You’re viewing a text-only version of this website that uses less data. View the main version of the website including all images and videos.
ਬਲੂ ਵ੍ਹੇਲ ਗੇਮ ਤੋਂ ਬਾਅਦ ਜਾਨਲੇਵਾ ਮੋਮੋ ਚੈਲੇਂਜ ਤੋਂ ਇੰਜ ਬਚੋ
ਇੱਕ ਡਰਾਉਣੀ ਤਸਵੀਰ, ਦੋ ਵੱਡੀਆਂ-ਵੱਡੀਆਂ ਅੱਖਾਂ, ਪੀਲਾ ਰੰਗ, ਡਰਾਉਣੀ ਮੁਸਕਰਾਹਟ ਤੇ ਟੇਢੀ ਨੱਕ।
ਵਟੱਸਐਪ ਮੈਸੇਜ 'ਤੇ ਕਿਸੇ ਅਣਜਾਨ ਨੰਬਰ ਤੋਂ ਇਹ ਤਸਵੀਰ ਆਏ ਤਾਂ ਸਭਲ ਜਾਓ, ਜਵਾਬ ਨਾ ਦਿਉ। ਦਰਅਸਲ ਇਹ ਤਸਵੀਰ ਇੱਕ ਗੈਮ ਚੈਲੇਂਜ ਦਾ ਹਿੱਸਾ ਹੋ ਸਕਦੀ ਹੈ ਜੋ ਅੱਜ-ਕੱਲ੍ਹ ਸੋਸ਼ਲ ਮੀਡੀਆ 'ਤੇ ਚਰਚਾ ਵਿੱਚ ਹੈ।
ਇਸ ਗੇਮ-ਚੈਲੇਂਜ ਦਾ ਨਾਮ ਹੈ - ਮੋਮੋ ਚੈਲੇਂਜ। ਇਹ ਇੱਕ ਮੋਬਾਈਲ ਗੇਮ ਹੈ ਜੋ ਸਾਡੇ ਦਿਮਾਗ ਨਾਲ ਖੇਡਦੀ ਹੈ, ਡਰ ਦਾ ਮਹੌਲ ਬਣਾਉਂਦੀ ਹੈ ਤੇ ਫਿਰ ਜਾਨ ਲੈ ਲੈਂਦੀ ਹੈ।
ਭਾਰਤ ਵਿੱਚ ਇਹ ਗੇਮ ਪਿਛਲੇ ਕੁਝ ਦਿਨਾਂ ਤੋਂ ਚਰਚਾ ਵਿੱਚ ਹੈ।
ਇਹ ਵੀ ਪੜ੍ਹੋ:
ਮਾਮਲਾ ਰਾਜਸਥਾਨ ਦੇ ਅਜਮੇਰ ਦੀ ਇੱਕ ਵਿਦਿਆਰਥਣ ਦੀ ਖੁਦਕੁਸ਼ੀ ਨਾਲ ਜੁੜਿਆ ਹੋਇਆ ਹੈ। 10ਵੀਂ ਜਮਾਤ ਦੀ ਵਿਦਿਆਰਥਣ ਨੇ ਇਸੇ ਸਾਲ 31 ਜੁਲਾਈ ਨੂੰ ਖੁਦਕੁਸ਼ੀ ਕਰ ਲਈ ਸੀ। ਬੱਚੀ ਦੇ ਘਰਵਾਲਿਆਂ ਦਾ ਕਹਿਣਾ ਹੈ ਕਿ ਉਸ ਦਾ ਫੋਨ ਦੇਖਣ 'ਤੇ ਪਤਾ ਲੱਗਿਆ ਕਿ ਉਸ ਦੀ ਮੌਤ ਮੋਮੋ ਚੈਲੇਂਜ ਕਾਰਨ ਹੋਈ ਸੀ।
ਹਾਲਾਂਕਿ ਹਾਲੇ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਪਰ ਅਜਮੇਰ ਪੁਲਿਸ ਨੇ ਆਪਣੇ ਟਵਿੱਟਰ ਹੈਂਡਲ ਤੋਂ ਟਵੀਟ ਕਰਕੇ ਕਿਹਾ ਹੈ, "ਮੀਡੀਆ ਵਿੱਚ ਚੱਲ ਰਿਹਾ ਹੈ ਕਿ ਉਹ ਬੱਚੀ ਮੋਮੋ ਗੇਮ ਖੇਡਦੀ ਸੀ। ਅਸੀਂ ਇਸੇ ਬਿੰਦੂ 'ਤੇ ਜਾਂਚ ਕਰ ਰਹੇ ਹਾਂ।"
ਮੋਮੋ ਚੈਲੇਂਜ ਤੋਂ ਦੂਰ ਰਹਿਣ ਦੀ ਸਲਾਹ ਦਿੰਦੇ ਹੋਏ 19 ਅਗਸਤ ਨੂੰ ਅਜਮੇਰ ਪੁਲਿਸ ਨੇ ਟਵਿੱਟਰ ਤੇ ਲਿਖਿਆ, "ਮੋਮੋ ਚੁਣੌਤੀ ਨਾਮ ਤੋਂ ਇੱਕ ਹੋਰ ਇੰਟਰਨੈੱਟ ਚੁਣੌਤੀ ਨੌਜਵਾਨਾਂ ਦੇ ਦਿਮਾਗ ਨਾਲ ਛੇੜਚਾੜ ਕਰ ਰਹੀ ਹੈ।
"ਇਸ ਗੇਮ ਰਾਹੀਂ ਲੋਕਾਂ ਨੂੰ ਅਣਜਾਨ ਨੰਬਰ ਨਾਲ ਸੰਪਰਕ ਕਰਨ ਅਤੇ ਆਪਣੀ ਨਿੱਜੀ ਜਾਣਕਾਰੀ ਜਨਤਕ ਕਰਨ ਲਈ ਨਿਸ਼ਾਨਾ ਬਣਾਇਆ ਜਾਂਦਾ ਹੈ। ਅਜਮੇਰ ਪੁਲਿਸ ਆਪਣੇ ਨਾਗਰਿਕਾਂ ਨੂੰ ਬੇਨਤੀ ਕਰਦੀ ਹੈ ਕਿ ਇਨ੍ਹਾਂ ਚੁਣੌਤੀਆਂ ਵਿੱਚ ਸ਼ਾਮਿਲ ਨਾ ਹੋਵੋ।"
ਇਸ ਤੋਂ ਪਹਿਲਾਂ 18 ਅਗਸਤ ਨੂੰ ਮੁੰਬਈ ਪੁਲਿਸ ਨੇ ਵੀ #NoNoMoMo #MomoChallenge ਨਾਲ ਟਵੀਟ ਕੀਤਾ ਸੀ।
ਲੋਕਾਂ ਨੂੰ ਇਸ ਚੁਣੌਤੀ ਨੂੰ ਮਨਜ਼ੂਰ ਨਾ ਕਰਨ ਦੀ ਸਲਾਹ ਦਿੰਦਿਆਂ ਮੁੰਬਈ ਪੁਲਿਸ ਨੇ ਟਵੀਟ ਕਰਕੇ ਲਿਖਿਆ ਹੈ ਕਿ ਅਣਜਾਨ ਨੰਬਰ ਤੋਂ ਦੂਰ ਰਹੋ। ਇਸ ਦੀ ਸੂਚਨਾ 100 ਨੰਬਰ 'ਤੇ ਦਿਉ।
ਕੀ ਹੈ ਮੋਮੋ ਚੈਲੇਂਜ?
ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣਾਉਣ ਵਾਲੇ ਨੂੰ ਇਸ ਖੇਡ ਵਿੱਚ ਅਖੀਰ ਹੈ ਕੀ?
ਦਰਅਸਲ ਮੋਮੋ ਚੈਲੇਂਜ ਦੇਣ ਵਾਲਾ ਤੁਹਾਨੂੰ ਇੱਕ ਅਣਜਾਣ ਨੰਬਰ ਤੋਂ ਵਟਸਐਪ 'ਤੇ ਮੈਸੇਜ ਕਰੇਗਾ। ਪਹਿਲਾਂ ਉਹ ਤੁਹਾਡੇ ਨਾਲ ਹਾਈ-ਹੈਲੋ ਕਰਦਾ ਹੈ ਅਤੇ ਹੌਲੀ-ਹੌਲੀ ਗੱਲ ਨੂੰ ਅੱਗੇ ਵਧਾਉਂਦਾ ਹੈ।
ਜੇ ਤੁਸੀਂ ਉਸ ਨੂੰ ਪੁੱਛਦੇ ਹੋ ਕਿ ਉਹ ਕੌਣ ਹੈ ਤਾਂ ਉਹ ਆਪਣਾ ਨਾਮ 'ਮੋਮੋ' ਦੱਸਦਾ ਹੈ। 'ਮੋਮੋ' ਆਪਣੇ ਨਾਮ ਦੇ ਨਾਲ ਇੱਕ ਤਸਵੀਰ ਵੀ ਭੇਜਦਾ ਹੈ।
ਤਸਵੀਰ ਡਰਾਉਣੀ ਕੁੜੀ ਵਰਗੀ ਲਗਦੀ ਹੈ ਜਿਸ ਦੀਆਂ ਦੋ ਵੱਡੀਆਂ-ਵੱਡੀਆਂ ਗੋਲ ਅੱਖਾਂ, ਹਲਕਾ ਪੀਲਾ ਰੰਗ ਅਤੇ ਚਿਹਰੇ 'ਤੇ ਡਰਾਉਣੀ ਮੁਸਕਰਾਹਟ ਹੈ।
ਇਹ ਵੀ ਪੜ੍ਹੋ:
ਉਹ ਤੁਹਾਨੂੰ ਕਹਿੰਦਾ ਹੈ ਕਿ ਤੁਸੀਂ ਉਸ ਦਾ ਨੰਬਰ ਸੇਵ ਕਰ ਲਓ। ਇਸ ਤੋਂ ਬਾਅਦ ਉਹ ਖੁਦ ਨੂੰ ਦੋਸਤ ਬਣਾਉਣ ਲਈ ਕਹਿੰਦਾ ਹੈ।
ਜੇ ਤੁਸੀਂ ਉਸ ਨੂੰ ਮਨ੍ਹਾ ਕਰ ਦਿੰਦੇ ਹੋ ਤਾਂ ਉਹ ਤੁਹਾਡੀਆਂ ਨਿੱਜੀ ਜਾਣਕਾਰੀਆਂ ਜਨਤਕ ਕਰਨ ਦੀ ਧਮਕੀ ਦਿੰਦਾ ਹੈ।
ਅੱਗੇ ਉਹ ਤੁਹਾਨੂੰ ਵੱਖ-ਵੱਖ ਤਰ੍ਹਾਂ ਦੀਆਂ ਚੁਣੌਤੀਆਂ ਦਿੰਦਾ ਹੈ ਅਤੇ ਹੋ ਸਕਦਾ ਹੈ ਤੁਹਾਨੂੰ ਖੁਦਕੁਸ਼ੀ ਕਰਨ ਲਈ ਵੀ ਉਕਸਾਏ।
ਮੋਮੋ ਚੈਲੇਂਜ ਖਤਰਨਾਕ ਕਿਉਂ ਹੈ?
ਮੈਕਸੀਕੋ ਦੀ ਕਰਾਈਮ ਇਨਵੈਸਟੀਗੇਸ਼ਨ ਯੂਨਿਟ ਮੁਤਾਬਕ ਜੇ ਤੁਸੀਂ ਅਣਜਾਨ ਨੰਬਰ ਤੋਂ ਆਏ ਮੈਜੇਸ 'ਤੇ ਮੋਮੋ ਨਾਲ ਗੱਲਬਾਤ ਕਰਦੇ ਹੋ ਤਾਂ ਤੁਹਾਨੂੰ ਪੰਜ ਤਰ੍ਹਾਂ ਦੇ ਖਤਰੇ ਹੋ ਸਕਦੇ ਹਨ।
- ਨਿੱਜੀ ਜਾਣਕਾਰੀ ਜਨਤਕ ਹੋਣਾ
- ਖੁਦਕੁਸੀ ਜਾਂ ਹਿੰਸਾ ਲਈ ਉਕਸਾਉਣਾ
- ਧਮਕਾਉਣਾ
- ਉਗਾਹੀ ਕਰਨਾ
- ਸਰੀਰਕ ਅਤੇ ਮਨੋਵਿਗਿਆਨੀ ਤਣਾਅ ਪੈਦਾ ਕਰਨਾ
- ਮੋਮੋ ਚੈਲੇਂਜ ਦੀ ਸ਼ੁਰੂਆਤ
ਇਹ ਗੇਮ ਅਮਰੀਕਾ ਤੋਂ ਅਰਜਨਟੀਨਾ, ਫਰਾਂਸ, ਜਰਮਨੀ ਹਰ ਥਾਂ ਫੈਲ ਚੁੱਕੀ ਹੈ। ਇਸ ਦੀ ਦਸਤਕ ਹੁਣ ਭਾਰਤ ਵਿੱਚ ਵੀ ਪਹੁੰਚ ਚੁੱਕੀ ਹੈ।
ਬੀਬੀਸੀ ਮੁੰਡੋ ਵਿੱਚ ਛਪੇ ਲੇਕ ਮੁਤਾਬਕ ਮੋਮੋ ਚੈਲੇਂਜ ਵਿੱਚ ਦਿਖਣ ਵਾਲੀ ਤਸਵੀਰ ਜਪਾਨ ਦੀ ਹੈ।
ਮੈਕਸਿਕੋ ਦੇ ਕੰਪਿਊਟਰ ਕਰਾਈਮ ਇਨਵੈਸਟੀਗੇਸ਼ਨ ਯੂਨਿਟ ਮੁਤਾਬਕ ਇਹ ਸਭ ਫੇਸਬੁੱਕ ਤੋਂ ਸ਼ੁਰੂ ਹੋਇਆ ਹੈ। ਇਸ ਗੇਮ ਵਿੱਚ ਲੋਕਾਂ ਨੂੰ ਅਣਜਾਨ ਨੰਬਰ ਤੋਂ ਆਏ ਮੈਸੇਜ 'ਤੇ ਜਵਾਬ ਦੇਣ ਨੂੰ ਕਿਹਾ ਜਾਂਦਾ ਹੈ। ਹਾਲਾਂਕਿ ਇਸ ਨੰਬਰ ਨਾਲ ਇੱਕ ਚਿਤਾਵਨੀ ਵੀ ਹੁੰਦੀ ਹੈ।"
ਜੋ ਕੋਈ ਇਸ ਨੰਬਰ 'ਤੇ ਮੋਮੋ ਨੂੰ ਜਵਾਬ ਦਿੰਦਾ ਹੈ ਉਸ ਨੂੰ ਮੋਮੋ ਵੱਲੋਂ ਡਰਾਉਣੇ ਅਤੇ ਹਿੰਸਕ ਮੈਸੇਜ ਭੇਜੇ ਜਾਂਦੇ ਹਨ। ਉਹ ਤੁਹਾਡੀ ਜਾਣਕਾਰੀ ਸ਼ੇਅਰ ਕਰਨ ਦੀ ਧਮਕੀ ਵੀ ਦਿੰਦਾ ਹੈ।
ਇਹ ਤਸਵੀਰ ਇੱਕ ਬਰਡ ਵੂਮੈਨ (ਪੰਛੀ ਤਰ੍ਹਾਂ ਦਿਖਣ ਵਾਲੀ ਔਰਤ) ਦੀ ਕਲਾਕ੍ਰਿਤੀ ਹੈ ਜੋ ਸਭ ਤੋਂ ਪਹਿਲਾਂ 2016 ਵਿੱਚ ਭੂਤਾਂ ਦੀ ਇੱਕ ਪ੍ਰਦਰਸ਼ਨੀ ਵਿੱਚ ਲਾਈ ਗਈ ਸੀ। ਇਹ ਫੋਟੋ ਸਭ ਤੋਂ ਪਹਿਲਾਂ ਜਪਾਨ ਦੇ ਇੱਕ ਇੰਸਟਾਗਰਾਮ ਅਕਾਉਂਟ 'ਤੇ ਦਿਖੀ ਸੀ।
ਇਹ ਵੀ ਪੜ੍ਹੋ:
ਪਿਛਲੇ ਸਾਲ ਵੀ ਇੱਕ ਅਜਿਹਾ ਹੀ ਚੈਲੇਂਜ ਦੇਖਿਆ ਗਿਆ ਸੀ ਜਿਸ ਦਾ ਨਾਮ ਸੀ 'ਬਲੂ ਵੇਲ'। ਮੋਬਾਈਲ, ਲੈਪਟਾਪ ਜਾਂ ਡੈਸਕਟਾਪ 'ਤੇ ਖੇਡੇ ਜਾਣ ਵਾਲੇ ਇਸ ਖੇਡ ਵਿੱਚ ਹਿੱਸਾ ਲੈਣ ਵਾਲੇ ਨੂੰ 50 ਦਿਨਾਂ ਵਿੱਚ 50 ਵੱਖ-ਵੱਖ ਟਾਸਕ ਪੂਰੇ ਕਰਨੇ ਹੁੰਦੇ ਸੀ ਅਤੇ ਹਰ ਟਾਸਕ ਦੇ ਬਾਅਦ ਆਪਣੇ ਹੱਥ ਤੇ ਇੱਕ ਨਿਸ਼ਾਨ ਬਣਾਉਣਾ ਹੁੰਦਾ ਹੈ। ਇਸ ਖੇਡ ਦਾ ਆਖਿਰੀ ਟਾਸਕ ਖੁਦਕੁਸ਼ੀ ਹੁੰਦਾ ਸੀ।
ਉਸ ਵੇਲੇ ਦੁਨੀਆਂ ਭਰ ਵਿੱਚ ਕਈ ਬੱਚੇ 'ਬਲੂ ਵੇਲ' ਦਾ ਸ਼ਿਕਾਰ ਹੋਏ ਸਨ। ਭਾਰਤ ਵਿੱਚ ਵੀ ਇਸ ਦੇ ਕੁਝ ਮਾਮਲੇ ਸਾਹਮਣੇ ਆਏ ਸੀ ਜਿਸ ਤੋਂ ਬਾਅਦ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਨੇ ਭਾਰਤ ਦੇ ਸਾਰੇ ਸਕੂਲ ਪ੍ਰਿੰਸੀਪਲਾਂ ਦੇ ਨਾਮ ਚਿੱਠੀ ਲਿਖ ਕੇ ਬੱਚਿਆਂ ਨੂੰ ਇਸ ਖੇਡ ਤੋਂ ਦੂਰ ਰੱਖਣ ਦੀ ਸਲਾਹ ਦਿੱਤੀ ਸੀ।