ਆਲੀਆ ਭੱਟ ਦੀ ‘ਰਾਜ਼ੀ’ ਤੋਂ ਦੀਪਿਕਾ ਪਾਦੁਕੋਣ ਦੇ ਵਿਆਹ ਤੱਕ, 2018 ’ਚ ਬਾਲੀਵੁੱਡ ’ਚ ਔਰਤਾਂ ਦੀ ਰਹੀ ਚੜ੍ਹਤ

    • ਲੇਖਕ, ਵੰਦਨਾ
    • ਰੋਲ, ਬੀਬੀਸੀ ਪੱਤਰਕਾਰ

“ਦੇਖ, ਕੈਸੇ ਟੁਕਰ-ਟੁਕਰ ਦੇਖ ਰਹੀ ਹੈ, ਹਮਕੋ ਸਰਮ ਆ ਰਹੀ ਹੈ...”

ਇਹ ਡਾਇਲਾਗ ਸਾਲ 2018 ਦੇ ਸ਼ੁਰੂ 'ਚ ਆਈ ਅਨੁਰਾਗ ਕਸ਼ਯਪ ਦੀ ਫ਼ਿਲਮ 'ਮੁੱਕਾਬਾਜ਼' ਦਾ ਹੈ। ਇਹ ਅਸਲ 'ਚ ਹੀਰੋ ਦਾ ਰਿਐਕਸ਼ਨ ਹੈ ਜਦੋਂ ਉਹ ਹੀਰੋਇਨ ਨੂੰ ਲੁੱਕ-ਲੁੱਕ ਕੇ ਦੇਖ ਰਿਹਾ ਹੁੰਦਾ ਹੈ।

ਹੀਰੋਇਨ ਖੁਲ੍ਹਮ-ਖੁੱਲ੍ਹਾ, ਭਰੇ ਬਾਜ਼ਾਰ 'ਚ ਹੀਰੋ ਨੂੰ ਦੇਖਦੀ ਹੈ, ਉਹ ਵੀ ਇਸ ਤਰ੍ਹਾਂ ਕਿ ਬਰੇਲੀ ਦਾ ਇਹ ਬਾਕਸਰ ਵੀ ਘਬਰਾ ਜਿਹਾ ਜਾਂਦਾ ਹੈ।

ਫ਼ਿਲਮ ਦੀ ਹੀਰੋਇਨ, ਸੁਨੈਨਾ (ਜ਼ੋਯਾ), ਨਾ ਬੋਲ ਸਕਦੀ ਹੈ, ਨਾ ਸੁਣ ਸਕਦੀ ਹੈ। ਫਿਰ ਵੀ ਪ੍ਰੇਮ ਕਹਾਣੀ 'ਚ ਪਹਿਲ ਉਹੀ ਕਰਦੀ ਹੈ।

ਇਹ ਵੀ ਜ਼ਰੂਰ ਪੜ੍ਹੋ

ਇੱਕ ਸੀਨ 'ਚ ਸੁਨੈਨਾ ਇੱਕ ਅਪਾਹਜ ਆਦਮੀ ਨਾਲ ਵਿਆਹ ਕਰਵਾਉਣ ਤੋਂ ਮਨ੍ਹਾ ਕਰ ਦਿੰਦੀ ਹੈ, ਇਸ ਲਈ ਨਹੀਂ ਕਿ ਮੁੰਡਾ ਅਪਾਹਜ ਹੈ, ਸਗੋਂ ਇਸ ਲਈ ਕਿ ਉਹ ਨਹੀਂ ਚਾਹੁੰਦੀ ਕਿ ਕੋਈ ਉਸ 'ਤੇ ਤਰਸ ਕਰ ਕੇ ਉਸ ਨਾਲ ਵਿਆਹ ਕਰਵਾਏ। ਇਸ ਲਈ ਵੀ ਕਿ ਉਹ ਕਿਸੇ ਹੋਰ ਨਾਲ ਪਿਆਰ ਕਰਦੀ ਹੈ।

ਜਿਵੇਂ ਇਸ ਮਜ਼ਬੂਤ ਮਹਿਲਾ ਦੇ ਕਿਰਦਾਰ ਨੂੰ ਦਿਖਾਇਆ ਗਿਆ ਹੈ, ਉਸ ਨਾਲ ਉਮੀਦਾਂ ਜਾਗਦੀਆਂ ਹਨ ਕਿ ਔਰਤ ਨੂੰ ਫ਼ਿਲਮਾਂ 'ਚ ਡੈਕੋਰੇਸ਼ਨ ਪੀਸ ਹੀ ਨਹੀਂ ਬਣਾਇਆ ਜਾਵੇਗਾ।

ਫਿਰ ਕਿਹੋ ਜਿਹਾ ਸੀ 2018 ਇਸ ਲਿਹਾਜ਼ ਨਾਲ?

100 ਕਰੋੜ ਦੀ 'ਰਾਜ਼ੀ'

2018 'ਚ 'ਰਾਜ਼ੀ' ਵਰਗੀ ਫ਼ਿਲਮ ਆਈ ਜਿਸ ਵਿੱਚ ਆਲੀਆ ਭੱਟ ਮੁੱਖ ਕਿਰਦਾਰ ਵਿੱਚ ਸੀ ਅਤੇ ਇਸ ਨੂੰ ਬਣਾਇਆ ਵੀ ਇੱਕ ਮਹਿਲਾ ਡਾਇਰੈਕਟਰ ਮੇਘਨਾ ਗੁਲਜ਼ਾਰ ਨੇ। ਇਸ ਨੇ 100 ਕਰੋੜ ਰੁਪਏ ਕਮਾਏ ਜੋ ਕਿ ਇੱਕ ਸੁਖਾਵਾਂ ਅਹਿਸਾਸ ਰਿਹਾ।

ਬਿਨਾਂ ਕਿਸੇ ਪੁਰਸ਼ ਸੂਪਰਹੀਰੋ ਤੋਂ ਵੀ ਕੋਈ ਫ਼ਿਲਮ ਅਜਿਹਾ ਕਰੇ, ਇਹ ਕਦੇ-ਕਦੇ ਹੀ ਹੁੰਦਾ ਹੀ ਹੈ।

'ਰਾਜ਼ੀ' ਦਾ ਇੱਕ-ਇੱਕ ਦ੍ਰਿਸ਼ ਆਲੀਆ ਭੱਟ ਦੀ ਮੌਜੂਦਗੀ ਨਾਲ ਭਰਿਆ ਹੋਇਆ ਸੀ।

'ਇਸਤਰੀ ਜ਼ਬਰਦਸਤੀ ਨਹੀਂ ਕਰਦੀ'

ਔਰਤਾਂ ਦੇ ਮਨ ਨੂੰ ਫੋਲਦੀ ਫਿਲਮ ਆਈ 'ਸਤ੍ਰੀ' (ਇਸਤਰੀ)। ਇਹ ਕਹਿਣ ਨੂੰ ਤਾਂ ਭੂਤਨੀ ਬਾਰੇ ਇੱਕ ਮਜ਼ਾਹੀਆ ਫਿਲਮ ਸੀ ਪਰ ਔਰਤ ਦਾ ਸਮਾਜ ਵਿੱਚ ਦਰਜਾ ਵੀ ਇਸ ਫ਼ਿਲਮ ਨੇ ਹਾਸੇ-ਖੇਡੇ 'ਚ ਹੀ ਦਰਸ਼ਾ ਦਿੱਤਾ।

ਮਿਸਾਲ ਵਜੋਂ, ਪੰਕਜ ਤ੍ਰਿਪਾਠੀ ਦੇ ਕਿਰਦਾਰ ਦਾ ਇੱਕ ਡਾਇਲਾਗ ਹੈ, "ਇਹ ਇਸਤਰੀ ਨਵੇਂ ਭਾਰਤ ਦੀ ਚੁੜੇਲ ਹੈ। ਮਰਦਾਂ ਦੇ ਉਲਟ ਇਹ ਇਸਤਰੀ ਜ਼ਬਰਦਸਤੀ ਨਹੀਂ ਕਰਦੀ। ਇਹ ਪੁਕਾਰਦੀ ਹੈ ਅਤੇ ਫਿਰ ਹੀ ਕਦਮ ਅੱਗੇ ਵਧਾਉਂਦੀ ਹੈ ਜਦੋਂ ਮਰਦ ਪਲਟ ਕੇ ਦੇਖਦਾ ਹੈ, ਕਿਉਂਕਿ ਹਾਂ ਮਤਲਬ ਹਾਂ।"

ਜ਼ਾਹਿਰ ਹੈ ਇਸ਼ਾਰਾ ਕੰਸੈਂਟ ਯਾਨੀ ਰਜ਼ਾਮੰਦੀ ਵੱਲ ਹੈ।

ਇਹ ਵੀ ਜ਼ਰੂਰ ਪੜ੍ਹੋ

ਫ਼ਿਲਮ 'ਚ ਮੁੱਖ ਕਿਰਦਾਰ ਤਾਂ ਭਾਵੇਂ ਮਰਦ ਸਨ ਪਰ ਇਹ ਇੱਕ ਮਿਸਾਲ ਸੀ ਕਿ ਮਰਦ ਕਿਰਦਾਰਾਂ ਵਾਲੀਆਂ ਫ਼ਿਲਮਾਂ ਵੀ ਜੈਂਡਰ-ਸੈਂਸੀਟਿਵ ਯਾਨੀ ਲਿੰਗਕ ਬਰਾਬਰੀ ਦਾ ਖਿਆਲ ਕਰਦਿਆਂ ਹੋ ਸਕਦੀਆਂ ਹਨ। ਪੈਸੇ ਵੀ ਕਮਾ ਸਕਦੀਆਂ ਹਨ। ਇਸ ਫ਼ਿਲਮ ਨੇ ਵੀ 100 ਕਰੋੜ ਕਮਾਏ।

'ਮੁੱਕਾਬਾਜ਼' ਫ਼ਿਲਮ ਵੀ ਹੀਰੋ ਦੇ ਆਲੇ-ਦੁਆਲੇ ਹੀ ਘੁੰਮਦੀ ਹੈ ਪਰ ਗੂੰਗੀ-ਬੌਲੀ ਹੀਰੋਇਨ ਵੀ ਆਪਣੇ ਆਪ ਨੂੰ ਵਿਚਾਰੀ ਨਹੀਂ ਮੰਨਦੀ। ਹੀਰੋ ਨਾਲ ਵਿਆਹ ਤੋਂ ਬਾਅਦ ਉਹ ਮੰਗ ਕਰਦੀ ਹੈ ਕਿ ਉਹ ਵੀ ਸਾਈਨ ਲੈਂਗਵੇਜ ਯਾਨੀ ਇਸ਼ਾਰਿਆਂ ਨਾਲ ਗੱਲ ਕਰਨਾ ਸਿੱਖੇ ਤਾਂ ਜੋ ਉਹ ਹੀਰੋਇਨ ਦੀ ਗੱਲ ਸਮਝ ਸਕੇ। ਹੀਰੋ ਫਿਰ ਸਿੱਖਦਾ ਵੀ ਹੈ।

'ਪਦਮਾਵਤ' ਦਾ ਜੌਹਰ

2018 'ਚ 'ਪਰੀ' ਵਰਗੀਆਂ ਕੁਝ ਅਜਿਹੀਆਂ ਫ਼ਿਲਮਾਂ ਵੀ ਆਈਆਂ ਜੋ ਬਹੁਤੀਆਂ ਚੱਲੀਆਂ ਤਾਂ ਨਹੀਂ ਪਰ ਔਰਤ ਦੇ ਨਜ਼ਰੀਏ ਨਾਲ ਬਣੀਆਂ ਹੋਣ ਕਰਕੇ ਦਿਲਚਸਪ ਸਨ। ਅਨੁਸ਼ਕਾ ਸ਼ਰਮਾ ਨੇ ਇਸ ਫ਼ਿਲਮ 'ਚ ਐਕਟਿੰਗ ਵੀ ਕੀਤੀ ਅਤੇ ਇਸ ਨੂੰ ਪ੍ਰੋਡਿਊਸ ਵੀ ਕੀਤਾ।

ਕੁਝ ਅਜਿਹੀਆਂ ਫ਼ਿਲਮਾਂ ਵੀ ਆਈਆਂ ਜੋ ਬਾਕਸ ਆਫ਼ਿਸ ਉੱਪਰ ਬਹੁਤ ਚੱਲੀਆਂ ਪਰ ਇਨ੍ਹਾਂ ਵਿੱਚ ਮਹਿਲਾ ਕਿਰਦਾਰਾਂ ਨੂੰ ਦਰਸ਼ਾਉਣ ਦੇ ਤਰੀਕੇ ਉੱਪਰ ਬਹੁਤ ਬਵਾਲ ਹੋਇਆ।

ਫ਼ਿਲਮ 'ਪਦਮਾਵਤ' ਵਿੱਚ ਦੀਪਿਕਾ ਪਾਦੁਕੋਣ ਦਾ ਕਿਰਦਾਰ ਜਦੋਂ ਜੌਹਰ ਕਰਦਾ ਹੈ ਤਾਂ, ਸਮੀਖਿਅਕਾਂ ਮੁਤਾਬਕ, ਇੰਝ ਲੱਗਾ ਕਿ ਸਤੀ ਪ੍ਰਥਾ ਦੀ ਵਡਿਆਈ ਹੋ ਰਹੀ ਹੋਵੇ।

ਜੌਹਰ ਦੇ ਦ੍ਰਿਸ਼ ਨੂੰ ਜਿਸ ਤਰ੍ਹਾਂ ਫ਼ਿਲਮਾਇਆ ਗਿਆ — ਲਾਲ ਸਾੜੀਆਂ 'ਚ ਗਹਿਣਿਆਂ ਨਾਲ ਸਜੀਆਂ ਔਰਤਾਂ ਅਤੇ ਅੱਗ ਦੀਆਂ ਲਪਟਾਂ... ਇਹ ਮਨ ਵਿੱਚ ਦੁਵਿਧਾ ਪੈਦਾ ਕਰਦਾ ਹੈ।

ਇਹ ਵੀ ਜ਼ਰੂਰ ਪੜ੍ਹੋ

'ਵੀਰੇ ਦੀ ਵੈਡਿੰਗ', ਸੈਕਸ ਤੇ ਗਾਲ਼ਾਂ

ਅਰਸੇ ਬਾਅਦ 2018 'ਚ ਇੱਕ ਅਜਿਹੀ ਫ਼ਿਲਮ ਵੀ ਆਈ ਜਿਸ ਵਿੱਚ ਔਰਤਾਂ ਦੀ ਦੋਸਤੀ ਦੀ ਕਹਾਣੀ ਸੀ ਜਦਕਿ ਫ਼ਿਲਮਾਂ 'ਚ ਅਕਸਰ ਹੀ ਮਰਦਾਂ ਦਾ ਦੋਸਤਾਨਾ ਵਿਖਾਇਆ ਜਾਂਦਾ ਹੈ, ਭਾਵੇਂ ਜੈ-ਵੀਰੂ ਦੀ 'ਸ਼ੋਲੇ' ਵਾਲੀ ਦੋਸਤੀ ਹੋਵੇ ਜਾਂ 'ਕਰਣ-ਅਰਜੁਨ' ਦਾ ਭਾਈਚਾਰਾ। ਜਿਵੇਂ ਯਾਰੀ ਉੱਤੇ ਸਿਰਫ਼ ਮਰਦਾਂ ਦਾ ਹੱਕ ਹੋਵੇ।

'ਵੀਰੇ ਦੀ ਵੈਡਿੰਗ' ਨੂੰ ਪਸੰਦ ਕੀਤਾ ਗਿਆ ਪਰ ਆਲੋਚਨਾ ਵੀ ਹੋਈ। ਫ਼ਿਲਮ ਵਿੱਚ ਹੀਰੋਇਨਾਂ ਬੇਬਾਕ ਤਰੀਕੇ ਨਾਲ ਸੈਕਸ ਬਾਰੇ ਗੱਲ ਕਰਦੀਆਂ ਹਨ, ਗਾਲ਼ਾਂ ਕੱਢਦੀਆਂ ਹਨ, ਜੋ ਕਈ ਲੋਕਾਂ ਨੂੰ ਪਸੰਦ ਨਹੀਂ ਆਇਆ।

ਸਵਾਲ ਇਹ ਵੀ ਉੱਠਿਆ ਕਿ ਇਹ ਗਾਲ਼ਾਂ ਉਸੇ ਮਰਦ-ਪ੍ਰਧਾਨ ਸੋਚ ਨੂੰ ਦਰਸ਼ਾਉਂਦੀਆਂ ਹਨ ਜਿਸ ਦੇ ਖ਼ਿਲਾਫ਼ ਔਰਤਾਂ ਲੜਦੀਆਂ ਆਈਆਂ ਹਨ।

ਬਹੁਤ ਸਾਰੀਆਂ ਔਰਤਾਂ ਲਈ ਇਹ ਫ਼ਿਲਮ ਆਜ਼ਾਦੀ ਦਾ ਅਹਿਸਾਸ ਵੀ ਸੀ। ਕੁੜੀਆਂ ਤੇ ਔਰਤਾਂ ਨਾਲ ਭਰੇ ਸਿਨੇਮਾ ਹਾਲ 'ਚ ਇਸ ਫ਼ਿਲਮ ਨੂੰ ਦੇਖਦਿਆਂ ਮੈਂ ਆਪਣੇ ਆਲੇ-ਦੁਆਲੇ ਵੀ ਇਸ ਅਹਿਸਾਸ ਨੂੰ ਮਹਿਸੂਸ ਕੀਤਾ।

ਨੀਨਾ ਗੁਪਤਾ ਨੂੰ ਵਧਾਈ

ਫ਼ਿਲਮਾਂ 'ਚ ਹੀਰੋਇਨ ਨੂੰ ਚੰਗਾ ਰੋਲ ਮਿਲੇ, ਉਹ ਵੀ ਉਮਰਦਰਾਜ਼ ਅਦਾਕਾਰਾ ਨੂੰ, ਅਜਿਹਾ ਕਮਾਲ ਘੱਟ ਹੀ ਹੁੰਦਾ ਹੈ।

ਸਾਲ ਦੇ ਅਖ਼ੀਰ 'ਚ ਆਈ ਫ਼ਿਲਮ 'ਬਧਾਈ ਹੋ' ਉਮਰ, ਲਿੰਗਕ ਵਿਹਾਰ ਅਤੇ ਸੈਕਸ ਨੂੰ ਲੈ ਕੇ ਬਣੀਆਂ ਕਈ ਧਾਰਨਾਵਾਂ ਨੂੰ ਚੁਣੌਤੀ ਦਿੰਦੀ ਹੈ।

ਫਿਲਮ 'ਚ ਨੀਨਾ ਗੁਪਤਾ ਦਾ ਕਿਰਦਾਰ ਗਰਭਵਤੀ ਹੁੰਦਾ ਹੈ ਤਾਂ ਉਸ ਦੇ ਪਤੀ ਦੀ ਹਿੰਮਤ ਨਹੀਂ ਹੁੰਦੀ ਕਿ ਉਹ ਟੱਬਰ ਦਾ ਸਾਹਮਣਾ ਕਰੇ।

ਸਰਦੀ ਦੀ ਇੱਕ ਰਾਤ ਨੂੰ ਕਾਰ 'ਚ ਬੈਠਾ ਪਤੀ (ਗਜਰਾਜ ਰਾਓ) ਗਰਭਪਾਤ ਦੀ ਗੱਲ ਕਰਦਾ ਹੈ। ਪ੍ਰਿਯੰਵਦਾ (ਨੀਨਾ ਗੁਪਤਾ) ਆਪਣੇ ਅਣਜੰਮੇ ਬੱਚੇ ਲਈ ਖੜ੍ਹੀ ਹੁੰਦੀ ਹੈ — ਪਤੀ, ਸੱਸ ਅਤੇ 25 ਸਾਲਾਂ ਦੇ ਆਪਣੇ ਜਵਾਨ ਮੁੰਡੇ ਖ਼ਿਲਾਫ਼।

ਬਹੁਤਾ ਰਸਤਾ ਬਾਕੀ

ਅਜੇ ਵੀ ਹੋਰ ਮਹਿਲਾ ਨਿਰਦੇਸ਼ਕਾਂ ਅਤੇ ਨਿਰਮਾਤਾਵਾਂ ਦੀ ਲੋੜ ਹੈ, ਨਾਲ ਹੀ ਜ਼ਰੂਰਤ ਹੈ ਅਜਿਹੀਆਂ ਫ਼ਿਲਮਾਂ ਦੀ ਜੋ ਸੰਵੇਦਨਸ਼ੀਲ ਤਰੀਕੇ ਨਾਲ ਮਹਿਲਾਵਾਂ ਨੂੰ ਦਰਸਾਉਣ।

ਸਾਲ 2018 ਵਿੱਚ ਕਈ ਵੱਡੀਆਂ ਹੀਰੋਇਨਾਂ ਦੇ ਵਿਆਹ ਵੀ ਹੋਏ। ਇਹ ਖਾਸ ਇਸ ਲਈ ਹੈ ਕਿ ਪਿਛਲੇ 20 ਸਾਲਾਂ 'ਚ ਅਜਿਹਾ ਘੱਟ ਹੀ ਹੋਇਆ ਹੈ ਕਿ ਸਿਖਰ 'ਤੇ ਰਹਿੰਦੀਆਂ ਮਹਿਲਾ ਐਕਟਰਾਂ ਨੇ ਵਿਆਹ ਕਰਵਾਏ ਅਤੇ ਕੰਮ ਕਰਨਾ ਵੀ ਜਾਰੀ ਰੱਖਿਆ। ਪਰ ਸੋਨਮ, ਪ੍ਰਿਯੰਕਾ ਅਤੇ ਦੀਪਿਕਾ ਨੇ ਅਜਿਹਾ ਕਰ ਕੇ ਵਿਖਾਇਆ।

ਫ਼ਿਲਮ ਇੰਡਸਟਰੀ 'ਚ ਜਿਨਸੀ ਸ਼ੋਸ਼ਣ ਬਾਰੇ ਉਂਝ ਔਰਤਾਂ ਘੱਟ ਹੀ ਬੋਲਦੀਆਂ ਸਨ ਪਰ ਇਸ ਸਾਲ ਕਈਆਂ ਨੇ ਇਹ ਹਿੰਮਤ ਵੀ ਦਿਖਾਈ।

ਗਿਲਾਸ ਅੱਧਾ ਖਾਲੀ ਜ਼ਰੂਰ ਹੈ ਪਰ ਅੱਧਾ ਭਰਿਆ ਹੋਇਆ ਵੀ ਹੈ।

ਇਹ ਵੀ ਪੜ੍ਹੋ:

ਉਮੀਦ ਹੈ ਕਿ 2019 ਦੀਆਂ ਫ਼ਿਲਮਾਂ 'ਚ ਵੀ 'ਰਾਜ਼ੀ' ਦੀ ਸਹਿਮਤ (ਆਲੀਆ), 'ਮੁੱਕਾਬਾਜ਼' ਦੀ ਸੁਨੈਨਾ (ਜ਼ੋਯਾ), 'ਵੀਰੇ...' ਦੀ ਕਾਲਿੰਦੀ (ਕਰੀਨਾ) ਅਤੇ 'ਬਧਾਈ ਹੋ' ਦੀ ਪ੍ਰਿਯੰਵਦਾ (ਨੀਨਾ ਗੁਪਤਾ) ਵਰਗੇ ਕਿਰਦਾਰ ਨਜ਼ਰ ਆਉਣਗੇ।

ਇਹ ਵੀਡੀਓ ਵੀ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)