ਪ੍ਰੀਯਾ ਵਰੀਅਰ ਮਾਮਲੇ 'ਚ ਸੁਪਰੀਮ ਕੋਰਟ ਦੀ ਪੁਲਿਸ ਨੂੰ ਝਾੜ, 'ਤੁਹਾਨੂੰ ਕੋਈ ਹੋਰ ਕੰਮ ਨਹੀਂ'

ਇੱਕ ਫ਼ਿਲਮ ਵਿਚ 'ਅੱਖ ਮਾਰਨ' ਕਾਰਨ ਸੋਸ਼ਲ ਮੀਡੀਆ ਉੱਤੇ ਛਾਈ ਪ੍ਰੀਆ ਵਰੀਅਰ ਦਾ ਇਹ ਐਕਟ ਧਾਰਮਿਕ 'ਬੇਅਦਬੀ' ਨਹੀਂ ਹੈ। ਅਦਾਕਾਰਾ ਖ਼ਿਲਾਫ਼ ਕੁਝ ਮੁਸਲਿਮ ਸੰਗਠਨਾਂ ਵੱਲੋਂ ਪਾਈ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ ਹੈ।

ਪ੍ਰੀਆ ਅਤੇ 'ਓਰੂ ਅਡਾਰ ਲਵ' ਫ਼ਿਲਮ ਦੇ ਨਿਰਮਾਤਾ ਖ਼ਿਲਾਫ਼ ਲਗਾਏ ਗਏ ਸਾਰੇ ਇਲਜ਼ਾਮਾਂ ਨੂੰ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ ਹੈ। ਸਰਬ ਉੱਚ ਅਦਾਲਤ ਵਿਚ ਮਾਮਲੇ ਨੂੰ ਨਿਪਟਾਉਂਦਿਆਂ ਜਸਟਿਸ ਦੀਪਕ ਮਿਸ਼ਰਾ ਨੇ ਤੇਲੰਗਾਨਾ ਪੁਲਿਸ ਨੂੰ ਕੇਸ ਦਰਜ ਕਰਨ ਲਈ ਫਟਕਾਰ ਵੀ ਲਗਾਈ ਹੈ।

ਜਸਟਿਸ ਮਿਸ਼ਰਾ ਨੇ ਪੁਲਿਸ ਨੂੰ ਕਿਹਾ, ''ਕੀ ਤੁਹਾਡੇ ਕੋਲ ਹੋਰ ਕੋਈ ਕੰਮ ਨਹੀਂ'।

ਇਹ ਵੀ ਪੜ੍ਹੋ

ਅਦਾਲਤ ਦਾ ਫ਼ੈਸਲਾ ਆਉਣ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਲੋਕ ਤਿੱਖੀਆਂ ਟਿੱਪਣੀਆਂ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਦੇਸ ਵਿਚ ਅਜਿਹੇ ਗੰਭੀਰ ਮੁੱਦੇ ਬਹੁਤ ਹਨ, ਜੋ ਧਿਆਨ ਦੀ ਮੰਗ ਕਰਦੇ ਹਨ।

ਸੁਪਰੀਮ ਕੋਰਟ ਦੇ ਫੈਸਲੇ ਦਾ ਲੋਕ ਖੁੱਲ੍ਹ ਕੇ ਸਮਰਥਨ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਦੇਸ ਵਿਚ ਹੋਰ ਵੀ ਕਈ ਗੰਭੀਰ ਮੁੱਦੇ ਹਨ ਜਿੰਨ੍ਹਾਂ 'ਤੇ ਗੌਰ ਕੀਤੇ ਜਾਣਾ ਜ਼ਿਆਦਾ ਜ਼ਰੂਰੀ ਹੈ।

ਗੌਰਵ ਅੰਗਰਾਲ ਨਾਂ ਦੇ ਟਵਿੱਟਰ ਹੈਂਡਲਰ ਲਿਖਦੇ ਹਨ , ''ਜਿੰਨ੍ਹਾਂ ਮੁੱਦਿਆਂ ਉੱਤੇ ਧਿਆਨ ਦਿੱਤਾ ਜਾਣਾ ਚਾਹੀਦਾ, ਉਹ ਨੇ ਅਪਰਾਧ, ਭ੍ਰਿਸ਼ਟਾਚਾਰ, ਬਲਾਤਕਾਰ ਪਰ ਜਿਸ ਉੱਤੇ ਚਿੰਤਾ ਹੋ ਰਹੀ ਹੈ ਉਹ ਹੈ ਕੁੜੀ ਦਾ ਅੱਖ ਮਾਰਨਾ।'

ਟਵੀਟਰਾ ਨਾਂ ਦੇ ਟਵਿੱਟਰ ਹੈਂਡਲਰ ਲਿਖਦੇ ਹਨ, 'ਅਸੀਂ ਉਸ ਦੇਸ ਵਿਚ ਰਹਿੰਦੇ ਹਾਂ ਜਿੱਥੇ ਬਲਾਤਕਾਰੀ, ਡਕੈਤ ਆਜ਼ਾਦੀ ਨਾਲ ਘੁੰਮਦੇ ਹਨ ਪਰ ਅੱਖ ਮਾਰਨਾ ਜੁਰਮ ਹੈ।'

ਮਹਿਮਾ ਪਾਂਡੇ ਆਪਣੀ ਪੋਸਟ ਵਿਚ ਲਿਖਦੇ ਹਨ, 'ਸੁਪਰੀਮ ਕੋਰਟ ਨੇ ਤੇਲੰਗਾਨਾ ਪੁਲਿਸ ਦੇ ਮੂੰਹ ਉੱਤੇ ਇਹ ਕਹਿ ਕੇ ਥੱਪੜ ਮਾਰਿਆ ਕਿ ਤੁਹਾਡੇ ਕੋਲ ਹੋਰ ਕੋਈ ਕੰਮ ਨਹੀਂ ਹੈ।'

ਆਈ ਐਮ ਇਸਮਾਇਲ ਨਾਂ ਦੀ ਟਵਿੱਟਰ ਹੈਂਡਲਰ ਇਸ ਨੂੰ ਧਾਰਮਿਕ ਰੰਗਤ ਦਿੰਦੀ ਹੈ ਕਿ ਪ੍ਰੀਆ ਇਸ ਲਈ ਬਚ ਗਈ ਕਿਉਂਕਿ ਉਹ ਹਿੰਦੂ ਸੀ।

ਸ਼ਾਜਿਆ ਬਖਸ਼ੀ ਲਿਖਦੀ ਹੈ ਕਿ ਅੱਜ ਕੁਝ ਮੁਸਲਮਾਨਾਂ ਨੂੰ ਅੱਖ ਮਾਰਨ ਉੱਤੇ ਇਤਰਾਜ਼ ਹੈ ਕੱਲ੍ਹ ਨੂੰ ਕਿਸੇ ਕੁੜੀ ਦੇ ਹੱਸਣ ਉੱਤੇ ਹੋਵੇਗਾ।

ਸੂਰਿਆਂਸ਼ ਨਾਂ ਦੇ ਟਵਿੱਟਰ ਯੂਜ਼ਰ ਅੱਖ ਮਾਰਨ ਦੀ ਸ਼ਿਕਾਇਤ ਕਰਨ ਵਾਲੇ ਲੋਕਾਂ ਖ਼ਿਲਾਫ਼ ਹੀ ਕੇਸ ਦਰਜ ਕਰਨ ਦੀ ਸੋਸ਼ਲ ਮੀਡੀਆ ਰਾਹੀਂ ਸਲਾਹ ਦੇ ਰਹੇ ਨੇ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਅਜਿਹੇ ਮਾਮਲਿਆਂ ਦੇ ਨਾਲ ਕੋਰਟ ਦਾ ਕੀਮਤੀ ਸਮਾਂ ਬਰਬਾਦ ਹੁੰਦਾ ਹੈ।

ਰੀਨਾ ਧਿਮਾਨ ਅਜਿਹੇ ਕੇਸ ਕਰਨ ਵਾਲਿਆਂ ਖ਼ਿਲਾਫ਼ ਕੇਸ ਦਰਜ ਕਰਵਾਉਣ ਦੀ ਸਲਾਹ ਦਿੰਦੀ ਹੈ।

ਅਨੂਪ ਚਥੋਥ ਨੇ ਇਸ ਤਰ੍ਹਾਂ ਦੇ ਮਾਮਲਿਆਂ ਦੀ ਸ਼ਿਕਾਇਤ ਨੂੰ ਦਰਜ ਕਰਵਾਉਣ ਨੂੰ ਬੇਰੁਜ਼ਗਾਰੀ ਦੇ ਨਾਲ ਵੀ ਜੋੜਿਆ ਅਤੇ ਹਾਲ ਹੀ ਦੇ ਸਿਆਸੀ ਬਿਆਨਾਂ 'ਤੇ ਤੰਜ਼ ਵੀ ਕੱਸਿਆ ਹੈ।

ਪ੍ਰੋਫੈਸਰ ਐਮ ਕੇ ਸੋਸ਼ਲ ਮੀਡੀਆ ਦੀ ਭੂਮਿਕਾ ਦੀ ਤਾਰੀਫ਼ ਕਰਦਿਆਂ ਲਿਖਦੇ ਹਨ ਕਿ ਕੁਝ ਹੀ ਦਿਨਾਂ ਵਿਚ ਇਹ ਕੁੜੀ ਦੇਸ ਭਰ ਦੇ ਲੋਕਾਂ ਦੀ ਖਿੱਚ ਦਾ ਕੇਂਦਰ ਬਣ ਗਈ।

ਕੀ ਹੈ ਪੂਰਾ ਮਾਮਲਾ?

ਇਸ ਸਾਲ ਵੈਲੇਨਟਾਇਨਜ਼ ਡੇ ਮੌਕੇ ਇੱਕ ਮਲਿਆਲੀ ਫ਼ਿਲਮ ਦਾ ਵੀਡੀਓ ਕਲਿਪ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਇਆ।

ਵੀਡਿਓ ਵਿੱਚ ਆਪਣੇ ਅੱਖ ਮਾਰਨ ਦੇ ਅੰਦਾਜ਼ ਕਾਰਨ ਉੱਭਰ ਰਹੀ ਮਲਿਆਲੀ ਅਦਾਕਾਰਾ ਰਾਤੋਂ-ਰਾਤ ਇੰਟਰਨੈੱਟ ਸਨਸਨੀ ਬਣ ਗਈ ਸੀ।

'ਓਰੂ ਅਡਾਰ ਲਵ' ਫ਼ਿਲਮ ਦੀ ਇਸ ਵੀਡੀਓ ਕਾਰਨ ਅਦਾਕਾਰਾ ਪ੍ਰੀਆ ਅਤੇ ਫ਼ਿਲਮ ਦੇ ਨਿਰਮਾਤਾ ਦੇ ਖ਼ਿਲਾਫ਼ ਕੁਝ ਸੰਗਠਨਾਂ ਨੇ ਸ਼ਿਕਾਇਤ ਕੀਤੀ।

ਇਹ ਵੀ ਪੜ੍ਹੋ:

ਸ਼ਿਕਾਇਤਕਰਤਾਵਾਂ ਦਾ ਮੰਨਣਾ ਸੀ ਕਿ ਪ੍ਰੀਆ 'ਤੇ ਫ਼ਿਲਮਾਏ ਅਤੇ ਵਾਇਰਲ ਹੋਏ ਗਾਣੇ ਕਾਰਨ ਇਸਲਾਮਿਕ ਭਾਵਨਾਵਾਂ ਨੂੰ ਢਾਹ ਲੱਗੀ ਹੈ। ਇਸ ਤੋਂ ਬਾਅਦ ਪ੍ਰੀਆ ਨੇ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਦਾ ਰੁਖ਼ ਕੀਤਾ ਅਤੇ ਆਖਿਆ ਕਿ ਸ਼ਿਕਾਇਤਕਰਤਾਵਾਂ ਨੇ ਗਾਣੇ ਦਾ ਮਤਲਬ ਗ਼ਲਤ ਸਮਝਿਆ ਹੈ।

ਸੁਪਰੀਮ ਕੋਰਟ ਨੇ ਫ਼ਰਵਰੀ 'ਚ ਹੀ ਪ੍ਰੀਆ ਦੇ ਖ਼ਿਲਾਫ਼ ਅਪਰਾਧਿਕ ਕਾਰਵਾਈ 'ਤੇ ਰੋਕ ਲਗਾਈ ਸੀ।

ਵੀਰਵਾਰ ਨੂੰ ਸੁਪਰੀਮ ਕੋਰਟ ਨੇ ਪ੍ਰੀਆ ਵਰੀਅਰ, ਫ਼ਿਲਮ ਦੇ ਨਿਰਮਾਤਾ ਅਤੇ ਨਿਰਦੇਸ਼ਕ 'ਤੇ ਲੱਗੇ ਇਨ੍ਹਾਂ ਇਲਜ਼ਾਮਾਂ ਨੂੰ ਰੱਦ ਕਰ ਦਿੱਤਾ।

ਸ਼ਾਇਦ ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)