ਸਕੂਲਾਂ 'ਚ ਅੰਗਰੇਜ਼ੀ ਮੀਡੀਅਮ ਲਾਗੂ ਕਰਨਾ ਪੰਜਾਬ ਵਿਰੋਧੀ, ਪੰਜਾਬੀ ਵਿਰੋਧੀ: ਦਲਜੀਤ ਚੀਮਾ

ਪੰਜਾਬ ਸਰਕਾਰ ਨੇ ਸੂਬੇ ਦੇ 800 ਦੇ ਕਰੀਬ ਪ੍ਰਾਇਮਰੀ ਅਤੇ 1900 ਤੋਂ ਉੱਪਰ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ 'ਚ ਅੰਗਰੇਜ਼ੀ ਮੀਡੀਅਮ ਨੂੰ ਲਾਗੂ ਕਰਨ ਦੀ ਤਿਆਰੀ ਕਰ ਲਈ ਹੈ। ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਹੈ ਕਿ ਇਹ ਕਾਂਗਰਸ ਸਰਕਾਰ ਵੱਲੋਂ ਪੰਜਾਬੀ ਮਾਂ ਬੋਲੀ ਨਾਲ ਵਿਤਕਰਾ ਹੈ।

ਇੱਕ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾਂ ਨੇ ਕਿਹਾ ਕਿ ਕਾਂਗਰਸ ਦਾ ਇਹ ਕਦਮ 'ਪੰਜਾਬ ਵਿਰੋਧੀ ਤੇ ਪੰਜਾਬੀ ਵਿਰੋਧੀ' ਹੈ।

ਉਨ੍ਹਾਂ ਕਿਹਾ ਕਿ ਇਸ ਨਾਲ ਪੰਜਾਬੀ ਭਾਸ਼ਾ ਦਾ ਰੁਤਬਾ ਪੰਜਾਬ ਵਿੱਚ ਹੀ ਘਟ ਜਾਵੇਗਾ ਜਿਥੇ ਇਹ ਸਰਕਾਰੀ ਭਾਸ਼ਾ ਹੈ।

ਕੀ ਹੈ ਪੰਜਾਬ ਸਰਕਾਰ ਦਾ ਫੈਸਲਾ?

ਸਰਕਾਰ ਦਾ ਕਹਿਣਾ ਹੈ ਕਿ ਅਪ੍ਰੈਲ ਤੋਂ ਪ੍ਰਾਇਮਰੀ ਸਕੂਲਾਂ ਵਿਚ ਪਹਿਲੀ ਕਲਾਸ ਵਿੱਚ ਅੰਗਰੇਜ਼ੀ ਮੀਡੀਅਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।

1953 ਸਕੂਲਾਂ ਵਿਚਲੇ ਮੱਧ, ਸੈਕੰਡਰੀ ਅਤੇ ਸੀਨੀਅਰ ਸੈਕੰਡਰੀ ਕਲਾਸਾਂ ਦੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਮੀਡੀਅਮ ਵਜੋਂ ਅੰਗਰੇਜ਼ੀ ਨੂੰ ਬਦਲਣ ਦਾ ਵਿਕਲਪ ਦਿੱਤਾ ਜਾਵੇਗਾ।

ਸਿੱਖਿਆ ਵਿਭਾਗ ਅਨੁਸਾਰ ਇਹ ਮੁੱਖ ਤੌਰ 'ਤੇ ਵੱਡੇ ਸਕੂਲਾਂ ਵਿਚ ਹੋਣਗੇ ਜਿਨ੍ਹਾਂ ਦੇ ਦੋ ਭਾਗ ਜਾਂ ਸੈਕਸ਼ਨ ਹਨ।

ਇੱਕ ਸੈਕਸ਼ਨ ਵਿੱਚ ਪੰਜਾਬੀ ਜਾਰੀ ਰਹੇਗੀ ਜਦਕਿ ਬੱਚਿਆਂ ਲਈ ਦੂਸਰਾ ਸੈਕਸ਼ਨ ਅੰਗਰੇਜ਼ੀ ਮੀਡੀਅਮ ਦਾ ਹੋਵੇਗਾ। ਬੱਚੇ ਕੋਈ ਵੀ ਮੀਡੀਅਮ ਦੀ ਚੋਣ ਕਰ ਸਕਣਗੇ।

ਅੰਗਰੇਜ਼ੀ ਅਧਿਆਪਕਾਂ ਦੀ ਉਪਲਬਧਤਾ ਬਾਰੇ ਪੁੱਛੇ ਜਾਣ 'ਤੇ ਅਫ਼ਸਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮੌਜੂਦਾ ਸਟਾਫ਼ ਵਿੱਚੋਂ ਚੁਣਿਆ ਜਾਵੇਗਾ ਅਤੇ ਲੋੜ ਅਨੁਸਾਰ ਅੰਗਰੇਜ਼ੀ ਅਧਿਆਪਕਾਂ ਦੀ ਭਰਤੀ ਕੀਤੀ ਜਾਵੇਗੀ।

ਅਕਾਲੀ ਪਾਰਟੀ ਦਾ ਵਿਰੋਧ

ਉੱਥੇ ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਹੈ ਕਿ ਕਾਂਗਰਸ ਸਰਕਾਰ ਪੰਜਾਬੀ ਮਾਂ ਬੋਲੀ ਪ੍ਰਤੀ ਵਿਤਕਰੇ ਵਾਲੀ ਨੀਤੀ ਨੂੰ ਤੁਰੰਤ ਬੰਦ ਕਰੇ।

ਬੀਬੀਸੀ ਨਾਲ ਗੱਲ ਕਰਦਿਆਂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ, "ਸਰਕਾਰ ਬਿਨਾਂ ਤਿਆਰੀ ਦੇ ਇਹ ਕਦਮ ਚੁੱਕ ਰਹੀ ਹੈ। ਸਕੂਲਾਂ ਵਿੱਚ ਪੜ੍ਹਾ ਰਹੇ ਜ਼ਿਆਦਾਤਰ ਟੀਚਰ ਪੰਜਾਬੀ ਮੀਡੀਅਮ 'ਚ ਪੜ੍ਹੇ ਹਨ ਅਤੇ ਪੜ੍ਹਾ ਰਹੇ ਹਨ। ਇਹ ਕਹਿਣਾ ਕਿ ਇੱਕ ਮਹੀਨੇ ਦੀ ਟ੍ਰੇਨਿੰਗ ਤੋਂ ਬਾਅਦ ਉਹ ਅੰਗਰੇਜ਼ੀ ਮੀਡੀਅਮ ਵਿੱਚ ਪੜ੍ਹਾ ਸਕਣਗੇ ਗਲਤ ਹੋਏਗਾ।"

ਡਾ. ਚੀਮਾ ਨੇ ਅੱਗੇ ਕਿਹਾ ਕਿ ਇਸ ਨਾਲ ਨਾ ਤਾਂ ਬੱਚਿਆਂ ਨੂੰ ਢੰਗ ਨਾਲ ਅੰਗਰੇਜ਼ੀ ਪੜ੍ਹਨੀ ਆਏਗੀ ਨਾ ਹੀ ਪੰਜਾਬੀ।

'ਜ਼ਮੀਨੀ ਹਕੀਕਤ ਤੋਂ ਦੂਰ ਹੈ ਸਰਕਾਰ'

ਡਾ. ਚੀਮਾ ਨੇ ਅਕਾਲੀ ਸਰਕਾਰ ਦੌਰਾਨ ਸਿੱਖਿਆ ਮੰਤਰੀ ਰਹਿੰਦੇ ਹੋਏ ਖਰਾਬ ਨਤੀਜਿਆਂ ਤੋਂ ਬਾਅਦ ਅੰਗਰੇਜ਼ੀ ਟੀਚਰਾਂ ਦੇ ਟੈਸਟ ਲਿੱਤੇ ਸੀ।

ਡਾ. ਚੀਮਾ ਨੇ ਕਿਹਾ, "ਟੀਚਰਾਂ ਨੇ ਆਪ ਹੀ ਇਨ੍ਹਾਂ ਟੈਸਟਾਂ ਵਿੱਚ ਬਹੁਤ ਗਲਤੀਆਂ ਕੀਤੀਆਂ ਸਨ। ਜਿਸ ਤਰੀਕੇ ਸਰਕਾਰ ਵੱਲੋਂ ਬਿਨਾ ਜ਼ਮੀਨੀ ਹਕੀਕਤ ਨੂੰ ਸਮਝੇ ਸਰਕਾਰ ਸਕੂਲਾਂ ਵਿੱਚ ਅੰਗਰੇਜ਼ੀ ਮੀਡੀਅਮ ਲਾਗੂ ਕਰਨ ਦਾ ਐਲਾਨ ਕੀਤੇ ਜਾ ਰਹੇ ਹਨ ਉਸ ਤੋਂ ਇਸ ਗੱਲ ਦਾ ਪ੍ਰਗਟਾਵਾ ਹੁੰਦਾ ਹੈ ਕਿ ਸਰਕਾਰ ਦੀ ਸਿੱਖਿਆ ਪ੍ਰਤੀ ਸੋਚ ਦਿਸ਼ਾਹੀਣ ਅਤੇ ਭੰਬਲਭੂਸੇ ਵਾਲੀ ਹੈ।"

ਚੀਮਾ ਨੇ ਕਿਹਾ ਕਿ ਉਹ ਕਿਸੇ ਭਾਸ਼ਾ ਦੇ ਵਿਰੁਧ ਨਹੀਂ, ਪਰ ਇਸ ਫੈਸਲੇ ਨੂੰ ਲਾਗੂ ਕਰਨ ਲਈ ਕਾਂਗਰਸ ਸਰਕਾਰ ਦੀ ਤਿਆਰੀ ਪੂਰੀ ਨਹੀਂ।

ਉਨ੍ਹਾਂ ਕਿਹਾ ਕਿ ਇਸ ਵਾਸਤੇ ਇੱਕ ਵੀ ਵਾਧੂ ਅਧਿਆਪਕ ਜੋ ਕਿ ਅੰਗਰੇਜ਼ੀ ਮੀਡੀਅਮ ਪੜਾਉਣ ਦਾ ਤਜਰਬਾ ਰੱਖਦਾ ਹੋਵੇ ਭਰਤੀ ਨਹੀਂ ਕੀਤਾ ਗਿਆ।

ਡਾ. ਚੀਮਾ ਨੇ ਇਹ ਵੀ ਕਿਹਾ ਕਿ ਦੁਨੀਆਂ ਭਰ ਦੇ ਭਾਸ਼ਾ ਵਿਗਿਆਨੀ ਇਸ ਗੱਲ 'ਤੇ ਇੱਕਮਤ ਹਨ ਕਿ ਕਿਸੇ ਵੀ ਦੇਸ ਜਾਂ ਸੂਬੇ ਵਿੱਚ ਮੁੱਢਲੀ ਭਾਸ਼ਾ ਸਭ ਤੋਂ ਵਧੀਆਂ ਮਾਂ ਬੋਲੀ ਵਿੱਚ ਦਿੱਤੀ ਜਾ ਸਕਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)