ਸਬਰੀਮਾਲਾ ਮੰਦਿਰ ਵਿੱਚ ਅਖੀਰ ਦੋ ਔਰਤਾਂ ਦਾਖਲ ਹੋਈਆਂ, 'ਸ਼ੁੱਧੀਕਰਨ' ਤੋਂ ਬਾਅਦ ਮੰਦਿਰ ਖੋਲ੍ਹਿਆ ਗਿਆ

ਸੁਪਰੀਮ ਕੋਰਟ ਵੱਲੋਂ 10-50 ਸਾਲਾਂ ਦੀ ਉਮਰ ਦੀਆਂ ਔਰਤਾਂ ਲਈ ਵੀ ਕੇਰਲ ਦੇ ਸਬਰੀਮਾਲਾ ਮੰਦਿਰ ਦੇ ਦਰਵਾਜੇ ਖੋਲ੍ਹਣ ਦੇ ਹੁਕਮ ਆਉਣ ਦੇ ਤਿੰਨ ਮਹੀਨਿਆਂ ਬਾਅਦ, ਬੁੱਧਵਾਰ ਤੜਕੇ ਦੋ ਔਰਤਾਂ ਮੰਦਿਰ 'ਚ ਵੜਨ 'ਚ ਕਾਮਯਾਬ ਹੋ ਗਈਆਂ।

ਕੁਝ ਸਮਾਜਕ ਕਾਰਕੁਨਾਂ ਅਤੇ ਹੋਰ ਰਿਪੋਰਟਾਂ ਮੁਤਾਬਕ ਬਿੰਦੂ ਅਤੇ ਕਣਗਦੁਰਗਾ ਨਾਂ ਦੀਆਂ ਇਹ ਔਰਤਾਂ ਪੁਲਿਸ ਦੀ ਸੁਰੱਖਿਆ ਹੇਠ ਇਹ ਕਰਨ 'ਚ ਕਾਮਯਾਬ ਹੋਈਆਂ।

ਬਾਅਦ ਵਿੱਚ ਸੂਬੇ ਦੇ ਮੁੱਖ ਮੰਤਰੀ ਪੀ. ਵਿਜਯਨ ਨੇ ਇਸ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਸਰਕਾਰ ਨੇ ਉਨ੍ਹਾਂ ਨੂੰ ਸੁਰੱਖਿਆ ਦਿੱਤੀ।

ਇਨ੍ਹਾਂ ਦੋਵਾਂ ਸਮੇਤ 10 ਔਰਤਾਂ ਨੇ ਪਿਛਲੇ ਮਹੀਨੇ ਵੀ ਕੋਸ਼ਿਸ਼ ਕੀਤੀ ਸੀ ਪਰ ਉਸ ਵੇਲੇ ਮਰਦਾਂ ਦੇ ਇੱਕ ਇਕੱਠ ਨੇ ਉਨ੍ਹਾਂ ਨੂੰ ਅੰਦਰ ਨਹੀਂ ਵੜਨ ਦਿੱਤਾ ਸੀ।

ਸਬਰੀਮਾਲਾ ਮੰਦਿਰ ਸਵਾਮੀ ਅਯੱਪਾ ਦਾ ਹੈ ਜਿਨ੍ਹਾਂ ਨੂੰ ਕੁਆਰਾ ਸਮਝਿਆ ਜਾਂਦਾ ਹੈ, ਇਸੇ ਲਈ ਮਾਹਵਾਰੀ ਦੀ ਉਮਰ ਦੀਆਂ ਔਰਤਾਂ ਨੂੰ ਇੱਥੇ ਜਾਣ ਤੋਂ ਮਨਾਹੀ ਸੀ।

ਕੇਰਲ ਭਰ 'ਚ ਹੀ ਸੁਰੱਖਿਆ ਇੰਤਜ਼ਾਮ ਕਰੜੇ ਹਨ ਕਿਉਂਕਿ ਭਾਰਤੀ ਜਨਤਾ ਪਾਰਟੀ ਅਤੇ ਕੁਝ ਸੱਜੇਪੱਖੀ ਸੰਗਠਨਾਂ ਨੇ ਸੁਪਰੀਮ ਕੋਰਟ ਵੱਲੋਂ ਦਿੱਤੇ ਬਰਾਬਰਤਾ ਦੇ ਫੈਸਲੇ ਦੇ ਬਾਵਜੂਦ 'ਰੀਤੀ-ਰਿਵਾਜ਼ਾਂ' ਦਾ ਹਵਾਲਾ ਦੇ ਕੇ ਇਸ ਦਾ ਵਿਰੋਧ ਕੀਤਾ ਹੈ।

ਇਹ ਵੀ ਜ਼ਰੂਰ ਪੜ੍ਹੋ

ਸਨੀ ਕੱਪੀਕੜ ਨਾਂ ਦੇ ਦਲਿਤ ਲੇਖਕ ਤੇ ਕਾਰਕੁਨ ਨੇ ਬੀਬੀਸੀ ਦੇ ਇਮਰਾਨ ਕੁਰੈਸ਼ੀ ਨੂੰ ਦੱਸਿਆ, "ਹਾਂ, ਉਹ ਸਵੇਰੇ 3.45 'ਤੇ ਅੰਦਰ ਵੜਨ 'ਚ ਸਫਲ ਹੋਈਆਂ। ਸਬਰੀਮਾਲਾ ਦਲਿਤ ਐਂਡ ਆਦੀਵਾਸੀ ਕੌਂਸਲ ਦੇ ਸਾਥੀਆਂ ਨੇ ਉਨ੍ਹਾਂ ਨੂੰ ਸੁਰੱਖਿਆ ਦਿੱਤੀ।"

ਪਰ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਸਿਰਫ ਇੰਨਾ ਕਿਹਾ, "ਅਸੀਂ ਕਿਵੇਂ ਦੱਸ ਸਕਦੇ ਹਨ ਕਿ ਕੌਣ ਆਇਆ, ਕੌਣ ਗਿਆ।"

ਬਿੰਦੂ ਨੇ ਖੁਦ ਇੱਕ ਸਥਾਨਕ ਟੀਵੀ ਚੈਨਲ ਨੂੰ ਦੱਸਿਆ ਕਿ ਉਹ ਵਾਕਈ ਸਵੇਰੇ 3.45 ਵਜੇ ਸਵਾਮੀ ਅਯੱਪਾ ਦੇ ਦਰਸ਼ਨ ਕਰ ਕੇ ਆਈਆਂ।

ਉਨ੍ਹਾਂ ਨੇ 6 ਕਿਲੋਮੀਟਰ ਦੀ ਚੜ੍ਹਾਈ ਰਾਤੀ ਡੇਢ ਵਜੇ ਸ਼ੁਰੂ ਕੀਤੀ ਸੀ ਅਤੇ ਟੀਵੀ ਉੱਪਰ ਦਿਖਾਏ ਗਏ ਦ੍ਰਿਸ਼ ਦੱਸਦੇ ਹਨ ਕਿ ਉਨ੍ਹਾਂ ਨਾਲ ਪੁਲਿਸ ਕਰਮੀ ਸਨ।

ਇਹ ਵੀ ਜ਼ਰੂਰ ਪੜ੍ਹੋ

ਸੋਸ਼ਲ ਮੀਡੀਆ 'ਤੇ ਬਹਿਸ - ‘ਸੋਚਿਆ ਕੀ ਸੀ, ਹੋ ਕੀ ਗਿਆ’

ਜਿਵੇਂ ਹੀ ਇਹ ਖ਼ਬਰ ਫੈਲੀ ਕਿ ਸਬਰੀਮਾਲਾ ਵਿੱਚ 40 ਸਾਲਾਂ ਦੀਆਂ ਦੋ ਔਰਤਾਂ ਦਾਖਲ ਹੋ ਆਈਆਂ ਹਨ, ਸੋਸ਼ਲ ਮੀਡੀਆ ਉੱਪਰ ਭਖਵੀਂ ਬਹਿਸ ਸ਼ੁਰੂ ਹੋ ਗਈ।

ਬਹਿਸ ਵਿੱਚ ਇਹ ਮੁੱਦਾ ਖਾਸ ਤੌਰ 'ਤੇ ਉੱਭਰਿਆ ਕਿ ਮੰਦਿਰ ਦੇ ਮੁੱਖ ਪੁਜਾਰੀ ਨੇ ਔਰਤਾਂ ਦੇ ਦਾਖਲੇ ਤੋਂ ਬਾਅਦ ਮੰਦਿਰ ਦੇ "ਸ਼ੁੱਧੀਕਰਨ" ਦੇ ਹੁਕਮ ਦਿੱਤੇ।

ਮਲਿਆਲਮ ਦੇ ਲੇਖਕ ਐੱਨਐੱਸ ਮਾਧਵਨ ਨੇ ਟਵਿੱਟਰ ਉੱਪਰ ਤੰਜ ਨਾਲ ਲਿਖਿਆ, "ਇਹ ਕੇਰਲ ਹੈ ਜਾਂ ਕੋਈ ਗਊ ਪ੍ਰਦੇਸ਼? ਕੀ ਔਰਤਾਂ ਨੂੰ ਵੀ ਹੁਣ ਦਲਿਤਾਂ ਵਾਂਗ ਮੰਨਿਆ ਜਾ ਰਿਹਾ ਹੈ? ਬਿੰਦੂ ਅਤੇ ਕਨਗਦੁਰਗਾ ਨੇ ਸੁਪਰੀਮ ਕੋਰਟ ਦੇ ਹੁਕਮ ਦੀ ਪਾਲਨਾ ਕੀਤੀ ਹੈ। ਲਿੰਗਕ ਵਿਤਕਰੇ ਅਤੇ ਸੁਪਰੀਮ ਕੋਰਟ ਦੀ ਅਵਮਾਨਨਾ ਲਈ ਸਬਰੀਮਾਲਾ ਦੇ ਤੰਤਰੀ (ਮੁੱਖ ਪੁਜਾਰੀ) ਨੂੰ ਹਟਾਓ।"

ਖੱਬੇਪੱਖੀ ਕਾਰਕੁਨ ਕਵਿਤਾ ਕ੍ਰਿਸ਼ਨਨ ਨੇ ਵੀ ਸਵਾਲ ਕੀਤਾ ਕਿ ਤੰਤਰੀ ਵੱਲੋਂ ਛੂਤਛਾਤ ਕਰਨ ਬਾਰੇ ਸੁਪਰੀਮ ਕੋਰਟ ਕੀ ਕਰੇਗੀ?

ਵਕੀਲ ਸੁਦੀਪ ਸੁਧਾਕਰਨ ਨੇ ਟਵੀਟ ਕੀਤਾ ਕਿ ਇਹ “ਸ਼ੁੱਧੀਕਰਨ” ਸੰਵਿਧਾਨ ਦੇ ਖਿਲਾਫ ਹੈ।

ਵਿਅੰਗ ਲਈ ਜਾਣੇ ਜਾਂਦੇ ਕਾਮੇਡੀਅਨ ਆਕਾਸ਼ ਬੈਨਰਜੀ ਨੇ ਇੱਕ ਵੀਡੀਓ ਟਵੀਟ ਕੀਤਾ ਅਤੇ ਕਿਹਾ ਕਿ ਆਮ ਸ਼ਰਧਾਲੂਆਂ ਨੂੰ ਇਨ੍ਹਾਂ ਔਰਤਾਂ ਦੇ ਮੰਦਰ 'ਚ ਦਾਖਲ ਹੋਣ ਨਾਲ ਕੋਈ ਸਮੱਸਿਆ ਨਹੀਂ, "ਸਮੱਸਿਆ ਸਿਰਫ ਉਨ੍ਹਾਂ ਨੂੰ ਹੈ ਜੋ ਰੱਬ ਦਾ ਨਾਮ ਆਪਣੀ ਮਸ਼ਹੂਰੀ ਅਤੇ ਫਾਇਦੇ ਲਈ ਵਰਤਦੇ ਹਨ"।

ਪਰ ਇੱਕ ਵੱਡੀ ਗਿਣਤੀ ਅਜਿਹੇ ਲੋਕਾਂ ਦੀ ਵੀ ਹੈ ਜੋ ਇਸ ਦਾਖਲੇ ਨੂੰ ਮੰਦਿਰ ਦੇ ਪ੍ਰਦੂਸ਼ਣ ਅਤੇ ਹਿੰਦੂ ਧਰਮ 'ਤੇ ਹਮਲੇ ਵਜੋਂ ਵੇਖਦੇ ਹਨ।

ਰੋਜ਼ੀ ਨਾਂ ਦੀ ਇੱਕ ਟਵਿੱਟਰ ਯੂਜ਼ਰ ਨੇ ਗੁੱਸਾ ਜ਼ਾਹਿਰ ਕਰਦਿਆਂ ਲਿਖਿਆ ਕਿ ਇਹ ਕੇਰਲ ਦੀ ਵਾਮਪੰਥੀ ਸਰਕਾਰ ਦਾ ਅਸਲ ਚਿਹਰਾ ਅਤੇ ਹਿੰਦੂ ਰੀਤਾਂ ਨੂੰ ਤੋੜਦਾ ਹੈ।

ਧਰੁਵ ਨਾਂ ਦੇ ਇੱਕ ਯੂਜ਼ਰ ਨੇ ਟਵੀਟ ਕਰ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ "ਹਿੰਦੂ ਗੈਰਤ ਨੂੰ ਇੱਕੋ ਵਾਰ ਵਿੱਚ ਜਗਾਉਣ" ਦੀ ਅਪੀਲ ਕੀਤੀ, ਲਿਖਿਆ, "ਸੋਚਿਆ ਕੀ ਸੀ, ਹੋ ਕੀ ਗਿਆ।"

ਪ੍ਰਧਾਨ ਮੰਤਰੀ ਮੋਦੀ ਨੇ ਮੰਗਲਵਾਰ ਨੂੰ ਹੀ ਇੱਕ ਇੰਟਰਵਿਊ ਦੌਰਾਨ ਸਬਰੀਮਾਲਾ ਵਿੱਚ ਔਰਤਾਂ ਦੇ ਦਾਖਲੇ ਦੇ ਵਿਰੋਧ ਬਾਰੇ ਕਿਹਾ ਸੀ ਕਿ ਇਹ ਆਸਥਾ ਦਾ ਮਾਮਲਾ ਹੈ।

ਪ੍ਰਧਾਨ ਮੰਤਰੀ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਵੀ ਲਿਖਿਆ ਗਿਆ ਸੀ ਕਿ ਇਸ ਮਾਮਲੇ 'ਚ ਸੁਪਰੀਮ ਕੋਰਟ ਦੀ ਉਸ ਮਹਿਲਾ ਜੱਜ ਦੀ ਦਲੀਲ ਜ਼ਰੂਰ ਪੜ੍ਹਨੀ ਚਾਹੀਦੀ ਹੈ ਜਿਸ ਨੇ ਔਰਤਾਂ ਦੇ ਦਾਖਲੇ ਦਾ ਵਿਰੋਧ ਕੀਤਾ ਸੀ।

ਇਸੇ ਪੱਖ 'ਚ ਖੜ੍ਹੇ ਲੇਖਕ-ਕਾਰਕੁਨ ਰਾਹੁਲ ਈਸ਼ਵਰ ਨੇ ਟਵੀਟ ਕੀਤਾ, "ਅਸੀਂ ਕੇਰਲ ਦੀ ਸੀਪੀਐੱਮ ਸਰਕਾਰ ਤੇ ਪੁਲਿਸ ਦੀ ਸਾਜਿਸ਼ ਦੀ ਨਿਖੇਧੀ ਕਰਦੇ ਹਾਂ..."।

‘ਹੰਝੂ ਵਗਣਗੇ’

ਨਾਰੀਵਾਦੀ ਕਾਰਕੁਨ ਪ੍ਰਿਯੰਕਾ ਨੇ ਇਸ ਦਾ ਜਵਾਬ ਦਿੰਦਿਆਂ ਟਵੀਟ ਕੀਤਾ, "ਇਹ (ਰਾਹੁਲ) ਉਹੀ ਆਦਮੀ ਹੈ ਜਿਸ ਨੇ ਆਪਣੇ ਸਮਰਥਕਾਂ ਨੂੰ ਸਬਰੀਮਾਲਾ ਵੜਨ ਦੀ ਕੋਸ਼ਿਸ਼ ਕਰਦੀਆਂ ਔਰਤਾਂ ਦਾ ਸਰੀਰਕ ਸ਼ੋਸ਼ਣ ਕਰਨ ਲਈ ਉਕਸਾਇਆ ਸੀ। ਸਬਰੀਮਾਲਾ (ਵਿੱਚ ਦਾਖਲਾ) ਅਤੇ 'ਔਰਤਾਂ ਦੀ ਕੰਧ' ਅਜਿਹੇ ਮਰਦਾਂ ਦੇ ਮੂੰਹ 'ਤੇ ਚਪੇੜ ਹਨ ਜਿਹੜੇ ਮੰਨਦੇ ਹਨ ਕਿ ਇਸ ਦੇਸ਼ 'ਚ ਔਰਤਾਂ ਦੇ ਅਧਿਕਾਰ ਉਹ ਤੈਅ ਕਰਨਗੇ। ਕੋਈ ਇਸ ਨੂੰ ਟਿਸ਼ੂ (ਰੁਮਾਲ) ਭੇਜੋ, ਅੱਜ ਛੋਟੀ ਸੋਚ ਵਾਲੇ ਮਰਦਾਂ ਦੇ ਹੰਝੂ ਵਗਣਗੇ।"

ਜਿਸ 'ਔਰਤਾਂ ਦੀ ਕੰਧ' ਦੀ ਪ੍ਰਿਯੰਕਾ ਗੱਲ ਕਰਦੇ ਹਨ ਉਹ ਮੰਗਲਵਾਰ ਨੂੰ ਹੀ ਕੇਰਲ ਵਿੱਚ ਬਣਾਈ ਗਈ ਸੀ। ਲੱਖਾਂ ਔਰਤਾਂ ਨੇ ਮੋਢੇ ਨਾਲ ਮੋਢਾ ਜੋੜ ਕੇ ਖੜਦਿਆਂ 620 ਕਿਲੋਮੀਟਰ ਲੰਮੀ ਮਨੁੱਖੀ 'ਕੰਧ' ਬਣਾਉਂਦਿਆਂ ਬਰਾਬਰੀ ਦੇ ਹੱਕ ਵਿਚ ਸੁਨੇਹਾ ਦਿੱਤਾ ਸੀ।

ਸੂਬੇ ਦੇ ਉੱਤਰੀ ਸਿਰੇ ਤੋਂ ਦੱਖਣੀ ਸਿਰੇ ਤੱਕ ਰਾਸ਼ਟਰੀ ਰਾਜਮਾਰਗ 'ਤੇ ਬਣਾਈ ਗਈ ਇਸ ਦੀਵਾਰ ਨੂੰ ਰਾਜ ਸਰਕਾਰ ਦੀ ਹਮਾਇਤ ਸੀ। ਦੱਸਣਯੋਗ ਹੈ ਕਿ ਰਾਜ ਸਰਕਾਰ ਸਬਰੀਮਾਲਾ ਮੰਦਿਰ ਵਿਚ ਔਰਤਾਂ ਦਾ ਦਾਖ਼ਲਾ ਯਕੀਨੀ ਬਣਾਉਣ ਬਾਰੇ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਲਾਗੂ ਕਰਵਾਉਣ ਦੀ ਕੋਸ਼ਿਸ਼ ਕਰਦੀ ਰਹੀ ਹੈ।

ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)