ਪਠਾਨਕੋਟ ਵਾਸੀ ਫ਼ੌਜੀ ਵਰਦੀ ਵਾਲਿਆਂ ਨੂੰ ਦੇਖ ਕੇ ਹੁਣ ਘਬਰਾ ਕਿਉਂ ਜਾਂਦੇ ਹਨ

    • ਲੇਖਕ, ਅਰਵਿੰਦ ਛਾਬੜਾ
    • ਰੋਲ, ਬੀਬੀਸੀ ਪੱਤਰਕਾਰ

ਪੰਜਾਬ ਦੇ ਪਠਾਨਕੋਟ ’ਚ ਭਾਰਤੀ ਹਵਾਈ ਫੌਜ ਦੇ ਏਅਰਬੇਸ ਉੱਤੇ 2 ਜਨਵਰੀ 2016 ਨੂੰ ਹੋਏ ਹਮਲੇ ਨੂੰ ਤਿੰਨ ਸਾਲ ਹੋ ਚੁੱਕੇ ਹਨ।

ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਾਲੇ ਆਪਸੀ ਰਿਸ਼ਤਿਆਂ ਵਿੱਚ ਵਿਗਾੜ ਵੀ ਦੇਖਣ ਨੂੰ ਮਿਲਿਆ ਅਤੇ ਇਸ ਦਾ ਅਸਰ ਦੋਹਾਂ ਦੇਸ਼ਾਂ ਵਿਚਾਲੇ ਚੱਲ ਰਹੀ ਸ਼ਾਂਤੀ ਬਹਾਲੀ ਦੀ ਪ੍ਰਕਿਰਿਆ ਉੱਤੇ ਵੀ ਪਿਆ ਸੀ।

ਉਂਝ ਤਾਂ ਇਸ ਇਲਾਕੇ ਵਿੱਚ ਫੌਜ ਦੀ ਮੌਜੂਦਗੀ ਕਈ ਦਹਾਕਿਆਂ ਤੋਂ ਹੈ ਪਰ ਇਸ ਹਮਲੇ ਤੋਂ ਬਾਅਦ ਹੁਣ ਸਥਾਨਕ ਲੋਕ ਫ਼ੌਜੀ ਵਰਦੀ ਪਾਏ ਲੋਕਾਂ ਨੂੰ ਵੇਖ ਕੇ ਘਬਰਾਉਂਦੇ ਹਨ, ਖ਼ਾਸ ਤੌਰ 'ਤੇ ਉਦੋਂ ਜਦੋਂ ਉਹ ਉਨ੍ਹਾਂ ਨੂੰ ਜਾਣਦੇ-ਪਛਾਣਦੇ ਨਾ ਹੋਣ।

ਸ਼ਾਇਦ ਇਸ ਕਰਕੇ ਆਏ ਦਿਨ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ ਕਿ ਅਣਪਛਾਤੇ ਲੋਕ ਫੌਜ ਦੀ ਵਰਦੀ 'ਚ ਦੇਖੇ ਗਏ ਹਨ ਅਤੇ ਸਰਚ ਆਪਰੇਸ਼ਨ ਜਾਰੀ ਹੈ।

ਇਸ ਦੀ ਵਜ੍ਹਾ ਹੈ ਕਿ ਹਮਲਾਵਰ ਭਾਰਤੀ ਫੌਜ ਦੀ ਵਰਦੀ ਪਹਿਣ ਕੇ ਹੀ ਏਅਰਬੇਸ 'ਚ ਦਾਖਲ ਹੋਏ ਸਨ।

ਕੀ ਸੀ ਹਮਲਾ?

2016 ਆਉਂਦਿਆਂ ਨਵੇਂ ਸਾਲ ਦੇ ਮੌਕੇ ਉੱਤੇ ਜਦੋਂ ਦੇਸ਼ ਮਸਤੀ ਵਿਚ ਡੁੱਬਿਆ ਹੋਇਆ ਸੀ ਤਾਂ ਭਾਰਤੀ ਫੌਜ ਦੀ ਵਰਦੀ ਪਾ ਕੇ ਕੁਝ ਅਣਪਛਾਤੇ ਆਦਮੀ ਏਅਰਬੇਸ ਦੇ ਅੰਦਰ ਦਾਖਲ ਹੋਏ ਸਨ।

2 ਜਨਵਰੀ ਨੂੰ ਉਨ੍ਹਾਂ ਨੇ ਹਮਲਾ ਕਰ ਦਿੱਤਾ ਅਤੇ, ਰਿਪੋਰਟਾਂ ਮੁਤਾਬਕ, ਜਵਾਬ 'ਚ ਭਾਰਤੀ ਸੁਰੱਖਿਆ ਬਲਾਂ ਨੇ 5 ਜਨਵਰੀ ਤੱਕ ਚੱਲੇ ਮੁਕਾਬਲੇ 'ਚ 6 ਹਮਲਾਵਰਾਂ ਨੂੰ ਹਲਾਕ ਕੀਤਾ। ਹਮਲੇ 'ਚ ਇੱਕ ਆਮ ਨਾਗਰਿਕ ਅਤੇ 10 ਸੁਰੱਖਿਆ ਕਰਮੀ ਮਾਰੇ ਗਏ ਸਨ।

ਇਸ ਤੋਂ ਬਾਅਦ ਇਲਾਕੇ 'ਚ ਸੁਰੱਖਿਆ ਪਹਿਲਾਂ ਦੇ ਮੁਕਾਬਲੇ ਕਰੜੀ ਕਰ ਦਿੱਤੀ ਗਈ ਸੀ ਪਰ ਤਿੰਨ ਸਾਲ ਬੀਤ ਜਾਣ ਤੋਂ ਬਾਅਦ ਲੋਕਾਂ ਵਿਚਾਲੇ ਅਜੇ ਵੀ ਡਰ ਕਾਇਮ ਹੈ।

ਹਰ ਵਾਰ ਗੰਭੀਰਤਾ ਨਾਲ

ਪੁਲਿਸ ਅਫ਼ਸਰ ਕਹਿੰਦੇ ਹਨ ਕਿ ਅਣਪਛਾਤੇ ਲੋਕਾਂ ਦੇ ਦੇਖੇ ਜਾਣ ਦੀਆਂ ਖ਼ਬਰਾਂ ਨੂੰ ਉਹ ਖ਼ਾਰਜ ਨਹੀਂ ਕਰ ਸਕਦੇ, ਭਾਵੇਂ ਯਕੀਨ ਹੋਵੇ ਕਿ ਕੋਈ ਘਬਰਾਉਣ ਦੀ ਗੱਲ ਨਹੀਂ ਹੈ। ਖ਼ਬਰ ਆਉਂਦੇ ਹੀ ਸਾਰੇ ਇਲਾਕੇ ਦੀ ਛਾਣਬੀਣ ਕੀਤੀ ਜਾਂਦੀ ਹੈ।

ਬੀਬੀਸੀ ਪੰਜਾਬੀ ਨੇ ਪਠਾਨਕੋਟ ਦੇ ਸਥਾਨਕ ਲੋਕਾਂ ਨਾਲ ਇਸ ਮੁੱਦੇ ਉੱਤੇ ਗੱਲਬਾਤ ਕੀਤੀ। ਇਹ ਗੱਲ ਉੱਭਰ ਕੇ ਆਈ ਕਿ ਪਹਿਲਾਂ ਦੇ ਮੁਕਾਬਲੇ ਹੁਣ ਸੁਰੱਖਿਆ ਏਜੰਸੀਆਂ ਦੇ ਨਾਲ-ਨਾਲ ਸਥਾਨਕ ਲੋਕ ਵੀ ਵੱਧ ਚੌਕਸ ਹਨ।

ਇਹ ਵੀ ਜ਼ਰੂਰ ਪੜ੍ਹੋ

ਪਠਾਨਕੋਟ ਏਅਰਬੇਸ ਤੋਂ ਕਰੀਬ 800 ਮੀਟਰ ਦੂਰ ਰਾਜੇਸ਼ ਠਾਕੁਰ ਨਾਮਕ ਦੁਕਾਨਦਾਰ ਦੀ ਦਵਾਈਆਂ ਦੀ ਦੁਕਾਨ ਹੈ। ਰਾਜੇਸ਼ ਠਾਕੁਰ ਨੇ ਆਖਿਆ ਕਿ ਹੁਣ ਸ਼ਹਿਰ ਦੀ ਸਥਿਤੀ ਸਹਿਜ ਹੈ ਪਰ ਪਿਛਲੇ ਤਿੰਨ ਸਾਲਾਂ ਤੋਂ ਸੁਰੱਖਿਆ ਵਿੱਚ ਕਾਫ਼ੀ ਵਾਧਾ ਹੋਇਆ ਹੈ।

ਉਨ੍ਹਾਂ ਦੱਸਿਆ ਕਿ ਸਥਾਨਕ ਪੁਲਿਸ, ਬੀਐਸਐਫ ਅਤੇ ਏਅਰ ਫੋਰਸ ਦੇ ਜਵਾਨ ਲਗਾਤਾਰ ਗਸ਼ਤ ਕਰਦੇ ਰਹਿੰਦੇ ਹਨ ਅਤੇ ਸਥਾਨਕ ਲੋਕਾਂ ਨੂੰ ਅਣਪਛਾਤੇ ਵਿਅਕਤੀਆਂ ਦੀ ਜਾਣਕਾਰੀ ਦੇਣ ਲਈ ਜਾਗਰੂਕ ਕਰਦੇ ਹਨ।

ਰਾਜੇਸ਼ ਠਾਕੁਰ ਮੁਤਾਬਕ ਇਹੀ ਕਾਰਨ ਹੈ ਕਿ ਇਸ ਇਲਾਕੇ ਵਿੱਚ ਸ਼ੱਕੀ ਵਿਅਕਤੀ ਦੇਖਣ ਬਾਰੇ ਖ਼ਬਰਾਂ ਕਾਫ਼ੀ ਸੁਣਨ ਨੂੰ ਮਿਲਦੀਆਂ ਹਨ।

ਉਨ੍ਹਾਂ ਇਸ ਗੱਲ ਉੱਤੇ ਤਸੱਲੀ ਪ੍ਰਗਟਾਈ ਕਿ ਇਸ ਵਿੱਚੋਂ ਕੋਈ ਵੀ ਖ਼ਬਰ ਸੱਚੀ ਨਹੀਂ ਹੋਈ। ਪਰ ਇਸ ਨਾਲ ਇਲਾਕੇ ਵਿਚ ਸੁਰੱਖਿਆ ਏਜੰਸੀਆਂ ਚੌਕਸ ਰਹਿੰਦੀਆਂ ਹਨ।

ਪਛਾਣ ਪੱਤਰ ਦਾ ਸਵਾਲ

ਏਅਰ ਬੇਸ ਤੋਂ 150 ਮੀਟਰ ਦੂਰੀ ਉੱਤੇ ਵਸੇ ਪਿੰਡ ਢਾਂਕੀ ਦੇ ਰਹਿਣ ਵਾਲੇ ਡਾ. ਸੁਨੀਲ ਕੁਮਾਰ ਨੇ ਦੱਸਿਆ ਕਿ ਏਅਰ ਫੋਰਸ ਅਤੇ ਪੰਜਾਬ ਪੁਲਿਸ ਦਿਨ 'ਚ ਦੋ ਵਾਰ ਗਸ਼ਤ ਕਰਦੀ ਹੋਈ ਨਜ਼ਰ ਆਉਂਦੀ ਹੈ।

ਉਨ੍ਹਾਂ ਮੁਤਾਬਕ ਇਲਾਕੇ 'ਚ ਅਕਸਰ ਅਣਪਛਾਤੇ ਸ਼ੱਕੀ ਵਿਅਕਤੀਆਂ ਦੇ ਹੋਣ ਦੀਆਂ "ਅਫ਼ਵਾਹਾਂ" ਫੈਲਦੀਆਂ ਰਹਿੰਦੀਆਂ ਹਨ।

ਉਨ੍ਹਾਂ ਆਖਿਆ ਕਿ ਪਹਿਲਾਂ ਦੇ ਮੁਕਾਬਲੇ ਸੁਰੱਖਿਆ ਬਹੁਤ ਕਰੜੀ ਕਰ ਦਿੱਤੀ ਗਈ ਹੈ ਅਤੇ ਇਸ ਤੋਂ ਇਲਾਵਾ ਫਲੱਡ ਲਾਈਟਾਂ ਤੇ ਧੁੰਦ 'ਚ ਜਗਣ ਵਾਲੀਆਂ ਲਾਈਟਾਂ ਵੀ ਲਗਾਈਆਂ ਗਈਆਂ ਹਨ।

ਹਮਲੇ ਨੂੰ ਯਾਦ ਕਰਦਿਆਂ ਉਨ੍ਹਾਂ ਆਖਿਆ ਕਿ ਹਮਲਾਵਰਾਂ ਦੇ ਫ਼ੌਜੀ ਵਰਦੀ ਪਾਈ ਹੋਣ ਕਾਰਨ ਇਲਾਕੇ ਦੇ ਲੋਕ ਹੁਣ ਸੈਨਿਕ ਵਰਦੀਧਾਰੀ ਵਿਅਕਤੀਆਂ ਨੂੰ ਵੀ ਸ਼ੱਕ ਦੀ ਨਜ਼ਰ ਨਾਲ ਵੇਖਦੇ ਹਨ। ਇਲਾਕੇ ਦੇ ਦੁਕਾਨਦਾਰ ਅਕਸਰ ਫੌਜੀਆਂ ਤੋਂ ਉਨ੍ਹਾਂ ਦੇ ਪਛਾਣ ਪੱਤਰ ਦਿਖਾਉਣ ਦੀ ਮੰਗ ਕਰਨ ਲੱਗੇ ਹਨ।

ਇਹ ਵੀ ਜ਼ਰੂਰ ਪੜ੍ਹੋ

ਦੁਕਾਨਦਾਰ ਅਰੁਣ ਸ਼ਰਮਾ ਨੇ ਆਖਿਆ ਕਿ ਇਹ ਹਮਲਾ ਪਠਾਨਕੋਟ ਵਾਸੀਆਂ ਲਈ ਇੱਕ ਬੁਰਾ ਵਕਤ ਸੀ ਜਿਸ ਤੋਂ ਸ਼ਹਿਰ ਵਾਸੀ ਹੁਣ ਬਾਹਰ ਆ ਚੁੱਕੇ ਹਨ।

ਉਨ੍ਹਾਂ ਆਖਿਆ ਕਿ ਸੁਰੱਖਿਆ ਬਲ ਅਤੇ ਸ਼ਹਿਰਵਾਸੀ ਚੌਕਸ ਤਾਂ ਜ਼ਰੂਰ ਹਨ ਪਰ ਹਮਲਾਵਰ ਵੀ ਪੂਰੀ ਤਿਆਰੀ ਨਾਲ ਆਉਂਦੇ ਹਨ।

ਉਨ੍ਹਾਂ ਆਸ ਕੀਤੀ ਕਿ ਸ਼ਹਿਰ ਉੱਤੇ ਮੁੜ ਬੁਰਾ ਵਕਤ ਨਾ ਆਵੇ।

ਹਮਲੇ ਸਬੰਧੀ ਕੇਸ

ਹਮਲੇ ਸਬੰਧੀ ਮਾਮਲੇ ਦੀ ਜਾਂਚ ਐਨਆਈਏ (ਕੌਮੀ ਜਾਂਚ ਏਜੰਸੀ) ਵੱਲੋਂ ਕੀਤੀ ਗਈ।

ਜਾਂਚ ਏਜੰਸੀ ਨੇ ਅਦਾਲਤ ਵਿਚ ਦਾਖਲ ਆਪਣੀ ਚਾਰਜਸ਼ੀਟ ਵਿਚ ਚਾਰ ਲੋਕਾਂ ਦੇ ਖ਼ਿਲਾਫ਼ ਆਰੋਪ ਦਾਖਲ ਕੀਤਾ। ਇਹਨਾਂ 'ਚ ਜੈਸ਼-ਏ-ਮੁਹੰਮਦ ਸੰਗਠਨ ਦੇ ਮੁਖੀ ਮਸੂਦ ਅਜ਼ਹਰ ਅਤੇ ਉਸ ਦਾ ਭਰਾ ਮੁਫ਼ਤੀ ਅਬਦੁਲ ਰੌਫ ਸ਼ਾਮਲ ਹਨ। ਇਹ ਦੋਵੇਂ ਪਾਕਿਸਤਾਨ ਵਿੱਚ ਹਨ।

ਏਜੰਸੀ ਨੇ ਜਾਂਚ ਵਿੱਚ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਭਾਰਤ ਉੱਤੇ ਅੱਤਵਾਦੀ ਹਮਲਾ ਸੀ। ਇਸ ਸਬੰਧੀ ਕੇਸ ਅਜੇ ਮੁਹਾਲੀ ਦੀ ਐਨਆਈਏ ਅਦਾਲਤ 'ਚ ਵਿਚਾਰ ਅਧੀਨ ਹੈ।

ਇਹ ਵੀਡੀਓ ਵੀ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)