ਸੋਸ਼ਲ: 'ਵੀਡੀਓ ਜੋ 15 ਲੱਖ ਤੇ ਪਕੌੜਿਆਂ ਨੂੰ ਭੁਲਾ ਦੇਵੇਗੀ'

ਵੈਸੇ ਤਾਂ ਮੁਹੱਬਤ ਦਾ ਕੋਈ ਦਿਨ ਮਿਥਿਆ ਨਹੀਂ ਹੁੰਦਾ, ਪਰ ਪਿਆਰ ਕਰਨ ਵਾਲੇ 14 ਫਰਵਰੀ ਨੂੰ ਇੱਕ ਤਿਉਹਾਰ ਵਾਂਗ ਹੀ ਮੰਨਦੇ ਹਨ।

ਅਜਿਹੇ ਵਿੱਚ ਜਦੋਂ ਇਹ ਤਿਉਹਾਰ ਬਸ ਕੁਝ ਘੰਟਿਆਂ ਦੀ ਉਡੀਕ ਕਰ ਰਿਹਾ ਹੋਵੇ ਤਾਂ ਸੋਸ਼ਲ ਮੀਡੀਆ 'ਤੇ ਵਾਇਰਲ ਇੱਕ ਵੀਡੀਓ ਨਾਲ ਲੋਕਾਂ ਦਾ ਸਕੂਲ ਵਾਲਾ ਪਿਆਰ ਅਚਾਨਕ ਅਤੀਤ ਦੀ ਖਿੜਕੀ ਖੋਲ੍ਹ ਕੇ ਮੁਸਕਰਾਉਣ ਲੱਗਾ ਹੈ।

ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਸਕੂਲੀ ਵਿਦਿਆਰਥੀ ਅਤੇ ਵਿਦਿਆਰਥਣ ਅੱਖਾਂ ਰਾਹੀਂ ਇੱਕ ਦੂਜੇ ਨਾਲ ਦਿਲ ਦੀਆਂ ਗੱਲਾਂ ਕਰ ਰਹੇ ਹਨ।

ਇਹ ਵੀਡੀਓ ਇੱਕ ਗਾਣੇ ਦਾ ਛੋਟਾ ਜਿਹਾ ਮੁਖੜਾ ਹੈ। ਇਸ ਵੀਡੀਓ 'ਚ ਜੋ ਕੁੜੀ ਨਜ਼ਰ ਆ ਰਹੀ ਹੈ, ਉਹ ਮਲਿਆਲਮ ਅਦਾਕਾਰਾ ਪ੍ਰਿਆ ਪ੍ਰਕਾਸ਼ ਵਾਰਿਆ ਹੈ।

ਲੋਕ ਪ੍ਰਿਆ ਪ੍ਰਕਾਸ਼ ਦੀਆਂ ਤਸਵੀਰਾਂ ਨੂੰ ਫੇਸਬੁੱਕ, ਟਵਿੱਟਰ ਅਤੇ ਵੱਟਸਐੱਪ 'ਤੇ ਸ਼ੇਅਰ ਕਰ ਰਹੇ ਹਨ। ਕੁਝ ਮੁੰਡੇ ਤਸਵੀਰ ਦੇਖ ਕੇ ਖ਼ੁਦ ਦਾ ਸਖ਼ਤ ਸੁਭਾਅ ਨਰਮ ਹੋਣ ਦੀ ਗੱਲ ਵੀ ਲਿਖ ਰਹੇ ਹਨ।

ਕਿਥੋਂ ਆਇਆ ਵੀਡੀਓ?

ਇਹ ਵੀਡੀਓ ਮਲਿਆਲਮ ਫਿਲਮ 'ਓਰੂ ਅਦਾਰ ਲਵ' ਦੇ ਗਾਣੇ ਦਾ ਇੱਕ ਹਿੱਸਾ ਹੈ।

ਇਹ ਫਿਲਮ ਸਕੂਲ ਵਿੱਚ ਹੋਏ ਪਿਆਰ ਦੀ ਕਹਾਣੀ ਹੈ। ਇਹ ਫਿਲਮ ਇਸੇ ਸਾਲ ਹੀ ਰਿਲੀਜ਼ ਹੋਵੇਗੀ ਅਤੇ ਇਸ ਦੇ ਡਾਇਰੈਕਟਰ ਉਮਰ ਲੁਲੁ ਹੈ। ਸੰਗੀਤ ਸ਼ਾਨ ਰਹਿਮਾਨ ਨੇ ਦਿੱਤਾ ਹੈ।

ਫਿਲਮ ਵਿੱਚ ਕੰਮ ਕਰਨ ਵਾਲੇ ਜ਼ਿਆਦਾਤਰ ਕਲਾਕਾਰ ਨਵੇਂ ਹਨ। ਪ੍ਰਿਆ ਪ੍ਰਕਾਸ਼ ਵਾਲੇ ਵੀਡੀਓ ਵਿੱਚ ਨਜ਼ਰ ਆ ਰਹੇ ਦੂਜੇ ਕਲਾਕਾਰ ਰੌਸ਼ਨ ਅਬਦੁੱਲ ਰਹੂਫ ਹਨ।

ਸੋਸ਼ਲ ਮੀਡੀਆ 'ਤੇ ਪ੍ਰਿਆ ਪ੍ਰਕਾਸ਼ ਦੀ ਇੰਨੀ ਤਾਰੀਫ ਹੋਈ ਕਿ ਉਨ੍ਹਾਂ ਨੇ ਵੀ ਇੰਸਟਾਗ੍ਰਾਮ 'ਤੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ, "ਤੁਹਾਡੇ ਪਿਆਰ ਅਤੇ ਸਾਥ ਲਈ ਸ਼ੁਕਰੀਆ"।

ਸੋਸ਼ਲ ਮੀਡੀਆ 'ਤੇ ਮਿਲੀ-ਜੁਲੀ ਰਹੀ ਪ੍ਰਤੀਕਿਰਿਆ

'ਬਕਲੋਲ ਆਸ਼ਿਕ' ਨਾਂ ਦੇ ਫੇਸਬੁੱਕ ਪੇਜ ਨਾਲ ਲਿਖਿਆ ਗਿਆ, "ਪ੍ਰਿਆ ਪ੍ਰਕਾਸ਼ ਦੀਆਂ ਅੱਖਾਂ ਦੇ ਝਲਕਾਰੇ ਦੇ ਹਮਲੇ ਨਾਲ ਦੇਸ ਦੇ ਸਾਰੇ ਨੌਜਵਾਨ ਸ਼ਹੀਦ ਹੋ ਗਏ ਹਨ।''

@PraveenKrSingh ਨੇ ਲਿਖਿਆ, "ਨੈਸ਼ਨਲ ਕਰੱਸ਼ ਆਫ ਇੰਡੀਆ ਪ੍ਰਿਆ ਪ੍ਰਕਾਸ਼। ਆਖ਼ਿਰ 20 ਕਰੋੜ ਫੇਸਬੁੱਕ ਯੂਜ਼ਰ ਪਿਘਲਣ ਲੱਗੇ ਹਨ ਪ੍ਰਿਆ ਪ੍ਰਕਾਸ਼ 'ਤੇ।"

ਸੇਮ ਸਮੀਰ ਨੇ ਲਿਖਿਆ, "ਗਲੋਬਲ ਵਾਰਮਿੰਗ ਪ੍ਰਿਆ ਪ੍ਰਕਾਸ਼ ਕਾਰਨ ਭਾਰਤੀ ਸੰਕਟ ਵਿੱਚ। ਇੰਨਾ ਪਿਘਲ ਰਹੇ ਹਨ ਕਿ ਸਭ ਖ਼ਤਮ ਹੀ ਨਾ ਹੋ ਜਾਣ।"

ਟਵਿੱਟਰ, ਫੇਸਬੁੱਕ 'ਤੇ ਕਈ ਲੋਕ ਇਹ ਵੀ ਲਿਖ ਰਹੇ ਹਨ, "ਪ੍ਰਿਆ ਪ੍ਰਕਾਸ਼ ਵਰਗਾ ਇੱਕ ਵੀਡੀਓ ਹਰੇਕ ਹਫ਼ਤੇ ਆ ਜਾਵੇ ਬਸ...ਕਿਸੇ ਨੂੰ ਨਾ 15 ਲੱਖ ਯਾਦ ਆਉਣਗੇ ਨਾ ਪਕੌੜੇ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)