ਪੰਜਾਬ ਪੰਚਾਇਤੀ ਚੋਣਾਂ : ਕਿੰਨੀਆਂ 'ਸਰਬ ਸੰਮਤੀਆਂ' ਤੇ ਕਿੰਨੀਆਂ 'ਧੱਕਾ ਸੰਮਤੀਆਂ'

ਪੰਜਾਬ ਵਿਚ 1,860 ਸਰਪੰਚ ਤੇ 22,203 ਪੰਚ ਬਿਨਾਂ ਮੁਕਾਬਲਾ ਜਿੱਤੇ ਹਨ। ਪੰਚਾਇਤੀ ਚੋਣਾਂ ਵਿਚ ਕੁੱਲ 13276 ਪੰਚਾਇਤਾਂ ਹਨ ਪਰ 18,762 ਉਮੀਦਵਾਰਾਂ ਦੇ ਸਰਪੰਚੀ ਦੇ ਅਤੇ 83,831 ਪੰਚਾਂ ਦੀਆਂ ਸੀਟਾਂ ਲਈ ਲੜਨ ਦੇ ਇਛੁੱਕ 80,270 ਉਮੀਦਵਾਰਾਂ ਦੇ ਕਾਗਜ਼ ਰੱਦ ਹੋ ਗਏ।

ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਇਸ ਬਾਬਤ 100 ਦੇ ਕਰੀਬ ਪਟੀਸ਼ਨਾਂ ਦਾਇਰ ਹੋਈਆਂ।

ਸਰਬ ਸੰਮਤੀਆਂ ਜਿੱਥੇ ਸਮਾਜ ਵਿਚ ਕੁਝ ਚੰਗੇ ਬੰਦਿਆਂ ਨੂੰ ਲੋਕ ਸੇਵਾ ਲਈ ਅੱਗੇ ਆਉਣ ਦਾ ਮੌਕਾ ਦਿੰਦੀਆਂ ਹਨ, ਉੱਥੇ ਲੋਕਤੰਤਰ ਦੀ ਸਭ ਤੋਂ ਛੋਟੀ ਇਕਾਈ ਪੰਚਾਇਤ ਦੇ ਪੱਧਰ ਉੱਤੇ ਲੋਕਤੰਤਰ ਦੀਆਂ ਜੜ੍ਹਾਂ ਕੱਟਣ ਵਾਂਗ ਹੈ।

ਪੇਸ਼ ਹੈ ਸਰਬ ਸੰਮਤੀਆਂ ਦੇ ਸਮੁੱਚੇ ਵਰਤਾਰੇ ਬਾਰੇ ਬੀਬੀਸੀ ਪੱਤਰਕਾਰ ਖੁਸ਼ਹਾਲ ਲਾਲੀ ਦੀ ਰਿਪੋਰਟ

ਗੁਰਦਾਸਪੁਰ ਤੋਂ ਗੁਰਪ੍ਰੀਤ ਸਿੰਘ ਚਾਵਲਾ ਦੀ ਰਿਪੋਰਟ ਮੁਤਾਬਕ ਗੁਰਦਾਸਪੁਰ ਜ਼ਿਲ੍ਹੇ ਦਾ ਪਿੰਡ ਮੋਕਲ ਚਰਚਾ 'ਚ ਹੈ।

ਸਾਰੇ ਪਿੰਡ ਵਾਲੇ ਇੱਕ ਦਿਨ ਗੁਰਦੁਆਰੇ ਵਿਚ ਜੁੜ ਬੈਠੇ। ਗੁਰਦੁਆਰੇ ਦੇ ਗ੍ਰੰਥੀ ਦਵਿੰਦਰ ਸਿੰਘ ਦੇ ਸੱਦੇ ਉੱਤੇ ਪੰਚਾਇਤੀ ਚੋਣਾਂ ਲੜਨ ਦੇ ਇੱਛੁਕ ਤੇ ਉਨ੍ਹਾਂ ਦੇ ਸਮਰਥਕ ਹੁੰਮ-ਹੁਮਾ ਕੇ ਪਹੁੰਚੇ ਹੋਏ ਸਨ।

ਦਵਿੰਦਰ ਸਿੰਘ ਨੇ ਦੱਸਿਆ, ''ਮੈਂ ਪਿੰਡ ਵਾਲਿਆਂ ਨਾਲ ਪੰਚਾਇਤੀ ਚੋਣਾਂ ਦੌਰਾਨ ਧੜੇਬੰਦੀ ਹੋਣ ਅਤੇ ਨਸ਼ੇ ਵੰਡੇ ਜਾਣ ਦਾ ਖ਼ਦਸ਼ਾ ਪ੍ਰਗਟਾਇਆ ਤੇ ਸਾਰਿਆਂ ਨੂੰ ਸਰਬਸੰਮਤੀ ਦਾ ਸੱਦਾ ਦਿੱਤਾ।''

ਪਿੰਡ ਵਿਚ ਸਰਪੰਚੀ ਦੀ ਸੀਟ ਐਸਸੀ ਉਮੀਦਵਾਰ ਲਈ ਰਿਜ਼ਰਵ ਹੈ, ਇਸ ਲਈ ਚਾਰ ਉਮੀਦਵਾਰ ਮੈਦਾਨ ਵਿੱਚ ਸਨ। ਦਵਿੰਦਰ ਸਿੰਘ ਨੂੰ ਲੱਗਿਆ ਕਿ ਸਰਪੰਚ ਤਾਂ ਇੱਕ ਹੀ ਭਾਈਚਾਰੇ ਵਿੱਚੋਂ ਬਣਨਾ ਤੇ ਉਸਦੇ ਇਸ ਭਾਈਚਾਰੇ ਵਿੱਚ ਵੰਡੀਆਂ ਨਾ ਪੈਣ।

ਇਹ ਵੀ ਪੜ੍ਹੋ:

ਕੈਪਸੂਲ 'ਚੋਂ ਨਿਕਲਿਆ ਸਰਪੰਚ

ਦਵਿੰਦਰ ਸਿੰਘ ਮੁਤਾਬਕ ਗੱਲਬਾਤ ਤੋਂ ਬਾਅਦ ਸਹਿਮਤੀ ਬਣਨ ਉੱਤੇ ਲਾਟਰੀ ਦਾ ਤਰੀਕਾ ਆਪਨਾਉਣ ਉੱਤੇ ਸਹਿਮਤੀ ਬਣੀ।

ਪਰ ਕਿਸੇ ਪਰਚੀ ਦੀ ਪਛਾਣ ਨਾ ਹੋਵੇ ਇਸ ਲਈ ਖਾਲੀ ਕੈਪਸੂਲਾਂ ਵਿੱਚ ਪਿੰਡ ਦੇ ਸਰਪੰਚੀ ਲਈ 8 ਸੰਭਾਵੀ ਨਾਵਾਂ ਦੀਆਂ ਪਰਚੀਆਂ ਬਣਾ ਕੇ ਅਤੇ 5 ਖਾਲੀ ਕੈਪਸੂਲ ਖੋਲ ਮਿਲਾਏ ਗਏ'।

ਦਵਿੰਦਰ ਸਿੰਘ ਕਹਿੰਦੇ ਹਨ, ''13 ਅੰਕ ਸਿੱਖ ਧਰਮ ਵਿੱਚ ਗੁਰੂ ਨਾਨਕ ਦੇਵ ਨਾਲ ਜੁੜਿਆ ਹੋਣ ਕਾਰਨ ਸ਼ੁਭ ਮੰਨਿਆ ਜਾਂਦਾ ਹੈ। ਇਸੇ ਲਈ 8 ਪਰਚੀਆਂ ਵਾਲੇ ਖੋਲਾਂ ਨਾਲ 5 ਖਾਲੀ ਕੈਪਸੂਲ ਖੋਲ ਮਿਲਾ ਲਏ ਗਏ।''

ਚਾਰ ਸਾਲ ਦੇ ਬੱਚੇ ਤੋਂ ਪਰਚੀ ਚੁਕਵਾਈ ਗਈ ਤਾਂ ਸੰਗਤ ਸਿੰਘ ਦੇ ਨਾਂ ਨਿਕਲ ਆਈ ਤੇ ਉਹ ਸਰਪੰਚ ਚੁਣ ਲਿਆ ਗਿਆ।

ਸਾਰੇ ਪਿੰਡ ਨੇ ਸਹਿਮਤੀ ਦਿੰਦਿਆਂ ਸੰਗਤ ਸਿੰਘ ਦੇ ਹਾਰ ਪਾ ਕੇ ਜੇਤੂ ਜਲੂਸ ਕੱਢਿਆ, ਪਰ ਬਾਅਦ ਵਿਚ ਕੁਝ ਲੋਕਾਂ ਨੇ ਸੋਚਿਆ ਕਿ ਸੰਗਤ ਸਿੰਘ ਉਮਰ-ਦਰਾਜ ਹੈ, ਇਸ ਲਈ ਉਸਦੇ ਪੁੱਤਰ ਗੁਰਪ੍ਰੀਤ ਸਿੰਘ ਨੂੰ ਸਰਪੰਚ ਦਾ ਕੰਮਕਾਜ ਦੇਖਣ ਦਿੱਤਾ ਜਾਵੇ। ਹੁਣ ਮੋਕਲ ਪਿੰਡ ਦਾ ਸਰਪੰਚ ਗੁਰਪ੍ਰੀਤ ਸਿੰਘ ਹੈ।

ਸਹਿਮਤੀ ਨਾ ਬਣੀ ਤਾਂ ਬਾਬਾ ਜੀ ਸਰਪੰਚ

ਜਲੰਧਰ ਤੋਂ ਪਾਲ ਸਿੰਘ ਨੌਲੀ ਦੀ ਰਿਪੋਰਟ ਮੁਤਾਬਕ ਮਾਝੇ ਦੇ ਮੋਕਲ ਪਿੰਡ ਵਿਚ ਸਰਪੰਚ ਵੋਟਾਂ ਦੀ ਬਜਾਇ ਪਰਚੀ ਰਾਹੀਂ ਕੱਢ ਕੇ ਬਣਾਏ ਜਾਣ ਵਾਂਗ ਕਪੂਰਥਲਾ ਜਿਲ੍ਹੇ ਦੇ ਪਿੰਡ ਬਲੇਰਖਾਨਪੁਰ ਵਿੱਚ ਬਣੀ ਸਰਬਸੰਮਤੀ ਚਰਚਾ ਵਿਚ ਹੈ। ਇੱਥੇ ਚਾਰ ਲੋਕ ਸਰਪੰਚੀ ਲਈ ਚੋਣ ਲੜਨਾ ਚਾਹੁੰਦੇ ਸਨ।

ਪਿੰਡ ਦੇ ਜਸਬੀਰ ਸਿੰਘ ਨੇ ਦੱਸਿਆ ਕਿ ਸਰਬਸੰਮਤੀ ਲਈ ਕੋਸ਼ਿਸ਼ ਸ਼ੁਰੂ ਹੋਈ ਪਰ ਚਾਰੇ ਬੰਦੇ ਆਪੋ-ਆਪਣੇ ਸਟੈਂਡ ਉੱਤੇ ਅੜ ਗਏ ਸਨ।

ਪਿੰਡ ਦੇ ਲੋਕਾਂ ਨੇ ਇਸ ਧੜੇਬੰਦੀ ਨੂੰ ਖਤਮ ਕਰਨ ਲਈ ਗੁਰਦੁਆਰਾ ਟਾਹਲੀ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਦਇਆ ਸਿੰਘ ਨੂੰ ਸਰਪੰਚ ਬਣਾ ਦਿੱਤਾ।

ਜਸਬੀਰ ਸਿੰਘ ਦਾ ਕਹਿਣਾ ਸੀ ਕਿ ਸੰਤ ਦਇਆ ਸਿੰਘ ਨੇ ਤਾਂ ਕਦੇ ਚੋਣ ਲੜਨੀ ਨਹੀਂ ਸੀ ਪਰ ਪਿੰਡ ਵਾਲਿਆਂ ਨੇ ਧੜੇਬੰਦੀ ਨੂੰ ਖ਼ਤਮ ਕਰਨ ਲਈ 'ਬਾਬਾ ਜੀ' ਨੂੰ ਹੀ ਸਰਪੰਚ ਬਣਾ ਦਿੱਤਾ।

ਇਹ ਵੀ ਪੜ੍ਹੋ

ਪੀਐਚਡੀ ਨੌਜਵਾਨ ਸਰਪੰਚ

ਜਲੰਧਰ ਦੇ ਪਿੰਡ ਸੀਚੇਵਾਲ ਵਿੱਚ ਚੌਥੀ ਵਾਰ ਸਰਬਸੰਮਤੀ ਹੋਈ ਹੈ।

ਇਹ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਪਿੰਡ ਹੈ, ਜੋ ਇਲਾਕੇ ਵਿਚ ਸਰਬਸੰਮਤੀ ਨਾਲ ਪੰਚਾਇਤਾਂ ਬਣਾਉਣ ਦੀ ਮੁਹਿੰਮ ਚਲਾ ਰਹੇ ਸਨ।

ਸੀਚੇਵਾਲ ਵਿੱਚ ਪੰਜਵੀਂ ਵਾਰ ਸਰਬਸੰਮਤੀ ਹੋਈ ਹੈ। ਇਸ ਵਾਰ ਇਸ ਪਿੰਡ ਨੇ ਪੀਐਚਡੀ ਕਰ ਰਹੇ 27 ਸਾਲਾ ਨੌਜਵਾਨ ਤੇਜਿੰਦਰ ਸਿੰਘ ਦੇ ਹੱਥ ਸਰਪੰਚੀ ਰਾਹੀਂ ਪਿੰਡ ਦੀ ਵਾਗਡੋਰ ਫੜਾਈ ਹੈ।

ਉਹ ਗੱਤਕੇ ਦਾ ਖਿਡਾਰੀ ਹੈ ਤੇ 9 ਗੋਲਡ ਮੈਡਲ ਜਿੱਤ ਚੁੱਕਾ ਹੈ। ਉਸ ਦਾ ਕਹਿਣਾ ਸੀ ਕਿ ਜੇ ਚੋਣਾਂ ਹੁੰਦੀਆਂ ਤਾਂ ਸ਼ਾਇਦ ਉਹ ਸਰਪੰਚ ਦੀ ਚੋਣ ਵੋਟਾਂ ਰਾਹੀਂ ਲੜਨ ਬਾਰੇ ਸੋਚਦਾ ਵੀ ਨਾ ਪਰ ਸਰਬਸਮੰਤੀ ਦੇ ਮਾਹੌਲ ਕਾਰਨ ਉਸ ਨੇ ਵੀ ਪਿੰਡ ਦੀ ਅਗਵਾਈ ਕਰਨ ਦਾ ਮਨ ਬਣਾਇਆ ਸੀ।

ਇਹ ਵੀ ਪੜ੍ਹੋ

ਐਨਆਰਆਈ ਬਣਿਆ ਸਰਪੰਚ

ਬਰਨਾਲਾ ਤੋਂ ਸੁਖਚਰਨ ਪ੍ਰੀਤ ਦੀ ਰਿਪੋਰਟ ਮੁਤਾਬਕ ਜ਼ਿਲੇ ਦੇ ਪਿੰਡ ਟੱਲੇਵਾਲ ਦੇ ਲੋਕਾਂ ਨੇ ਵੱਖਰੀ ਪਹਿਲ ਕਰਦਿਆਂ ਇੱਕ ਐਨਆਰਆਈ ਨੂੰ ਪਿੰਡ ਦਾ ਸਰਬਸੰਮਤੀ ਨਾਲ ਸਰਪੰਚ ਚੁਣਿਆ ਹੈ।

ਪਿੰਡ ਵਾਸੀਆਂ ਵੱਲੋਂ ਕੁੱਲ 9 ਪੰਚਾਇਤ ਮੈਂਬਰਾਂ ਵਿੱਚੋਂ 6 ਮੈਂਬਰ ਪੰਚਾਇਤ ਵੀ ਸਰਬਸੰਮਤੀ ਨਾਲ ਚੁਣੇ ਗਏ ਹਨ।

ਸਰਬਸੰਮਤੀ ਨਾਲ ਚੁਣੇ ਗਏ ਸਰਪੰਚ ਹਰਸ਼ਰਨ ਸਿੰਘ ਸ਼ਰਨ ਮੁਤਾਬਿਕ, "ਮੈਂ ਪਿਛਲੇ ਵੀਹ ਸਾਲਾਂ ਤੋਂ ਕੈਨੇਡਾ ਵਿੱਚ ਰਹਿ ਰਿਹਾ ਹਾਂ। ਮੈਂ ਜਦੋਂ ਵੀ ਪਿੰਡ ਆਉਂਦਾ ਸੀ ਤਾਂ ਪਿੰਡ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾਉਂਦਾ।''

ਕੈਨੇਡਾ ਰਹਿ ਕੇ ਸਰਪੰਚੀ ਨਾਲ ਤਾਲਮੇਲ ਬਿਠਾਉਣ ਦੇ ਮਾਮਲੇ ਉੱਤੇ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ, "ਮੇਰੇ ਪਿਤਾ ਜੀ ਵੀ ਪਹਿਲਾਂ ਸਾਡੇ ਪਿੰਡ ਦੇ ਸਰਪੰਚ ਰਹਿ ਚੁੱਕੇ ਹਨ। ਹੁਣ ਜਦੋਂ ਪਿੰਡ ਵਾਲਿਆਂ ਨੇ ਮੈਨੂੰ ਜ਼ਿੰਮੇਵਾਰੀ ਦਿੱਤੀ ਹੈ ਤਾਂ ਮੈਂ ਅਤੇ ਮੇਰਾ ਪਰਿਵਾਰ ਪਿੰਡ ਰਹਿ ਕੇ ਹੀ ਪਿੰਡ ਦੀ ਭਲਾਈ ਲਈ ਕੰਮ ਕਰਾਂਗੇ। ਜੇਕਰ ਲੋੜ ਪਈ ਤਾਂ ਇੱਕ ਦੋ ਮਹੀਨੇ ਲਈ ਹੀ ਕੈਨੇਡਾ ਜਾਵਾਂਗਾ।"

ਪਿੰਡ ਵਾਸੀ ਬੂਟਾ ਸਿੰਘ ਨੂੰ ਜਦੋਂ ਇਸ ਸਰਬਸੰਮਤੀ ਦਾ ਕਾਰਨ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ, "ਇਹ ਫੈਸਲਾ ਪਿੰਡ ਨੇ ਇਸ ਲਈ ਲਿਆ ਹੈ ਕਿ ਜੇਕਰ ਐਨਆਰਆਈ ਵਿਦੇਸ਼ਾਂ ਵਿੱਚ ਬੈਠੇ ਵੱਡੀਆਂ-ਵੱਡੀਆਂ ਪਾਰਟੀਆਂ ਨੂੰ ਫੰਡਾਂ ਨਾਲ ਚਲਾ ਸਕਦੇ ਹਨ ਤਾਂ ਆਪਣੇ ਪਿੰਡ ਦੇ ਵਿਕਾਸ ਲਈ ਵੀ ਯੋਗਦਾਨ ਪਾ ਸਕਦੇ ਹਨ।"

ਇੱਕ ਪਿੰਡ, 3 ਸਰਪੰਚਾਂ ਦਾ ਫਾਰਮੂਲਾ

ਫਿਰੋਜ਼ਪੁਰ ਤੋਂ ਗੁਰਦਰਸ਼ਨ ਸਿੰਘ ਆਰਿਫ਼ ਕੇ ਦੀ ਰਿਪੋਰਟ ਮੁਤਾਬਕ ਗੁਰੂ ਹਰਸਹਾਏ ਹਲਕੇ ਦਾ ਪਿੰਡ ਮੋਰਾਂਵਾਲੀ ਅਜਿਹਾ ਪਿੰਡ ਹੈ, ਜਿਥੇ ਸਾਰੇ ਪਿੰਡ ਨੇ ਏਕਾ ਕਰਕੇ ਪੰਜ ਸਾਲ ਲਈ ਤਿੰਨ ਸਰਪੰਚਾਂ ਦੀ ਚੋਣ ਪਿੰਡ ਵਿੱਚ ਬੈਠ ਕੇ ਕੀਤੀ ਸੀ ਤੇ ਇਸੇ ਹਿਸਾਬ ਨਾਲ ਹੀ ਨਾਮਜ਼ਦਗੀ ਫਾਰਮ ਭਰੇ ਸਨ ਪਰ ਕਿਸੇ ਕਾਰਨ ਕੁਝ ਫਾਰਮ ਰੱਦ ਹੋ ਗਏ ਤੇ ਬਾਕੀ ਸਾਰੇ ਹੀ ਮੈਂਬਰਾਂ ਨੇ ਵੀ ਆਪਣੇ ਨਾਮਜ਼ਦਗੀ ਕਾਗਜ਼ ਵਾਪਸ ਲੈ ਲਏ ਤਾਂ ਕਿ ਉਨ੍ਹਾਂ ਦੇ ਪਿੰਡ ਦੀ ਸਰਬਸੰਮਤੀ ਬਣੀ ਰਹੇ।

ਪਿੰਡ ਦੇ ਬਲਕਾਰ ਚੰਦ ਨੇ ਦੱਸਿਆ ਕਿ ਮੋਰਾਂਵਾਲੀ 'ਚ ਪਿੰਡ ਦੀ ਸਰਪੰਚੀ ਦੀ ਸੀਟ ਔਰਤ ਦੀ ਰਾਖਵੀਂ ਸੀ ਪਰ ਅਸੀਂ ਤਿੰਨ ਪਰਿਵਾਰਾਂ ਦੀਆਂ ਔਰਤਾਂ ਨੂੰ ਸਰਬਸੰਮਤੀ ਨਾਲ ਪੰਜ ਸਾਲ ਸਰਪੰਚੀ ਲਈ ਚੁਣਿਆ ਸੀ।

'ਜਿਨ੍ਹਾਂ 'ਚੋਂ ਪਹਿਲਾਂ ਸਰਪੰਚੀ ਕਰਨ ਵਾਲੇ ਨੂੰ 2 ਸਾਲ, ਦੂਜੇ ਨੂੰ ਵੀ 2 ਸਾਲ ਅਤੇ ਤੀਜੇ ਨੰਬਰ ਵਾਲੇ ਨੂੰ 1 ਸਾਲ ਸਰਪੰਚੀ ਦਿੱਤੀ ਸੀ। ਜਿਸ ਨਾਲ ਸਾਰਾ ਪਿੰਡ ਖੁਸ਼ ਸੀ ਪਰ ਕਾਗਜ਼ ਦਾਖ਼ਲ ਕਰਨ ਵੇਲੇ ਕਿਸੇ ਵੱਲੋਂ ਕੀਤੀ ਸ਼ਰਾਰਤ ਕਰਕੇ ਪਹਿਲੇ ਸਾਲ ਵਾਲੀ ਬੀਬੀ ਸ਼ਿਮਲਾ ਰਾਣੀ ਦੀ ਫਾਈਲ ਨਾ-ਮਨਜੂਰ ਹੋ ਗਈ ਤਾਂ ਅਸੀਂ ਸਾਰੇ ਹੀ ਮੈਂਬਰਾਂ ਤੇ ਸਰਪੰਚਾਂ ਨੇ ਆਪਣੇ ਕਾਗਜ਼ ਵਾਪਸ ਲੈ ਲਏ ਹੁਣ ਸਾਡੇ ਪਿੰਡ 'ਚ ਕੋਈ ਮੈਂਬਰ ਜਾਂ ਸਰਪੰਚ ਨਹੀਂ ਹੈ ਤੇ ਨਾ ਹੀ ਇਸ ਪਿੰਡ ਵਿੱਚ ਵੋਟਾਂ ਪੈਣੀਆਂ ਹਨ। ਪਰ ਸਾਡਾ ਪਿੰਡ ਅੱਜ ਵੀ ਸਹਿਮਤੀ ਉਤੇ ਟਿਕਿਆ ਹੋਇਆ ਹੈ'।

ਉਧਰ ਜ਼ਿਲੇ ਦੇ ਏਡੀਸੀ ਗੁਰਮੀਤ ਸਿੰਘ ਮੁਲਤਾਨੀ ਦਾ ਕਹਿਣਾ ਹੈ , ''ਪਿੰਡ ਮੋਰਾਂਵਾਲੀ ਦੀ ਪੰਚਾਇਤ ਬਾਰੇ ਹੁਣ ਇਲੈਕਸ਼ਨ ਕਮਿਸ਼ਨ ਅਜਿਹੇ ਪਿੰਡਾਂ ਬਾਰੇ ਜਾਂਚ ਕਰਵਾ ਕੇ ਚੋਣਾਂ ਤੋਂ ਵਾਂਝੇ ਰਹਿ ਚੁੱਕੇ ਪਿੰਡਾਂ ਦੇ ਦੁਬਾਰਾ ਇਲੈਕਸ਼ਨ ਕਰਵਾਏਗਾ।''

ਕਿੰਨੀਆਂ ਬਿਨਾਂ ਮੁਕਾਬਲਾ ਪੰਚਾਇਤਾਂ

ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਕਾਗਜ਼ੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਹੁਣ 28,375 ਸਰਪੰਚੀ ਲਈ ਅਤੇ 1,04,027 ਉਮਦੀਵਾਰ ਪੰਚੀ ਲਈ ਵੋਟ ਅਮਲ ਦੀ ਲੜਾਈ ਲੜਨਗੇ।

ਸਰਕਾਰੀ ਅੰਕੜਿਆਂ ਮੁਤਾਬਕ ਪੰਜਾਬ ਦੀਆਂ ਕੁੱਲ 13, 276 ਪੰਚਾਇਤਾਂ ਵਿੱਚੋਂ 1, 863 ਸਰਪੰਚ ਅਤੇ 22, 203 ਪੰਚ ਬਿਨਾਂ ਮੁਕਾਬਲਾ ਜਿੱਤ ਚੁੱਕੇ ਹਨ। ਸਰਪੰਚੀ ਲਈ 49, 000 ਉਮੀਦਵਾਰਾਂ ਨੇ ਕਾਗਜ਼ ਦਾਖਲ ਕੀਤੇ ਸਨ ਅਤੇ ਪੰਚ ਦੇ ਅਹੁਦੇ ਲਈ 1.65 ਲੱਖ ਉਮੀਦਵਾਰਾਂ ਨੇ ਪਰਚੇ ਦਾਖਲ ਕੀਤੇ ਗਏ ਸਨ।

ਇਹ ਵੀ ਪੜ੍ਹੋ:

ਦਾਖਲ ਕੀਤੇ ਗਏ ਕਾਗਜ਼, ਸਰਬਸਮੰਤੀ ਨਾਲ ਚੁਣੇ ਗਏ ਪੰਚਾਂ-ਸਰਪੰਚਾਂ ਅਤੇ ਚੋਣ ਮੈਦਾਨ ਵਿਚ ਕੁੱਲ ਉਮੀਦਵਾਰਾਂ ਦੇ ਹਿਸਾਬ ਨਾਲ ਸਰਪੰਚੀ ਦੇ 18, 762 ਅਤੇ ਪੰਚੀ ਦੇ 80, 270 ਉਮੀਦਵਾਰਾਂ ਦੇ ਪਰਚੇ ਰੱਦ ਹੋਏ ਹਨ।

ਰੱਦ ਪਰਚਿਆਂ ਕਾਰਨ ਲੋਕ ਇੰਨੇ ਨਾਰਾਜ਼ ਹੋਏ ਕਿ 100 ਦੇ ਕਰੀਬ ਪਟੀਸ਼ਨਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਦਾਇਰ ਕੀਤੀਆਂ ਗਈਆਂ। ਜਿਨ੍ਹਾਂ ਦੇ ਆਧਾਰ ਉੱਤੇ ਅਦਾਲਤ ਚੋਣ ਕਮਿਸ਼ਨ ਨੂੰ ਮੁੜ ਨਜ਼ਰਸਾਨੀ ਦੇ ਹੁਕਮ ਦਿੱਤੇ ਪਰ ਸਰਕਾਰ ਨੇ ਉਲਟਾ ਅਦਾਲਤ ਨੂੰ ਫ਼ੈਸਲੇ ਉੱਤੇ ਮੁੜ ਗੌਰ ਕਰਨ ਦੀ ਅਪੀਲ ਕਰ ਦਿੱਤੀ।

ਕੀ ਹੈ ਸਰਬਸੰਮਤੀਆਂ ਦੀ ਸਿਆਸਤ

ਰੋਪੜ ਜ਼ਿਲ੍ਹੇ ਦੇ ਪਿੰਡ ਸਹਿਜੋਵਾਲ ਦੇ ਸਾਬਕਾ ਸਰਪੰਚ ਤੇ ਐਡਵੋਕੇਟ ਰੰਜੇ ਸੈਣੀ ਕਹਿੰਦੇ ਹਨ ਕਿ ਜਿਹੜੀ ਵੀ ਸਰਕਾਰ ਹੁੰਦੀ ਹੈ ਉਹ ਕਈ ਤਰੀਕਿਆਂ ਨਾਲ ਧੱਕਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਦੀ ਹੈ। ਐਡਵੋਕੇਟ ਰੰਜੇ ਸੈਣੀ ਨੇ ਸਰਬਸੰਮਤੀਆਂ ਹੋਣ ਦੇ ਕਾਰਨ ਇਹ ਗਿਣਾਏ

  • ਵਾਰਡਬੰਦੀ ਦੌਰਾਨ ਆਪਣੇ ਸਿਆਸੀ ਬੰਦਿਆਂ ਨੂੰ ਸਰਪੰਚ ਬਣਾਉਣ ਲਈ ਪਿੰਡਾਂ ਦੀਆਂ ਪੰਚਾਇਤਾਂ ਰਿਜ਼ਰਵ ਜਾਂ ਮਹਿਲਾ ਰਿਜ਼ਰਵ ਤੇ ਐਸਸੀ ਮਹਿਲਾ ਰਿਜ਼ਰਵ ਕਰ ਦਿੱਤੀਆਂ ਜਾਂਦੀਆਂ ਹਨ ਤਾਂ ਜੋ ਵਿਰੋਧੀ ਪਾਰਟੀਆਂ ਨੇ ਸਿਰਕੱਢ ਬੰਦੇ ਸਰਪੰਚੀ ਦੀ ਚੋਣ 'ਚੋਂ ਬਾਹਰ ਰੱਖੇ ਜਾ ਸਕਣ।
  • ਅਜਿਹੇ ਕਈ ਪਿੰਡਾਂ ਵਿਚ ਡੰਮੀ ਸਰਪੰਚ ਬਣਾ ਕੇ ਸੱਤਾਧਾਰੀ ਲੋਕ ਆਪਣੀ ਚੌਧਰ ਕਾਇਮ ਰੱਖਦੇ ਹਨ
  • ਜਿਸ ਪਾਰਟੀ ਦੀ ਸੱਤਾ ਹੁੰਦੀ ਹੈ ਉਸ ਦੇ ਆਗੂ ਗਰਾਂਟਾਂ ਲਿਆਉਣ ਤੇ ਲੋਕਾਂ ਦੇ ਕੰਮ ਕਰਵਾਉਣ ਦੇ ਦਾਅਵਿਆਂ ਨਾਲ ਬਹੁਤ ਵਾਰ ਸਰਪੰਚੀ ਲੈ ਜਾਂਦੇ ਹਨ।
  • ਸਰਬਸੰਮਤੀਆਂ ਜ਼ਿਆਦਾਤਰ ਉੱਥੇ ਹੋ ਜਾਂਦੀਆਂ ਹਨ, ਜਿੱਥੇ ਸੀਟ ਮਹਿਲਾ, ਐਸਸੀ ਜਾਂ ਐਸਸੀ ਮਹਿਲਾ ਰਿਜ਼ਰਵ ਹੋਵੇ, ਕਿਉਂਕਿ ਉੱਥੇ ਮੁੱਖ ਸਿਆਸੀ ਬੰਦਿਆਂ ਨੂੰ ਖੁਦ ਨੂੰ ਅਹੁਦਾ ਨਹੀਂ ਮਿਲਦਾ
  • ਕਾਗਜ਼ ਦਾਖਲ ਕਰਨ ਸਮੇਂ ਅਫ਼ਸਰਾਂ ਨੂੰ ਵਰਤ ਕੇ ਕਾਗਜ਼ ਹੀ ਰੱਦ ਕਰਵਾ ਦਿੱਤੇ ਜਾਂਦੇ ਹਨ।
  • ਚੁੱਲ੍ਹਾ ਟੈਕਸ ਜੋ ਸਾਲ ਦਾ ਸਿਰਫ਼ 7 ਰੁਪਏ ਹੈ, ਉਹੀ ਜਮ੍ਹਾਂ ਨਾ ਹੋਣ ਕਰਕੇ ਪੰਚਾਇਤੀ ਚੋਣ ਲੜਨ ਦੀ ਐਨਓਸੀ ਨਹੀਂ ਦਿੱਤੀ ਜਾਂਦੀ।
  • ਪੁਲਿਸ ਪ੍ਰਸਾਸ਼ਨ ਤੋਂ ਦਬਾਅ ਪੁਆ ਕੇ ਖਾਸ ਬੰਦਿਆਂ ਨੂੰ ਸਰਪੰਚ ਬਣਾਉਣਾ

ਚੁੱਲ੍ਹਾ ਟੈਕਸ ਬਣਿਆ ਹੈ ਸੱਤਾ ਦਾ ਹਥਿਆਰ

ਪੰਜਾਬ ਸਟੇਟ ਚੋਣ ਕਮਿਸ਼ਨਰ ਜਗਪਾਲ ਸਿੰਘ ਸੰਧੂ ਮੁਤਾਬਕ ਜ਼ਿਆਦਾਤਰ ਕਾਗਜ਼ ਰੱਦ ਹੋਣ ਦਾ ਮੁੱਖ ਕਾਰਨ ਉਮੀਦਵਾਰਾਂ ਵੱਲੋਂ ਚੁੱਲ੍ਹਾ ਟੈਕਸ ਨਾ ਭਰਨਾ ਸੀ।

ਚੋਣ ਕਮਿਸ਼ਨਰ ਮੁਤਾਬਕ ਪੰਚਾਇਤ ਅਫ਼ਸਰਾਂ ਤੋਂ ਜਿਹੜੀਆਂ ਰਿਪੋਰਟਾਂ ਮਿਲ ਰਹੀਆਂ ਹਨ ਉਸ ਦਾ ਕਾਰਨ ਚੁੱਲ੍ਹਾ ਟੈਕਸ ਨਾ ਭਰਨਾ ਪਾਇਆ ਗਿਆ ਹੈ।

ਜੇਕਰ ਕਿਸੇ ਵਿਅਕਤੀ ਵੱਲ ਪੰਚਾਇਤ ਦਾ ਕੋਈ ਬਕਾਇਆ ਖੜ੍ਹਾ ਹੁੰਦਾ ਹੈ ਤਾਂ ਉਹ ਚੋਣ ਨਹੀਂ ਲੜ ਸਕਦਾ। ਸੱਤਾ ਧਿਰ ਜਾਂ ਜਿੱਥੇ ਜਿਸ ਦੀ ਚਲਦੀ ਹੈ, ਉਹ ਉਮੀਦਵਾਰ ਨੂੰ ਐਨਓਸੀ ਹੀ ਨਹੀਂ ਦਿੰਦਾ।

'ਸਰਬਸੰਮਤੀ ਨਹੀਂ ਧੱਕਾ ਸੰਮਤੀਆਂ'

ਭਾਵੇਂ ਪੰਜਾਬ ਵਿਚ ਕਈ ਸਿਆਸੀ ਪਾਰਟੀਆਂ ਅਤੇ ਸਮਾਜਿਕ ਸੰਗਠਨ ਸਰਬਸੰਮਤੀ ਨਾਲ ਪੰਚਾਇਤਾਂ ਦੇ ਗਠਨ ਲਈ ਮੁਹਿੰਮ ਚਲਾ ਰਹੇ ਹਨ, ਪਰ ਆਮ ਲੋਕਾਂ ਦੀ ਰਾਇ ਹੈ ਕਿ ਸੱਤਾ ਧਿਰ ਦੇ ਡੰਡਾਤੰਤਰ ਕਾਰਨ ਲੋਕਤੰਤਰ ਧੱਕਾ ਸੰਮਤੀਆਂ ਵਿਚ ਬਦਲ ਰਿਹਾ ਹੈ।

ਕਈ ਥਾਈਂ ਸੱਤਾ ਧਿਰ ਦੇ ਲੋਕ ਵੀ ਧੱਕਾ ਹੋਣ ਦਾ ਦੋਸ਼ ਲਾ ਰਹੇ ਹਨ। ਫਿਰੋਜ਼ਪੁਰ ਦੇ ਪਿੰਡ ਸਨੇਰ ਜ਼ੀਰਾ ਦੇ ਜਸਵੰਤ ਸਿੰਘ ਦਾ ਇਲਜ਼ਾਮ ਹੈ, 'ਸਾਡਾ ਪਰਿਵਾਰ ਕੱਟੜ ਕਾਂਗਰਸੀ ਹੈ ਪਰ ਫਿਰ ਵੀ ਸਾਨੂੰ ਕਾਗਜ਼ ਦਾਖ਼ਲ ਨਹੀਂ ਕਰਨ ਦਿੱਤੇ ਗਏ। ਉਸ ਮੁਤਾਬਕ ਸਰਬਸੰਮਤੀਆਂ ਨਹੀਂ ਹੋਈਆਂ ਸਗੋਂ ਕੱਟੜ ਕਾਂਗਰਸੀਆਂ ਨਾਲ ਧੱਕਾ ਹੋਇਆ ਹੈ'।

ਪਿੰਡ ਭੰਬਾ ਹਾਜ਼ੀ ਦੇ ਗੁਰਦੀਪ ਸਿੰਘ ਨੇ ਕਿਹਾ ਕਿ ਕੋਈ ਸਰਬਸੰਮਤੀ ਨਹੀਂ ਹੋਈ, ਧੱਕਾ ਹੋਇਆ ਹੈ ਨਾਮਜ਼ਦਗੀਆਂ ਭਰਨ ਤੋਂ ਹੁਣ ਤਕ ਧੱਕਾ ਹੀ ਹੋ ਰਿਹਾ ਹੈ।

ਮਾਹਿਰਾਂ ਦੀ ਰਾਇ

ਦੋਆਬਾ ਕਾਲਜ ਵਿੱਚ ਰਾਜਨੀਤੀ ਸ਼ਾਸ਼ਤਰ ਦੇ ਪ੍ਰੋਫੈਸਰ ਬਲਬੀਰ ਦਾ ਕਹਿਣਾ ਹੈ ਕਿ ਸਰਬਸਮੰਤੀਆਂ ਕਰਵਾਉਣ ਦਾ ਰੁਝਾਨ ਲੋਕਤੰਤਰ ਨੂੰ ਖੋਖਲਾ ਕਰਕੇ ਰੱਖ ਦੇਵੇਗਾ।

ਇਨ੍ਹਾਂ ਪੰਚਾਇਤੀ ਚੋਣਾਂ ਵਿੱਚ ਸਰਬਸੰਮਤੀਆਂ ਨੂੰ ਉਤਸ਼ਾਹਿਤ ਕਰਨ ਲਈ ਸਰਕਾਰਾਂ ਵੀ ਗਰਾਂਟਾਂ ਦਿੰਦੀਆਂ ਹਨ। ਜਦਕਿ ਹੇਠਲੀ ਇਕਾਈ ਵਿੱਚ ਗਣਤੰਤਰ ਤਾਂ ਹੀ ਆਵੇਗਾ ਜੇ ਲੋਕਾਂ ਦੀ ਸਿੱਧੀ ਸ਼ਾਮੂਲੀਅਤ ਹੋਵੇਗੀ। ਪਰ ਸਰਬਸੰਮਤੀਆਂ ਥੋਪ ਕੇ ਲੋਕਾਂ ਨੂੰ ਵੋਟ ਪਾਉਣ ਦੇ ਅਧਿਕਾਰ ਤੋਂ ਵਾਂਝਾ ਰੱਖਣਾ ਇੱਕ ਲੁਕਵੀਂ ਸ਼ਾਜਿਸ਼ ਹੈ।

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਵਾਈਸ ਚਾਂਸਲਰ ਡਾ. ਜੋਗਿੰਦਰ ਸਿੰਘ ਪੁਆਰ ਦਾ ਕਹਿਣਾ ਹੈ, ''ਰਾਜਨੀਤਿਕ ਪਾਰਟੀਆਂ ਇਹ ਚੋਣਾਂ ਭਾਵੇਂ ਆਪਣੇ ਪਾਰਟੀ ਚੋਣ ਨਿਸ਼ਾਨਾਂ 'ਤੇ ਨਹੀਂ ਲੜਦੀਆਂ ਪਰ ਜਿਹੜੀ ਸੱਤਾਧਾਰੀ ਧਿਰ ਹੁੰਦੀ ਹੈ ਉਸ ਦੇ ਹੱਕ ਵਿੱਚ ਜ਼ਿਆਦਤਰ ਪਿੰਡ ਭੁਗਤ ਜਾਂਦੇ ਹਨ। ਹਰ ਸੱਤਾਧਾਰੀ ਧਿਰ ਆਪਣੀ ਮਰਜ਼ੀ ਦੀਆਂ ਪੰਚਾਇਤਾਂ ਚੁਣਨ ਲਈ ਪੁਲੀਸ ਦੇ ਡੰਡੇ ਦਾ ਵੀ ਇਸਤੇਮਾਲ ਕਰਦੀ ਹੈ ਤੇ ਸਿਵਲ ਪ੍ਰਸ਼ਾਸ਼ਨ ਨੂੰ ਜਬਰੀ ਵਰਤਦੀ ਹੈ। ਪੰਚਾਇਤਾਂ ਨੂੰ ਸਿੱਧੇ ਤੌਰ 'ਤੇ ਦਿੱਤੇ ਜਾਂਦੇ ਫੰਡਾਂ ਨਾਲ ਕੀਤੀ ਜਾਣ ਵਾਲੀ ਸਰਬਸਮੰਤੀ ਨਾਲ ਲੋਕਾਂ ਦੀ ਜੁਝਾਰੂਪਣ ਵਾਲੀ ਬਿਰਤੀ ਨੂੰ ਖੋਰਾ ਲੱਗ ਰਿਹਾ ਹੈ ਤੇ ਲੋਕਾਂ ਵਿੱਚ ਰਾਜਨੀਤੀ ਦੀ ਆ ਰਹੀ ਸਮਝ ਨੂੰ ਖਤਮ ਕਰ ਰਹੀ ਹੈ।''

ਜਿਨ੍ਹਾਂ ਨੇ ਸਰਬਸੰਮਤੀ ਨਹੀਂ ਮੰਨੀ

ਜਲੰਧਰ ਕੋਟ ਸਾਬੂ ਵਿੱਚ ਸਾਰੀ ਪੰਚਾਇਤ ਸਰਬਸਮੰਤੀ ਨਾਲ ਬਣ ਰਹੀ ਸੀ ਪਰ ਵਾਰਡ ਨੰਬਰ 5 ਝੁੱਗੀਆਂ ਵਿੱਚ ਰਹਿਣ ਵਾਲੀ ਦਲਿਤ ਔਰਤ 40 ਸਾਲਾ ਸੰਧਿਆ ਅੜ ਗਈ ਕਿ ਉਸ ਨੇ ਤਾਂ ਪੰਚੀ ਲਈ ਚੋਣ ਲੜਨੀ ਹੈ ਤੇ ਆਪਣਾ ਹੱਕ ਨਹੀਂ ਛੱਡਣਾ। ਉਸ ਦੇ ਮੁਕਾਬਲੇ ਦੋ ਜਨਰਲ ਸ਼੍ਰੇਣੀ ਦੀਆਂ ਔਰਤਾਂ ਖੜੀਆਂ ਸਨ।

ਸੰਧਿਆ ਨੇ ਚੋਣ ਲੜਨ ਦੇ ਅਧਿਕਾਰ ਨੂੰ ਚਣੌਤੀ ਦੇਣ ਵਾਲਿਆਂ ਨੂੰ ਲਲਕਾਰਿਆ ਤੇ ਵੋਟਾਂ ਦਾ ਬਹੁਮਤ ਦੇਖਦਿਆ ਹੋਇਆ ਦੋਵੇਂ ਜਨਰਲ ਸ਼੍ਰੇਣੀ ਦੀਆਂ ਔਰਤਾਂ ਨੇ ਆਪਣੀਆਂ ਨਾਮਜ਼ਦਗੀਆਂ ਵਾਪਸ ਲੈ ਲਈਆਂ।

ਇਹ ਵੀ ਪੜ੍ਹੋ:

ਸੰਧਿਆ ਦੱਸਦੀ ਹੈ ਕਿ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਨੇ ਸੰਧਿਆ ਦਾ ਸਾਥ ਦਿੱਤਾ ਤੇ ਲੋਕਤੰਤਰ ਨੂੰ ਵੋਟ ਦੇ ਅਧਿਕਾਰ ਦੀ ਤਾਕਤ ਨਾਲ ਖੂਬਸੂਰਤ ਬਣਾਉਣ ਵਿੱਚ ਕਾਮਯਾਬ ਰਹੀ।

ਜਲੰਧਰ ਦੇ ਪਿੰਡ ਬੇਗਮਪੁਰਾ ਵਿੱਚ ਨੂੰਹ-ਸੱਸ ਵਿੱਚ ਸਰਪੰਚੀ ਨੂੰ ਲੈ ਕੇ ਮੁਕਾਬਲਾ ਹੋ ਰਿਹਾ ਹੈ। ਦੋਵੇਂ ਜਣੀਆਂ ਆਪਣੇ ਵੋਟ ਦੇ ਅਧਿਕਾਰ ਤੇ ਚੋਣ ਲੜਨ ਦੇ ਅਧਿਕਾਰ ਦੀ ਗੱਲ ਕਰ ਰਹੀਆਂ ਹਨ। ਇੱਕ ਛੱਤ ਹੇਠ ਰਹਿਣ ਵਾਲੀਆਂ ਕਮਲਜੀਤ ਕੌਰ (ਨੂੰਹ ) ਅਤੇ ਬਿਮਲਾ ਦੇਵੀ (ਸੱਸ) ਆਪੋ-ਆਪਣਾ ਏਜੰਡਾ ਦੱਸ ਰਹੀਆਂ ਹਨ। ਬਿਮਲਾ ਦੇਵੀ ਦੇ ਢਿੱਡੋਂ ਜੰਮਿਆ ਉਸ ਦਾ ਮੁੰਡਾ ਆਪਣੀ ਪਤਨੀ ਦੀ ਮਦਦ ਕਰ ਰਿਹਾ।

ਪਿੰਡ ਬੁੱਢਿਆਣਾ ਵਿੱਚ ਦੋ ਸਕੇ ਭਰਾ ਵੀ ਆਪਣੇ ਚੋਣ ਲੜਨ ਦੇ ਅਧਿਕਾਰ ਦੀ ਗੱਲ ਕਰਦੇ ਹੋਏ ਸਰਪੰਚੀ ਵਾਸਤੇ ਇੱਕ ਦੂਜੇ ਦੇ ਵਿਰੁੱਧ ਚੋਣ ਲੜ ਰਹੇ ਹਨ।

ਪਤਾਰਾ ਪਿੰਡ ਵਿੱਚ ਦਰਾਣੀ ਤੇ ਜੇਠਾਣੀ ਪੰਚੀ ਦੀ ਖਾਤਰ ਚੋਣ ਮੈਦਾਨ ਵਿੱਚ ਹਨ ਤੇ ਆਪਣਾ ਸੰਵਿਧਾਨਕ ਹੱਕ ਦੱਸ ਰਹੀਆਂ ਹਨ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)