ਭਾਰਤੀ ਜੇਲ੍ਹ ਤੋਂ ਰਿਹਾਅ ਹੋਏ ਪਾਕਿਸਤਾਨੀ ਨਾਗਰਿਕ ਨੇ ਕਿਹਾ, 'ਵੀਜ਼ਾ ਲੈ ਕੇ ਸ਼ਾਹਰੁਖ਼ ਨੂੰ ਮਿਲਾਂਗਾ'

    • ਲੇਖਕ, ਰਵਿੰਦਰ ਸਿੰਘ ਰੌਬਿਨ
    • ਰੋਲ, ਬੀਬੀਸੀ ਪੰਜਾਬੀ ਲਈ

"ਸ਼ਾਹਰੁਖ਼ ਖ਼ਾਨ ਨੂੰ ਮਿਲਣਾ ਮੇਰਾ ਸੁਪਨਾ ਹੈ, ਜੋ ਪੂਰਾ ਨਹੀਂ ਹੋ ਸਕਿਆ ਪਰ ਮੈਂ ਵੀਜ਼ਾ ਲੈ ਕੇ ਮੁੜ ਆਵਾਂਗਾ ਅਤੇ ਆਪਣੇ ਹੀਰੋ ਨੂੰ ਮਿਲਾਂਗਾ।"

ਇਨ੍ਹਾਂ ਸ਼ਬਦ ਸ਼ਾਹਰੁਖ਼ ਖਾ਼ਨ ਦੇ ਪ੍ਰਸੰਸ਼ਕ ਅਬਦੁੱਲਾ ਸ਼ਾਹ ਨੇ ਭਾਰਤੀ ਜੇਲ੍ਹ 'ਚੋਂ ਰਿਹਾਅ ਹੋਣ ਤੋਂ ਬਾਅਦ ਆਪਣੇ ਵਤਨ ਪਾਕਿਸਤਾਨ ਪਰਤਣ ਤੋਂ ਪਹਿਲਾਂ ਕਹੇ।

ਦਰਅਸਲ ਭਾਰਤ ਨੇ ਇੱਥੇ ਜੇਲ੍ਹਾਂ 'ਚ ਬੰਦ ਦੋ ਪਾਕਿਸਤਾਨੀ ਨਾਗਰਿਕ ਅਬਦੁੱਲਾ ਸ਼ਾਹ ਅਤੇ ਇਮਰਾਨ ਵਾਰਸੀ ਨੂੰ ਸਜ਼ਾ ਪੂਰੀ ਹੋਣ 'ਤੇ ਵਾਹਗਾ ਸਰਹੱਦ ਰਾਹੀਂ ਉਨ੍ਹਾਂ ਦੇ ਵਤਨ ਭੇਜ ਦਿੱਤਾ ਹੈ।

21 ਸਾਲਾ ਔਟਿਸਟਿਕ ਅਬਦੁੱਲਾ ਸ਼ਾਹ ਭਾਰਤੀ ਅਦਾਕਾਰ ਦਾ ਪ੍ਰਸੰਸ਼ਕ ਹੈ ਅਤੇ ਸਾਲ 2017 'ਚ ਉਸ ਨੂੰ ਮਿਲਣ ਲਈ ਅਟਾਰੀ ਸਰਹੱਦ ਰਾਹੀਂ ਬਿਨਾਂ ਦਸਤਾਵੇਜ਼ ਭਾਰਤ 'ਚ ਦਾਖ਼ਲ ਹੋ ਗਿਆ ਸੀ।

ਅਬਦੁੱਲਾ ਆਪਣੇ ਪਰਿਵਾਰ ਨਾਲ ਵਾਹਗਾ ਸਰਹੱਦ 'ਤੇ ਬਿਟਿੰਗ ਰਿਟਰੀਟ ਸੈਰੇਮਨੀ ਦੇਖਣ ਆਇਆ ਸੀ। ਇਸ ਦੌਰਾਨ ਉਹ ਭਾਰਤੀ ਸਰਹੱਦ 'ਚ ਦਾਖ਼ਲ ਹੋ ਗਿਆ।

ਹਾਲਾਂਕਿ, ਉਹ ਸ਼ਾਹਰੁਖ਼ ਖ਼ਾਨ ਨੂੰ ਤਾਂ ਨਹੀਂ ਮਿਲ ਸਕਿਆ ਪਰ ਬਿਨਾਂ ਦਸਤਾਵੇਜ਼ਾਂ ਦੇ ਭਾਰਤ ਵਿੱਚ ਦਾਖ਼ਲ ਹੋ ਕਰਕੇ ਭਾਰਤੀ ਵਿਦੇਸ਼ ਐਕਟ ਤਹਿਤ ਗ੍ਰਿਫ਼ਤਾਰ ਹੋ ਗਿਆ ਅਤੇ ਉਸ ਨੂੰ 18 ਮਹੀਨਿਆਂ ਦੀ ਜੇਲ੍ਹ ਹੋ ਗਈ।

ਇਸੇ ਤਰ੍ਹਾਂ ਹੀ ਪਾਕਿਸਤਾਨੀ ਨਾਗਰਿਕ ਮੁਹੰਮਦ ਇਮਰਾਨ ਵਾਰਸੀ ਨੂੰ ਵੀ ਭੋਪਾਲ 'ਚ 10 ਸਾਲ ਜੇਲ੍ਹ ਦੀ ਸਜ਼ਾ ਪੂਰੀ ਕਰਨ ਤੋਂ ਬਾਅਦ ਪਾਕਿਸਤਾਨ ਭੇਜ ਦਿੱਤਾ ਹੈ।

ਵਾਰਸੀ ਸਾਲ 2004 ਵਿੱਚ ਕੋਲਕਾਤਾ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਆਇਆ। ਇਸ ਦੌਰਾਨ ਉਨ੍ਹਾਂ ਨੂੰ ਆਪਣੇ ਰਿਸ਼ਤੇਦਾਰ ਨਾਲ ਪਿਆਰ ਹੋ ਗਿਆ ਸੀ ਅਤੇ ਉਨ੍ਹਾਂ ਨੇ ਉਸ ਨਾਲ ਵਿਆਹ ਕਰਵਾ ਲਿਆ ਸੀ।

ਇਹ ਵੀ ਪੜੋ-

ਵਾਰਸੀ ਦੇ ਦੋ ਬੱਚੇ ਵੀ ਹਨ। ਪਰ 2008 'ਚ ਵਾਰਸੀ ਨੂੰ ਸਾਜ਼ਿਸ਼ ਰਚਣ ਅਤੇ ਜਾਅਲਸਾਜ਼ੀ ਦੇ ਇਲਜ਼ਾਮਾਂ ਤਹਿਤ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

ਪਾਕਿਸਤਾਨ ਜਾਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਅਬਦੁੱਲਾ ਨੇ ਕਿਹਾ ਉਹ ਸ਼ਾਹਰੁਖ਼ ਖ਼ਾਨ ਦੀਆਂ ਸਾਰੀਆਂ ਫਿਲਮਾਂ ਦੇਖਦਾ ਹੈ ਅਤੇ ਉਸ ਨੇ ਸ਼ਾਹਰੁਖ਼ ਖ਼ਾਨ ਦੇ ਸਟਾਇਲ 'ਚ ਤਸਵੀਰਾਂ ਖਿਚਵਾਈਆਂ।

ਉੱਥੇ ਇਮਰਾਨ ਵਾਰਸੀ ਨੇ ਕਿਹਾ ਕਿ ਉਹ ਜਲਦੀ ਆਵੇਗਾ ਤੇ ਆਪਣੇ ਪਰਿਵਾਰ ਨੂੰ ਪਾਕਿਸਤਾਨ ਲੈ ਕੇ ਜਾਵੇਗਾ।

ਇਸ ਤੋਂ ਕੁਝ ਦਿਨ ਪਹਿਲਾਂ 18 ਦਸੰਬਰ ਨੂੰ ਪਾਕਿਸਤਾਨ ਨੇ ਆਪਣੇ ਪਿਆਰ ਦੀ ਤਲਾਸ਼ 'ਚ ਪਾਕਿਸਤਾਨ ਪਹੁੰਚੇ ਭਾਰਤੀ ਨਾਗਰਿਕ ਹਾਮਿਦ ਅੰਸਾਰੀ ਨੂੰ ਸਜ਼ਾ ਪੂਰੀ ਹੋਣ 'ਤੇ ਭਾਰਤ ਭੇਜਿਆ ਗਿਆ ਸੀ।

ਇਹ ਵੀ ਪੜ੍ਹੋ:

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)