You’re viewing a text-only version of this website that uses less data. View the main version of the website including all images and videos.
ਵਿਗਿਆਨਕ ਸੋਚ ’ਤੇ ਹਮਲੇ ਦੇਸ ਲਈ ਖ਼ਤਰਨਾਕ ਸਾਬਿਤ ਹੋ ਸਕਦੇ ਹਨ : ਨਜ਼ਰੀਆ
- ਲੇਖਕ, ਤੇਜਲ ਕਨਿਤਕਰ
- ਰੋਲ, ਬੀਬੀਸੀ ਲਈ
ਕੇਰਲ ਦੇ ਹੜ੍ਹ ਨੂੰ ਔਰਤਾਂ ਦੇ ਮੰਦਿਰਾਂ ਵਿੱਚ ਵੜਨ ਦਾ ਹੱਕ ਮੰਗਣ ਦੇ ਨਤੀਜੇ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ।
ਰਿਜ਼ਰਵ ਬੈਂਕ ਆਫ਼ ਇੰਡੀਆ ਦੇ ਬੋਰਡ ਵਿੱਚ ਅਹੁਦੇ 'ਤੇ ਤਾਇਨਾਤ ਐਸ ਗੁਰੂਮੂਰਤੀ ਨੇ 17 ਦਸੰਬਰ ਨੂੰ ਟਵੀਟ ਰਾਹੀਂ ਕੇਰਲ ਦੇ ਹੜ੍ਹ ਨੂੰ ਮੰਦਿਰਾਂ ਵਿੱਚ ਔਰਤਾਂ ਨੂੰ ਜਾਣ ਦੇ ਹੱਕ ਦੇ ਕੇਸ ਨਾਲ ਜੋੜਿਆ ਸੀ।
ਉਨ੍ਹਾਂ ਨੇ ਟਵਿੱਟਰ 'ਤੇ ਕਿਹਾ, "ਸੁਪਰੀਮ ਕੋਰਟ ਦੇ ਜੱਜਾਂ ਨੂੰ ਦੇਖਣਾ ਚਾਹੀਦਾ ਹੈ ਕਿ ਕੇਸ (ਭਾਰੀ ਮੀਂਹ ਕਾਰਨ ਕੇਰਲ 'ਚ ਆਇਆ ਹੜ੍ਹ) ਅਤੇ ਜੋ ਸਬਰੀਮਾਲਾ 'ਚ ਹੋਇਆ ਉਸ ਦਾ ਕੋਈ ਸਬੰਧ ਹੈ ਜਾਂ ਨਹੀਂ।''
"ਜੇ ਉਨ੍ਹਾਂ ਵਿਚਾਲੇ ਕੋਈ ਸਬੰਧ ਹੋਣ ਦੀ ਲੱਖਾਂ ਪਿੱਛੇ ਇੱਕ ਦੀ ਵੀ ਸੰਭਾਵਨਾ ਹੈ ਤਾਂ ਲੋਕਾਂ ਨੂੰ ਅਯੱਪਨ (ਭਗਵਾਨ) ਖਿਲਾਫ਼ ਫੈਸਲਾ ਪਸੰਦ ਨਹੀਂ ਆਵੇਗਾ।
ਸੋਸ਼ਲ ਮੀਡਿਆ 'ਤੇ ਆਪਣੇ ਇਸ ਟਵੀਟ ਦਾ ਵਿਰੋਧ ਹੋਣ ਦੇ ਬਾਅਦ ਉਨ੍ਹਾਂ ਨੇ ਆਪਣੇ ਟਵੀਟ ਦਾ ਬਚਾਅ ਕਰਦੇ ਹੋਏ ਫਿਰ ਤੋਂ ਆਪਣੀ ਗੱਲ ਦੁਹਰਾਈ ਸੀ।
ਸਮਾਜ 'ਚ ਵਿਗਿਆਨ ਦੇ ਸਾਰ ਨੂੰ ਨਹੀਂ ਸਮਝਿਆ
ਇਹ ਮੰਦਭਾਗਾ ਹੈ ਕਿ ਉਨ੍ਹਾਂ ਦਾ ਟਵੀਟ ਸਮਾਜ ਦੇ ਇੱਕ ਅਜਿਹੇ ਵਰਗ ਦਾ ਇੱਕ ਹੋਰ ਉਦਾਹਰਨ ਹੈ ਜੋ ਧਰਮ ਅਤੇ ਧਰਮ ਗ੍ਰੰਥਾਂ ਦੀ ਤਾਕਤ ਨੂੰ ਵਿਗਿਆਨ ਅਤੇ ਸੰਵਿਧਾਨ ਵਿੱਚ ਦਿੱਤੇ ਗਏ ਹੱਕਾਂ ਦੀ ਸੁਰੱਖਿਆ ਦੀ ਗਾਰੰਟੀ ਤੋਂ ਉੱਤੇ ਮੰਨਦਾ ਹੈ।
ਭਾਰਤੀ ਸੰਵਿਧਾਨ ਅਨੁਸਾਰ, ਵਿਗਿਆਨਿਕ ਸੋਚ, ਮਾਨਵਤਾ ਅਤੇ ਸਵਾਲ ਪੁੱਛਣ ਤੇ ਸੁਧਾਰ ਦੀ ਭਾਵਨਾ ਦਾ ਵਿਕਾਸ ਕਰਨਾ ਹਰ ਨਾਗਰਿਕ ਦਾ ਫਰਜ਼ ਹੈ।
ਇਹ ਵੀ ਪੜ੍ਹੋ:
ਪਰ ਦੇਸ ਦੀਆਂ ਮੰਨੀ-ਪਰਮੰਨੀ ਹਸਤੀਆਂ ਆਪਣੇ ਬਿਆਨਾਂ ਅਤੇ ਕੰਮਾਂ ਜ਼ਰੀਏ ਇਸ ਸਿਧਾਂਤ ਦੀ ਉਲੰਘਣਾ ਕਰ ਰਹੀਆਂ ਹਨ।
ਅਜਿਹਾ ਕਰਨਾ ਨਾ ਸਿਰਫ ਮੰਦਭਾਗਾ ਹੈ ਬਲਕਿ ਦੇਸ ਨੂੰ ਨੁਕਸਾਨ ਪਹੁੰਚਾਉਣ ਵਾਲਾ ਹੈ।
ਵਿਗਿਆਨਿਕ ਪ੍ਰਵਰਤੀ ਰੱਖਣਾ ਲੈਬੋਰੇਟਰੀ ਵਿੱਚ ਵਿਗਿਆਨ ਸਬੰਧੀ ਪ੍ਰਯੋਗ ਕਰਨ ਵਰਗਾ ਨਹੀਂ ਹੈ। ਭਾਵੇਂ ਲੈਬੋਰੇਟਰੀ ਦੇ ਪ੍ਰਯੋਗ ਵੀ ਅਹਿਮ ਹਨ।
ਲੈਬੋਰੇਟਰੀ ਵਿੱਚ ਕੀਤੇ ਕੰਮ 'ਤੇ ਹੀ ਧਿਆਨ ਸੀਮਤ ਕਰਨ 'ਤੇ ਚੰਗੀ ਰਿਸਰਚ ਹੋ ਸਕਦੀ ਹੈ ਪਰ ਵਿਗਿਆਨ ਅਤੇ ਸਮਾਜ ਵਿੱਚ ਵਿਗਿਆਨ ਦੇ ਸਾਰ ਨੂੰ ਨਹੀਂ ਸਮਝਿਆ ਜਾ ਸਕਦਾ।
ਵਿਗਿਆਨਿਕ ਸੋਚ ਤੇ ਸਮਝ ਦੇ ਦੋ ਪਹਿਲੂ ਹਨ-
ਸਮਾਜਿਕ ਭਲਾਈ ਦੇ ਪੂਰੇ ਵਿਕਾਸ ਵਿੱਚ ਵਿਗਿਆਨ ਦੀ ਅਹਿਮੀਅਤ
ਆਧੁਨਿਕ ਸਮਾਜਿਕ ਕਦਰਾਂ ਕੀਮਤਾਂ ਦੇ ਵਿਕਾਸ ਲਈ ਸਮਾਜਿਕ ਪ੍ਰਕਿਰਿਆ ਵਜੋਂ ਵਿਗਿਆਨ ਦਾ ਅਭਿਆਸ
ਵਿਗਿਆਨ ਅਤੇ ਜੀਵਨ ਵਿੱਚ ਸੁਧਾਰ
ਇਸ ਬਾਰੇ ਕੋਈ ਸ਼ੱਕ ਨਹੀਂ ਕਿ ਵਿਗਿਆਨਿਕ ਅਤੇ ਤਕਨੀਕੀ ਵਿਕਾਸ ਵਿੱਚ ਲੋਕਾਂ ਦੇ ਜੀਵਨ ਵਿੱਚ ਸੁਧਾਰ ਦੀ ਅਸਧਾਰਨ ਤਾਕਤ ਹੈ।
ਜਿਵੇਂ ਉਮਰ ਵਧਾਉਣਾ ਅਤੇ ਸਾਡੀ ਆਪਣੀ ਹੀ ਦੁਨੀਆਂ ਨੂੰ ਸਮਝਣ ਵਿੱਚ ਮਦਦ ਲਈ ਪੁਲਾੜ ਨਾਲ ਜੁੜੇ ਸਵਾਲਾਂ ਦੇ ਜਵਾਬ ਦੇਣਾ ਤਾਂ ਜੋ ਮਨੁੱਖਾਂ ਨੂੰ ਫਾਇਦਾ ਪਹੁੰਚ ਸਕੇ। ਵਿਗਿਆਨ ਨੇ ਸਮਾਜ ਦੇ ਵਿਕਾਸ ਲਈ ਪੂਰੀ ਸੰਭਾਵਨਾਵਾਂ ਦੇ ਦਰਵਾਜੇ ਖੋਲ੍ਹ ਦਿੱਤੇ ਹਨ।
ਮਨੁੱਖੀ ਜਾਤੀ ਨੂੰ ਮੁਸ਼ਕਿਲਾਂ ਅਤੇ ਹਨੇਰੇ ਨਾਲ ਭਰੀ ਜ਼ਿੰਦਗੀ ਤੋਂ ਕੱਢਣ ਦੀ ਵਿਗਿਆਨ ਦੀ ਵੱਡੀ ਸਮਰੱਥਾ ਨੂੰ ਨਕਾਰਿਆ ਨਹੀਂ ਜਾ ਸਕਦਾ ਹੈ।
ਉੱਤੇ ਇੱਕ ਸਮਾਜ ਲਈ ਤਕਨੀਕ ਅਤੇ ਮਸ਼ੀਨਰੀ ਦੇ ਵਿਕਾਸ ਦੇ ਨਾਲ ਆਪਣੀ ਉਤਪਾਦਕ ਸਮਰਥਾ ਵਧਾਉਣ ਅਤੇ ਸਥਿਰਤਾ ਬਣਾਏ ਰੱਖਣ ਲਈ ਆਧੁਨਿਕ ਕਾਨੂੰਨਾਂ ਅਤੇ ਕਦਰਾਂ ਕੀਮਤਾਂ ਨਾਲ ਚੱਲਣਾ ਜ਼ਰੂਰੀ ਹੈ।
ਇੱਕ ਤਕਨੀਕੀ ਰੂਪ ਨਾਲ ਵਿਕਸਿਤ ਸਮਾਜ ਪੁਰਾਣੇ ਸਮਾਜਿਕ ਸਬੰਧਾ ਵਿੱਚ ਲੋਕਾਂ ਨੂੰ ਬੰਨਣ ਵਾਲੇ ਪੁਰਾਤਨ ਕਾਨੂੰਨਾਂ ਨਾਲ ਨਹੀਂ ਚੱਲ ਸਕਦਾ ਹੈ।
ਅਜਿਹੇ ਵਿੱਚ ਜੋ ਸਮਾਜ ਅਜੇ ਪੂਰੇ ਤਰੀਕੇ ਨਾਲ ਨਹੀਂ ਬਦਲਿਆ ਹੈ ਉਸ ਦੀ ਉਤਪਾਦਕ ਸਮਰਥਾ ਦੇ ਵਿਕਾਸ 'ਤੇ ਲਗਾਤਾਰ ਖ਼ਤਰਾ ਬਣਿਆ ਰਹਿੰਦਾ ਹੈ।
ਕਈ ਦਾਰਸ਼ਨਿਕ ਮਤਭੇਦਾਂ ਅਤੇ ਨਜ਼ਰੀਏ ਦੇ ਬਾਵਜੂਦ ਵਿਗਿਆਨ ਸਮਾਜਿਕ ਬਦਲਾਅ ਵੱਲ ਜ਼ੋਰ ਦਿੰਦਾ ਹੈ।
ਇਹ ਵੀ ਪੜ੍ਹੋ:
ਉਦਾਹਰਨ ਵਜੋਂ ਧਾਰਮਿਕ ਗ੍ਰੰਥਾਂ ਵਿੱਚ ਲਿੰਗ ਅਤੇ ਜਾਤ ਆਧਾਰਿਤ ਵਿਤਕਰੇ ਨੂੰ ਬਦਲਦੇ ਸਮਾਜ ਵਿੱਚ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਹ ਸਵਾਲ ਚੁੱਕਣਾ ਸਮਾਜਿਕ ਵਿਵੇਕ ਦਾ ਅਹਿਮ ਪਹਿਲੂ ਬਣ ਜਾਂਦਾ ਹੈ।
ਇਹੀ ਕਾਰਨ ਹੈ ਕਿ ਵਿਗਿਆਨਿਕ ਸੋਚ ਮਨੁੱਖਤਾ, ਹੱਕ ਅਤੇ ਇਨਸਾਫ ਦੀ ਆਧੁਨਿਕ ਸੋਚ ਨਾਲ ਜੁੜੀ ਹੋਈ ਹੈ।
ਕੀ ਕਰਨਾ ਚਾਹੀਦਾ ਹੈ?
ਵਿਗਿਆਨਿਕ ਸੋਚ ਨੂੰ ਵਧਾਵਾ ਦੇਣਾ ਕਿਸੇ ਵੀ ਦੇਸ ਦਾ ਮੁੱਖ ਫਰਜ਼ ਹੈ। ਇਸ ਦੇ ਲਈ ਵੱਖ-ਵੱਖ ਮੋਰਚਿਆਂ 'ਤੇ ਕੰਮ ਕਰਨ ਦੀ ਲੋੜ ਹੈ।
ਇਸ ਵਿੱਚ ਸਭ ਤੋਂ ਪਹਿਲਾਂ ਜਨਤਕ ਫੰਡ ਤੋਂ ਮੁੱਢਲੀ ਤੇ ਉੱਚ ਸਿੱਖਿਆ ਦਾ ਵਿਸਥਾਰ ਕਰਨਾ ਹੈ ਜਿਸ ਨਾਲ ਸਮਾਜ ਦੇ ਸਾਰੇ ਵਰਗਾਂ ਨੂੰ ਬਿਹਤਰ ਸਿੱਖਿਆ ਮਿਲ ਸਕੇ।
ਇਸ ਵਿੱਚ ਵਿਗਿਆਨ ਤੇ ਸਮਾਜਿਕ ਵਿਗਿਆਨ ਦੀ ਸਿੱਖਿਆ ਦੇ ਨਾਲ-ਨਾਲ ਤਕਨੀਕੀ ਟਰੇਨਿੰਗ ਤੇ ਧਿਆਨ ਦੇਣਾ ਵੀ ਸ਼ਾਮਿਲ ਹੈ। ਇਸ ਨਾਲ ਕੁਦਰਤੀ, ਭੌਤਿਕ ਅਤੇ ਸਮਾਜਿਕ ਦੁਨੀਆਂ ਦੀ ਆਲੋਚਨਾਤਮਕ ਸਮਝ ਨੂੰ ਹੁੰਗਾਰਾ ਮਿਲ ਸਕੇ।
ਦੇਸ ਵਿੱਚ ਅਜਿਹੇ ਪ੍ਰੋਗਰਾਮ ਚਲਾਉਣੇ ਚਾਹੀਦੇ ਹਨ ਜਿਨ੍ਹਾਂ ਨਾਲ ਲੋਕਾਂ ਵਿੱਚ ਸਵਾਲ ਚੁੱਕੇ ਜਾਣ ਦੀ ਸਮਰਥਾ ਅਤੇ ਆਲੋਚਨਾਤਮਕ ਵਿਵੇਕ ਪੈਦਾ ਹੋ ਸਕੇ।
ਇਸ ਵਿੱਚ ਲੋਕਾਂ ਨੂੰ ਸੈਕਸੁਅਲ ਹੈਲਥ ਬਾਰੇ ਸਿੱਖਿਆ ਦੇਣ ਵਾਲੇ ਜਾਂ ਧਰਮ ਤੇ ਜਾਤੀ ਤੋਂ ਬਾਹਰ ਵਿਆਹ ਕਰਨ ਨੂੰ ਹੁੰਗਾਰਾ ਦੇਣ ਵਾਲੇ ਪ੍ਰੋਗਰਾਮ ਸ਼ਾਮਿਲ ਕੀਤੇ ਜਾ ਸਕਦੇ ਹਨ।
ਇਸ ਦੇ ਨਾਲ ਹੀ ਅਜਿਹੇ ਜਨਤਕ ਪ੍ਰੋਗਰਾਮਾਂ ਨੂੰ ਉਤਸ਼ਾਹਤ ਕਰਨ ਜੋ ਬਰਾਬਰਤਾ ਅਤੇ ਭਾਈਚਾਰੇ ਦੀਆਂ ਆਧੁਨਿਕ ਕਦਰਾਂ ਕੀਮਤਾਂ ਵਿੱਚ ਵਾਧਾ ਕਰਨ। ਉਹ ਪ੍ਰੋਗਰਾਮ ਆਧੁਨਿਕ, ਜਮਹੂਰੀ ਅਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਲੇ ਸੱਭਿਆਚਾਰਕ ਮਾਹੌਲ ਨੂੰ ਸੰਭਵ ਬਣਾਉਂਦੇ ਹੋਣ।
ਪਰ ਦੁਖ ਦੀ ਗੱਲ ਇਹ ਹੈ ਕਿ ਮੌਜੂਦਾ ਹਾਲਾਤ ਇਸ਼ਾਰਾ ਕਰਦੇ ਹਨ ਕਿ ਅਸੀਂ ਉਲਟ ਦਿਸ਼ਾ ਵੱਲ ਵਧ ਰਹੇ ਹਾਂ।
ਗਰੀਬੀ ਹਟਾਉਣਾ, ਰੁਜ਼ਗਾਰ ਦੇਣਾ, ਲੋਕਾਂ ਦੇ ਜੀਵਨ ਪੱਧਰ ਨੂੰ ਸੁਧਾਰਨਾ ਅਤੇ ਮੌਸਮ ਵਿੱਚ ਬਦਲਾਅ ਕੁਝ ਅਜਿਹੇ ਮੁੱਦੇ ਹਨ ਜਿਨ੍ਹਾਂ ਦੀ ਕੱਦ ਸਾਡੇ ਸਮਾਜ ਵਿੱਚ ਕਾਫੀ ਵੱਡਾ ਹੈ।
ਇਹ ਵੀ ਪੜ੍ਹੋ:
ਉੱਚ ਸਿੱਖਿਆ ਤੋਂ ਫੰਡ ਖਿੱਚਣ ਤੇ ਪੰਚਗਵਯ (ਗਾਂ ਦੇ ਦੁੱਧ, ਦਹੀ, ਗੋਬਰ ਤੇ ਗਊ ਮੂਤਰ ਤੋਂ ਬਣਦਾ ਸਾਮਾਨ) ਵਾਸਤੇ ਪੈਸਾ ਜਾਰੀ ਕਰਨਾ ਅਤੇ ਸਰਕਾਰ ਵਿੱਚ ਜ਼ਿੰਮੇਵਾਰ ਅਹੁਦਿਆਂ 'ਤੇ ਬੈਠੇ ਲੋਕਾਂ ਦੀ ਬਿਆਬਾਜ਼ੀ ਵਿਗਿਆਨਿਕ ਸੋਚ 'ਤੇ ਹਮਲੇ ਬਰਾਬਰ ਹੈ।
ਭਾਵੇਂ ਕੁਝ ਦੇਰ ਵਾਸਤੇ ਇਹ ਹਮਲੇ ਇੱਕ ਖਾਸ ਵਰਗ ਦਾ ਹਿੱਤ ਪੂਰਦੇ ਹੋਣ ਪਰ ਅੱਗੇ ਜਾ ਕੇ ਇਹ ਦੇਸ ਦੇ ਲੋਕਾਂ ਲਈ ਕਾਫ਼ੀ ਖ਼ਤਰਨਾਕ ਸਾਬਿਤ ਹੋ ਸਕਦੇ ਹਨ।