੱਸ ਨੂੰ 41 ਵੋਟਾਂ ਹੀ ਮਿਲੀਆਂ ਸਨ। ਬਿਮਲਾ ਦੇਵੀ ਪਿੰਡ ਦੀ 15 ਸਾਲਾਂ ਤੱਕ ਪੰਚ ਬਣਦੀ ਆ ਰਹੀ ਸੀ।

ਬੇਗਮਪੁਰਾ ਜਲੰਧਰ ਦਾ ਇੱਕ ਛੋਟਾ ਜਿਹਾ ਪਿੰਡ ਹੈ ਜਿੱਥੇ ਸਿਰਫ਼ 160 ਵੋਟਾਂ ਹੀ ਹਨ। ਹਾਲਾਂਕਿ ਇਸ ਪਿੰਡ ਵਿੱਚ ਤਿੰਨ ਉਮੀਦਵਾਰ ਸਰਪੰਚੀ ਲਈ ਖੜ੍ਹੇ ਸਨ ਪਰ ਮੁੱਖ ਮੁਕਾਬਲਾ ਨੂੰਹ-ਸੱਸ ਵਿੱਚ ਹੀ ਰਿਹਾ। ਤੀਜੀ ਉਮੀਦਵਾਰ ਨੂੰ ਸਿਰਫ 31 ਵੋਟਾਂ ਹੀ ਮਿਲੀਆਂ।

ਗਿਣਤੀ ਕੇਂਦਰ ਦੇ ਬਾਹਰ ਖੜ੍ਹੀ ਕਮਲਜੀਤ ਕੌਰ ਪੂਰੇ ਭਰੋਸੇ ਵਿੱਚ ਸੀ ਕਿ ਉਹ ਹੀ ਚੋਣ ਜਿੱਤੇਗੀ। ਚੋਣਾਂ ਵਿੱਚ ਆਪਣੀ ਸੱਸ ਨੂੰ ਹਰਾਉਣ ਤੋਂ ਬਾਅਦ ਪਿੰਡ ਦੇ ਗੁਰੂ ਘਰ ਵਿੱਚ ਮੱਥਾ ਟੇਕਿਆ।

ਇਹ ਵੀ ਪੜ੍ਹੋ:

'ਮੀਡੀਆ ਨੇ ਬਣਾਈ ਸੀ ਨੂੰਹ-ਸੱਸ ਦੀ ਲੜਾਈ'

ਸਰਪੰਚ ਬਣੀ ਕਮਲਜੀਤ ਕੌਰ ਕਹਿੰਦੀ ਹੈ ਕਿ ਚੋਣਾਂ ਦੀ ਲੜਾਈ ਕੋਈ ਨੂੰਹ-ਸੱਸ ਦੀ ਲੜਾਈ ਨਹੀਂ ਸੀ ਇਹ ਸਾਰਾ ਕੁਝ ਮੀਡੀਆ ਦੀ ਦੇਣ ਹੈ।

''ਮੀਡੀਆ ਨੇ ਵਾਰ-ਵਾਰ ਕਹਿ ਕੇ ਇਸ ਨੂੰ ਰਿਸ਼ਤਿਆਂ ਦੀ ਲੜਾਈ ਬਣਾ ਦਿੱਤਾ ਸੀ ਜਦਕਿ ਅਸਲ ਵਿੱਚ ਇਹ ਲੜਾਈ ਪੜ੍ਹਿਆਂ ਲਿਖਿਆਂ ਅਤੇ ਅਨਪੜ੍ਹਾਂ ਵਿੱਚ ਸੀ। ਲੋਕਾਂ ਨੇ ਚੁਣਨਾ ਸੀ ਕਿ ਉਹ ਆਪਣੀਆਂ ਧੀਆਂ ਨੂੰ ਪੜ੍ਹਾਉਣ ਚਾਹੁੰਦੇ ਹਨ ਜਾਂ ਨਹੀਂ।''

ਕਮਲਜੀਤ ਅੱਗੇ ਕਹਿੰਦੀ ਹੈ ਕਿ ਲੋਕਾਂ ਨੇ ਪੜ੍ਹੇ ਲਿਖਿਆਂ ਦਾ ਸਾਥ ਦੇ ਕੇ ਪਿੰਡ ਦੀ ਤਰੱਕੀ ਦਾ ਰਾਹ ਚੁਣਿਆ ਹੈ। ਗੁਰਦੁਆਰਾ ਸਾਹਿਬ ਵਿੱਚ ਕਮਲਜੀਤ ਨੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਹੁਣ ਸਭ ਨੇ ਇੱਕ ਹੋ ਕੇ ਚੱਲਣਾ ਹੈ।

ਕਮਲਜੀਤ ਨੇ ਚੋਣਾਂ ਦੌਰਾਨ ਅਣਜਾਣੇ ਵਿੱਚ ਹੋਈਆਂ ਗਲਤੀਆਂ ਲਈ ਮੁਆਫ਼ੀ ਵੀ ਮੰਗੀ।

ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਣ ਤੋਂ ਬਾਅਦ ਕਮਲਜੀਤ ਕੌਰ ਸਮਰਥਕਾਂ ਨਾਲ ਆਪਣੇ ਘਰ ਗਈ ਜਿੱਥੇ ਮੁਕਾਬਲੇ ਵਿੱਚ ਪਿੱਛੜ ਗਈ ਸੱਸ ਨੇ ਤੇਲ ਚੋਅ ਕੇ ਨੂੰਹ ਦਾ ਸਵਾਗਤ ਕੀਤਾ ਤੇ ਉਸ ਦਾ ਮੂੰਹ ਮਿੱਠਾ ਕਰਵਾਇਆ।

ਇਹ ਵੀ ਪੜ੍ਹੋ:

ਹਾਲਾਂਕਿ ਸੱਸ ਬਿਮਲਾ ਦੇਵੀ ਨੂੰਹ ਹੱਥੋਂ ਹੋਈ ਹਾਰ ਕਾਰਨ ਮਾਯੂਸ ਸੀ ਪਰ ਸਾਬਕਾ ਸਰਪੰਚ ਰਾਮਪਾਲ ਦੇ ਕਹਿਣ 'ਤੇ ਉਨ੍ਹਾਂ ਨੇ ਆਪਣੀ ਨੂੰਹ ਦਾ ਤੇਲ ਚੋਅ ਕੇ ਸਵਾਗਤ ਕੀਤਾ।

ਦਿਲਚਸਪ ਗੱਲ ਇਹ ਵੀ ਹੈ ਕਿ ਸੱਸ ਦੇ ਹਾਰ ਜਾਣ ਕਾਰਨ ਨੂੰਹ ਕਮਲਜੀਤ ਕੌਰ ਨੇ ਆਪਣੇ ਸਮਰਥਕਾਂ ਨੂੰ ਢੋਲ ਵਜਾਉਣ ਤੋਂ ਮਨ੍ਹਾਂ ਕੀਤਾ ਹੋਇਆ ਸੀ।

ਚੋਣ ਪ੍ਰਚਾਰ ਦੌਰਾਨ ਘਰ ਵਿੱਚ ਤਣਾਅ ਬਣਿਆ ਹੋਇਆ ਸੀ ਪਰ ਆਪਣੀ ਹਾਰ ਤੋਂ ਬਾਅਦ ਵੀ ਸੱਸ ਬਿਮਲਾ ਦੇਵੀ ਵੱਲੋਂ ਨੂੰਹ ਕਮਲਜੀਤ ਨੂੰ ਦਿੱਤੇ ਅਸ਼ੀਰਵਾਦ ਨਾਲ ਕੁੱਝ ਹੱਦ ਤੱਕ ਇਹ ਕੁੜੱਤਣ ਘੱਟ ਜ਼ਰੂਰ ਗਈ ਹੈ।

ਦਰਾਣੀ-ਜਠਾਣੀ ਦੀ ਲੜਾਈ

ਜਲੰਧਰ ਦੇ ਪਿੰਡ ਪਤਾਰਾ ਵਿੱਚ ਵਾਰਡ ਨੰਬਰ 4 ਤੋਂ ਪੰਚੀ ਦੀ ਚੋਣ ਲਈ ਦਰਾਣੀਆਂ-ਜਠਾਣੀਆਂ ਆਹਮੋ-ਸਾਹਮਣੇ ਸਨ।

ਇਸ ਚੋਣ ਵਿੱਚ ਜਠਾਣੀ ਨੇ ਦਰਾਣੀ ਨੂੰ ਹਰਾਇਆ। ਜੇਠਾਣੀ ਨੇ ਪੰਚੀ ਵਿੱਚ ਦਰਾਣੀ ਨੂੰ ਹਰਾ ਕੇ ਕਿਹਾ ਕਿ ਰਿਸ਼ਤਿਆਂ ਵਿੱਚ ਇਸਦਾ ਕੋਈ ਫਰਕ ਨਹੀਂ ਪਵੇਗਾ।

ਜੇਠਾਣੀ ਸੁਖਵਿੰਦਰ ਕੌਰ ਨੇ ਚੋਣਾਂ ਵਿੱਚ 105 ਵੋਟਾਂ ਲੈ ਕੇ ਆਪਣੀ ਦਰਾਣੀ ਸਰਬਜੀਤ ਕੌਰ ਨੂੰ ਹਰਾਇਆ।

ਜੇਤੂ ਰਹੀ ਸੁਖਵਿੰਦਰ ਕੌਰ ਨੇ ਪਿੰਡ ਵਿੱਚ ਲੇਡੀਜ਼ ਜਿਮ ਬਣਾਉਣ ਦਾ ਵਾਅਦਾ ਕੀਤਾ ਸੀ।

ਸੁਖਵਿੰਦਰ ਕੌਰ ਦਾ ਕਹਿਣਾ ਸੀ, ''ਇਹ ਜਿੱਤ ਰਿਸ਼ਤਿਆਂ ਨੂੰ ਟੁੱਟਣ ਨਹੀਂ ਦੇਵੇਗੀ। ਥੋੜ੍ਹੇ ਸਮੇਂ ਬਾਅਦ ਸਾਰਾ ਕੁਝ ਆਮ ਵਰਗਾ ਹੋ ਜਾਵੇਗਾ। ਉਸ ਨੂੰ ਆਪ ਘਰ ਜਾ ਕੇ ਮਨਾਵਾਂਗੀ। ਪਹਿਲਾਂ ਵੀ ਅਸੀਂ ਭੈਣਾਂ ਬਣਕੇ ਰਹੀਆਂ ਸੀ ਤੇ ਹੁਣ ਵੀ ਇਸੇ ਤਰ੍ਹਾਂ ਰਹਾਂਗੀਆਂ।''

ਦੋਵੇਂ ਭਰਾ ਚੋਣ ਹਾਰੇ

ਜਲੰਧਰ ਦੇ ਹੀ ਬੁੱਢਿਆਣਾ ਵਿੱਚ ਦੋ ਸਕੇ ਭਰਾ ਆਹਮੋ-ਸਾਹਮਣੇ ਖੜ੍ਹੇ ਸਨ। ਚੋਣ ਵਿੱਚ ਦੋਵੇਂ ਭਰਾਵਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ।

ਇੱਕ ਭਰਾ ਸਤਪਾਲ 170 ਵੋਟਾਂ ਲੈ ਕੇ ਦੂਜੇ ਨੰਬਰ 'ਤੇ ਰਹੇ ਹਨ ਜਦਕਿ ਉਨ੍ਹਾਂ ਦੇ ਵੱਡੇ ਭਰਾ ਨੂੰ ਸਿਰਫ 70 ਵੋਟਾਂ ਹੀ ਪਈਆਂ ਹਨ।

ਇਸ ਪਿੰਡ 'ਚ ਇਨ੍ਹਾਂ ਦੋ ਭਰਾ ਤੋਂ ਇਲਾਵਾ ਦੋ ਹੋਰ ਉਮੀਦਵਾਰ ਸਨ ਜਿਨ੍ਹਾਂ ਵਿੱਚ ਹਰਮੇਸ਼ ਲਾਲ 570 ਵੋਟਾਂ ਲੈ ਕੇ ਸਰਪੰਚੀ ਦੀ ਚੋਣ ਜਿੱਤ ਗਏ ਤੇ ਇੱਕ ਹੋਰ ਉਮੀਦਵਾਰ ਹਰਬੰਸ ਲਾਲ ਨੂੰ 130 ਵੋਟਾਂ ਹੀ ਪਈਆਂ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)